ਜੱਦੀ ਘਰ


ਭਿੰਦਾ ਸੱਤਰਵਿਆਂ ਚ ਚਾਚੇ ਦੇ ਭੇਜੇ ਘੁੰਮਣ ਫਿਰਨ ਦੀ ਰਾਹਦਾਰੀ ਤੇ ਇੰਗਲੈਡ ਆ ਵੜਿਆ ਤੇ ਫੇਰ ਐਥੇ ਦਾ ਈ ਹੋ ਕੇ ਰਹਿ ਗਿਆ । ਵਿਆਹ ਕਰਾਕੇ ਪੱਕਾ ਹੋਇਆ, ਫੇਰ ਜੁਆਕ ਹੋਏ, ਸਮੇਂ ਦਾ ਪਤਾ ਹੀ ਨਾ ਲੱਗਿਆ । ਬਾਪ ਤਾਂ ਹੈ ਨੀ ਸੀ, ਮਾਂ ਨੂੰ ਕੋਲ ਬੁਲਾ ਲਿਆ । ਘਰਵਾਲੀ ਦਾ ਧੱਕੜ ਵਤੀਰਾ ਤੇ ਦਬਾਅ ਹੇਠ ਮਾਂ ਨੇ ਥੋੜੇ ਸਾਲ ਹੀ ਕੱਢੇ, ਤੇ ਗੁਜ਼ਰ ਗਈ । ਅਸਥ ਲੈਕੇ ਪਿੰਡ ਪੁੱਜਾ ਦੇਖਿਆ, ਪੁਸ਼ਤੈਨੀ ਘਰ, ਖੰਡਰ ਚ ਤਬਦੀਲ ਹੋ ਚੁੱਕਾ ਸੀ………..ਉਹ ਘਰ ਜਿੱਥੇ ਜੰਮਿਆ ਪਲਿਆ……….

ਵਲੈਤੀਆ
ਭਿੱਜੀਆਂ ਅੱਖਾਂ ਨਾਲ ਤੱਕੇ
ਢੱਠਾ ਜੱਦੀ ਘਰ

ਘੁੰਮਦਾ ਗਲੋਬ
ਬਿਨ ਝਪਕਿਆ ਦੇਖੇ
ਵਿਦੇਸ਼ੀ ਪੁੱਤ

ਢਲੀ ਤਰਕਾਲ –
ਵਲੈਤੀਏ ਦੀ ਭੁੱਬ ਨਾਲ ਖਿਸਕੀ
ਜੱਦੀ ਖੰਡਰ ਦੀ ਚੁਗਾਠ