ਧੁੱਪ


ਲੋਹੜੇ ਦੀ ਗਰਮੀ… ਹਾੜ੍ਹ ਦੀ ਧੁੱਪ ਤੇ ਹਵਾ ਐਨੀ ਕੁ ਕਿ ਪੱਤਾ ਨਾ ਹਿੱਲੇ… ਮੈਂ ਚੰਡੀਗੜ੍ਹ ਦੇ ਲੋਕਲ ਬਸ ਅੱਡੇ ‘ਤੇ ਬਸ ਦੀ ਉਡੀਕ ਕਰ ਰਿਹਾ ਸੀ… ਬਸ ਆਉਣ ਨੂੰ ਹਾਲੇ ਸਮਾਂ ਹੈ ਸੀ… ਇੱਕ ਬਜ਼ੁਰਗ ਮੋਚੀ ਦਿਸਿਆ ਤੇ ਮੈਂ ਸਮੇਂ ਦੀ ਵਰਤੋਂ ਆਪਣੇ ਜੁੱਤੇ ਪਾਲਿਸ਼ ਕਰਵਾਕੇ ਕਰਨ ਦੀ ਸੋਚੀ… ਬਾਬੇ ਨੇ ਵੀ ਪੂਰੀ ਰੀਝ ਨਾਲ ਜੁੱਤੇ ਝਾੜੇ, ਪਾਲਿਸ਼ ਲਾਈ ਤੇ ਚਮਕਾਉਣ ਲੱਗ ਪਿਆ… ਇੱਕ ਜੁੱਤਾ ਚਮਕ ਜਾਣ ਤੋਂ ਬਾਅਦ ਦੂਜੇ ਦਾ ਕੰਮ ਜਦੋਂ ਹਾਲੇ ਪੂਰਾ ਹੋਣ ਹੀ ਵਾਲਾ ਸੀ ਤਾਂ ਓਹਦੇ ਮਥੇ ਤੋਂ ਇੱਕ ਤੁਪਕਾ ਮੁੜ੍ਹਕੇ ਦਾ ਡਿੱਗ ਪਿਆ ਤੇ ਤੇਜੀ ਨਾਲ ਹੇਠਾਂ ਵੱਲ ਵਗ ਪਿਆ… ਇੱਕ ਪਲ ਦੇ ਲਈ ਮੁੜਕੇ ਦਾ ਉਹ ਤੁਪਕਾ ਧੁੱਪ ਚ ਲਿਸ਼ਕਿਆ ਤੇ ਫਿਰ ਗੁਆਚ ਗਿਆ

ਬੁੱਢੇ ਮੋਚੀ ਦਾ ਮੁੜ੍ਹਕਾ –
ਜੁੱਤੇ ਦੀ ਨੋਕ ‘ਤੇ ਲਿਸ਼ਕੀ
ਹਾੜ੍ਹ ਦੀ ਧੁੱਪ

ਪਰਵਾਜ਼


ਮੂੰਹ ਹਨੇਰੀ ਸਵੇਰ . ਸਾਢੇ ਤਿੰਨ ਹੋਏ ਨੇ . ਕੋਈ ਸਪਤਰਿਸ਼ੀ ਟੋਲਿਆਂ ਵੀ ਨਹੀਂ ਲਭ ਰਹੀ. ਵੈਸੇ ਧਰੂ ਅਜੇ ਵੀ ਸ਼ਾਨ ਨਾਲ ਚਮਕ ਰਿਹਾ ਹੈ. ਗਰਦੋ ਗੁਬਾਰ ਨੇ ਸ਼ਹਿਰੀ ਅਸਮਾਨ ਨੂੰ ਧੁੰਦਲਾ ਕੀਤਾ ਹੋਇਆ ਹੈ . ਵਿਆਧ ਦੇ ਤਿੰਨ ਚਮਕੀਲੇ ਤਾਰੇ ਮੇਰੇ ਉੱਪਰ ਜਰਾ ਕੁ ਮੂਹਰੇ ਹਨ . ਅੱਜ ਹਵਾ ਕੁਝ ਸਿੱਲੀ ਵੀ ਹੈ .ਸ਼ਾਇਦ ਕਈ ਥਾਈਂ ਮੀਂਹ ਪਿਆ ਹੈ . ਡੱਡੂਆਂ ਦੀ ਟਰੈਂ ਟਰੈਂ ਮੌਸਮ ਦੇ ਬਦਲ ਰਹੇ ਮਜਾਜ ਦੀ ਅਲਾਮਤ ਹੈ. ਇੱਕ ਕੋਇਲ ਦੀ ਮਿਠੀ ਕੂਹੂ ਕੂਹੂ ਵੀ ਸਵੇਰ ਦੀ ਕਾਲਖ ਵਿੱਚ ਫੈਲ ਰਹੀ ਹੈ.

ਤਾਰਿਆਂ ਦੀ ਨਿੰਮੀ ਲੋ
ਮੇਰੇ ਉਪਰੋਂ ਪੁਰੇ ਨੂੰ ਚੀਰ ਰਹੀ
ਇੱਕ ਪੰਖੇਰੂ ਦੀ ਪਰਵਾਜ਼