ਕਿੱਕਰ ਤੇ ਕਾਂ


ਸੁੱਕੀ ਕਿੱਕਰ ਤੇ ਕਾਂ
ਗੁਰਨਾਮ ਸਿੰਘ ਫੌਜੀ ਅੱਸੀ ਪਾਰ ਕਰ ਚੁੱਕਿਆ ਹੈ ਤੇ ਉਹਦੀ ਪਤਨੀ ਗੁਰਦੇਵ ਕੌਰ ਵੀ ਅੱਸੀ ਤੋਂ ਸਾਲ ਦੋ ਸਾਲ ਹੀ ਘੱਟ ਹੋਣੀ ਹੈ.ਦੋਨਾਂ ਦੇ ਸੁਭਾ ਬਹੁਤ ਅੱਲਗ ਅਲੱਗ ਹਨ.ਸਾਰੀ ਜਿੰਦਗੀ ਉਹਨਾਂ ਨੇ ਲੜਦੇ ਝਗੜਦੇ ਪਰ ਆਪਸੀ ਪਿਆਰ ਦੇ ਦਾਇਰੇ ਵਿੱਚ ਵਿਚਰਦਿਆਂ ਗੁਜਾਰ ਦਿੱਤੀ ਹੈ.ਹੁਣ ਆਖਰੀ ਉਮਰ ਆਪਣੇ ਪਿੰਡ ਆਪਣੇ ਘਰ ਵਿੱਚ ਗੁਜਾਰ ਰਹੇ ਹਨ.ਦੋਨੋਂ ਬੀਮਾਰ ਹਨ ਪਰ ਫਿਰ ਵੀ ਨਿਗੂਣੀ ਜਿਹੀ ਮਦਦ ਨਾਲ ਵਧੀਆ ਕੰਮ ਚਲਾ ਰਹੇ ਹਨ.ਦੋ ਮੁੰਡੇ ਤੇ ਦੋ ਕੁੜੀਆਂ ਸ਼ਹਿਰਾਂ ਵਿੱਚ ਸੈੱਟਲ ਹਨ .ਉਹਨਾਂ ਵਿੱਚੋਂ ਕਿਸੇ ਕੋਲ ਜਾ ਕੇ ਰਹਿੰਦੇ ਹਨ ਤਾਂ ਸ਼ਹਿਰ ਦੇ ਓਪਰੇ ਇਲਾਕੇ ਵਿੱਚ ਕਮਰੇ ਬੰਦ ਰਹਿਣਾ ਪੈਂਦਾ ਹੈ .ਗੁਰਨਾਮ ਸਿੰਘ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਅਤਿ ਭਾਵਕ ਸੁਭਾ ਗੁਰਦੇਵ ਕੌਰ ਦਾ ਕਿਤੇ ਉੱਕਾ ਜੀ ਨਹੀਂ ਲੱਗਦਾ ਤੇ ਉਹ ਘੁੰਮਦੇ ਰਹਿਣਾ ਚਾਹੁੰਦੀ ਹੈ.ਪਿੰਡ ਉਹਦੇ ਲਈ ਹੋਰ ਸਭ ਥਾਵਾਂ ਨਾਲੋਂ ਵਧੀਆ ਹੈ.ਕਦੀ ਸ਼ਾਮੋ ਕਦੀ ਨਸੀਬੋ ਕੋਈ ਨਾ ਕੋਈ ਗੁਆਂਢਣ ਆਈ ਰਹਿੰਦੀ ਹੈ ਜਾਂ ਫਿਰ ਉਹ ਆਪ ਕਿਸੇ ਨਾ ਕਿਸੇ ਘਰ ਚੱਕਰ ਲਾ ਆਉਂਦੀ ਹੈ.ਉਹਦਾ ਆਪਣੀਆਂ ਧੀਆਂ ਨਾਲ ਮੋਹ ਸਮੇਂ ਨਾਲ ਲਗਾਤਾਰ ਵਧਦਾ ਹੀ ਜਾਂਦਾ ਹੈ.

ਤੀਆਂ ਦੇ ਦਿਨ
ਸਕਾਈਪ ਤੇ ਖਿੜ ਖਿੜ ਹੱਸਣ

ਮਾਵਾਂ ਧੀਆਂ


ਪੰਮੀ ਤਾਂ ਲੰਦਨ ਬੈਠੀ ਹੈ ਸਾਲ ਦੋ ਸਾਲ ਬਾਅਦ ਗੇੜਾ ਮਾਰਦੀ ਹੈ ਪਰ ਮੇਲੋ ਹਰ ਮਹੀਨੇ ਦੋ ਤਿੰਨ ਚੱਕਰ ਆਪਣੀ ਮਾਂ ਕੋਲ ਲਾ ਆਉਂਦੀ ਹੈ.ਫੋਨ ਨੇ ਮੌਜਾਂ ਲਾ ਰਖੀਆਂ ਹਨ ਰੋਜ ਧੀਆਂ ਨਾਲ ਗੱਲਾਂ ਹੋ ਜਾਂਦੀਆਂ ਹਨ.ਆਪਣੀ ਸੀਮਤ ਜਿਹੀ ਸ਼ਬਦ ਪੂੰਜੀ ਵਿੱਚ ਗੁਰਦੇਵ ਕੌਰ ਆਪਣੇ ਹਾਵ ਭਾਵ ਪ੍ਰਗਟ ਕਰਦੀ ਹੈ ਤਾਂ ਯਕੀਨ ਨਹੀਂ ਆਉਂਦਾ ਕਿ ਉਹ ਇੱਕ ਭੋਲੀ ਭਾਲੀ ਅਨਪੜ੍ਹ ਔਰਤ ਹੈ ਜਿਸ ਨੇ ਨਾ ਕਦੇ ਬਾਤਾਂ ਪਾਈਆਂ ਹਨ ਅਤੇ ਨਾ ਹੀ ਕਦੇ ਫਿਲਮਾਂ ਦੇਖੀਆਂ ਹਨ.ਬੱਸ ਸਾਦੀ ਗਮੀ ਦੇ ਮੌਕਿਆਂ ਤੇ ਗੀਤਾਂ ਦੀ ਹੇਕ ਵਿੱਚ ਸਾਮਲ ਹੋਣਾ ਹੀ ਉਹਦੀ ਇੱਕੋ ਇੱਕ ਕਲਾ ਸਰਗਰਮੀ ਹੈ. ਬਾਕੀ ਤਾਂ ਬੱਸ ਕੰਮ ਹੀ ਕੰਮ ਹੈ ਚੁਲ੍ਹਾ ਚੌਂਕਾ …ਪਰ ਜਦੋਂ ਉਹ ਮੋਹ ਦਾ ਪ੍ਰਗਟਾਵਾ ਕਰਦੀ ਹੈ ਤਾਂ ਉਹਦੀ ਸੀਮਤ ਸ਼ਬਦ ਬਹੁਤ ਸਾਹਿਤਕ ਵਾਕੰਸ਼ਾਂ ਦਾ ਰੂਪ ਧਾਰਨ ਕਰਨ ਲੱਗਦੇ ਹਨ..”ਨੀ ਮੈਨੂ ਤਾਂ ਤੇਰਾ ਬਾਹਲਾ ਈ ਬਾਹਲਾ ਈ …ਪਿਆਰ ਆਉਂਦੈ ਧੀਏ !ਉਹਦਾ ਇੱਕੋ ਵਿਸ਼ੇਸ਼ਣ ਚਮਤਕਾਰੀ ਭੂਮਿਕਾ ਨਿਭਾਉਣ ਲਗਦਾ ਹੈ ਤੇ ਸਾਰਾ ਸਰੀਰ ਤਰਲ ਹੋ ਵੱਗਣ ਲੱਗ ਪੈਂਦਾ ਹੈ ਮੋਹ ਦਾ ਦਰਿਆ ਬਣ ਕੇ. ਉਹਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਕਾਰਗੁਜਾਰੀ ਸਿਖਰਾਂ ਤੇ ਪਹੁੰਚ ਜਾਂਦੀ ਹੈ ਤੇ …ਉਹ ਤੇਜ ਤੇਜ ਅੱਖਾਂ ਝਪਕਦੀ ਹੈ ਤੇ ਚਿਹਰੇ ਤੇ ਇੱਕ ਚਮਕ ਦੀ ਹਕੂਮਤ ਹੋ ਜਾਂਦੀ ਹੈ ..ਉਹਦੀ ਸਾਰੀ ਹੋਂਦ ਇੱਕ ਤਰਲਾ ਬਣ ਜਾਂਦੀ ਹੈ.ਉਹਦਾ ਜੀਅ ਕਰਦਾ ਹੈ ਕਿ ਉਹਦੀ ਧੀ ਹੁਣ ਉਹਦੇ ਕੋਲ ਹੀ ਰਵੇ ..ਕਦੇ ਨਾ ਜਾਵੇ .
” ਪਾਪਾ, ਬੀਬੀ ਦਾ ਜੀਅ ਨਹੀਂ ਲੱਗਦਾ.”ਮੇਲੋ ਕਹਿੰਦੀ ਹੈ.
“ਹਾਂ ਭਾਈ, ਇਹਦਾ ਸ਼ੁਰੂ ਤੋਂ ਈ ਇਉਂ ਦਾ ਮਤਾ ਐ. “
“ਪਾਪਾ, ਤੈਨੂੰ ਤਾਂ ਕੋਈ ਚੱਕਰ ਨਹੀਂ ਜੀਅ ਦਾ .”
“ਹਾਂ ਭਾਈ,ਮੈਂ ਤਾਂ ਇੱਕੋ ਥਾਂ ਬੈਠਾ ਰਹਾਂ ਸਾਰਾ ਦਿਨ ‘ਕੱਲਾ ਈ ਸੁੱਕੀ ਕਿੱਕਰ ਤੇ ਕਾਂ ਵਾਂਗੂੰ .” ਗੁਰਨਾਮ ਸਿੰਘ ਨੇ ਆਪਣੇ ਵਜੂਦ ਦੇ ਸੱਚ ਨੂੰ ਪੰਜ ਅੱਖਰਾਂ ਵਿੱਚ ਬੰਨ੍ਹ ਦਿੱਤਾ ਤੇ ਮੈਂ ਸਭਿਆਚਾਰ ਵਿੱਚ ਪਏ ਅਸੀਮ ਪ੍ਰਗਟਾ ਭੰਡਾਰ ਬਾਰੇ ਕਈ ਦਿਨ ਤੱਕ ਸੋਚਦਾ ਰਿਹਾ.
ਸੁੱਕੀ ਕਿੱਕਰ ਤੇ ਕਾਂ
ਲਭ ਰਿਹਾ ਐਨਕ ਦਾ ਸ਼ੀਸ਼ਾ
ਅੱਸੀਉਂ ਟੱਪਿਆ ਬਾਪੂ

ਲਕੀਰ


ਭਾਦੋਂ ਦੀ ਪੁੰਨਿਆਂ ਤੋਂ ਪਿਛਲੀ ਰਾਤ… ਦਿਨ ਦਾ ਹੁੰਮਸ ਰਾਤ ਦੇ ਮੱਠੇ ਮੱਠੇ ਠੰਢੇ ਬੁੱਲਿਆਂ ਚ ਵਟ ਗਿਆ ਹੈ… ਹੁਣ ਤਾਂ ਜਿਵੇਂ ਡੱਡੂ ਤੇ ਬਿੰਡੇ ਵੀ ਸੌਂ ਗਏ… ਲਗਾਤਾਰ ਜਾਗਦਾ ਤਾਂ ਬਸ ਮੈਂ ਹੀ ਹਾਂ… ਹਵਾ ਵਿਚ ਵਿਚ ਵਗਦੀ ਹੈ ਤੇ ਸਿਰਫ਼ ਪਰਦੇ ਹੀ ਨਹੀਂ ਹਿਲਦੇ ਸਗੋਂ ਉਹਨਾਂ ਦੇ ਮਗਰੋਂ ਜਿਹੜੀ ਥੋੜ੍ਹੀ ਜਹੀ ਤ੍ਰੇਲੀ ਮੱਥੇ ਉੱਤੇ ਆਉਂਦੀ ਹੈ ਉਹ ਵੀ ਹਵਾ ਨਾਲ ਰਲਕੇ ਦੂਣੀ ਠੰਢ ਪਾਉਂਦੀ ਹੈ…
ਮੇਰਾ ਸਟਡੀ ਟੇਬਲ –
ਚਰ੍ਹੀ ਦੀਆਂ ਲਗਰਾਂ ਦੇ ਪਾਰ
ਸ਼ਾਂਤ ਸੜਕ ਦੀ ਲਕੀਰ

ਪਰਬਤ


祖母の背に

車輪木霊す

冬夜山

on granma’s back

the wheel creaking noise echos
a winter night mountain

sobo no se ni
sharin kodama su
tooya san

ਦਾਦੀ ਪਿਛੇ ਬੈਠਿਆਂ
ਚੁਫੇਰੇ ਗੂਂਜੀ ਪਹਿਏ ਦੀ ਚੂਕ –
ਸਿਆਲੂ ਰਾਤ ਚ ਪਰਬਤ

ਅਨੁਵਾਦ – ਅਜੇਪਾਲ ਸਿੰਘ ਗਿੱਲ

ਤੂੰਬੀ


Dilpreet Chahal
ਅਜੇ ਕੁਝ ਸਾਲ ਪਹਿਲਾਂ ਦੀ ਗੱਲ ਹੈ ! ਬਠਿੰਡਾ ਤੋਂ ਕਾਫੀ ਅੱਗੇ ਪਿੰਡ ਬਾਦਲ, ਲੰਬੀ , ਖੁੱਡੀਆਂ ਮਹਾਂ ਸਿੰਘ ਲੰਘ ਕੇ ਪਿੰਡ ਸਿੱਖਵਾਲਾ ਵਿਚ ਮਿਸਤਰੀਆਂ ਭਾਵ ਤਰਖਾਣਾਂ ਦੇ ਕਾਫੀ ਘਰ ਹਨ ਅਤੇ ਕਈ ਵਾਰ ਤਾਂ ਸਰਪੰਚ ਵੀ ਰਾਮਗੜੀਆਂ ਭਾਵ ਤਰਖਾਣ ਭਾਈਚਾਰੇ ਦਾ ਹੀ ਬਣਦਾ ਹੈ। ਇਸ ਪਿੰਡ ਦੇ ਵਸਨੀਕ ਕਈ ਸਾਲ ਪਹਿਲਾਂ ਗਰਮੀਆਂ ਵਿਚ …ਰਾਤ ਸਮੇਂ ਰੇਤਲੇ ਟਿਬਿਆਂ ਉਪਰ ਮਹਿਫਲ ਲਗਾ ਲੈਂਦੇ ਸਨ ਅਤੇ ਉਸ ਸਮੇਂ ਪਿੰਡ ਦੇ ਜਾਂ ਨੇੜਲੇ ਪਿੰਡ ਦੇ ਵਿਅਕਤੀ ਜਾਂ ਗਾਇਕ ਤੂੰਬੀ ਅਤੇ ਸਾਰੰਗੀ ਨਾਲ ਗੀਤ ਗਾਉਂਦੇ ਸਨ ! ਉਹ ਜਿਹੜੇ ਗੀਤ ਗਾਉਂਦੇ ਸਨ ਉਹਨਾਂ ਦਾ ਮੁੱਖ ਵਿਸ਼ਾ ਸਾਉਣ ਦਾ ਮਹੀਨਾ ਹੀ ਹੁੰਦਾ ਸੀ-
ਠੰਡੀ ਟਿੱਬੇ ਦੀ ਰੇਤ-
ਕੰਨਾਂ ਵਿੱਚ ਰਸ ਘੋਲ ਗਈ
ਤੂੰਬੀ ਦੀ ਤੁਣਕ ਤੁਣਕ

ਮੁਰਸ਼ਦ


ਫੱਕਰ ਦੀਆਂ ਅੱਖਾਂ ਮੀਚੀਆਂ ..ਫਰਕਦੇ ਬੁੱਲਾਂ ਚੋਂ ਅਹਿਸਤਾ ਅਹਿਸਤਾ ਆਵਾਜ ….’ਲੋਕੀਂ ਕਹਿੰਦੇ ਨੇ ,ਮੈਂ ਤੈਨੂੰ ਯਾਦ ਨਹੀਂ ਕਰਦਾ ..ਹੁਣ ਯਾਦ ਤਾਂ ਤੈਨੂੰ ਮੈਂ ਤਾਂ ਕਰਾਂ ,ਜੇ ਕਿਤੇ ਭੁੱਲਿਆ ਹੋਵਾਂ ! ਤੂੰ ਤਾਂ ਮੈਨੂੰ ਹਰ ਸ਼ੈ ਵਿੱਚ ਦਿਸਦਾ ਹੈਂ ..ਮੇਰੇ ਰੋਮ ਰੋਮ ਵਿੱਚ ਤੇਰੀ ਹਰਕਤ ਹੈ …ਮੇਰੇ ਹਰ ਸੁਆਸ ਵਿੱਚ ਰਮ ਗਿਆ ਹੈਂ ਤੂੰ ..ਤੇ ਇਹ ਦੁਨੀਆਂ ਕਹਿੰਦੀ ਹੈ ਕਿ ਮੈਂ ਤੈਨੂੰ ਯਾਦ ਨਹੀਂ ਕਰਦਾ ..ਕਸੂਰ ਇਸਦਾ ਵੀ ਨਹੀਂ ਹੈ ..ਇਹ ਦੁਨੀਆਂ ਬਹੁਤ ਸਵਾਰਥੀ ਹੈ ..ਇਹ ਤੇਰੀ ਯਾਦ ਨੂੰ ਵੀ ਵਿਉਪਾਰ ਬਣਾਉਣਾ ਚਾਹੁੰਦੀ ਹੈ …ਖੈਰ ਅੱਜ ਉਹੀ ਤਰੀਕ ਹੈ ਜਿਸ ਦਿਨ ਤੂੰ ਵਿਛੜਿਆ ਸੀ ..ਆਹ ਵੇਖ ,ਸਾਰੀ ਪ੍ਰਕਿਰਤੀ ਹੀ ਜਿਵੇਂ ਤੇਰੀ ਯਾਦ ਵਿੱਚ ਬਿਹਬਲ ਹੋ ਗਈ ਹੈ ..ਬੱਦਲ ਘੁੰਮ ਘੁੰਮ ਕੇ ਆ ਰਹੇ ਨੇ ..ਠੰਡੀ ਹਵਾ ਸ਼ੂਕ ਰਹੀ ਹੈ ..ਆਹ ਵੇਖ !…ਕਿਧਰੋਂ ਮੋਗਰੇ ਦੀ ਖੂਸ਼ਬੂ ਵੀ ਆਈ ਹੈ ….ਸਾਸੋਂ ਕੀ ਮਾਲਾ ਪੇ ਸਿਮਰੂੰ……..”
ਮੋਗਰੇ ਦੀ ਖੁਸ਼ਬੂ ~
ਹਵਾ ‘ਚ ਉਂਗਲ ਨਾਲ ਲਿਖਿਆ
ਮੁਰਸ਼ਦ ਦਾ ਨਾਂ

ਤਿਤਲੀਆਂ


ਚੌਥਾ ਦਿਨ .. ਅਧ ਨੂੰ ਅਪੜ ਰਹੀ ਭਾਦੋਂ . ਸਾਵਣ ਨਹੀਂ ਭਾਦੋਂ ਦੀ ਝੜੀ . ਕਹਿੰਦੇ ਪਹਾੜਾਂ ਵਿੱਚ ਬੇਮੁਹਾਰ ਬਾਰਸ਼ ਪੈ ਰਹੀ ਹੈ. ਕੌਣ ਆਖੇ ਸਾਹਿਬ ਨੂੰ ਇੰਝ ਨਹੀਂ ਇੰਝ ਕਰ . ਪਹਿਲਾਂ ਅੰਤਹੀਣ ਜਾਪਦੀ ਔੜ ਤੇ ਹੁਣ ਕੁਵੇਲੇ ਡਰਾਉਣੀ ਹੁੰਦੀ ਜਾ ਰਹੀ ਝੜੀ. ਅੱਜ ਮੀਂਹ ਤਾਂ ਭਾਵੇਂ ਰੁਕਿਆ ਹੈ ਪਰ ਘੋਰ ਕਾਲਾ ਬੱਦਲ ਘੋਰ ਰਿਹਾ ਹੈ . ਮੇਰੇ ਘਰ ਦੇ ਅੰਦਰ ਕੀੜੇ ਮਕੌੜਿਆਂ ਨੇ ਕਈ ਮੋਰੀਆਂ ਬਣਾ ਲਈਆਂ ਨੇ. ਬਾਹਰ ਵਾੜੀ ਵਿੱਚ ਰੰਗ ਬਰੰਗੇ ਕੀਤ ਪਤੰਗੇ ਵੀ ਪੱਤਾ ਪੱਤਾ ਫੁੱਲ ਫੁੱਲ ਆਪਣੇ ਮੌਜ ਮੇਲੇ ਵਿੱਚ ਮਸਤ ਜਾਪਦੇ ਹਨ . ਨਿਸਰ ਰਹੇ ਝੋਨੇ ਦੇ ਖੇਤ ਵੀ ਔਹ ਸਾਹਮਣੇ ਹਨ . ਚੌਲਾਂ ਦੇ ਦਾਣੇ ਬਣਨ ਲਈ ਹੁਣ ਧੁੱਪ ਦੀ ਲੋੜ ਹੈ . ਕੋਈ ਕਹਿ ਰਿਹਾ ਹੈ ,’ ਨਿੱਖਰ ਜਾਵੇ ਹੁਣ ਤਾਂ ਤੇ ਵੱਗਣ ਲੱਗੇ ਪੱਛੋਂ ਦੀ ਹਵਾ.
ਢਲਦਾ ਹੁਨਾਲ
ਕੇਲੀ ਦੇ ਪੱਤੇ ਤੇ ਆ ਜੁੜੀਆਂ
ਦੋ ਤਿਤਲੀਆਂ

ਕਿਸ਼ਤੀ


ਮੇਰੀ ਇਕ ਆਦਤ ਹੈ ਕੀ ਮੈ ਦੁਪਿਹਰ ਦੀ ਰੋਟੀ ਆਪਣੇ ਪਰਿਵਾਰ ਨਾਲ ਹੀ ਖਾਂਦਾ ਹਾਂ ਕਿਓਂ ਕੀ ਸਵੇਰੇ ਬਚੇ ਜਲਦੀ ਸਕੂਲ ਚਲੇ ਜਾਂਦੇ ਹਣ ਉਸ ਵਕ਼ਤ ਮੈ ਸੁਤਾ ਹੁੰਦਾ ਹਾਂ ਤੇ ਰਾਤ ਨੂੰ ਮੈ ਜਦੋ ਘਰ ਆਵਾਂ ਤਾ ਬਚੇ ਸੁਤੇ ਹੁੰਦੇ ਹਣ ਤੇ ਇਸ ਕਰਕੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕੀ ਦੁਪਿਹਰ ਦਾ ਖਾਨਾ ਅਸੀਂ ਸਾਰੇ ਇਕਠੇ ਖਾਈਏ ਤੇ ਇਸ ਨਾਲ ਪਿਆਰ ਵੀ ਵਧਦਾ ਹੈ ਤੇ ਬਚਿਆਂ ਨਾਲ ਹੱਸੀ ਮਜ਼ਾਕ ਵੀ ਹੋ ਜਾਂਦਾ ਹੈ- ਖੈਰ ਅਜ ਜਦੋਂ ਮੈ ਦੁਪਿਹਰੀ ਖਾਣਾ ਖਾਨ ਵਾਸਤੇ ਘਰ ਆਇਆ ਤਾ ਮੇਰੀ ਬੇਟੀ ਨੇ ਬੜੀ ਉਤਸੁਕਤਾ ਨਾਲ ਮੇਰੇ ਵਲ ਦੇਖਿਆ ਤੇ ਉਸਦੇ ਕੋਮਲ ਹਥਾ ਵਿਚ ਕੁਝ ਕਾਗਜ ਦੀਆਂ ਸ਼ੀਟਾਂ ਵੀ ਸਨ ਤੇ ਉਸ ਨੇ ਪਹਿਲਾਂ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਮੈਨੂੰ ਜਫੀ ਪਾ ਕੇ ਬੋਲੀ ਪਾਪਾ ਪਾਪਾ ਅਜ ਰਸਤੇ ਵਿਚ ਬੜਾ ਮਜਾ ਆਇਆ ਕਾਫੀ ਦੇਰ ਮੀਂਹ ਪੈਂਦਾ ਰਿਹਾ ਤੇ ਅੱਸੀ ਸਾਰੇ ਬਚੇ ਮੀਂਹ ਵਿਚ ਖੇਡਦੇ ਰਹੇ ਪਰ ਪਾਪਾ ਹੁਣ ਜਦੋਂ ਅੱਸੀ ਵਾਪਿਸ ਆ ਰਹੇ ਸੀ ਤਾਂ ਰਸਤੇ ਵਿਚ ਕੁਝ ਸੜਕ ਤੇ ਖੜੇ ਬਚੇ ਮੀਂਹ ਦੇ ਪਾਣੀ ਵਿਚ ਕਾਗਜ ਦੇ ਜਹਾਜ ਬਣਾ ਕੇ ਚਲਾ ਰਹੇ ਸਨ ਮੈ ਮੰਮੀ ਨੂੰ ਦਸਿਆ ਤਾਂ ਓਹਨਾ ਨੇ ਕੇਹਾ ਕੀ ਤੇਰੇ ਪਾਪਾ ਨੂੰ ਵੀ ਕਾਗਜ ਦੇ ਜਹਾਜ ਬਣਾਉਣੇ ਆਉਂਦੇ ਹਣ -ਪਾਪਾ ਪਾਪਾ ਪਲੀਜ਼ ਮੈਨੂੰ ਵੀ ਕਾਗਜ ਦੀ ਕਿਸ਼ਤੀ ਬਣਾ ਕੇ ਦੇਵੋ ਨਾਂ ਮੇਰੀ ਬੇਟੀ ਦੇ ਏਨਾ ਕਹਿਣ ਤੇ ਮੈ ਉਸ ਨੂੰ ਜਹਾਜ ਬਣਾ ਕੇ ਦੇਣ ਲਗਾ ਤਾ ਏਨੇ ਨੂੰ ਪਤਨੀ ਨੇ ਗੁੱਸੇ ਨਾਲ ਉਸਨੂੰ ਝਿੜਕਿਆ ਕੀ ਪਹਿਲਾਂ ਖਾਣਾ ਤਾਂ ਖਾ ਲਵੋ ਫੇਰ ਜੋ ਮਰਜੀ ਕਰਨਾ ਇਸ ਝਿੜਕ ਤੋ ਮੇਰੇ ਨਾਲ ਬਚੇ ਵੀ ਡਰਦੇ ਹਣ ਸੋ ਅੱਸੀ ਰੋਟੀ ਵਲ ਨੂੰ ਹੋ ਗਏ ਤੇ ਰੋਟੀ ਮੈਂ ਬੇਟੀ ਦੇ ਇਸ਼ਾਰਾ ਕਰਣ ਤੇ ਜਲਦੀ ਜਲਦੀ ਖਾਧੀ ਤੇ ਵੇਹਲੇ ਹੋ ਕੇ ਮੈ ਉਸ ਨੂੰ ਕਾਗਜ ਦੀ ਕਿਸ਼ਤੀ ਬਣਾ ਕੇ ਦਿਤੀ ਤੇ ਓਹ ਬੜੀ ਹੀ ਚਾਵਾਂ ਨਾਲ ਕਾਗਜ ਦੀਆਂ ਬਣੀਆਂ ਕਿਸ਼ਤੀਆਂ ਲੈ ਕੇ ਥਲੇ ਬਰਾਂਡੇ ਵਿਚ ਖੜੇ ਮੀਂਹ ਦੇ ਪਾਣੀ ਵਿਚ ਚਲਾਉਣ ਵਾਸਤੇ ਚਲੀ ਗਈ –ਤੇ ਜਦੋ ਉਸਨੇ ਬੇੜੀ ਪਾਣੀ ਵਿਚ ਤੋਰੀ ਤੇ ਉਸ ਤਰਦੀ ਹੋਈ ਕਿਸ਼ਤੀ ਨੂੰ ਪਾਣੀ ਵਿਚ ਤਰਦਾ ਦੇਖ ਕੇ ਉਸਦੀਆ ਅਖਾਂ ਵਿਚ ਚਮਕ ਆ ਗਈ ਤੇ ਮੈ ਉਸਦੀਆ ਅਖਾਂ ਦੀ ਚਮਕ ਦੇਖ ਕੇ ਇੰਝ ਮਹਿਸੂਸ ਕੀਤਾ ਜਿਸ ਤਰਾ ਮੈ ਸਚੀ ਮੁਚੀ ਦਾ ਜਹਾਜ਼ ਬਣਾ ਦਿਤਾ ਹੋਵੇ ਤੇ ਓਹ ਜਹਾਜ਼ ਕਿਸੇ ਡੂੰਘੇ ਸਮੁੰਦਰ ਵਿਚ ਚਲ ਰਿਹਾ ਹੋਵੇ ——————

ਰੁਕਿਆ ਮੀਂਹ
ਬੇਟੀ ਮੀਂਹ ਦੇ ਪਾਣੀ ਵਿਚ ਚਲਾਵੇ
ਕਾਗਜ ਦੀ ਕਿਸ਼ਤੀ

ਕਿਰਕਲ


ਜਿੱਥੇ ਮੈਂ ਕੰਮ ਕਰਦਾ ਹਾਂ, ਉਸ ਫਾਰਮ ਦੀ ਅੱਜਕੱਲ ਸਫਾਈ ਚਲਦੀ ਹੈ .. ਜੋ ਹਰ ਸਾਲ ਹੁੰਦੀ ਹੈ ! ਸਾਰਿਆਂ ਦੇ ਹੱਥ ਮਿੱਟੀ ਨਾਲ ਲਿਬੜੇ ਹੋਏ ਸਨ ! ਇੰਨੇ ਨੂੰ ਸਾਡਾ ਸੁਪਰਵਾਈਜਰ ਬੋਲਿਆ “ਆਜੋ ਗੈਰੀ ਸਿੰਘ ਦੇ ਜਨਮ ਦਿਨ ਦਾ ਕੇਕ ਕੱਟੀਏ” …..ਬਾਕੀ ਗੋਰੇ ਹੱਥ ਧੋਣ ਚਲੇ ਗਏ,ਪਰ ਮੇਰੇ ਨਾਲ ਵਾਲਾ ਦੇਸੀ ਮੁੰਡਾ ਕਹਿੰਦਾ “ਆਪਾਂ ਕੀ ਧੋਣੇ ਆ ਓਏ ..ਇਹ ਤਾਂ ਫੋਰਮੇਲਟੀਆਂ ਕਰਦੇ ਆ… ਦੋ ਮਿੰਟ ਬਾਅਦ ਫਿਰ ਲਿਬੜ ਜਾਣੇ ਆ …”
ਧੂੜ ਭਰੀ ਦਿਹਾੜੀ
ਕੇਕ ਦੀ ਮਿਠਾਸ ਬਾਅਦ ਆਈ
ਦੰਦਾ ਹੇਠ ਕਿਰਕਲ

ਗੋਲੀਆਂ


Haibun::::
ਸੰਨ ਚੁਰਾਸੀ ਵਾਲੀ ਘਟਨਾ ਤੋਂ ਕਈ ਸਾਲ ਬਾਦ ਵੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਦੇਖਣ ਜਾਣ ਦੀ ਘਰੋਂ ਆਗਿਆ ਨਹੀਂ ਮਿਲੀ | ਦੋਸਤਾਂ ਨੇ ਬੜਾ ਜੋਰ ਪਾਇਆ ਪਰ ਹਾਲਾਤਾਂ ਨੂੰ ਦੇਖਦਿਆਂ ਬਾਪੂ ਜੀ ਨੇ ਸਾਫ਼ ਨਾ ਕਰ ਦਿੱਤੀ | ਪਿੰਡੋਂ ਜਾ ਰਹੀ ਟਰਾਲੀ ਵਿੱਚ ਮੇਰੇ ਪਿੰਡ ਦੇ ਦੋ ਅਮਲੀ ਗਾਰੀ (ਗੁਲਜਾਰ) ਅਤੇ ਮੁਖਤਿਆਰਾ ਹਰ ਸਾਲ ਵਾਂਗ ਝੋਲੇ ‘ਚ ਲੀੜੇ ਪਾ, ਜੈਕਾਰੇ ਛੱਡਦੇ ਰਵਾਨਾ ਹੋ ਗਏ | ਸੁਣਿਐ ਉਹਨਾਂ ਸਾਡੇ ਪਿੰਡ ਵੱਲੋਂ ਲਗਾਏ ਲੰਗਰ ‘ਚ ਮਨ- ਤਨ ਲਾ ਕੇ ਸੇਵਾ ਕੀਤੀ | ਸਾਡੇ ਪਿੰਡ ਦੇ ਗੁਰੂਘਰ ਦੇ ਮੁਖੀ ਨੇ ਹਾਲਾਤਾਂ ਨੂੰ ਮੱਦੇ-ਨਜਰ ਰਖਦਿਆਂ ਸਾਰਿਆਂ ਨੂੰ ਆਦੇਸ਼ ਦਿੱਤੇ ਸਨ ਕਿ ਉਹ ਆਪਣੇ ਤੰਬੂ ਵਿਚ ਹੀ ਰਹਿਣਗੇ | ਪਰ ਨਸ਼ੇ ‘ਚ ਟੈਟ ਗਾਰੀ ਨੇ ਮੁਖਤਿਆਰੇ ਨੂੰ ਕਿਹਾ ; “ਉਏ ਮਿਆਰਿਆ ! ਇੱਕ ਲੰਗਰ ਦੇ ਧੂਤੂ ‘ਚੋ ‘ਵਾਜ ਆਉਂਦੀ ਆ ਬਈ ਉਥੇ ਲੱਡੂ, ਜਲੇਬੀਆਂ ਵਰਤਾ ਰਹੇ ਆ …ਚੱਲ ਚੱਲੀਏ !”…… ਦੋਵੇਂ ਅੱਖ ਬਚਾ ਕੇ ਨਿਕਲ ਗਏ…. ਰਸਤੇ ‘ਚ ਇੱਕ ਪੰਡਾਲ ‘ਚ ਚੋਂਦਾ ਚੋਂਦਾ ਫਿਰਕੂ ਪ੍ਰਚਾਰ ਹੋ ਰਿਹਾ ਸੀ… ਮਿਆਰਾ ਬੋਲਿਆ , “ਸਾਲਿਆ ਆਪਾਂ ਤਾਂ ਐਵੇਂ ਈ ਤੰਬੂ ‘ਚ ਬੈਠੇ ਮੂੰਗੀ ਖਾ ਕੇ ਵਾਖਰੂ ਵਾਖਰੂ ਕਰੀ ਗਏ !! ਆਹ ਦੇਖ ਚੱਕਲੋ ਚੱਕਲੋ ਹੁੰਦੀ ਏਧਰ …..” [……………..] ਬੱਸ ਫਿਰ ਕੀ ਸੀ ….ਪੁਲਿਸ ਨੇ ਸਥਿਤੀ ਵਿਗੜਨ ਤੋਂ ਬਚਾਉਣ ਲਈ ਗੋਲੀਆਂ ਚਲਾ ਦਿੱਤੀਆਂ ! ਗਾਰੀ ਦੇ ਪਿਠ ‘ਚ ਅਤੇ ਮਿਆਰੇ ਦੇ ਲੱਤਾਂ ‘ਚ ਲੱਗੀਆਂ…..
ਹਫਿਆ ਅਮਲੀ–
ਦਿਖਾਵੇ ਪਿੱਠ ‘ਤੇ ਧੱਫੜ
ਨਾਲੇ ਰਬੜ ਦੀਆਂ ਗੋਲੀਆਂ

ਫੱਤਾ


ਲੋਹੜੇ ਦੀ ਗਰਮੀ…. ਮੋਟਰ ਤੋਂ ਆਉਂਦੇ ਹੋਏ ਟੋਭੇ ਕੰਡੇ ਫਿਰ ਉਹੀ ਰੌਣਕ !…ਕਿਸੇ ਨੇ ਮੱਝਾਂ ਨਹਾਉਣ ਨੂੰ ਖੁੱਲੀਆਂ ਛੱਡੀਆਂ ਨੇ ਤੇ ਕੋਈ ਵੈਸੇ ਢੋੰਕਾ ਲਾਉਣ ਲਈ ਆਪਣੀ ਮੰਜੀ ਤੇ ਸੁਸਤਾ ਰਿਹੈ ……ਇਕ ਪਾਸੇ ਪਿੱਪਲ ਦੀ ਜੜ੍ਹ ਕੋਲ ਬਾਲੋ ਨੇ ਆਪਣੀਆ ਬੱਕਰੀਆਂ ਵੀ ਬੈਠਾ ਰਖੀਆਂ ਨੇ ….ਉਸੇ ਪਾਸੇ ਤਾਸ਼ ਦੀ ਬਾਜੀ ਚਲਦੀ ਪਈ ਐ …….”ਬਾਲੋ ਤਿੰਨ ਆਲੀ ਬੱਸ ਲੰਘ ਗੀ ਲਗਦਾ… ਲਿਆ ਪਤੀਲੀ ਮੈਂ ਮਾੜੀ ਤੋਂ ਪਾਣੀ ਭਰ ਲਿਆਵਾਂ ” ਮੇਲੀ ਨੇ ਦਾਹੜੀ ਚ ਹਥ ਫੇਰਦਿਆਂ ਕਿਹਾ……ਮੈਂ ਠੰਡਾ ਸ਼ਾਹ ਲੈ ਥੜੇ ਵੱਲ ਨੂੰ ਹੋਣ ਹੀ ਲਗਿਆ ਸੀ ਇੰਨੇ ਨੂੰ ਮੁੜਕੋ ਮੁੜਕੀ ਹੋਏ ਫੱਤੇ ਨੇ ਆਪਣਾ ਪੁਰਾਣਾ ਜਾ ਸਾਇਕਲ ਛਾਂ ਵੇਖ ਕੇ ਸਟੇੰਡ ਤੇ ਲਾਇਆ …..
ਪਿੱਪਲ ਦੀ ਛਾਂ
ਖੜਕੇ ਪੱਤੇ ਨਾਲ ਪੱਤਾ-
ਚਾਹ ਬਣਾਉਣ ਲਈ
ਚੋਈ ਬੱਕਰੀ
ਸ਼ੱਕਰ ਫੱਕ ਗਿਆ ਫੱਤਾ

ਪੌਣ


It’s not yet completely dark. A man with a large bag on his shoulder walks past. The dog sprawled in the dust looks up to bark insincerely, then its head comes back to rest on its paws. As the neighbour’s porch light comes on, the ixora blooms regain their bright red colour. I can sense more than see my neighbour looking around before the light goes off again.
half moon
a breeze rustles
through the bushes
ਪੂਰਾ ਹਨੇਰਾ ਨਹੀਂ ਹੋਇਆ ਅਜੇ .ਵੱਡਾ ਝੋਲਾ ਮੋਢੇ ਲਟਕਾਈ ਇੱਕ ਆਦਮੀ ਲੰਘਿਆ . ਧੂੜ ਵਿੱਚ ਲਿਤੇ ਕੁੱਤੇ ਨੇ ਐਵੇਂ ਹੀ ਭੌਂਕਣ ਲਈ ਸਿਰ ਚੁੱਕਿਆ ,ਤੇ ਫਿਰ ਵਾਪਸ ਆਪਣੇ ਪੌਂਚਿਆਂ ਤੇ ਟਿਕਾ ਲਿਆ . ਗੁਆਂਢੀ ਦੀ ਪੋਰਚ ਲਾਈਟ ਪੈ ਰਹੀ ਹੈ ਤੇ ਅਕਜੋਰਾ ਦੇ ਫੁੱਲ ਫਿਰ ਗੂਦੇ ਲਾਲ ਹੋ ਗਏ ਹਨ. ਦੁਬਾਰਾ ਬੱਤੀ ਬੁਝਾਉਣ ਤੋਂ ਪਹਿਲਾਂ ਮੇਰਾ ਗੁਆਂਢੀ ਚੁਫੇਰੇ ਝਾਤੀ ਮਾਰਦਾ ਹੈ – ਮੈਂ ਇੰਨਾ ਵੇਖਣ ਤੋਂ ਕਿਤੇ ਵਧ ਕੁਝ ਮਹਿਸੂਸ ਕਰ ਸਕਦਾ ਹਾਂ .
ਅੱਧਾ ਚੰਨ
ਝਾੜੀਆਂ ਵਿੱਚੀਂ ਲੰਘਦੀ
ਸਰਸਰ ਕਰਦੀ ਪੌਣ
ਅਨੁਵਾਦ -ਚਰਨ ਗਿੱਲ

ਚਿੜੀ


ਇਵਾਨ ਤੁਰਗਨੇਵ ਆਪਣੀ ਇੱਕ ਗਦ ਰੂਪੀ ਕਵਿਤਾ ‘ਪਿਆਰ ‘ ਵਿੱਚ ਲਿਖਦਾ ਹੈ :-
ਮੇਰੀ ਨਜ਼ਰ ਚਿੜੀ ਦੇ ਉਸ ਬੋਟ ਤੇ ਪਈ ਜਿਸਦੀ ਚੁੰਜ ਪੀਲੀ ਅਤੇ ਸਿਰ ਲੁੜਕਿਆ ਜਿਹਾ ਸੀ । ਤੇਜ ਹਵਾ ਬਗੀਚੇ ਦੇ ਰੁਖਾਂ ਨੂੰ ਝੂਟੇ ਦੇ ਰਹੀ ਸੀ , ਬੋਟ ਆਲ੍ਹਣੇ ਤੋਂ ਬਾਹਰ ਡਿੱਗ ਗਿਆ ਸੀ ਅਤੇ ਆਪਣੇ ਨਿੱਕੇ ਨਿੱਕੇ ਅਵਿਕਸਿਤ ਪੰਖਾਂ ਨਾਲ ਫੜਫੜਾ ਰਿਹਾ ਸੀ…।
ਕੁੱਤਾ ਹੌਲੀ-ਹੌਲੀ ਹੌਲੀ-ਹੌਲੀ ਉਸਦੇ ਨਜਦੀਕ ਪਹੁੰਚ ਗਿਆ ਸੀ । ਉਦੋਂ ਉਪਰੋਂ ਰੁੱਖ ਤੋਂ ਇੱਕ ਕਾਲੀ ਛਾਤੀ ਵਾਲੀ ਬੁੜੀ ਚਿੜੀ ਹੇਠਾਂ ਕੁੱਤੇ ਦੇ ਬੂਥੇ ਦੇ ਇੱਕਦਮ ਅੱਗੇ ਕਿਸੇ ਪੱਥਰ ਦੀ ਤਰ੍ਹਾਂ ਆ ਡਿੱਗੀ ਅਤੇ ਤਰਸਯੋਗ ਅਤੇ ਦਿਲਟੁੰਬਵੀਂ ਚੀਂ . . ਚੀਂ . . ਚੂੰ . . ਚੂੰ . . ਚਾਂ . . ਚਾਂ . . ਦੇ ਨਾਲ ਕੁੱਤੇ ਦੇ ਚਮਕਦੇ ਦੰਦਾਂ ਵਾਲੇ ਖੁੱਲੇ ਜਬਾੜਿਆਂ ਦੀ ਦਿਸ਼ਾ ਵਿੱਚ ਫੜਫੜਾਉਣ ਲੱਗੀ । ਉਹਦੀ ਨੰਨ੍ਹੀ ਜਾਨ ਮਾਰੇ ਡਰ ਦੇ ਕੰਬ ਰਹੀ ਸੀ , ਉਸਦੀ ਅਵਾਜ ਖਰਵੀ ਹੋ ਗਈ ਸੀ ਅਤੇ ਓਪਰੀ ਜਿਹੀ ਹੋ ਗਈ ਸੀ । ……
ਬਰਸਾਤ ਤੋਂ ਬਾਅਦ

ਵਧ ਰਿਹਾ ਕੁੱਤਾ ਬੋਟ ਵੱਲ –
ਵਿਚਾਲੇ ਡਿੱਗੀ ਚਿੜੀ

ਚਾਰਲੀ ਚੈਪਲਿਨ


‘ਦ ਗਰੇਟ ਡਿਕਟੇਟਰ’ ਫਿਲਮ ਵਿੱਚ ਚਾਰਲੀ ਚੈਪਲਿਨ ਨੇ ਇੱਕ ਤਕਰੀਰ ਝਾੜ ਦਿੱਤੀ . ਮੈਂ ਵਾਰ ਵਾਰ ਸੁਣਦਾ ਰਿਹਾ ਤੇ ਕਾਗਜ਼ ਕਲਮ ਉਠਾ ਪੰਜਾਬੀ ਤਰਜੁਮਾ ਕਰ ਲਿਆ :
“… ਤੂੰ ਜਿੱਥੇ ਕਿਤੇ ਵੀ ਹੈਂ, ਮੇਰੀ ਤਰਫ ਵੇਖ ! ਵੇਖ , ਹੰਨਾਹ ! ਬੱਦਲ ਉੱਚੇ ਉਠਦੇ ਜਾ ਰਹੇ ਹਨ ! ਉਹਨਾਂ ਵਿਚੋਂ ਸੂਰਜ ਝਾਕ ਰਿਹਾ ਹੈ ! ਅਸੀਂ ਇਸ ਹਨ੍ਹੇਰੇ ਵਿੱਚੋਂ ਨਿਕਲ ਕੇ ਪ੍ਰਕਾਸ਼ ਦੇ ਵੱਲ ਵੱਧ ਰਹੇ ਹਾਂ ! ਅਸੀ ਇੱਕ ਨਵੀਂ ਦੁਨੀਆਂ ਵਿੱਚ ਪਰਵੇਸ਼ ਕਰ ਰਹੇ ਹਾਂ – ਜਿਆਦਾ ਦਿਆਲੂ ਦੁਨੀਆਂ , ਜਿੱਥੇ ਆਦਮੀ ਆਪਣੇ ਲਾਲਚ ਤੋਂ ਉੱਤੇ ਉਠ ਜਾਵੇਗਾ , ਆਪਣੀ ਨਫ਼ਰਤ ਅਤੇ ਆਪਣੀ ਪਾਸ਼ਵਿਕਤਾ ਨੂੰ ਤਿਆਗ ਦੇਵੇਗਾ . ਵੇਖੋ ਹੰਨਾਹ ! ਮਨੁੱਖ ਦੀ ਆਤਮਾ ਨੂੰ ਖੰਭ ਲਾ ਦਿੱਤੇ ਗਏ ਹਨ ਅਤੇ ਓੜਕ ਐਸਾ ਸਮਾਂ ਆ ਹੀ ਗਿਆ ਹੈ ਜਦੋਂ ਉਹ ਅਕਾਸ਼ ਵਿੱਚ ਉੱਡਣਾ ਸ਼ੁਰੂ ਕਰ ਰਹੀ ਹੈ . ਉਹ ਸਤਰੰਗੀ ਪੀਂਘ ਵਿੱਚ ਉੱਡਣ ਜਾ ਰਹੀ ਹੈ . ਉਹ ਆਸ ਦੀ ਲੋਅ ਵਿੱਚ ਉੱਡ ਰਹੀ ਹੈ . ਵੇਖ ਹੰਨਾਹ ! ਵੇਖ !”

ਚਾਰਲੀ ਚੈਪਲਿਨ –
ਛਜਲੀ ਫੜ ਉੜਾ ਰਿਹਾ ਕਾਮਾ
ਕਣਕ ਦਾ ਬੋਹਲ

ਕਲੀ


ਆਹਾ ਹਾ ਹਾ ਹਾ …ਸਾਡੇ ਤਾਂ ਅੱਜ ਮੀਂਹ ਪਿਆ ਹੈ …ਉਹ ਵੀ ਮੋਟੀ ਮੋਟੀ ਕਣੀ ਦਾ ..ਉਡੀਕਦਿਆਂ ਕਿੰਨਾ ਚਿਰ ਹੋ ਗਿਆ ਸੀ ..ਰੱਬ ਬੱਦਲਵਾਈ ਜਰੁਰ ਕਰਦਾ ਸੀ ਪਰ ਮੀਂਹ ਨਹੀਂ ਸੀ ਪਾਇਆ …ਆਸੇ ਪਾਸੇ ਛਿੜਕਾ ਛੰਬਾ ਕਰ ਜਾਂਦਾ ਸੀ ..ਹੁਣ ਤਾਂ ਐਂ ਲੱਗਦਾ ਸੀ ਜਿਵੇਂ ਮੀਂਹ ਦਾ ਮੂੰਹ ਕਦੇ ਵੇਖਾਂਗੇ ਹੀ ਨਹੀਂ …ਭਰ ਭਰ ਵਗਦੇ ਪਰਨਾਲੇ ਦੀ ਆਵਾਜ ਨੇ ਮੇਰੀ ਸੋਚਾਂ ਦੀ ਲੜੀ ਤੋੜੀ …ਦਰਵਾਜੇ ‘ਚ ਖੜੇ ਦੀ ਨਿਗਾਹ ਬਗੀਚੀ ਵੱਲ ਚਲੀ ਗਈ –

ਮੋਟੀ ਮੋਟੀ ਕਣੀ ~
ਸੰਧੂਰੀ ਫੁੱਲ ਵੱਲ ਹੋਰ ਝੁਕੀ
ਅੱਧ-ਖਿੜੀ ਕਲੀ

ਠੰਡੇ ਠਾਰ


ਖੁੱਲੇ ਆਸਮਾਨ ਥੱਲੇ ਨੰਗੇ ਪਿੰਡੇ ਪੱਖੀਆਂ ਫੜ.. ਆਪੋ ਵਿੱਚੀ ਜਾਂ ਚੰਨ ਤਾਰਿਆਂ ਨਾਲ ਗੱਲਾਂ ਕਰਦੇ ਕਰਦੇ ਸਾਡੀ ਬੀਹੀ ਦੇ ਲੋਕ …. ਪੰਜਾਹ ਸਾਲ ਪਹਿਲੀਆਂ ਇਹ ਰਾਤਾਂ ਹੁਣ ਕਿਤਾਬੀ ਹੋ ਚੁਕੀਆਂ ਹਨ ਜਾਂ ਫਿਰ ਕਿਤੇ ਕਿਤੇ ਹਾਸ਼ੀਏ ਤੇ ਵਿਚਰਦੇ ਸਮੂਹਾਂ ਦਾ ਭਾਗ ਹਨ.

ਟੁੱਟਿਆ ਤਾਰਾ
ਰਾਤ ਦੀ ਹੁੰਮਸ ਵਿੱਚ ਗਾਇਬ
ਛੱਡ ਗਿਆ ਕਈ ਸਵਾਲ

ਜਿੰਨਾ ਚਿਰ ਨੀਂਦ ਨਾ ਪੈਣੀ ਸਾਨੂੰ ਨਿਆਣਿਆਂ ਨੂੰ ਅਚਵੀ ਲੱਗੀ ਰਹਿਣੀ .. ਬਾਬਾ ਭਗਤਾ ਇਸ ਰਾਤ ਦੇ ਤੰਬੂ ਹੇਠ ਨਾਲ ਨਾਲ ਮੰਜੇ ਡਾਹੀਂ ਪਏ ਕਈ ਪਰਿਵਾਰਾਂ ਦੇ ਜੀਆਂ ਵਿੱਚੋਂ ਵੱਡਾ ਸੀ ਤੇ ਵੈਸੇ ਵੀ ਲੋਕਯਾਨ ਦੀ ਦੌਲਤ ਉਹਨੇ ਆਪਣੇ ਅੰਦਰ ਸਮੋ ਰੱਖੀ ਸੀ ਤੇ ਬਿਰਤਾਂਤ ਕਲਾ ਵੀ ਉਹਨੂੰ ਸੁਭਾਵਕ ਹੀ ਵਿਰਸੇ ਵਿੱਚੋਂ ਮਿਲ ਗਈ ਸੀ.ਅਸੀਂ ਬਾਤ ਸੁਣਨ ਲਈ ਬਾਬੇ ਦੇ ਦੁਆਲੇ ਹੋ ਜਾਣਾ ਤੇ ਉਹਨੇ ਅੱਗੋਂ ਵੀਹ ਨਖਰੇ ਕਰਨ ਤੋਂ ਬਾਦ ਪੂਣੀ ਛੂਹ ਲੈਣੀ. ਆਵਾਜ਼ ਵੀ ਬੜੀ ਮਿਠੀ ਤੇ ਚਾਲ ਵਾਹਵਾ ਮੱਠੀ …ਦੋ ਪੈਰ ਘੱਟ ਤੁਰਨਾ . ਬਿਆਨ ਕਰਨਾ ਤਾਂ ਸੰਭਵ ਨਹੀਂ ਪਰ ਅੱਜ ਵੀ ਉਹ ਅੱਡਰੀ ਨਖਰੇਲੋ ਆਵਾਜ਼ ਅੰਦਰ ਕਿਤੇ ਵਸੀ ਹੋਈ ਹੈ ਤੇ ਉਹਦੀ ਮਿਠਾਸ ਅਜੇ ਵੀ ਆਤਮਾ ਅੰਦਰ ਘੁਲਦੀ ਪ੍ਰਤੀਤ ਹੁੰਦੀ ਹੈ.

ਤਪੀ ਰਾਤ
ਰੰਦੀ ਬਰਫ਼ ਦੀ ਟਿੱਕੀ
ਚੂਸੇ ਠੰਡੇ ਠਾਰ