ਨਹਿਰ


ਗਿੱਲੇ ਖਾਲ ਦੀ ਵੱਟ ਤੇ ਪੱਕੇ ਅਨਾਰਾਂ ਦੇ ਭਾਰ ਨਾਲ ਲਮਕਦੀਆਂ ਟਹਿਣੀਆਂ ਥੱਲੇ…ਮੈਂ ਖੱਬਲ ਦੀ ਇੱਕ ਤਿੜ੍ਹ ਨੂੰ ਜਰਾ ਕੁ ਖਿਚਿਆ ਤੇ ਮਲਕੜੇ ਜਿਹੇ ਸਾਰਾ ਬੂਝਾ ਨਿਕਲ ਆਇਆ ਜੜ੍ਹਾਂ ਸਮੇਤ . ਇਹਦੀ ਇੱਕ ਪੱਤੀ ਤੇ ਨੀਲੇ ਰੰਗ ਦੀ ਭੂੰਡੀ ਪੱਤੀ ਦੀ ਨੋਕ ਤੋਂ ਵਾਪਸ ਪਰਤ ਪਈ . ਖਾਲ ਤੋਂ ਹਟਵੀਂ ਬਿਜਲੀ ਦੇ ਖੰਭੇ ਕੋਲ ਸੁੱਕ ਰਹੇ ਘਾਹ ਦੀ ਧੋੜੀ ਤੇ ਮੇਰੀ ਨਿਗਾਹ ਪਈ . ਸਾਉਣ ਤਾਂ ਲੱਗੇ ਹੀ ਨਾ ..ਜਿਵੇਂ ਰੋਹੀ ਦਾ ਮਹੀਨਾ ਹੀ ਐਤਕੀਂ ਲਮਕ ਗਿਆ ਹੋਵੇ. ਮਿੱਟੀ ਤੇ ਕੁਝ ਸੁੱਕੇ ਡਾਲ ਸਿਉਂਕ ਨੇ ਮਿੱਟੀ ਦੀਆਂ ਲਕੀਰਾਂ ਬਣਾ ਦਿੱਤੇ ਸਨ. ਬਿਜਲੀ ਆ ਗਈ ਹੈ . ਬਟਨ ਦੱਬ ਚਲਾਈ ਬੰਬੀ ਤੇ ਮੇਰੀ ਪਿਆਸ ਹੋਰ ਚਮਕ ਪਈ. ਔਲੂ ਦੀ ਖੱਬੀ ਕੰਧ ਤੇ ਕੱਲ੍ਹ ਦੇ ਚੂਪੇ ਅੰਬਾਂ ਦੀਆਂ ਗੁਠਲੀਆਂ ਅਜੇ ਤੱਕ ਪਈਆਂ ਸਨ . ਮੈਂ ਰੱਜ ਕੇ ਪਾਣੀ ਪੀ ਪਾਣੀ ਦੀ ਧਾਰ ਦੇ ਥੱਲੇ ਆਪਣਾ ਸਿਰ ਕਰ ਦਿੱਤਾ ਤੇ ਭੁੱਲ ਗਿਆ ਸਭ ਅਗਲੀਆਂ ਪਿਛਲੀਆਂ . ਔਲੂ ਦੇ ਥੱਲੇ ਇਕੱਠੀ ਹੋ ਗਈ ਰੇਤ ਪੈਰਾਂ ਨਾਲ ਛੇੜੀ ਤਾਂ ਸਾਰੇ ਔਲੂ ਵਿੱਚ ਘੁਲ ਗਈ ਕੱਕੀ ਰੇਤ .

ਸਰਹੰਦ ਨਹਿਰ* ਦਾ ਕੰਢਾ
ਕੱਕੀ ਰੇਤ ‘ਚੋਂ ਸਿੱਪੀਆਂ ਚੁਗਦੇ
ਨੰਗੇ ਪਿੰਡੇ ਚੰਦ ਬੱਚੇ

* ਸਰਹੰਦ ਨਹਿਰ ਰੋਪੜ ਤੋਂ ਚਮਕੋਰ ਕੋਲੋਂ ਦੀ ਹੋ ਕੇ ਨੀਲੋਂ ਵਿੱਚੀਂ ਅੱਗੇ ਦੋਰਾਹਾ ਟੱਪ ਜਾਂਦੀ ਹੈ . ਸਰਹੰਦ ਕੋਲੋਂ ਨਿਕਲਣ ਵਾਲੀ ਪੱਕੀ ਨਹਿਰ ਭਾਖੜਾ ਨਹਿਰ ਹੈ.