ਤੂੰਬੀ


Dilpreet Chahal
ਅਜੇ ਕੁਝ ਸਾਲ ਪਹਿਲਾਂ ਦੀ ਗੱਲ ਹੈ ! ਬਠਿੰਡਾ ਤੋਂ ਕਾਫੀ ਅੱਗੇ ਪਿੰਡ ਬਾਦਲ, ਲੰਬੀ , ਖੁੱਡੀਆਂ ਮਹਾਂ ਸਿੰਘ ਲੰਘ ਕੇ ਪਿੰਡ ਸਿੱਖਵਾਲਾ ਵਿਚ ਮਿਸਤਰੀਆਂ ਭਾਵ ਤਰਖਾਣਾਂ ਦੇ ਕਾਫੀ ਘਰ ਹਨ ਅਤੇ ਕਈ ਵਾਰ ਤਾਂ ਸਰਪੰਚ ਵੀ ਰਾਮਗੜੀਆਂ ਭਾਵ ਤਰਖਾਣ ਭਾਈਚਾਰੇ ਦਾ ਹੀ ਬਣਦਾ ਹੈ। ਇਸ ਪਿੰਡ ਦੇ ਵਸਨੀਕ ਕਈ ਸਾਲ ਪਹਿਲਾਂ ਗਰਮੀਆਂ ਵਿਚ …ਰਾਤ ਸਮੇਂ ਰੇਤਲੇ ਟਿਬਿਆਂ ਉਪਰ ਮਹਿਫਲ ਲਗਾ ਲੈਂਦੇ ਸਨ ਅਤੇ ਉਸ ਸਮੇਂ ਪਿੰਡ ਦੇ ਜਾਂ ਨੇੜਲੇ ਪਿੰਡ ਦੇ ਵਿਅਕਤੀ ਜਾਂ ਗਾਇਕ ਤੂੰਬੀ ਅਤੇ ਸਾਰੰਗੀ ਨਾਲ ਗੀਤ ਗਾਉਂਦੇ ਸਨ ! ਉਹ ਜਿਹੜੇ ਗੀਤ ਗਾਉਂਦੇ ਸਨ ਉਹਨਾਂ ਦਾ ਮੁੱਖ ਵਿਸ਼ਾ ਸਾਉਣ ਦਾ ਮਹੀਨਾ ਹੀ ਹੁੰਦਾ ਸੀ-
ਠੰਡੀ ਟਿੱਬੇ ਦੀ ਰੇਤ-
ਕੰਨਾਂ ਵਿੱਚ ਰਸ ਘੋਲ ਗਈ
ਤੂੰਬੀ ਦੀ ਤੁਣਕ ਤੁਣਕ

ਮੁਰਸ਼ਦ


ਫੱਕਰ ਦੀਆਂ ਅੱਖਾਂ ਮੀਚੀਆਂ ..ਫਰਕਦੇ ਬੁੱਲਾਂ ਚੋਂ ਅਹਿਸਤਾ ਅਹਿਸਤਾ ਆਵਾਜ ….’ਲੋਕੀਂ ਕਹਿੰਦੇ ਨੇ ,ਮੈਂ ਤੈਨੂੰ ਯਾਦ ਨਹੀਂ ਕਰਦਾ ..ਹੁਣ ਯਾਦ ਤਾਂ ਤੈਨੂੰ ਮੈਂ ਤਾਂ ਕਰਾਂ ,ਜੇ ਕਿਤੇ ਭੁੱਲਿਆ ਹੋਵਾਂ ! ਤੂੰ ਤਾਂ ਮੈਨੂੰ ਹਰ ਸ਼ੈ ਵਿੱਚ ਦਿਸਦਾ ਹੈਂ ..ਮੇਰੇ ਰੋਮ ਰੋਮ ਵਿੱਚ ਤੇਰੀ ਹਰਕਤ ਹੈ …ਮੇਰੇ ਹਰ ਸੁਆਸ ਵਿੱਚ ਰਮ ਗਿਆ ਹੈਂ ਤੂੰ ..ਤੇ ਇਹ ਦੁਨੀਆਂ ਕਹਿੰਦੀ ਹੈ ਕਿ ਮੈਂ ਤੈਨੂੰ ਯਾਦ ਨਹੀਂ ਕਰਦਾ ..ਕਸੂਰ ਇਸਦਾ ਵੀ ਨਹੀਂ ਹੈ ..ਇਹ ਦੁਨੀਆਂ ਬਹੁਤ ਸਵਾਰਥੀ ਹੈ ..ਇਹ ਤੇਰੀ ਯਾਦ ਨੂੰ ਵੀ ਵਿਉਪਾਰ ਬਣਾਉਣਾ ਚਾਹੁੰਦੀ ਹੈ …ਖੈਰ ਅੱਜ ਉਹੀ ਤਰੀਕ ਹੈ ਜਿਸ ਦਿਨ ਤੂੰ ਵਿਛੜਿਆ ਸੀ ..ਆਹ ਵੇਖ ,ਸਾਰੀ ਪ੍ਰਕਿਰਤੀ ਹੀ ਜਿਵੇਂ ਤੇਰੀ ਯਾਦ ਵਿੱਚ ਬਿਹਬਲ ਹੋ ਗਈ ਹੈ ..ਬੱਦਲ ਘੁੰਮ ਘੁੰਮ ਕੇ ਆ ਰਹੇ ਨੇ ..ਠੰਡੀ ਹਵਾ ਸ਼ੂਕ ਰਹੀ ਹੈ ..ਆਹ ਵੇਖ !…ਕਿਧਰੋਂ ਮੋਗਰੇ ਦੀ ਖੂਸ਼ਬੂ ਵੀ ਆਈ ਹੈ ….ਸਾਸੋਂ ਕੀ ਮਾਲਾ ਪੇ ਸਿਮਰੂੰ……..”
ਮੋਗਰੇ ਦੀ ਖੁਸ਼ਬੂ ~
ਹਵਾ ‘ਚ ਉਂਗਲ ਨਾਲ ਲਿਖਿਆ
ਮੁਰਸ਼ਦ ਦਾ ਨਾਂ

ਤਿਤਲੀਆਂ


ਚੌਥਾ ਦਿਨ .. ਅਧ ਨੂੰ ਅਪੜ ਰਹੀ ਭਾਦੋਂ . ਸਾਵਣ ਨਹੀਂ ਭਾਦੋਂ ਦੀ ਝੜੀ . ਕਹਿੰਦੇ ਪਹਾੜਾਂ ਵਿੱਚ ਬੇਮੁਹਾਰ ਬਾਰਸ਼ ਪੈ ਰਹੀ ਹੈ. ਕੌਣ ਆਖੇ ਸਾਹਿਬ ਨੂੰ ਇੰਝ ਨਹੀਂ ਇੰਝ ਕਰ . ਪਹਿਲਾਂ ਅੰਤਹੀਣ ਜਾਪਦੀ ਔੜ ਤੇ ਹੁਣ ਕੁਵੇਲੇ ਡਰਾਉਣੀ ਹੁੰਦੀ ਜਾ ਰਹੀ ਝੜੀ. ਅੱਜ ਮੀਂਹ ਤਾਂ ਭਾਵੇਂ ਰੁਕਿਆ ਹੈ ਪਰ ਘੋਰ ਕਾਲਾ ਬੱਦਲ ਘੋਰ ਰਿਹਾ ਹੈ . ਮੇਰੇ ਘਰ ਦੇ ਅੰਦਰ ਕੀੜੇ ਮਕੌੜਿਆਂ ਨੇ ਕਈ ਮੋਰੀਆਂ ਬਣਾ ਲਈਆਂ ਨੇ. ਬਾਹਰ ਵਾੜੀ ਵਿੱਚ ਰੰਗ ਬਰੰਗੇ ਕੀਤ ਪਤੰਗੇ ਵੀ ਪੱਤਾ ਪੱਤਾ ਫੁੱਲ ਫੁੱਲ ਆਪਣੇ ਮੌਜ ਮੇਲੇ ਵਿੱਚ ਮਸਤ ਜਾਪਦੇ ਹਨ . ਨਿਸਰ ਰਹੇ ਝੋਨੇ ਦੇ ਖੇਤ ਵੀ ਔਹ ਸਾਹਮਣੇ ਹਨ . ਚੌਲਾਂ ਦੇ ਦਾਣੇ ਬਣਨ ਲਈ ਹੁਣ ਧੁੱਪ ਦੀ ਲੋੜ ਹੈ . ਕੋਈ ਕਹਿ ਰਿਹਾ ਹੈ ,’ ਨਿੱਖਰ ਜਾਵੇ ਹੁਣ ਤਾਂ ਤੇ ਵੱਗਣ ਲੱਗੇ ਪੱਛੋਂ ਦੀ ਹਵਾ.
ਢਲਦਾ ਹੁਨਾਲ
ਕੇਲੀ ਦੇ ਪੱਤੇ ਤੇ ਆ ਜੁੜੀਆਂ
ਦੋ ਤਿਤਲੀਆਂ

ਕਿਸ਼ਤੀ


ਮੇਰੀ ਇਕ ਆਦਤ ਹੈ ਕੀ ਮੈ ਦੁਪਿਹਰ ਦੀ ਰੋਟੀ ਆਪਣੇ ਪਰਿਵਾਰ ਨਾਲ ਹੀ ਖਾਂਦਾ ਹਾਂ ਕਿਓਂ ਕੀ ਸਵੇਰੇ ਬਚੇ ਜਲਦੀ ਸਕੂਲ ਚਲੇ ਜਾਂਦੇ ਹਣ ਉਸ ਵਕ਼ਤ ਮੈ ਸੁਤਾ ਹੁੰਦਾ ਹਾਂ ਤੇ ਰਾਤ ਨੂੰ ਮੈ ਜਦੋ ਘਰ ਆਵਾਂ ਤਾ ਬਚੇ ਸੁਤੇ ਹੁੰਦੇ ਹਣ ਤੇ ਇਸ ਕਰਕੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕੀ ਦੁਪਿਹਰ ਦਾ ਖਾਨਾ ਅਸੀਂ ਸਾਰੇ ਇਕਠੇ ਖਾਈਏ ਤੇ ਇਸ ਨਾਲ ਪਿਆਰ ਵੀ ਵਧਦਾ ਹੈ ਤੇ ਬਚਿਆਂ ਨਾਲ ਹੱਸੀ ਮਜ਼ਾਕ ਵੀ ਹੋ ਜਾਂਦਾ ਹੈ- ਖੈਰ ਅਜ ਜਦੋਂ ਮੈ ਦੁਪਿਹਰੀ ਖਾਣਾ ਖਾਨ ਵਾਸਤੇ ਘਰ ਆਇਆ ਤਾ ਮੇਰੀ ਬੇਟੀ ਨੇ ਬੜੀ ਉਤਸੁਕਤਾ ਨਾਲ ਮੇਰੇ ਵਲ ਦੇਖਿਆ ਤੇ ਉਸਦੇ ਕੋਮਲ ਹਥਾ ਵਿਚ ਕੁਝ ਕਾਗਜ ਦੀਆਂ ਸ਼ੀਟਾਂ ਵੀ ਸਨ ਤੇ ਉਸ ਨੇ ਪਹਿਲਾਂ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਮੈਨੂੰ ਜਫੀ ਪਾ ਕੇ ਬੋਲੀ ਪਾਪਾ ਪਾਪਾ ਅਜ ਰਸਤੇ ਵਿਚ ਬੜਾ ਮਜਾ ਆਇਆ ਕਾਫੀ ਦੇਰ ਮੀਂਹ ਪੈਂਦਾ ਰਿਹਾ ਤੇ ਅੱਸੀ ਸਾਰੇ ਬਚੇ ਮੀਂਹ ਵਿਚ ਖੇਡਦੇ ਰਹੇ ਪਰ ਪਾਪਾ ਹੁਣ ਜਦੋਂ ਅੱਸੀ ਵਾਪਿਸ ਆ ਰਹੇ ਸੀ ਤਾਂ ਰਸਤੇ ਵਿਚ ਕੁਝ ਸੜਕ ਤੇ ਖੜੇ ਬਚੇ ਮੀਂਹ ਦੇ ਪਾਣੀ ਵਿਚ ਕਾਗਜ ਦੇ ਜਹਾਜ ਬਣਾ ਕੇ ਚਲਾ ਰਹੇ ਸਨ ਮੈ ਮੰਮੀ ਨੂੰ ਦਸਿਆ ਤਾਂ ਓਹਨਾ ਨੇ ਕੇਹਾ ਕੀ ਤੇਰੇ ਪਾਪਾ ਨੂੰ ਵੀ ਕਾਗਜ ਦੇ ਜਹਾਜ ਬਣਾਉਣੇ ਆਉਂਦੇ ਹਣ -ਪਾਪਾ ਪਾਪਾ ਪਲੀਜ਼ ਮੈਨੂੰ ਵੀ ਕਾਗਜ ਦੀ ਕਿਸ਼ਤੀ ਬਣਾ ਕੇ ਦੇਵੋ ਨਾਂ ਮੇਰੀ ਬੇਟੀ ਦੇ ਏਨਾ ਕਹਿਣ ਤੇ ਮੈ ਉਸ ਨੂੰ ਜਹਾਜ ਬਣਾ ਕੇ ਦੇਣ ਲਗਾ ਤਾ ਏਨੇ ਨੂੰ ਪਤਨੀ ਨੇ ਗੁੱਸੇ ਨਾਲ ਉਸਨੂੰ ਝਿੜਕਿਆ ਕੀ ਪਹਿਲਾਂ ਖਾਣਾ ਤਾਂ ਖਾ ਲਵੋ ਫੇਰ ਜੋ ਮਰਜੀ ਕਰਨਾ ਇਸ ਝਿੜਕ ਤੋ ਮੇਰੇ ਨਾਲ ਬਚੇ ਵੀ ਡਰਦੇ ਹਣ ਸੋ ਅੱਸੀ ਰੋਟੀ ਵਲ ਨੂੰ ਹੋ ਗਏ ਤੇ ਰੋਟੀ ਮੈਂ ਬੇਟੀ ਦੇ ਇਸ਼ਾਰਾ ਕਰਣ ਤੇ ਜਲਦੀ ਜਲਦੀ ਖਾਧੀ ਤੇ ਵੇਹਲੇ ਹੋ ਕੇ ਮੈ ਉਸ ਨੂੰ ਕਾਗਜ ਦੀ ਕਿਸ਼ਤੀ ਬਣਾ ਕੇ ਦਿਤੀ ਤੇ ਓਹ ਬੜੀ ਹੀ ਚਾਵਾਂ ਨਾਲ ਕਾਗਜ ਦੀਆਂ ਬਣੀਆਂ ਕਿਸ਼ਤੀਆਂ ਲੈ ਕੇ ਥਲੇ ਬਰਾਂਡੇ ਵਿਚ ਖੜੇ ਮੀਂਹ ਦੇ ਪਾਣੀ ਵਿਚ ਚਲਾਉਣ ਵਾਸਤੇ ਚਲੀ ਗਈ –ਤੇ ਜਦੋ ਉਸਨੇ ਬੇੜੀ ਪਾਣੀ ਵਿਚ ਤੋਰੀ ਤੇ ਉਸ ਤਰਦੀ ਹੋਈ ਕਿਸ਼ਤੀ ਨੂੰ ਪਾਣੀ ਵਿਚ ਤਰਦਾ ਦੇਖ ਕੇ ਉਸਦੀਆ ਅਖਾਂ ਵਿਚ ਚਮਕ ਆ ਗਈ ਤੇ ਮੈ ਉਸਦੀਆ ਅਖਾਂ ਦੀ ਚਮਕ ਦੇਖ ਕੇ ਇੰਝ ਮਹਿਸੂਸ ਕੀਤਾ ਜਿਸ ਤਰਾ ਮੈ ਸਚੀ ਮੁਚੀ ਦਾ ਜਹਾਜ਼ ਬਣਾ ਦਿਤਾ ਹੋਵੇ ਤੇ ਓਹ ਜਹਾਜ਼ ਕਿਸੇ ਡੂੰਘੇ ਸਮੁੰਦਰ ਵਿਚ ਚਲ ਰਿਹਾ ਹੋਵੇ ——————

ਰੁਕਿਆ ਮੀਂਹ
ਬੇਟੀ ਮੀਂਹ ਦੇ ਪਾਣੀ ਵਿਚ ਚਲਾਵੇ
ਕਾਗਜ ਦੀ ਕਿਸ਼ਤੀ