ਸਰਦਲ ਤੋਂ ਪਾਰ

ਇੱਕ ਬਰਫਾਨੀ ਤੂਫ਼ਾਨ ਵਿਚ, ਹਾਈਵੇ ਦੇ ਨਾਲ ਲਗਦੇ ਐਂਟੀਕ ਸਟੋਰ ਤੋਂ, ਬੜੇ ਚਾਅ ਨਾਲ ਚੁਣ ਕੇ ਲਿਆਈ ਸਾਂ ਮੈਂ ਟਾਹਲੀ ਦੀ ਲੱਕੜ ਦਾ ਓਹ ਸ਼ੋਕੇਸ ! ਘਰ ਲਿਆਂਦਿਆਂ ਸਾਰ ਉਸਨੂੰ ਆਪਣੀ ਨਿੱਕੀ ਜਿਹੀ ਬੈਠਕ ਦੀ ਇੱਕ ਨੁੱਕਰ ਵਿਚ ਬੜੀ ਸਾਵਧਾਨੀ ਨਾਲ ਟਿਕਾ ਦਿੱਤਾ ਸੀ । ਸਭ ਤੋਂ ਉੱਚੀ ਸੈਲਫ਼ ‘ਤੇ ਗੌਤਮ ਬੁੱਧ ਦਾ ਸ਼ਾਂਤ ਬੁੱਤ ਜਾ ਬੈਠਾ । ਹੇਠਲੀਆਂ ਦੋ ਸ਼ੈਲਫਾਂ ਪੁਰਾਣੀਆਂ ਕਿਤਾਬਾਂ ਨਾਲ ਝੱਟ-ਪੱਟ ਹੀ ਭਰ ਗਈਆਂ। ਮੰਝਲੀ ਸ਼ੈਲਫ ਵਿਚ ਆਪਣੀ ਧੀ ਦੀ ਤਸਵੀਰ ਦੇ ਲਾਗੇ ਮੋਤੀਏ ਦੀਆਂ ਕਲੀਆਂ ਦੀ ਮਹਿਕ ਫੈਲ ਗਈ । ਅਖੀਰਲੀ ਸ਼ੈਲਫ਼ ਉੱਤੇ ਇੱਕ ਗਲੋਬ ਦੇ ਨਾਲ ਪਈ ਪ੍ਰਾਚੀਨ ਘੜੀ ਟਿਕ-ਟਿਕ ਕਰਨ ਲੱਗੀ। ਅਖੀਰਲੇ ਦਰਾਜ਼ ਨੂੰ ਅਜੇ ਮੈਂ ਨਿੱਕੀਆਂ ਮੋਟੀਆਂ ਚੀਜ਼ਾਂ ਨਾਲ ਭਰ ਹੀ ਰਹੀ ਸੀ ਕਿ ਉਸਨੇ ਕਿਹਾ “ਭਲੀਏ ਲੋਕੇ ! ਕਿਸੇ ਦਰਾਜ਼ ਦਾ ਇੱਕ-ਅੱਧਾ ਕੋਨਾ ਮੇਰੇ ਵਾਸਤੇ ਵੀ ਛੱਡ ਦੇਵੀਂ, ਮੈਂ ਵੀ ਆਪਣੀਆਂ ਕੁਝ ਬੇਸ਼ਕੀਮਤੀ ਚੀਜ਼ਾਂ ਸਾਂਭਣੀਆਂ ਹਨ।” ਹਸਦਿਆਂ ਹੋਇਆਂ ਮੈਂ ਇੱਕ ਪੂਰਾ ਦਰਾਜ਼ ਖਾਲੀ ਕਰ ਦਿੱਤਾ।

ਇੱਕ ਧੁਪੀਲੇ ਜਿਹੇ ਦਿਨ, ਅਲਮਾਰੀ ਤੋਂ ਮਿੱਟੀ ਝਾੜਦਿਆਂ ਓਹ ਬੰਦ ਦਰਾਜ਼ ਫਟੱਕ ਦੇਣੇ ਆਪਣੇ-ਆਪ ਖੁਲ੍ਹ ਗਿਆ । ਦਾਰੂ ਦੀਆਂ ਕੁਝ ਅੱਧ -ਭਰੀਆਂ, ਕੁਝ ਖਾਲੀ ਬੋਤਲਾਂ ਧੜਾਧੜ ਮੇਰੇ ਪੈਰਾਂ ਵਿਚ ਆ ਡਿੱਗੀਆਂ । ਮੇਰੀ ਨਜ਼ਰ ਬੁੱਧ ਦੇ ਸ਼ਾਂਤ ਬੁੱਤ ਤੋਂ ਹੁੰਦੀ ਹੋਈ ਮੋਤੀਏ ਦੀਆਂ ਕਲੀਆਂ ਵਿਚ ਜਾ ਉਲਝੀ …

ਗੰਧਲੀ ਹਵਾ . .
ਸਰਦਲ ਤੋਂ ਪਾਰ ਖਿੰਡਰੀ
ਮੋਤੀਏ ਦੀ ਮਹਿਕ

ਸੰਦੂਕ


Dilpreet Kaur

ਜਦੋਂ ਵੀ ਬਠਿੰਡੇ ਜਾਂਦੇ ,ਨਾਨਕੇ ਘਰ ਵੀ ਹੋ ਕੇ ਆਉਂਦੇ , ਘਰ ਦੇ ਅੰਦਰ ਵੜਦਿਆਂ ਦਿਲ ਡਾਢਾ ਦੁਖੀ ਹੁੰਦਾ |ਘਰ ਦੇ ਸਾਰੇ ਜੀਅ ਇੱਕ ਇੱਕ ਕਰਕੇ ਤੁਰ ਗਏ |ਹਵਾ’ ਚ ਘੁਲੀ ਰਾਤ ਰਾਨੀ ਦੀ ਖੁਸ਼ਬੋ ..ਹਵੇਲੀ ਦੀਆਂ ਬਾਰੀਆਂ ਚੋਂ ਕਿਰਦਾ ਚਾਨਣ ਮੈਨੂੰ ਬੜਾ ਸੋਹਣਾ ਲਗਦਾ |ਸੁੰਨੇ ਆਲਿਆ ‘ਚ ਦੀਵੇ ਬਾਲ ,ਮੈਂ ਘਰ ਦਾ ਕੋਨਾ ਕੋਨਾ ਟੋਹੰਦੀ |ਇੱਕ ਨਿੱਕੇ ਜਹੇ ਹਨੇਰੇ ਕਮਰੇ ‘ਚ ਇਕ ਲੱਕੜ ਦਾ ਸੰਦੂਕ ਪਿਆ ਸੀ ,ਮੈਂ ਕਹਲੇ ਕਦਮੀ ਉਸ ਵੱਲ ਵਧੀ ਜਿਵੇਂ ਇਸੇ ਨੂੰ ਹੀ ਭਾਲਦੀ ਹੋਵਾਂ ,ਸੰਦੂਕ ‘ਚ ਦੋ ਬਿਸਤਰਬੰਦ ਪਏ ਸੀ ,ਮਤਾ ਦੀਵੇ ਨੂੰ ਕੋਲ ਕਰਕੇ ਸੰਦੂਕ ਦੇ ਰਖਣੇ ‘ਚ ਹੱਥ ਮਾਰਿਆਂ ਤਾਂ ਮਲਮਲ ਦੀ ਚੁੰਨੀ ਹੇਠੋਂ ਪਰਾਂਦੀ ਨੂੰ ਲੱਗੇ ਟ੍ਸਰੀ ਦੇ ਬੰਬਲਲਿਸ਼ਕੇ|ਗੋਟੇ,ਰੰਗ ਬਿਰੰਗੀਆਂ ਪਾਰਾਂਦੀਆਂ ,ਕੁੜਤੀ ਦੇ ਬਟਨ ਹੋਰ ਪਤਾ ਨਹੀ ਕੀ ਕੁਝ |ਐਨੇ ਨੂੰ ਮੰਮੀ(ਸੱਸ ) ਦੇ ਤਾਇਆ ਜੀ ਦੀ ਨੂੰਹ ਆ ਗਈ ,ਕੁੜੇ ਧੀਏ ਕਿਥੇ ਏ ? ਆਜੋ ਮਾਮੀ ਜੀ ,ਸੰਦੂਕ ਦੇਖ ਰਹੀ ਸੀ ,ਮਾਮੀ ਜੀ ਇਹ ਤਾਂ ਖਾਲੀ ਪਿਆ ?ਪੁੱਤ ਲੋਕ ਕਾਹਨੂੰ ਛਡਦੇ ਨੇ,ਘਰ ਬੰਦ ਰਿਹਾ , ਰਾਤ ਬਰਾਤੇ ਕਿਸੇ ਬੇੜੀ ਬੈਠੀ ਵਾਲੇ ਨੇ ਜਿੰਦਾ ਭੰਨ ਕੇ ਸਭ ਢੋਹ ਲਿਆ ,ਤੇਰੀ ਨਾਨੀ ਬੜੀ ਸਚਿਆਰੀ ਸੀ,” ਓਹ ਕੀਤੇ ਖਾਲੀ ਸੰਦੂਕ ਰਖਣ ਵਾਲੀ ਸੀ |ਕੁਝ ਚੀਜ਼ਾਂ ਤਾਂ ਤੇਰੇ ਦੀਪ ਸਿਓਂ ਮਾਮਾ ਜੀ ਕੇ ਘਰ ਸਾਂਭੀਆ ਪਾਈਆਂ ,ਚੱਲ ਵਿਖਾਵਾ ,”’ਬਸ ਬੰਦੇ ਦੀ ਕੋਈ ਮੁਨਿਆਦ ਨਹੀ ..ਚੀਜ਼ਾਂ ਵਸਤਾਂ ਤਿਵੇਂ ਹੀ ਰਹਿ ਜਾਂਦਿਆ ਨੇ .. | ਗੱਲਾਂ ਕਰਦਿਆਂ ਅਸੀਂ ਦੋਵੇ ਬਾਹਰ ਬੀਹੀ ‘ਚ ਆ ਗਈਆਂ ,ਨਾਲ ਵਾਲੇ ਘਰ ਮਾਸੀ ਕਰਮ ਹੋਰੀਂ ਰਹਿੰਦੇ ਸਨ |ਦੂਰੋਂ ਹੀ ਮੈਨੂੰ ਵੇਖ ਕੇ ਆਖਿਆ ਆ ਗਈ ਮੇਰੀ ਦੋਹਤ ਨੂੰਹ …ਕਾਲਜੇ ਨੂੰ ਰਤਾ ਕੁ ਠੰਡ ਪੈ ਗਈ ……

ਚੇਤਰੀ ਹਵਾ ~
ਦੀਵੇ ਦੇ ਚਾਨਣ ਨਾਲ ਭਰਿਆ
ਖਾਲੀ ਸੰਦੂਕ