ਚਹਿਕ


ਹੁੰਮਸੀ ਫਿਜ਼ਾ –
ਅੰਮ੍ਰਿਤ ਬਾਣੀ ਵਿਚ ਰਲੀ
ਚਿੜੀਆਂ ਦੀ ਚਹਿਕ

ਸੇਵੀਆਂ


ਅੱਜ ਸਵੇਰ ਤੋਂ ਹੀ ਬੂੰਦਾ ਬਾਂਦੀ ਹੋ ਰਹੀ ਹੈ । ਕੁੱਲ ਕਾਇਨਾਤ ਜਿਵੇਂ ਫੇਰ ਤੋਂ ਹਰੀ ਭਰੀ ਹੋ ਗਈ ਹੈ । ਬਿਲਕੁਲ ਓਵੇਂ ਜਿਵੇਂ ਕੋਈ ਅਲ੍ਹੜ ਮੁਟਿਆਰ ਕੇਸ਼ੀ ਨਹਾ ਕੇ ਨਿਕਲੀ ਹੋਵੇ । ਕੱਲ ਗੁਆਂਢਣ ਮਨਜੋਤ ਦੱਸ ਰਹੀ ਸੀ ਕਿ ਬੀਜੀ ਇੰਡੀਆ ਤੋਂ ਸੇਵੀਆਂ ਲੈ ਕੇ ਆਏ ਹਨ । ਸੁਣਨ ਸਾਰ ਇੱਕ ਦਮ ਮੈਨੂੰ ਮਾਂ ਦੇ ਹੱਥਾਂ ਦੀਆਂ ਬਣੀਆਂ ਗੁੜ੍ਹ ਵਾਲਿਆਂ ਸੇਵੀਆਂ ਦੀ ਯਾਦ ਆ ਗਈ । …. ਖੈਰ ਕਣੀਆਂ ਕੁਝ ਰੁਕੀਆਂ ਤਾਂ ਮੇਰਾ ਮਨ ਕੁਦਰਤ ਦੇ ਇਸ ਨਿਖਾਰ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨ ਲਈ ਮਚਲ ਉੱਠਿਆ । ਹਾਲੇ ਕੈਮਰਾ ਚੁੱਕ ਕੇ ਦਰੋਂ ਨਿਕਲਣ ਹੀ ਲੱਗਿਆ ਸੀ ਕਿ ਗੁਆਂਢ ਵੱਲੋਂ ਆਈ ਸੇਵੀਆਂ ਦੀ ਮਹਿਕ ਨੇ ਮੇਰੇ ਕਦਮ ਰੋਕ ਲਏ …..

ਸੇਵੀਆਂ ਦੀ ਮਹਿਕ –

ਮੇਪਲ ਪੱਤੇ ਤੋਂ ਤਿਲਕੀ

ਇੱਕ ਹੋਰ ਬੂੰਦ

ਸੂਹਾ ਚੂੜਾ


ਬਾਈਆਂ ਵਰ੍ਹਿਆਂ ਦੀ ਮਲੂਕੜੀ ਜਿਹੀ ਕੁੜੀ ਦੇ ਵੀਰਾਂ ਨੇ ਅਜੇ ਡੋਲੀ ਵਾਲੀ ਕਾਰ ਨੂੰ ਧੱਕਾ ਲਾਇਆ ਹੀ ਹੈ ਕਿ ਉਸਦੇ ਨਾਲ ਆ ਬੈਠੇ ਰੱਬ ਦੇ ਬੰਦੇ ਨੇ ਹੌਲੀ ਜਿਹੀ ਉਸਦੇ ਕੰਨ ‘ਚ ਪਹਿਲੀ ਫੂਕ ਮਾਰੀ, “ਜੇ ਹੋ ਸਕੇ ਤਾਂ ਇਹ ਚੂੜਾ ਲਾਹ ਦੇਵੀਂ ਛੇਤੀ ਤੋਂ ਛੇਤੀ, ਮੈਂ ਇੰਨਾਂ ਰਸਮਾਂ ਰਿਵਾਜਾਂ ਵਿਚ ਯਕੀਨ ਨਹੀਂ ਕਰਦਾ।” ਕੁੜੀ ਨੇ ਹੂੰ ਹਾਂ ਕੀਤੇ ਬਗੈਰ ਇੱਕ ਸਰਸਰੀ ਨਜਰ ਚੂੜੇ ‘ਤੇ ਮਾਰੀ ਤੇ ਤੁਰੀ ਜਾਂਦੀ ਕਾਰ ਦੀ ਬਾਰੀ ਚੋਂ ਆਪਣੇ ਗਲੀ ਮੁਹੱਲੇ ਦੇ ਰਾਹਾਂ ਰਸਤਿਆਂ, ਉੱਚੇ ਨੀਵੇਂ ਮਕਾਨਾਂ, ਜਾਣੇ ਪਹਿਚਾਣੇ ਚੇਹਰਿਆਂ ਨੂੰ ਨੀਝ ਨਾਲ ਤੱਕਣ ਲੱਗ ਪਈ, ਭਰੀਆਂ ਅੱਖਾਂ ਨੂੰ ਹਰ ਵਸਤ ਡੁੱਬਦੀ ਤਰਦੀ ਨਜਰ ਆ ਰਹੀ ਜਾਪੇ … ਉਸਨੂੰ ਆਪਣਾ ਅਕਸ ਵੀ ਦਿਖਿਆ ਉਸੇ ਸੜਕ ਤੇ ਬੇਫਿਕਰ ਤੁਰਿਆ ਜਾਂਦਾ, ਅੱਲੜ ਅਤੇ ਅਜਾਦ ਜਿਸਦੇ ਨਾਲ ਕੋਈ ਰੱਬ ਦਾ ਬੰਦਾ ਨਹੀਂ ਹੈ ਜੋ ਉਸਨੂੰ ਹਿਦਾਇਤ ਦੇ ਸਕੇ ਕਿ ਕੀ ਕਰੀਂ ਅਤੇ ਕੀ ਨਾਂ ਕਰੀਂ। ਪੈਂਡਾ ਬਹੁਤ ਲੰਮਾ ਹੈ ਅਤੇ ਸਾਥ ਕੁਝ ਓਪਰਾ, ਲੰਮੀ ਪੱਸਰੀ ਚੁੱਪ ਨੇ ਸਹੁਰੇ ਘਰ ਦੀ ਦਹਿਲੀਜ਼ ਤੱਕ ਬੜਾ ਸੋਹਣਾ ਸਾਥ ਨਿਭਾ ਦਿੱਤਾ ਹੈ ਉਸ ਕੁੜੀ ਦਾ।
ਪਾਣੀ ਨਹੀਂ ਵਾਰਿਆ ਗਿਆ, ਰੱਬ ਦਾ ਬੰਦਾ ਇਤਰਾਜ਼ ਕਰਦਾ ਹੈ…ਫਾਲਤੂ ਗੱਲਾਂ! ਚੁੱਪ ਵਰਤ ਗਈ ਹੈ ਕੁਝ ਦੇਰ ਵਾਸਤੇ। ” ਕੁੜੀ ਮਾੜੀ ਨਹੀਂ ਹੈ, ਰੰਗ ਹੀ ਥੋੜਾ ਸਾਂਵਲਾ ਹੈ ਜਰਾ,” ਇੱਕ ਪਾਸਿਓਂ ਅਵਾਜ਼ ਆਈ ਹੈ ਹਾਰ ਕੇ । “ਲੈ ਤਾਂ… ਇਸ ਵਿਚਾਰੀ ਦੇ ਤਾਂ ਚੂੰਡੀ ਭਰਣ ਜੋਗਾ ਮਾਸ ਵੀ ਨਹੀਂ ਹੈ,” ਕਿਸੇ ਸਿਆਣੀ ਜਿੰਦ ਨੇ ਫੈਸਲਾ ਸੁਣਾਇਆ ਦਿੱਤਾ ਹੈ ਸਾਰੇ ਇੱਕਠ ਨੂੰ, ਐਨਕ ਦੇ ਸ਼ੀਸ਼ਿਆਂ ਚੋਂ ਗੌਰ ਨਾਲ ਤੱਕ ਕੇ। ਪਰ ਫਿਲਹਾਲ ਕੁੜੀ ਦਾ ਸਾਰਾ ਧਿਆਨ ਕੁਝ ਪਲਾਂ ਲਈ ਆਪਣੇ ਮੂਹਰੇ ਪਏ ਗਾਨਿਆਂ ਵੱਲ ਹੈ। ਇੱਕ ਤੋਂ ਬਾਦ ਇੱਕ ਉਹ ਸਾਰੇ ਗਾਨੇ ਜਿੱਤੀ ਜਾਂਦੀ ਹੈ। ਰੱਬ ਦਾ ਬੰਦਾ ਕੁਝ ਫਿੱਕਾ ਫਿੱਕਾ ਜਾਪਦਾ ਹੈ, ਜਰੂਰੀ ਫੋਨ ਕਰਨ ਦੇ ਪੱਜ ਨਾਲ ਉਠ ਖਲੋਤਾ ਹੈ ਅੱਧ ਵਿਚਾਲੇ, ਜਾਂ ਸ਼ਾਇਦ ਇਹ ਰਿਵਾਜ਼ ਵੀ ਠੀਕ ਨਹੀਂ ਹੈ ..ਤੇ ਜਾਂਦਾ ਜਾਂਦਾ ਕੁੜੀ ਨੂੰ ਪਹਿਲੀ ਘੂਰੀ ਵੱਟ ਗਿਆ ਹੈ। ਪੇਕੇ ਦੀ ਦਹਿਲੀਜ ਟੱਪਿਆਂ ਅਜੇ ਕੁਝ ਹੀ ਘੰਟੇ ਹੋਏ ਨੇ, ਸ਼ਾਮ ਤਾਂ ਰੋਜ਼ ਹੀ ਢੱਲਦੀ ਹੈ, ਪਰ ਅੱਜ ਤਾਂ ਜਿਵੇਂ ਕੁਵੇਲਾ ਹੀ ਹੋ ਗਿਆ ਹੈ, ਭਾਰਾ ਪਵੇਗਾ… 

ਹੁੰਮਸੀ ਰਾਤ…
ਚੁੱਪਚੁਪੀਤੇ ਦੁੱਧ ਭਰੇ ਥਾਲ ‘ਚ
ਵਧਾਇਆ ਸੂਹਾ ਚੂੜਾ