ਬੂੰਦ


 

ਕਰੰਡ ਖੇਤ —
ਕਾਮੇ ਦੀ ਹਥੇਲੀ ਚੋਂ ਨੁਚੜੀ
ਪਸੀਨੇ ਦੀ ਬੂੰਦ

 

ਜੰਡ


ਬਰਸਾਤ ਨੇ ਅੱਜ ਫੇਰ ਸਵੇਰੇ ਸਵੇਰੇ ਚੰਗੀ ਝੱਟ ਲਾਈ . ਹੁਣ ਧੁੱਪ ਚੜ੍ਹ ਆਈ ਹੈ . ਸੰਗਰੂਰ ਜੇਲ ਤੋਂ ਮਹੀਨੇ ਲਈ ਛੁੱਟੀ ਕੱਟਣ ਆਇਆ ਬੇਗੁਨਾਹ ਬਿੱਕਰ ( ਉਮਰ ਪਝੰਤਰ ਸਾਲ ) ਮੈਨੂੰ ਦੀਪਗੜ੍ਹ ਦਿਖਾਉਣ ਲਈ ਲਈ ਫਿਰਨੀ ਫਿਰਨੀ ਲੈ ਤੁਰਿਆ ਹੈ. ਸੂਏ ਦੇ ਉਰਲੇ ਪਾਸੇ ਮੋੜ ਤੇ ਵੱਡੇ ਭਾਰੀ ਪੁਰਾਣੇ ਜੰਡ ਦੇ ਹੇਠਾਂ ਮਾਤਾ ਰਾਣੀ ਲਈ ਬਣਾਏ ਨਿੱਕੇ ਜਿਹੇ ਮੰਦਰ ਦੇ ਵਿਹੜੇ ਪਾਣੀ ਭਰਿਆ ਹੈ ਤੇ ਜੰਡ ਦੀ ਇੱਕ ਟਹਿਣੀ ਤੇ ਲਾਲ ਚੁੰਨੀ ਲਟਕ ਰਹੀ ਹੈ. ‘ ਔਹ ਦੇਖ ਬੂਰ ਆਇਆ ਹੈ .. ਲੰਮੀਆਂ ਲੰਮੀਆਂ ਫਲੀਆਂ ਲਗਦੀਆਂ ਨੇ ..ਖਾਣ ਨੂੰ ਬੜੀਆਂ ਸੁਆਦ . ਖੋਖੇ ਕਹਿੰਦੇ ਨੇ ਉਨ੍ਹਾਂ ਨੂੰ . ਅਸੀਂ ਰੱਖ ਲਵਾਂਗੇ ਸਾਂਭ ਕੇ ਜਦੋਂ ਲੱਗੇ ….ਪਤਾ ਨਹੀਂ ਕਿੰਨੀ ਉਮਰ ਹੈ ਇਹਦੀ .. ਜਦੋਂ ਮੇਰੀ ਸੁਰਤ ਸੰਭਲੀ ਉਦੋਂ ਵੀ ਪੂਰਾ ਰੁੱਖ ਸੀ ਤੇ ਭਰਵਾਂ ਫਲ ਲੱਗਦਾ ਸੀ .. ਹੁਣ ਤਾਂ ਬਹੁਤ ਘੱਟ ਬੂਰ ਪੈਂਦਾ ..’

ਵਿੰਗ ਤੜਿੰਗਾ ਜੰਡ
ਇੱਕ ਟਾਹਣੀ ਤੇ ਲਾਲ ਚੁੰਨੀ
ਇੱਕ ਤੇ ਲਟਕੇ ਕਲੇਜੀ ਬੂਰ