ਫੁੱਲ


ਤਿੰਨ ਦਿਨ ਪੁਰਾਣੀ ਜਲੰਧਰ ਦੀ ਘਟਨਾ ਕਿਓਂ ਮੇਰੇ ਜਿਹਨ ‘ਚੋਂ ਨਿੱਕਲ ਨਹੀਂ ਰਹੀ, ਕਿਓਂ ਇਸਦਾ ਚੇਤਾ ਆਉਂਦਿਆਂ ਹੀ ਅੰਦਰ ਇੱਕ ਖਾਮੋਸ਼ ਜਿਹਾ ਕੁਰਲਾਟ ਮਚ ਜਾਂਦਾ ਹੈ, ਇੱਕ ਦਿਸ਼ਾਹੀਣ ਗੁੱਸੇ ਦੀ ਲਹਿਰ ਜਿਹੀ ਸਿਰ ਵੱਲ ਭੱਜਦੀ ਹੈ|
ਹੁਣੇ ਬਾਲਗ ਹੋਈ ਧੀ ਦਾ ਬਾਪ ਹੋਣ ਦੇ ਬਾਵਜੂਦ ਕਿਓਂ ਉਸ ਬਾਪ ‘ਤੇ ਗੁੱਸਾ ਆਉਂਦਾ ਹੈ ਜਿਸਨੇ ਰੇਲ ਅੱਗੇ ਕੁੱਦਕੇ ਖੁਦਕਸ਼ੀ ਕਰਨ ਵਾਲੀ ਧੀ ਲਈ ਕਹਿ ਦਿੱਤਾ ਕਿ ਉਸਦਾ ਸੈਂਡਲ ਪੱਟੜੀ ‘ਚ ਫਸ ਗਿਆ ਸੀ|
ਉਸ ਚੌਥੇ ਥੰਮ ਨੂੰ ਕੀ ਕਹਾਂ ਜਿਹੜਾ ਕੈਮਰੇ ਲੈਕੇ ਪੁਲਿਸ ਦੀ ਪਸ਼ੂਵਿਰਤੀ ਦਾ ਸਾਥ ਦੇ ਰਿਹਾ ਸੀ|
ਹਾਥੀ ਦੀ ਸੁੰਡ
ਪੱਤਿਆਂ ਸਮੇਤ ਸੂਤਿਆ
ਕੂਲਾ ਫੁੱਲ

ਬੱਗੂ ਤਾਇਆ


ਬੀਹੀ ਵਿੱਚ ਚੀਕ ਚਿਹਾੜਾ ਤਾਂ ਸਵੇਰੇ ਹੀ ਪੈਣਾ ਸ਼ੁਰੂ ਹੋ ਜਾਂਦਾ ਸੀ. ਸਾਂਝੇ ਪਰਿਵਾਰ ਸਨ ਅਤੇ ਖਾਣ ਪੀਣ ਸੰਬੰਧੀ ਵੰਡ ਵੰਡਈਏ ਵਿੱਚੋਂ ਉਪਜੀਆਂ ਭੜਕੀਲੀਆਂ ਰੰਜਸਾਂ ਦਾ ਪ੍ਰਗਟਾਵਾ ਅਕਸਰ ਆਪਣੇ ਬੱਚਿਆਂ ਦੀ ਬੇਰਹਿਮ ਕੁੱਟ ਰਾਹੀਂ ਕੀਤਾ ਜਾਂਦਾ. ਜਾਂ ਫਿਰ ਮਾਪੇ ਆਪਣੀਆਂ ਬਾਲਗ ਪਰਿਭਾਸ਼ਾਵਾਂ ਅਨੁਸਾਰ ਬੱਚਿਆਂ ਦੀਆਂ ਬਾਲ ਖੇਡਾਂ ਨੂੰ ਵੱਡਾ ਅਪਰਾਧ ਸਮਝ ਕੇ ਕੋਮਲ ਮਨਾਂ ਤੇ ਵਦਾਣੀ ਸੱਟਾਂ ਮਾਰ ਦਿੰਦੇ. ਸਾਡੇ ਵਿੱਚੋਂ ਕਿਸੇ ਨੂੰ ਜਦੋਂ ਕੁੱਟ ਪੈ ਰਹੀ ਹੁੰਦੀ ਤਾਂ ਬੱਗੂ ਤਾਇਆ ਵਾਹਦ ਸ਼ਖਸ ਹੁੰਦਾ ਜੋ ਮੌਕੇ ਤੇ ਸਰਗਰਮ ਦਖਲ ਦਿੰਦਾ ਬੱਚੇ ਨੂੰ ਮਾਂ ਕੋਲੋਂ ਖੋਹ ਕੇ ਆਪਣੀ ਬੁੱਕਲ ਵਿੱਚ ਲੈ ਲੈਂਦਾ ਅਤੇ ਉਹਦੀ ਵਿਲੱਖਣ ਤਾੜਵੀਂ ਆਵਾਜ਼ ਬੀਹੀ ਵਿੱਚ ਗੂੰਜ ਰਹੀ ਹੁੰਦੀ, “ ਇਹਨੂੰ ਕਿਉਂ ਕੁੱਟਦੀ ਐਂ .. ਕੀ ਵਿਗਾੜਿਐ ਤੇਰਾ ਇਹਨੇ..” ਉਹਦਾ ਅਡੋਲ ਵਿਸ਼ਵਾਸ਼ ਸੀ ਕਿ ਬੱਚੇ ਹਮੇਸ਼ਾ ਬੇਕਸੂਰ ਹੁੰਦੇ ਹਨ . ਉਹਦੀ ਝਿੜਕ ਵਿੱਚ ਮਾਸੂਮ ਬੱਚੇ ਦੇ ਕੋਮਲ ਮਨ ਦੀ ਟੀਸ ਰਚੀ ਹੁੰਦੀ. ਬੀਹੀ ਦੇ ਬੱਚਿਆਂ ਦੀ ਇੱਕੋ ਇੱਕ ਅਦਾਲਤ ਸੀ ਉਹ ਜੋ ਉਨ੍ਹਾਂ ਦੀਆਂ ਲੇਰਾਂ ਵਿਚਲੀ ਫਰਿਯਾਦ ਦੀ ਤੁਰਤ ਸੁਣਵਾਈ ਕਰਦਾ ਅਤੇ ਝਿੜਕਾਂ ਦੇ ਰੂਪ ਵਿੱਚ ਤੁਰਤ ਸਜ਼ਾ ਫਰਮਾ ਦਿੰਦਾ. ਕਿਸੇ ਮੂਕ ਸਹਿਮਤੀ ਨਾਲ ਸਾਰੀ ਬੀਹੀ ਨੇ ਇਹ ਸ਼ਕਤੀਆਂ ਉਹਨੂੰ ਦੇ ਰਖੀਆਂ ਸਨ.
ਛੂਈ ਮੂਈ
ਬੁੱਕਲ ਲੈ ਭੋਲੀ ਭਾਲੀ ਗੁੱਡੀ
ਹੰਝੂ ਪੂੰਝੇ ਬੱਗੂ ਤਾਇਆ