ਬਬਲੂ


Gurmukh Bhandohal Raiawal
ਮੈਨੂੰ ਤੁਰੇ ਆਉਂਦੇ ਨੂੰ ਦੇਖ, ਬਾਲੋ ਵੀ ਬੱਕਰੀ ਤੇ ਹੱਥ ਫੇਰਦਾ ਮੇਰੇ ਵੱਲ ਆ ਗਿਆ… “ਓਹ ਕੀ ਹਾਲ ਆ ਬਾਹਰਲਿਆ ਬੀਰਾ ?”…” ਠੀਕ ਆ ਵੀਰ ਬਾਲੋ ਤੂੰ ਸੁਣਾ ? ” ਮੈਂ ਬਾਲੋ ਨੂੰ ਜਵਾਬ ਦਿੰਦੇ ਆਖਿਆ |
ਗੱਲਾ ਬਾਤਾਂ ਕਰਦੇ ਮੈਂ ਝਿਜਕਦੇ ਨੇ ਕਿਹਾ ” ਬਾਲੋ ਬਾਈ ਚਾਹ ਨੀ ਧਰਨੀ ਅੱਜ ?”…
“ਗੁਰਮਖਾ ਤੂੰ ਅਜੇ ਵੀ ਨੀ ਬਦਲਿਆ ਯਾਰ, ਅੱਜ ਵੀ ਤੈਨੂੰ ਯਾਦ ਆ ਸਾਡੀ ਚਾਹ ਦਾ ਸਵਾਦ….. ਬਹਿ ਜਾ ਧਰਨ ਹੀ ਲੱਗੇ ਆ.. ਓਹ ਬਬਲੂ ਮਾੜੀ ਤੋਂ ਪਾਣੀ ਲੈਣ ਗਿਆ ਆਉਣ ਆਲਾ ਹੀ ਆ..” ਬਾਲੋ ਬੋਲਿਆ |
ਮੈਂ ਬਾਲੋ ਨੂੰ ਬਬਲੂ ਦੀ ਪੜ੍ਹਾਈ ਬਾਰੇ ਪੁਛਿਆ ਤਾਂ ਕਹਿਣ ਲੱਗਾ ” ਜਾਦਾ ਪੜ੍ਹ ਕੇ ਕਿਹੜਾ ਏਨੇ ਅਫਸਰ ਲੱਗਣਾ ਸੀ ..ਆਹ ਛੇ ਜਮਾਤਾਂ ਪੜ੍ਹ ਗਿਆ.. ਬਹੁਤ ਐ ..ਨਾਲੇ ਹੁਣ ਕੰਮ ਦਾ ਨੀ ਸਰਦਾ ਸੀ ..ਮੈਂ ਓਧਰ ਪਸੂਆਂ ਦੇ ਵਪਾਰ ਵੱਲ ਹੁਨਾਂ ਤੇ ਬੱਕਰੀਆਂ,ਬਬਲੂ ਈ ਚਾਰਦਾ ਹੁਣ ” ਤੇ ਉਸਨੇ ਕੋਲ ਪਹੁੰਚ ਚੁੱਕੇ ਬਬਲੂ ਵੱਲ ਵੇਖ ਕੇ ਮੁੜ ਕਿਹਾ ” ਬਬਲੂ ਆਪਣਾ ਡੱਬਾ ਮੇਮਣਾ ਲੈ ਕੇ ਆ ਓਏ ..ਬੀਰੇ ਨੇ ਫੋਟੋ ਖਿਚਣੀ ਆ ”
‘ਤੇ ਮੈਨੂੰ ਹੁਣ ਕੈਮਰੇ ਦੀ ਅੱਖ ਵਿੱਚ ਕਦੇ ਬਬਲੂ ਦੇ ਮੋਢੇ ‘ਤੇ ਮੇਮਣਾ ਅਤੇ ਕਦੇ ਸਕੂਲੀ ਬਸਤਾ ਨਜ਼ਰ ਆ ਰਿਹਾ ਹੈ |

ਹਰੀ ਲਗਰ ਨੂੰ
ਲਿਪਟਿਆ ਧੂਣੀ ਦਾ ਧੂੰਆਂ …
ਧੁੰਦਲਾ ਸੂਰਜ

ਡੋਲੂ


“ਨਾ ਹੀ ਕੋਈ ਹਵਾ ਚੱਲ ਰਹੀ ਆ ਤੇ ਉਪਰੋਂ ਧੁੱਪ ਵੀ ਕਿੰਨੀ ਤੇਜ ਆ… ਅੱਜ ਲਗਦਾ ਸੂਰਜ ਨੀਵਾਂ ਹੋ ਸਾਡਾ ਹਾਲ ਦੇਖ ਰਿਹੈ.. ਸਹੁਰੀ ਦੀ ਬੱਤੀ ਵੀ ਨੀ ਆਈ ਹਾਲੇ ਤੱਕ”…”ਸਹੀ ਕਿਹਾ ਤੂੰ ਸੁਖਦੇਵ ਸਿਆਂ” ਮੇਰੇ ਮਾਮੇ ਦਾ ਹੁੰਗਾਰਾ ਭਰਦਾ ਪਾਲ ਔਲੂ ‘ਚ ਹਥ ਘਚੱਲਦਾ ਬੋਲਿਆ ..”ਹਾਹੋ ਦੇਖਲਾ ਜਿਥੇ ਲੋੜ ਨੀ ਉਥੇ ਐਵੇਂ ਵਰੀ ਜਾਂਦਾ, ਜਿਥੇ ਲੋੜ ਆ ਉਥੇ ਭੋਰਾ ਵੀ ਨੀ..ਇਹ ਰੱਬ ਵੀ ਇਨਾ ਸਿਧਾ ਨੀ ਬਾਈ ..ਔਹ ਲਗਦਾ ਬੱਤੀ ਆਗੀ”… “ਆਹੋ ਲੈ ਮੈਂ ਪਾਣੀ ਪਾਓਨਾ .. ਤੂੰ ਹਰੀ ਸੂਚ ਦੱਬ ਅੰਦਰੋ”…ਇਕ ਦਮ ਲਾਇਟ ਦੇ ਆਉਣ ਤੇ ਚੇਹਰੇ ਖਿੜ ਗਏ …ਜਿਉਂ ਕੋਈ ਖਜਾਨਾ ਮਿਲ ਗਿਆ ਹੋਏ …….”ਉਹ ਯਾਰ ਇਹ ਤਾਂ ਪਾਣੀ ਨੀ ਚੱਕਦੀ ,ਲਗਦਾ ਫਿਰ ਹਵਾ ਲੈ ਗਈ”.. ਇਕ ਦੱਬੀ ਜੀ ਅਵਾਜ ‘ਚ ਪਾਲ ਫਿਰ ਬੋਲਿਆ… “ਸੁਖਿਆ ਕਿੰਨੀ ਵਾਰ ਕਿਹਾ ਟੋਟਾ ਪਵਾ ਲਾ ..ਦੱਸ ਰੋਜ ਰੋਜ ਖੂਹੀ ‘ਚ ਉਤਰਨਾ ਸੌਖਾ ਕਿਤੇ …ਉੱਤੋਂ ਇਨੀ ਧੁੱਪ “…….”ਉਹ ਕੀ ਕਰੀਏ ਵੀਰ ਜਦੋਂ ਦੇ ਆ ਮੱਛੀ ਮੋਟਰਾਂ ਆਈਆਂ … ਪੱਖਿਆ ਚੋਂ ਤਾ ਪਾਣੀ ਆਉਣਾ ਹੀ ਹਟ ਗਿਆ ਮਾਮੇ ਨੇ ਖੂਹੀ ਵੱਲ ਰੱਸਾ ਸੁੱਟਦਿਆਂ ਪਾਲ ਨੂੰ ਕਿਹਾ…..
:
ਕਰੰਡ ਖੇਤ-
ਲੱਜ ਬੰਨ ਖੂਹ ਚ ਛੱਡਿਆ
ਪਾਣੀ ਦਾ ਡੋਲੂ

ਰੋਟੀ


ਝੋਨੇ ਦੀ ਕਟਾਈ ਤੋਂ ਬਾਅਦ ਵੀ ਕਿਸੇ ਕਿਸੇ ਖੇਤ ਚ ਕਰਚੇ ਅਜੇ ਖੜੇ ਚਮਕ ਰਹੇ ਸੀ ! ਪਰ ਲਾਭ ਤਾਏ ਹੋਰਾਂ ਨੇ ਪਾਇਪ ਲਾਈਨ ਪਾਉਣ ਕਰਕੇ ਸਾਰਾ ਖੇਤ ਪਹਿਲਾ ਹੀ ਅੱਗ ਲਾ ਕਾਲਾ ਤੇ ਰੜਾ ਕਰ ਦਿੱਤਾ ਸੀ !…..ਸਾਡਾ ਘਰ ਉਹਨਾ ਦੀ ਮੋਟਰ ਕੋਲ ਹੋਣ ਕਰਕੇ ਕੋਈ ਨਾ ਕੋਈ ਉਹਨਾ ਦੇ ਘਰ ਦਾ ਜੀ ਆਇਆ ਹੀ ਰਹਿੰਦਾ ! ਕਦੇ ਵੈਸੇ ਗੱਲਾਂ ਬਾਤਾਂ ਲਈ ..ਤੇ ਕਦੇ ਕਿਸੇ ਸੰਦ ਲਈ..!..”ਉਹ ਗੁਰਮਖਾ… ਆ ਕਤੀੜ ਨੂੰ ਸੰਗਲ ਪਾ ਦੇ ਮੱਲਾ !… ਕਿਤੇ ਹੋਰ ਜਾਨ ਨੂੰ ਸਿਆਪਾ ਪੈ ਜੇ….!” ਕਾਲੇ ਖੇਤ ਚ ਬਗਲੇ ਵਾਂਗ ਦੂਰੋਂ ਚਮਕਦੇ ਆਉਂਦੇ ਭਾਗ ਤਾਏ ਨੇ ਕਿੱਲੇ ਕੁ ਦੀ ਵਾਟ ਤੋਂ ਉਚੀ ਵਾਜ ਮਾਰੀ….”ਬੰਨ ਤਾ ਤਾਇਆ ਆਜਾ !”…ਮੈਂ ਵੀ ਟਿਚਰ ਜੀ ਨਾਲ ਕਿਹਾ !…”ਕਿਵੇ ਆਏ ਪ੍ਰਗਟ ਦੇ ਬਾਪੂ ਜੀ ” …ਮੇਰੀ ਮਾਤਾ ਨੇ ਟੇਢੇ ਕੀਤੇ ਘੁੰਡ ਚੋ ਹੌਲੀ ਜਿਹੇ ਪੁਛਿਆ …” ਮੈਂ ਤਾਂ ਭਾਈ ਸਿੰਦਰ, ਗਲਾਸ ਲੈਣ ਆਇਆ ਸੀ.. ਆਹ ਕਸ਼ਮੀਰੀਆਂ ਦੀ ਰੋਟੀ ਤੇ ਚਾਹ ਲੈ ਕੇ ਆਇਆ ਸੀ ! ਲਗਦਾ ਨਿਆਣੇ ਗਲਾਸ ਪਾਉਣਾ ਭੁੱਲ ਗੇ !” ….ਮੈਂ ਅੰਦਰੋਂ ਗਲਾਸ ਲਿਆਇਆ ਤੇ ਤਾਏ ਦੇ ਨਾਲ ਏ ਤੁਰਨ ਲੱਗਾ ਸੀ ਤਾਂ ਪਿਛੋਂ ਸਾਡੇ ਲਾਣੇਦਾਰ ਨੇ ਤਾਏ ਨੂੰ ਛੇੜਨ ਦੇ ਬਹਾਨੇ ਨਾਲ ਕਿਹਾ…”ਵੀਰ ਧਿਆਨ ਰਖੀ ਪਹਾੜੀਆਂ ਦਾ ਜੇ ਸਾਡੀ ਕੋਈ ਮਝ ਚੋਰੀ ਹੋਈ ਤਾਂ ਤੇਰੀ ਖੁਰਲੀ ਤੋਂ ਖੋਲ ਲਿਆਉਣੀ ਆ ਅਸੀਂ”……”ਉਹ ਘੋਲ ਸਿਆਂ ਤੂੰ ਫਿਕਰ ਨਾ ਕਰ ! ਇਹ ਤਾ ਬੜੇ ਚੰਗੇ ਤੇ ਮਿਹਨਤੀ ਬੰਦੇ ਨੇ ..ਨਾਲ ਚੱਲਕੇ ਦੇਖ ਕਿਵੇਂ ਮਿੱਟੀ ਚ ਮਿੱਟੀ ਹੋ ਰਹੇ ਨੇ”…ਮੈਨੂੰ ਤੁਰਨ ਦੇ ਇਸ਼ਾਰੇ ਨਾਲ ਤਾਏ ਨੇ ਕਿਹਾ …..
ਕਹੀ ਦਾ ਚੇਪਾ-
ਇਕੋ ਬੁਰਕੀ ਨਘਾਰ ਗਿਆ
ਚਾਹ ਭਿਓੰਤੀ ਰੋਟੀ

ਗੀਝਾ


ਅੱਡ ਹੋਣ ਤੋਂ ਬਾਅਦ ਧਰਮੇ ਕੋਲ ਪੈਲੀ ਦਾ ਡੇਢ ਕਿੱਲਾ ਹੀ ਰਹਿ ਗਿਆ ਸੀ ! ਪਰਿਵਾਰ ਦਾ ਪਾਲਣ ਪੋਸ਼ਣ ਮੁਸ਼ਕਿਲ ਹੋ ਰਿਹਾ ਸੀ ! ਬੌਰੀਏ ਸਿੱਖਾਂ ਦੀ ਦੇਖਾ ਦੇਖੀ ਉਸ ਨੇ ਵੀ ਅੱਧਾ ਕਿੱਲਾ ਭਿੰਡੀਆਂ ਦਾ ਬੀਜ ਲਿਆ ਸੀ ! ਸਵੇਰੇ ਸੁਵਖਤੇ ਭਿੰਡੀਆਂ ਦੀ ਬੋਰੀ ਭਰ ਮੰਡੀ ‘ਚ ਲੈ ਆਇਆ ! ਹਰੀ ਸਬਜ਼ੀ ਵਾਲੇ ਦੀ ਆੜ੍ਹਤ ਹੁੰਦੀ ਸੀ ! ਉਸਨੇ ਕਰਿੰਦਿਆਂ ਨੂੰ ਕਹਿ ਕੇ ਬੋਰੀ ਦੀਆਂ ਪੰਜ ਛੇ ਢੇਰੀਆਂ ਬਣਵਾ ਲਈਆਂ ! ਜਦ ਵਾਰੀ ਆਈ ਤਾਂ ਹਰੀ ਨੇ ਬੋਲੀ ਸ਼ੁਰੂ ਕਰੀ ” ਚੱਲ ਚਾਲੀਆਂ ਦੀਆਂ ਸਾਰੀਆਂ ਈ …..” ਤੇ ਨਾਲ ਹੀ ਹਰੀ ਦਾ ਹੱਥ ਹਵਾ ਵਿੱਚ ਹੀ ਸਾਰੀਆਂ ਢੇਰੀਆਂ ਤੇ ਫਿਰ ਜਾਂਦਾ ..ਹਰੀ ਦੋ ਮਿੰਟ ਬੋਲਦਾ ਰਿਹਾ ,ਪਰ ਪਤਾ ਨਹੀਂ ਅੱਜ ਕੀ ਹੋਇਆ ਕਿ ਕਿਸੇ ਨੇ ਹੋਰ ਬੋਲੀ ਨਾ ਦਿੱਤੀ ! ” ਹਾਲੇ ਕੱਲ ਤਾਂ ਤਿੰਨ ਸੌ ਦੀ ਬੋਰੀ ਵੇਚ ਕੇ ਗਿਆਂ ਯਾਰ ,ਅੱਜ ਕੀ ਹੋ ਗਿਆ …” ਬੁੜਬੁੜਾਓਂਦੇ ਧਰਮੇ ਨੇ ਭਿੰਡੀਆਂ ਕੱਠੀਆਂ ਕਰ ਮੁੜ ਬੋਰੀ ‘ਚ ਪਾ ਲਈਆਂ ! ਕਿਧਰੋਂ ਜਾਣ ਪਛਾਣ ਵਾਲੇ ਤੋਂ ਤੱਕੜੀ ਲੈ ਕੇ ਆਪ ਹੀ ਪਰਚੂਨ ਭਿੰਡੀਆਂ ਵੇਚਣ ਬੈਠ ਗਿਆ ! ਦਸ ਸਾਢ਼ੇ ਦਸ ਵੱਜੇ …ਮਸਾਂ ਪੰਝੀ ਤੀਹ ਰੁਪੈ ਵੱਟੇ ਹੋਣੇ ਆ …ਦੂਰ ਬਜ਼ਾਰ ਚੋਂ ਉਸ ਨੇ ਆਪਣੇ ਸਹੁਰਿਆਂ ਦੇ ਪਿੰਡ ਦੇ ਬੰਦੇ ਆਉਂਦੇ ਪਹਿਚਾਣ ਲਏ ! ਜੱਟ ਨੂੰ ‘ ਨੱਕ ‘ ਮਾਰ ਗਿਆ ..ਸੋਚਿਆ ਇਹ ਕੀ ਕਹਿਣਗੇ ਕਿ ਪ੍ਰੁਹਣਾ ਸਬਜ਼ੀ ਵੇਚਣ ਲੱਗ ਪਿਆ !!..ਪਾਣੀ ਪੀਣ ਦੇ ਬਹਾਨੇ ਭਿੰਡੀਆਂ ਨੂੰ ਛੱਡ ਦੂਰ ਨਲਕੇ ਤੇ ਚਲਿਆ ਗਿਆ ! ਪੰਜਾਂ ਸੱਤਾਂ ਮਿੰਟਾਂ ਨੂੰ ਜਦ ਮੁੜਿਆ ਤਾਂ ਵੇਖਿਆ ਕਿ ਪੰਜ ਛੇ ਅਵਾਰਾ ਗਾਵਾਂ ਵੱਡੇ ਵੱਡੇ ਬੁਰਕ ਚਲਾ ਕੇ ਅੱਧੀਆਂ ਭਿੰਡੀਆਂ ਤਾਂ ਖਾ ਗਈਆਂ ਸਨ ਤੇ ਬਾਕੀ ਬਚਦੀਆਂ ਮਿੱਟੀ ‘ਚ ਮ੍ਧੋਲੀਆਂ ਗਈਆਂ …..
ਭਰਿਆ ਬਜ਼ਾਰ ~
ਕਿੰਨਾ ਖਾਲੀ ਖਾਲੀ ਉਸਦੇ
ਕੁੜਤੇ ਦਾ ਗੀਝਾ

ਕੱਟਾ


Gurmukh Bhandohal Raiawal

  • ਜੋਰਾ ਸਿਆਂ ਸਾਰਾ ਦਿਨ ਹੁਣ ਖਾਲ ਤੇ ਹੀ ਲਾਏਗਾਂ ?… ਤੇਜ ਤੇਜ ਹੱਥ ਚਲਾ , ਕੁਵੇਲਾ ਹੋ ਗਿਆ ਅੱਜ ਤਾਂ ” ਜਰਨੈਲ ਭਲਵਾਨ ਨੇ ਉਚੀ ਦੇਣੇ ਜੋਰੇ ਵੱਲ ਦੇਖਦਿਆਂ ਕਿਹਾ ! ਉਹ ਉਹਨਾਂ ਨਾਲ ਸੀਰੀ ਰਲਿਆ ਹੋਇਆ ਸੀ ! ਉਹਨਾ ਦਾ ਛੋਟਾ ਜਿਹਾ ਅਖਾੜਾ ਵੀ ਉਥੇ ਹੀ ਬਣਾਇਆ ਹੋਇਆ ਸੀ ! ਕਈ ਚੰਗੇ ਭਲਵਾਨ ਹੀ ਹੋਏ ਨੇ ਇਸ ਅਖਾੜੇ ਤੋਂ ਜਿਵੇਂ ਡੋਗਰ ਹੱਲਾ, ਅੱਛਰ, ਲੱਜਾ ..!
    ਜੋਰਾ ਸਰੀਰ ਦਾ ਬਹੁਤ ਨਰੋਆ ਸੀ ! ਕੰਮ ਨੂੰ ਤਾਂ ਜਿਵੇਂ ਟਿਚਰਾਂ ਹੀ ਕਰਦਾ ਸੀ ! ਹਰ ਕੰਮ ਸਫਾਈ ਨਾਲ ਤੇ ਤੇਜੀ ਨਾਲ ਕਰਨ ਵਾਲਾ ਪੂਰਾ ਕਾਮਾ ਬੰਦਾ !….”ਭਲਵਾਨ ਆ ਬਾਂਸ ਦਾ ਕੀ ਕਰੀਏ ਇਹ ਤਾਂ ਇਸ ਬਾਰ ਫਿਰ ਉੱਗ ਪਿਆ ..ਆ ਦੇਖ ਕੋਠੇ ਪਿਛੇ ਜਿਵੇਂ ਹੁਣੇ ਜੰਗਲ ਬਣ ਜਾਏਗਾ..ਬੂਝਾ ਦੇਖ ਖਾ ਕਿੰਨਾ ਮੱਲਿਆ ਹੋਇਆ” ਜੋਰੇ ਨੇ ਉਚੀ ਜੇ ਕਿਹਾ “…..ਕੀ ਕਰੀਏ ਇਹਦਾ ਮੈਨੂੰ ਤਾਂ ਕੋਈ ਸਮਝ ਨੀ ਲੱਗਦੀ ..ਹਰ ਸਾਲ ਵਾਹੀਦੈ …ਫੇਰ ਹਰਾ ਹੋ ਜਾਂਦੈ .ਚੱਲ ਛੱਡ ਹੁਣ ਕੱਲ ਦੇਖਦੇ ਹਾਂ.. ਹੁਣ ਘਰ ਨੂੰ ਚਲੀਏ ” ਭਲਵਾਨ ਨੇ ਹੋਲੀ ਦੇਣੇ ਤੁਰਨ ਦੇ ਇਸ਼ਾਰੇ ਨਾਲ ਕਿਹਾ ….”ਉਸਤਾਦ ਜੀ ਔਹ ਬੂਰੀ ਮੱਝ ਦਾ ਕੱਟੇ ਨੂੰ ਦੇਖਿਓ ਕੀ ਹੋਇਆ ?”..ਸਾਹੋ ਸਾਹ ਹੋਏ ਕਾਲੇ ਪੰਡਿਤ ਨੇ ਇੱਕੋ ਸਾਹੇ ਕਿਹਾ ..

    ਬਾਂਸ ਦੀ ਪੋਰੀ ~
    ਪਰਨਾ ਲਪੇਟ ਮੋਢੇ ਤੇ ਟਿਕਾਇਆ
    ਲੰਗੜਾ ਕੱਟਾ

ਚਾਰਲੀ ਚੈਪਲਿਨ


‘ਦ ਗਰੇਟ ਡਿਕਟੇਟਰ’ ਫਿਲਮ ਵਿੱਚ ਚਾਰਲੀ ਚੈਪਲਿਨ ਨੇ ਇੱਕ ਤਕਰੀਰ ਝਾੜ ਦਿੱਤੀ . ਮੈਂ ਵਾਰ ਵਾਰ ਸੁਣਦਾ ਰਿਹਾ ਤੇ ਕਾਗਜ਼ ਕਲਮ ਉਠਾ ਪੰਜਾਬੀ ਤਰਜੁਮਾ ਕਰ ਲਿਆ :
“… ਤੂੰ ਜਿੱਥੇ ਕਿਤੇ ਵੀ ਹੈਂ, ਮੇਰੀ ਤਰਫ ਵੇਖ ! ਵੇਖ , ਹੰਨਾਹ ! ਬੱਦਲ ਉੱਚੇ ਉਠਦੇ ਜਾ ਰਹੇ ਹਨ ! ਉਹਨਾਂ ਵਿਚੋਂ ਸੂਰਜ ਝਾਕ ਰਿਹਾ ਹੈ ! ਅਸੀਂ ਇਸ ਹਨ੍ਹੇਰੇ ਵਿੱਚੋਂ ਨਿਕਲ ਕੇ ਪ੍ਰਕਾਸ਼ ਦੇ ਵੱਲ ਵੱਧ ਰਹੇ ਹਾਂ ! ਅਸੀ ਇੱਕ ਨਵੀਂ ਦੁਨੀਆਂ ਵਿੱਚ ਪਰਵੇਸ਼ ਕਰ ਰਹੇ ਹਾਂ – ਜਿਆਦਾ ਦਿਆਲੂ ਦੁਨੀਆਂ , ਜਿੱਥੇ ਆਦਮੀ ਆਪਣੇ ਲਾਲਚ ਤੋਂ ਉੱਤੇ ਉਠ ਜਾਵੇਗਾ , ਆਪਣੀ ਨਫ਼ਰਤ ਅਤੇ ਆਪਣੀ ਪਾਸ਼ਵਿਕਤਾ ਨੂੰ ਤਿਆਗ ਦੇਵੇਗਾ . ਵੇਖੋ ਹੰਨਾਹ ! ਮਨੁੱਖ ਦੀ ਆਤਮਾ ਨੂੰ ਖੰਭ ਲਾ ਦਿੱਤੇ ਗਏ ਹਨ ਅਤੇ ਓੜਕ ਐਸਾ ਸਮਾਂ ਆ ਹੀ ਗਿਆ ਹੈ ਜਦੋਂ ਉਹ ਅਕਾਸ਼ ਵਿੱਚ ਉੱਡਣਾ ਸ਼ੁਰੂ ਕਰ ਰਹੀ ਹੈ . ਉਹ ਸਤਰੰਗੀ ਪੀਂਘ ਵਿੱਚ ਉੱਡਣ ਜਾ ਰਹੀ ਹੈ . ਉਹ ਆਸ ਦੀ ਲੋਅ ਵਿੱਚ ਉੱਡ ਰਹੀ ਹੈ . ਵੇਖ ਹੰਨਾਹ ! ਵੇਖ !”

ਚਾਰਲੀ ਚੈਪਲਿਨ –
ਛਜਲੀ ਫੜ ਉੜਾ ਰਿਹਾ ਕਾਮਾ
ਕਣਕ ਦਾ ਬੋਹਲ

ਪਿੰਡਾ


ਜਦੋਂ ਉਹ ਨੰਬਰਦਾਰਾਂ ਨਾਲ ਸਾਂਝੀ ਰਲਿਆ ਹੁੰਦਾ ਸੀ ਉਦੋਂ ਵੀ ਗੋਡੀ ਵਾਢੀ ਕਰਦੇ ਉਸਨੂੰ ਆਪਣੀ ਕਥਾਕਾਰੀ ਦੀ ਭੱਲ੍ਹ ਉਠਦੀ ਤਾਂ ਉਹ ਸਰੋਤਿਆਂ ਦੀ ਦੁਖਦੀ ਰਗ ਨੂੰ ਛੇੜ ਦਿੰਦਾ . ਕੋਕਲਾਂ ਦਾ ਨਾਂ ਸੁਣਦਿਆਂ ਹੀ ਸਾਰੇ ਕੰਨ ਇੱਕ ਬਿੰਦੂ ਤੇ ਜੁੜ ਜਾਂਦੇ . ਤੇ ਫਿਰ ਭਗਤਾ ਜੋਗੀ ਨਾਥਾਂ ਜੋਗੀਆਂ ਦੀਆਂ ਕਥਾਵਾਂ ਨਾਲ ਜੁੜਿਆ ਕੋਈ ਪ੍ਰਸੰਗ ਤੋਰ ਲੈਂਦਾ . ਰਾਜਾ ਸਲਵਾਨ , ਇੱਛਰਾਂ , ਲੂਣਾ , ਪੂਰਨ , ਗੋਰਖ ਨਾਥ , ਸੁੰਦਰਾਂ , ਰਸਾਲੂ ਤੇ ਉਹਦਾ ਤੋਤਾ ਸ਼ਾਦੀ , ਕੋਕਲਾਂ , ਹੀਰ , ਰਾਂਝਾ , ਕੈਦੋਂ , ਚੂਚਕ , ਸੈਦਾ , ਸਹਿਤੀ ……..
ਪਾਤਰਾਂ ਦੀ ਪੂਰੀ ਪਲਟਣ ਸੀ ਉਹਦੇ ਕੋਲ . ਜਿਧਰੋਂ ਜੀਅ ਕੀਤਾ ਤਣੀ ਫੜ ਲਈ , ਸੁਲਝਾ ਸੁਲਝਾ ਕੇ ਬੁਣਦੇ ਜਾਣਾ . ਸਰੋਤੇ ਨਾਲੇ ਗੋਡੀ ਕਰੀ ਜਾਂਦੇ ਤੇ ਨਾਲੇ ਕਹਾਣੀ ਤੁਰਦੀ ਜਾਂਦੀ . ਰਾਮਧਨ ਵਰਗਾ ਕੋਈ ਹੁੰਗਾਰਾ ਵੀ ਭਰੀ ਜਾਂਦਾ ਤੇ ਕਥਾਕਾਰੀ ਦੀ ਪ੍ਰਸੰਸਾ ਦਾ ਕੋਈ ਮੌਕਾ ਨਾ ਗੁਆਉਂਦਾ ਤੇ ਨਾਲੇ ਜਿਥੇ ਕਿਤੇ ਗੱਲ ਸਾਫ਼ ਨਾ ਹੁੰਦੀ ਸਵਾਲ ਪੁੱਛ ਲੈਦਾ. ਔਖੇ ਤੋਂ ਔਖੇ ਕੰਮ ਵੀ ਕਲਾ ਦੀ ਸੰਗਤ ਵਿੱਚ ਰੌਚਿਕ ਤੇ ਸੌਖੇ ਬਣ ਜਾਂਦੇ .

ਮੱਕੀ ਦੀ ਗੋਡੀ
ਮੋਢੇ ਉਤੋਂ ਦੀ ਖੁਰਚੇ ਕਾਮਾ
ਲਾਲ ਲੂਹਿਆ ਪਿੰਡਾ

ਧੁੱਪ


ਲੋਹੜੇ ਦੀ ਗਰਮੀ… ਹਾੜ੍ਹ ਦੀ ਧੁੱਪ ਤੇ ਹਵਾ ਐਨੀ ਕੁ ਕਿ ਪੱਤਾ ਨਾ ਹਿੱਲੇ… ਮੈਂ ਚੰਡੀਗੜ੍ਹ ਦੇ ਲੋਕਲ ਬਸ ਅੱਡੇ ‘ਤੇ ਬਸ ਦੀ ਉਡੀਕ ਕਰ ਰਿਹਾ ਸੀ… ਬਸ ਆਉਣ ਨੂੰ ਹਾਲੇ ਸਮਾਂ ਹੈ ਸੀ… ਇੱਕ ਬਜ਼ੁਰਗ ਮੋਚੀ ਦਿਸਿਆ ਤੇ ਮੈਂ ਸਮੇਂ ਦੀ ਵਰਤੋਂ ਆਪਣੇ ਜੁੱਤੇ ਪਾਲਿਸ਼ ਕਰਵਾਕੇ ਕਰਨ ਦੀ ਸੋਚੀ… ਬਾਬੇ ਨੇ ਵੀ ਪੂਰੀ ਰੀਝ ਨਾਲ ਜੁੱਤੇ ਝਾੜੇ, ਪਾਲਿਸ਼ ਲਾਈ ਤੇ ਚਮਕਾਉਣ ਲੱਗ ਪਿਆ… ਇੱਕ ਜੁੱਤਾ ਚਮਕ ਜਾਣ ਤੋਂ ਬਾਅਦ ਦੂਜੇ ਦਾ ਕੰਮ ਜਦੋਂ ਹਾਲੇ ਪੂਰਾ ਹੋਣ ਹੀ ਵਾਲਾ ਸੀ ਤਾਂ ਓਹਦੇ ਮਥੇ ਤੋਂ ਇੱਕ ਤੁਪਕਾ ਮੁੜ੍ਹਕੇ ਦਾ ਡਿੱਗ ਪਿਆ ਤੇ ਤੇਜੀ ਨਾਲ ਹੇਠਾਂ ਵੱਲ ਵਗ ਪਿਆ… ਇੱਕ ਪਲ ਦੇ ਲਈ ਮੁੜਕੇ ਦਾ ਉਹ ਤੁਪਕਾ ਧੁੱਪ ਚ ਲਿਸ਼ਕਿਆ ਤੇ ਫਿਰ ਗੁਆਚ ਗਿਆ

ਬੁੱਢੇ ਮੋਚੀ ਦਾ ਮੁੜ੍ਹਕਾ –
ਜੁੱਤੇ ਦੀ ਨੋਕ ‘ਤੇ ਲਿਸ਼ਕੀ
ਹਾੜ੍ਹ ਦੀ ਧੁੱਪ