ਝੂਟਾ


ਝੂਟਾ

ਇਸ ਸੀਜਨ ਦੀ ਮੀਂਹ ਦੀ ਪਹਿਲੀ ਬੁਛਾਰ ਨਾਲ ਹੀ ਗਰਮੀ ਤੋਂ ਜਿਵੇਂ ਮਸਾਂ ਰਾਹਤ ਮਿਲੀ ਹੈ। ਸੰਜੋਗਵੱਸ ਬੱਸ-ਸਟੈਂਡ ਦੇ ਥੋੜਾ ਪਰ੍ਹੇ ਖਤਾਨਾਂ ਵਿੱਚ ਬਣੀਆਂ ਝੋਂਪੜੀਆਂ ਕੋਲੋਂ ਗੁਜਰ ਰਿਹਾ ਹਾਂ। ਜਿਆਦਾ ਤੇਜ ਤਾਂ ਨਹੀਂ, ਪਰ ਥੋੜੀ ਵੇਗ ਨਾਲ ਹਵਾ ਚੱਲ ਰਹੀ ਹੈ ।ਝੁੱਗੀਆਂ ਵਾਲਿਆਂ ਦੇ ਜਵਾਕ ਕਿਲਕਾਰੀਆਂ ਮਾਰਦੇ ਮੀਂਹ ਵਿੱਚ ਨਹਾ ਰਹੇ ਨੇ ।ਜਾਣੋ ਬਿਜਲੀ ਦੀ ਕੜਕ ਦਾ ਇਨਾਂ ਦੇ ਚਿਹਰਿਆਂ ‘ਤੇ ਕੋਈ ਭੈਅ ਨਹੀਂ ਹੈ ।ਮੱਲੋਮੱਲੀ ਸ਼ਹਿਰੀ ਜਵਾਕਾਂ ਬਾਰੇ ਸੋਚ ਹੋ ਜਾਂਦਾ ਹੈ । ਉਹ ਤਾਂ ਹੁਣ ਤੱਕ ਤਿੰਨ ਮੰਜਲੀਆਂ ਕੋਠੀਆਂ ਦੇ ਪਤਾ ਨਹੀਂ ਕਿਸ ਕੋਨੇ ਦੁਬਕ ਗਏ ਹੋਣੇ ਨੇ। ਔਹ ਲਿਫ਼ ਲਿਫ਼ ਜਾਂਦੀ ਡੇਕ ਨੇਝੌਂਪੜੀ ਦੇ ਇੱਕ ਖੜੇ ਕਾਨੇ ਨੂੰ ਛੂਹ ਲਿਆ ਹੈ ….

ਪੀਂਘਾਂ ਦੀ ਰੁੱਤ …
ਗਰੀਬੜੀ ਕੁੜੀ ਦੇ ਵਾਲਾਂ ‘ਤੇ
ਜੂੰਅ ਦਾ ਝੂਟਾ

ਬਬਲੂ


Gurmukh Bhandohal Raiawal
ਮੈਨੂੰ ਤੁਰੇ ਆਉਂਦੇ ਨੂੰ ਦੇਖ, ਬਾਲੋ ਵੀ ਬੱਕਰੀ ਤੇ ਹੱਥ ਫੇਰਦਾ ਮੇਰੇ ਵੱਲ ਆ ਗਿਆ… “ਓਹ ਕੀ ਹਾਲ ਆ ਬਾਹਰਲਿਆ ਬੀਰਾ ?”…” ਠੀਕ ਆ ਵੀਰ ਬਾਲੋ ਤੂੰ ਸੁਣਾ ? ” ਮੈਂ ਬਾਲੋ ਨੂੰ ਜਵਾਬ ਦਿੰਦੇ ਆਖਿਆ |
ਗੱਲਾ ਬਾਤਾਂ ਕਰਦੇ ਮੈਂ ਝਿਜਕਦੇ ਨੇ ਕਿਹਾ ” ਬਾਲੋ ਬਾਈ ਚਾਹ ਨੀ ਧਰਨੀ ਅੱਜ ?”…
“ਗੁਰਮਖਾ ਤੂੰ ਅਜੇ ਵੀ ਨੀ ਬਦਲਿਆ ਯਾਰ, ਅੱਜ ਵੀ ਤੈਨੂੰ ਯਾਦ ਆ ਸਾਡੀ ਚਾਹ ਦਾ ਸਵਾਦ….. ਬਹਿ ਜਾ ਧਰਨ ਹੀ ਲੱਗੇ ਆ.. ਓਹ ਬਬਲੂ ਮਾੜੀ ਤੋਂ ਪਾਣੀ ਲੈਣ ਗਿਆ ਆਉਣ ਆਲਾ ਹੀ ਆ..” ਬਾਲੋ ਬੋਲਿਆ |
ਮੈਂ ਬਾਲੋ ਨੂੰ ਬਬਲੂ ਦੀ ਪੜ੍ਹਾਈ ਬਾਰੇ ਪੁਛਿਆ ਤਾਂ ਕਹਿਣ ਲੱਗਾ ” ਜਾਦਾ ਪੜ੍ਹ ਕੇ ਕਿਹੜਾ ਏਨੇ ਅਫਸਰ ਲੱਗਣਾ ਸੀ ..ਆਹ ਛੇ ਜਮਾਤਾਂ ਪੜ੍ਹ ਗਿਆ.. ਬਹੁਤ ਐ ..ਨਾਲੇ ਹੁਣ ਕੰਮ ਦਾ ਨੀ ਸਰਦਾ ਸੀ ..ਮੈਂ ਓਧਰ ਪਸੂਆਂ ਦੇ ਵਪਾਰ ਵੱਲ ਹੁਨਾਂ ਤੇ ਬੱਕਰੀਆਂ,ਬਬਲੂ ਈ ਚਾਰਦਾ ਹੁਣ ” ਤੇ ਉਸਨੇ ਕੋਲ ਪਹੁੰਚ ਚੁੱਕੇ ਬਬਲੂ ਵੱਲ ਵੇਖ ਕੇ ਮੁੜ ਕਿਹਾ ” ਬਬਲੂ ਆਪਣਾ ਡੱਬਾ ਮੇਮਣਾ ਲੈ ਕੇ ਆ ਓਏ ..ਬੀਰੇ ਨੇ ਫੋਟੋ ਖਿਚਣੀ ਆ ”
‘ਤੇ ਮੈਨੂੰ ਹੁਣ ਕੈਮਰੇ ਦੀ ਅੱਖ ਵਿੱਚ ਕਦੇ ਬਬਲੂ ਦੇ ਮੋਢੇ ‘ਤੇ ਮੇਮਣਾ ਅਤੇ ਕਦੇ ਸਕੂਲੀ ਬਸਤਾ ਨਜ਼ਰ ਆ ਰਿਹਾ ਹੈ |

ਹਰੀ ਲਗਰ ਨੂੰ
ਲਿਪਟਿਆ ਧੂਣੀ ਦਾ ਧੂੰਆਂ …
ਧੁੰਦਲਾ ਸੂਰਜ

ਥੋਹਰ


ਘਰੋਂ ਬਾਹਰ ਨਿਕਲਣ ਲੱਗਿਆਂ ਝੋਟੀ ਪਿਛਾਂਹ ਨੂੰ ਧੌਣ ਭਵਾਂ ਕੇ ਨਾਜਰ ਵੱਲ ਵੇਖ ਕੇ ਅੜਿੰਗੀ ! ਵਪਾਰੀ ਖਿੱਚ ਧੂਹ ਕੇ ਉਸ ਨੂੰ ਕੈਂਟਰ ਤੱਕ ਲੈ ਗਿਆ ਸੀ ! ਨਾਜਰ ਨੂੰ ਲੱਗਿਆ ਜਿਵੇਂ ਕੋਈ ਉਸਦੇ ਕਾਲਜੇ ਚੋਂ ਬੁਰਕੀ ਕੱਢ ਕੇ ਲੈ ਗਿਆ ਹੋਵੇ ! ਇਹ ਝੋਟੀ ਉਸ ਬਿੱਕਰ ਕਿਆਂ ਤੋਂ ਅਧਿਆਰੇ ਤੇ ਲੈ ਕੇ ਪਾਲੀ ਸੀ ! ਬਿੱਕਰ ਕਿਆਂ ਨਾਲ ਉਸਦਾ ਸ਼ੁਰੂ ਤੋਂ ਹੀ ਸੀਰ ਸੀ ! ਚੰਗੀ ਨਿਭੀ ਜਾਂਦੀ ਸੀ !
ਗੁਰਬਤ ਦੇ ਮਾਰੇ ਨਾਜਰ ਨੇ ਜਿੰਦਗੀ ਵਿੱਚ ਸ਼ਾਇਦ ਹੀ ਕੋਈ ਸੁੱਖ ਦਾ ਦਿਨ ਵੇਖਿਆ ਹੋਵੇ ! ਦੋ ਕੁੜੀਆਂ ਤੇ ਇੱਕ ਮੁੰਡਾ ਜੱਗੋਂ ਖੱਟੇ ! ਕੁੜੀਆਂ ਵੱਡੀਆਂ ਸੀ ..ਕਰਜਾ ਚੁੱਕ ਕੇ ਵਿਆਹ ਕਰ ਦਿੱਤੇ ..ਵੱਡੀ ਕੁੜੀ ਦੇ ਕੋਈ ਨਿੱਕਾ ਨਿਆਣਾ ਨਾ ਹੋਇਆ ..ਹੋਰ ਸੌ ਊਂਜਾਂ ਲਾ ਕੇ ਉਨਾਂ ਛੱਡ ਦਿੱਤੀ ..ਛੋਟੀ ਦੇ ਘਰ ਵਾਲਾ ਅਮਲੀ ਨਿੱਕਲਿਆ ..ਇੱਕ ਦਿਨ ਨਸ਼ੇ ਦੀ ਵਾਧ ਘਾਟ ਵਿੱਚ ਉਹ ਵੀ ਚੱਲ ਵਸਿਆ ! ਦੋਹੇਂ ਪੇਕੀਂ ਆ ਬੈਠੀਆਂ ! ਘਰ ਦਾ ਤੋਰਾ ਤੁਰਦਾ ਨਾ ਵੇਖ ਕੇ ਉਸਨੇ ਮੁੰਡੇ ਨੂੰ ਵੀ ਸਕੂਲੋਂ ਹਟਾ ਕੇ ਹੋਟਲ ਤੇ ਕੰਮ ਲਾ ਦਿੱਤਾ ਸੀ ! ਪਰਸੋੰ ਜਦ ਝੋਟੀ ਸੂਈ ਤਾਂ ਸਾਰਾ ਟੱਬਰ ਖੁਸ਼ੀ ਨਾਲ ਝੂਮ ਉਠਿਆ ..ਮਸਾਂ ਦੁੱਧ ਦਾ ਮੂੰਹ ਵੇਖਿਆ ਸੀ ! ਪਰ ਨਾਜਰ ਨੂੰ ਪਤਾ ਸੀ ਕਈ ਇਹ ਖੁਸ਼ੀ ਥੋੜ ਚਿਰੀ ਹੀ ਹੈ ..ਹੱਥ ਤੰਗ ਹੋਣ ਕਰਕੇ ਇਹ ਝੋਟੀ ਵੇਚਣੀ ਹੀ ਪੈਣੀ ਸੀ !
ਨਾਜਰ ਨੂੰ ਲੱਗਿਆ ਕਿ ਉਸਦੇ ਉਜਾੜ ਜਿਹੇ ਘਰ ਦੇ ਇੱਕ ਨੁੱਕਰੇ ਉੱਗਿਆ ਥੋਹਰ ਦਿਨ ਬ ਦਿਨ ਉਸਦੇ ਚਾਰ ਚੁਫੇਰੇ ਫੈਲ ਰਿਹਾ ਹੋਵੇ –

ਪੱਤਝੜ ਦਾ ਸੂਰਜ ~
ਕੰਡਿਆਲੀ ਥੋਹਰ ‘ਚ ਗੁੰਮਿਆ
ਖਾਰਾ ਹੰਝੂ