ਪੱਤਝੜ


ਹਾਇਬਨ
=====
ਪੱਤਝੜ
———–
ਸਵੇਰ ਦੀ ਸੈਰ ਕਰ ਕੇ ਜਿਓਂ ਹੀ ਮੈਂ ਪਿੰਡ ਵਾਲੀ ਫਿਰਨੀ ਵਲ ਮੁੜਿਆ, ਉਹ ਮੇਰੇ ਰਾਹ ਵਿਚ ਖੜੋ ਗਿਆ। ਮੈਲੇ ਖੇਸ ਦੀ ਬੁੱਕਲ ਚੋਂ ਉਸਦੇ ਨੰਗੇ ਮੂੰਹ ਤੇ ਛਾਈ ਪੱਤਝੜ ਵੇਖ ਇੱਕ ਵਾਰ ਫੇਰ ਮੇਰਾ ਦਿਲ ਕੰਬ ਉੱਠਿਆ.. ਮੈਨੂੰ ਯਾਦ ਆਇਆ ਕਬੱਡੀ ਦਾ ਉਹ ਪਲੇਅਰ ਅੰਮ੍ਰਿਤ …ਹੰਸੂ ਹੰਸੂ ਕਰਦਾ ਉਸਦਾ ਗੋਭਲਾ ਜਿਹਾ ਚਿਹਰਾ …ਜੋ ਹਰ ਵੇਖਣ ਵਾਲੇ ਦੇ ਦਿਲ ਨੂੰ ਖਿਚ੍ਚ ਪਾਉਂਦਾ ਸੀ । ਪਤਾ ਲਗਿਆ ਕਿ ਹੁਣ ਤਾਂ ਇਹ ਲਾ ਸੁਲਫੇ ਸੂਟੇ ਤੋਂ ਹਰ ਕਿਸਮ ਦਾ ਨਸ਼ਾ ਕਰਦਾ ਹੈ । ਪਹਿਲਾਂ ਵੀ ਦੋ ਵਾਰ ਪੈਸੇ ਲੈ ਕੇ ਮੋੜੇ ਨਹੀ ਤੇ ਹੁਣ ਤੀਜੀ ਵਾਰ ਫੇਰ … ਨਾ ਚਾਹੁੰਦਾ ਹੋਇਆ ਵੀ ਮੈਂ ਸੌ ਦਾ ਇੱਕ ਨੋਟ ਪਰਸ ਵਿੱਚੋ ਕੱਢ ਕੇ ਉਸ ਨੂੰ ਫੜਾ ਦਿੱਤਾ…..

ਰੁੰਡ ਮਰੁੰਡ ਰੁੱਖ ….
ਸੁਲਗਦੀ ਸਿਗਰਟ ਤੋਂ ਝੜਿਆ
ਉਮਰ ਦਾ ਟੋਟਾ

ਚੀਂ ਚੀਂ


ਜਗਨਾ ਤਾਇਆ ਹੈ ਤਾਂ ਮੇਰੇ ਦਾਦੇ ਦੀ ਉਮਰ ਦਾ, ਪਰ ਮੇਰਾ ਜਾਣੋ ਪੱਕਾ ਦੋਸਤ ਹੈ . ਇਸੇ ਲਈ ਤਾਂ ਮੈਂ ਉਸਨੂੰ ਪਿਆਰ ਨਾਲ ਨਾਥ ਬੁਲਾਉਂਦਾ ਹਾਂ. “ਆ ਲੈ…. ਨਾਥਾ ਚਾਹ ਪੀ ਲਾ’.. ਮੈਂ ਮੇਰੇ ਵਿਚ ਜਿਨਾ ਵੀ ਜੋਰ ਸੀ ਸਾਰਾ ਲਾ ਕੇ ਉਸਨੂੰ ਗਲਾਸ ਦਿੰਦਿਆਂ ਆਖਿਆ…ਜਗਨੇ ਤਾਏ ਨੂੰ ਉਚਾ ਸੁਣਨ ਕਰਕੇ ਪੂਰਾ ਜੋਰ ਲਾ ਕੇ ਬੋਲਣਾ ਪੈਂਦਾ |
ਓਹ ਵੀ ਚਾਹ ਫੜਦਾ ਬੋਲਿਆ..” ਗੁਰਮਖਾ ਇੱਥੇ ਤਾਂ ਸਾਲੇ ਮੇਰੇ ਆਪਣੇ ਸਕੇ, ਸਕੇ ਨੀ ਹੋਏ ਤੂੰ ਪਤਾ ਨੀ ਕਿਵੇ ਮੇਰਾ ਸਕਾ ਬਣ ਗਿਆ….”ਹੁਣ ਕਦੋ ਜਾਣਾ ਤੂੰ ? ਉਹ ਵੀ ਉੱਚੀ ਦੇਣੇ ਬੋਲਿਆ ..ਮੈਂ ਉਸਨੂੰ ਬੀੜੀਆਂ ਦਾ ਬੰਡਲ ਦਿੰਦੇ ਹੋਏ ਫੇਰ ਆਖਿਆ “ਕੱਲ ਰਾਤ ਨੂੰ ਤੁਰਨਾ”…. ਉਸਨੇ ਸੁਣਕੇ ਵੀ ਮੈਨੂੰ ਜਤਾਇਆ ਜਿਵੇ ਉਸਨੂੰ ਸੁਣਿਆ ਨਾ ਹੋਵੇ …. ਲੱਗਿਆ ਜਿਵੇਂ ਉਸਦਾ ਕੋਈ ਕੀਮਤੀ ਸਮਾਨ ਗੁਆਚ ਗਿਆ ਹੋਵੇ.. ਓਹ ਕੁਝ ਸਮੇ ਲਈ ਡੌਰ ਭੌਰ ਮੇਰੇ ਵੱਲ ਵੇਂਹਦਾ ਰਿਹਾ ..ਫੇਰ ਉੱਠ ਖੜਾ ਹੋਇਆ ‘ਤੇ ਬੀੜੀ ਦਾ ਐਸਾ ਸੂਟਾ ਅੰਦਰ ਖਿੱਚਿਆ ਜਿਵੇ ਪਤਾ ਨੀ ਕਿੰਨੇ ਕੂ ਹੌਂਕੇ, ਸ਼ਿਕਵੇ ਨਾਲ ਹੀ ਨਘਾਰ ਗਿਆ ਹੋਏ| ਹੌਲੀ ਜੇ … ਚੁੱਪ ਤੋੜਦਾ ਬੋਲਿਆ “ਆਜਾ ਤੇਰਾ ਭਾਪਾ ਕਹਿੰਦਾ ਤੀ ਖੂਹ ਆਲੇ ਬੰਨੇ ਪਰਾਲੀ ਵੀ ਫੂਕਣੀ ਆ ਗੱਲਾਂ ਘੱਟ ਮਾਰ..

ਖੂਹ ਵਿਚ ਡਿੱਗੀ
ਉਡਦੀਆਂ ਕੂੰਜਾ ਦੀ ਚੀਂ ਚੀਂ . . .
ਪ੍ਰਵਾਸੀ ਦਾ ਪਰਛਾਵਾਂ

ਸਲੀਬ


ਹਰਵਿੰਦਰ ਧਾਲੀਵਾਲ
ਸਲੀਬ
ਸ਼ਾਮ ਦਾ ਵਕਤ ..ਮੈਂ ਆਪਣੇ ਕ੍ਰਿਸ਼ਚੀਅਨ ਦੋਸਤ ਨਾਲ ਝੋਂਪੜੀਨੁਮਾ ਮਕਾਨ ਵਿੱਚ ਬੈਠਾ ਹਾਂ ..ਨਾਲ ਦੋਸਤ ਦੀ ਪਤਨੀ ਵੀ ਹੈ ..ਇਹ ਘਰ ਇੱਕ ਗਰੀਬ ਰਿਕਸ਼ਾ ਚਾਲਕ ਦਾ ਹੈ ਜੋ ਜਾਨਲੇਵਾ ਬਿਮਾਰੀ ਨਾਲ ਪੀੜਤ ਹੈ …ਸਾਹਮਣੇ ਮੰਜੀ ਤੇ ਹੀ ਤਾਂ ਪਿਆ ਹੈ ..ਇੱਕ ਦਮ ਹੱਡੀਆਂ ਦੀ ਮੁੱਠ..ਉੱਖੜੇ ਉੱਖੜੇ ਸਾਹ ਚੱਲ ਰਹੇ ਹਨ ..ਕੋਲ ਬੈਠੀ ਉਸਦੀ ਪਤਨੀ ਦੀਆਂ ਅੱਖਾਂ ਵਿੱਚ ਦਿਲ ਕੰਬਾਊ ਵੀਰਾਨਗੀ ਹੈ ..ਦੋ ਛੋਟੇ ਬੱਚੇ ਵੀ ਹਨ ..ਮੇਰਾ ਕ੍ਰਿਸ਼ਚੀਅਨ ਦੋਸਤ ਉਸ ਲਈ ਦੁਆ ਕਰਨ ਆਇਆ ਹੈ ..ਹੇ ਵਾਹਿਗੁਰੂ ..ਹੇ ਪ੍ਰਭੂ ..ਯਾ ਖੁਦਾ …ਤੂੰ ਇਸ ਤੇ ਰਹਿਮ ਕਰ …ਮੇਰੀ ਨਜ਼ਰ ਹੌਲੀ ਹੌਲੀ ਕੰਧ ਤੇ ਟੰਗੀ ਸਲੀਬ ਤੇ ਜਾਂਦੀ ਹੈ !

ਫਿੱਕਾ ਸਿਆਲੂ ਚੰਨ ….
ਸਾਹਮਣੇ ਸਲੀਬ ਤੇ ਟੰਗੇ ਕੁੱਝ
ਬੇ-ਤਰਤੀਬੇ ਸਾਹ

ਜੰਡ


ਬਰਸਾਤ ਨੇ ਅੱਜ ਫੇਰ ਸਵੇਰੇ ਸਵੇਰੇ ਚੰਗੀ ਝੱਟ ਲਾਈ . ਹੁਣ ਧੁੱਪ ਚੜ੍ਹ ਆਈ ਹੈ . ਸੰਗਰੂਰ ਜੇਲ ਤੋਂ ਮਹੀਨੇ ਲਈ ਛੁੱਟੀ ਕੱਟਣ ਆਇਆ ਬੇਗੁਨਾਹ ਬਿੱਕਰ ( ਉਮਰ ਪਝੰਤਰ ਸਾਲ ) ਮੈਨੂੰ ਦੀਪਗੜ੍ਹ ਦਿਖਾਉਣ ਲਈ ਲਈ ਫਿਰਨੀ ਫਿਰਨੀ ਲੈ ਤੁਰਿਆ ਹੈ. ਸੂਏ ਦੇ ਉਰਲੇ ਪਾਸੇ ਮੋੜ ਤੇ ਵੱਡੇ ਭਾਰੀ ਪੁਰਾਣੇ ਜੰਡ ਦੇ ਹੇਠਾਂ ਮਾਤਾ ਰਾਣੀ ਲਈ ਬਣਾਏ ਨਿੱਕੇ ਜਿਹੇ ਮੰਦਰ ਦੇ ਵਿਹੜੇ ਪਾਣੀ ਭਰਿਆ ਹੈ ਤੇ ਜੰਡ ਦੀ ਇੱਕ ਟਹਿਣੀ ਤੇ ਲਾਲ ਚੁੰਨੀ ਲਟਕ ਰਹੀ ਹੈ. ‘ ਔਹ ਦੇਖ ਬੂਰ ਆਇਆ ਹੈ .. ਲੰਮੀਆਂ ਲੰਮੀਆਂ ਫਲੀਆਂ ਲਗਦੀਆਂ ਨੇ ..ਖਾਣ ਨੂੰ ਬੜੀਆਂ ਸੁਆਦ . ਖੋਖੇ ਕਹਿੰਦੇ ਨੇ ਉਨ੍ਹਾਂ ਨੂੰ . ਅਸੀਂ ਰੱਖ ਲਵਾਂਗੇ ਸਾਂਭ ਕੇ ਜਦੋਂ ਲੱਗੇ ….ਪਤਾ ਨਹੀਂ ਕਿੰਨੀ ਉਮਰ ਹੈ ਇਹਦੀ .. ਜਦੋਂ ਮੇਰੀ ਸੁਰਤ ਸੰਭਲੀ ਉਦੋਂ ਵੀ ਪੂਰਾ ਰੁੱਖ ਸੀ ਤੇ ਭਰਵਾਂ ਫਲ ਲੱਗਦਾ ਸੀ .. ਹੁਣ ਤਾਂ ਬਹੁਤ ਘੱਟ ਬੂਰ ਪੈਂਦਾ ..’

ਵਿੰਗ ਤੜਿੰਗਾ ਜੰਡ
ਇੱਕ ਟਾਹਣੀ ਤੇ ਲਾਲ ਚੁੰਨੀ
ਇੱਕ ਤੇ ਲਟਕੇ ਕਲੇਜੀ ਬੂਰ