ਟਾਂਡਾ


ਸ਼ਾਮੀਂ ਮੇਰੇ ਪੁੱਤਰ, ਸੱਤਦੀਪ ਨੇ ਮੈਨੂੰ ਹਾਕ ਮਾਰ ਲਈ. ਘਰ ਦੇ ਮੂਹਰੇ ਕਿਆਰੀਆਂ ਵਿੱਚ ਕੰਧ ਕੋਲ ਖੜੀ ਕਚਨਾਰ ਦੇ ਐਨ ਮੁਢ ਵਾਹਵਾ ਵੱਡਾ ਹੋ ਗਿਆ ਪਪੀਤਾ ਅਤੇ ਵੱਟ ਦੇ ਦੂਜੇ ਬੰਨੇ ਇੱਕੋ ਇੱਕ ਮੱਕੀ ਦਾ ਟਾਂਡਾ..ਇੱਕ ਮੋਟੀ ਮੱਕੜੀ ਚਾਰ ਕੁ ਫੁੱਟ ਦੇ ਫਾਸਲੇ ਵਿੱਚ ਕਾਹਲੀ ਕਾਹਲੀ ਜਾਲ ਬੁਣ ਰਹੀ ਸੀ. ਅਸੀਂ ਦੋਨੋਂ ਟਿੱਕਟਿਕੀ ਲਾ ਵੇਖਣ ਲੱਗੇ ਉਹਦੀ ਕਿਰਤ ਦੇ ਕਮਾਲ ਅਤੇ ਸ਼ਾਮ ਦੇ ਭੋਜਨ ਦੀ ਤਿਆਰੀ..ਜਾਲ ਦਾ ਆਕਾਰ ਮੱਕੜੀ ਦੀ ਮੋਟਾਈ ਦਾ ਸਮਾਨੁਪਾਤੀ ਸੀ ਅਤੇ ਪੂਰਨ ਸਮਿਟਰੀ ਅਤੇ ਫ੍ਰੈਕਟਲ ਜਮੈਟਰੀ..ਪ੍ਰਕਿਰਤਕ ਕਰਿਸ਼ਮੇ….ਮੱਲੋਮੱਲੀ ਤਬੀਅਤ ਦਾਰਸ਼ਨਿਕ ਜਿਹੀ ਹੋ ਗਈ.
=========
*ਇੱਕ ਘੰਟੇ ਬਾਅਦ:-
‘ਪਾਪਾ ਕੰਮ ਖਰਾਬ ਹੋ ਗਿਆ’ ਸੱਤਦੀਪ ਕਹਿਣ ਲੱਗਾ. ‘ ਬਾਹਰ ਗਲੀ ਵਿੱਚ ਪੌੜੀ ਦੀ ਲੋੜ ਸੀ… ਮੈਂ ਚੁੱਕ ਕੇ ਲਿਜਾਣ ਲੱਗਾ ਤਾਂ ਮਗਰੋਂ ਪੌੜੀ ਨਾਲ ਮੱਕੜੀ ਦਾ ਜਾਲਾ ਲਹਿ ਗਿਆ.’
=========

ਜਾਂਦੇ ਹੁਨਾਲ ਦੀ ਸ਼ਾਮ-
ਤੇਜ਼ ਤੂਫਾਨ ਨਾਲ ਟੁੱਟਿਆ
ਮੱਕੀ ਦਾ ਟਾਂਡਾ

ਬੋਟ


ਭੁੱਜ ਰਹੀ ਰਾਹਾਂ ਦੀ ਰੇਤ…ਖੇਤਾਂ ਵਿੱਚ ਇੱਕੋ ‘ਕੱਲਾ ਘਰ ਤੇ ਉਹਦੇ ਪਿੱਛੇ ਇੱਕ ਝੁਲਸਿਆ ਪਿੱਪਲ ਦਾ ਨਵਜਾਤ ਰੁੱਖ. ਪੌੜੀਆਂ ਚੜ੍ਹਦੇ ਹੀ ਅੱਗੇ ਬਰਾਂਡੇ ਵੱਲ ਕੋਈ ਬੋਟ ਭੁੰਜੇ ਗਰਮ ਫਰਸ ਤੇ ਚਚਿਆ ਰਿਹਾ ਸੀ. ਕਲਾਰਾ ਭੱਜ ਕੇ ਅੰਦਰੋਂ ਪਾਣੀ ਦੀ ਕੌਲੀ ਲਿਆਈ. ‘ਪਾਪਾ, ਇਹ ਤਾਂ ਤੜਪ ਤੜਪ ਮਰ ਜਾਏਗਾ… ਏਨੀ ਗਰਮ ਹਵਾ!’ ਕੌਲੀ ਕੋਲ ਪਈ ਰਹੀ. ਆਪੇ ਪਾਣੀ ਪੀਣ ਜੋਗਾ ਤੇ ਅਜੇ ਹੈ ਹੀ ਨਹੀਂ ਸੀ. ਉਂਗਲਾਂ ਭਿਉਂ ਕੁਝ ਤੁਪਕੇ ਕਲਾਰਾ ਨੇ ਸੁੱਕੀ ਚੁੰਜ ਵਿੱਚ ਪਾਏ…ਅਸੀਂ ਵਾਰ ਉਹਦੀ ਸਾਰ ਲੈਣ ਲੱਗੇ. ਸੂਰਜ ਸਿਰ ਉੱਪਰ ਆ ਗਿਆ ਸੀ ਅਤੇ ਪੱਛੋਂ ਦੀ ਤੱਤੀ ਹਵਾ ਹੋਰ ਤੇਜ਼ ਵੱਗਣ ਲੱਗੀ. ਮੈਂ ਇੱਕ ਵਾਰ ਫੇਰ ਪਾਣੀ ਪਿਆਉਣ ਲਈ ਗਿਆ. ਇੱਕ ਗਟਾਰ ਮੈਨੂੰ ਦੇਖ ਪਿੱਛੇ ਹੱਟਣ ਲੱਗੀ..ਉਹਦੀ ਚੁੰਜ ਵਿੱਚ ਕੁਝ ਸੀ ..ਹਰਾ ਹਰਾ ਜਿਹਾ. ਮੈਂ ਤਪਦਾ ਫਰਸ ਦੇਖ ਬੋਟ ਦੇ ਹੇਠਾਂ ਘਾਹ ਫੂਸ ਦਾ ਆਲ੍ਹਣਾ ਜਿਹਾ ਬਣਾ ਕੇ ਰੱਖ ਦਿੱਤਾ…..ਬਿਜਲੀ ਨਹੀਂ ਸੀ. ਬੰਬੀ ਨਹੀਂ ਸੀ ਚਲਦੀ ਪਰ ਵੱਡੇ ਚੁਬੱਚੇ ਵਿੱਚ ਸਵੇਰ ਦਾ ਭਰਿਆ ਪਾਣੀ ਅਜੇ ਵੀ ਠੰਡਾ ਸੀ. ਮੈਂ ਪਾਣੀ ਭਰਨ ਲਈ ਅੱਗੇ ਵਧਿਆ ਤਾਂ ਉਹੀ ਗਟਾਰ ਚੁਬੱਚੇ ਦੇ ਅੱਗੇ ਪੱਕੇ ਖਾਲ ਵਿੱਚੋਂ ਚੁੰਜ ਭਰ ਗਿੱਲੀ ਜਿਲ਼ਬ ਲੈ ਉੱਡੀ…

ਤਪਦੀ ਦੁਪਹਿਰ..
ਉਂਗਲ ਭਿਉਂ ਬੋਟ ਦੀ ਚੁੰਜ ਵਿੱਚ ਚੋਈ
ਪਾਣੀ ਦੀ ਠੰਡੀ ਬੂੰਦ

ਮੱਕੜੀ


ਭੋਜਨ ਦੀ ਤਲਾਸ਼ ਕਿਸੇ ਵੀ ਜੀਵ ਨੂੰ ਚੁਸਤ ਚਲਾਕ ਬਣਾ ਦਿੰਦੀ ਏਂ।ਇੰਝ ਹੀ ਕੱਲ੍ਹ ਸੰਝ ਵੇਲੇ ਘਰੇ ਵੇਖਣ ਨੂੰ ਮਿਲਿਆ,ਕੇ ਇਕ ਪਾਸੇ ਕਿਰਲੀਂ ਸ਼ਿਕਾਰ ਉਡੀਦੀ ਪਈ ਏ ਤੇ ਦੂਜੇ ਪਾਸੇ ਡੱਡੂ ਜੀ।ਫ਼ਰਸ਼ ਤੇ ਸ਼ਿਕਾਰ ਦਾ ਇੰਤਜ਼ਾਰ !
ਪਹਿਲੀ ਵਾਰੀ ਵੇਖਣ ਨੂੰ ਮਿਲ ਰਿਹਾ ਸੀ। ਇੰਨੇ ‘ਚ ਇਕ ਜਾਲੇ ਬਣਾਉਣ ਵਾਲੀ ਮੱਕੜੀ ਦੋਹਾ ਦੇ ਵਿਚਾਲੋਂ ਲੰਘਣ ਲੱਗੀ ਸੀ ਕੇ ਕਿਰਲੀਂ ਨੇ ‘ਵਾਜ਼ ਕੱਢੀ ਤੇ ਡੱਡੂ ਨੇ ਮੱਕੜੀ ਹੱੜਪ ਕਰ ਲਈ । ਮਾਹੌਲ ਬਿਲਕੁਲ ਸ਼ਾਤ ਸੀ ਜਿਵੇਂ ਕੁਝ ਹੋਇਆ ਨਹੀਂ ਤੇ ਫਿਰ ਅਗਲੇ ਸ਼ਿਕਾਰ ਦਾ ਇੰਤਜ਼ਾਰ..
ਕਿਰਲੀਂ ਦੀ ‘ਵਾਜ਼
ਡੱਡੂ ਨੇ ਹੱੜਪੀ

ਪਹਿਲੀ ਮੱਕੜੀ

ਚਿੜੀ


ਇਵਾਨ ਤੁਰਗਨੇਵ ਆਪਣੀ ਇੱਕ ਗਦ ਰੂਪੀ ਕਵਿਤਾ ‘ਪਿਆਰ ‘ ਵਿੱਚ ਲਿਖਦਾ ਹੈ :-
ਮੇਰੀ ਨਜ਼ਰ ਚਿੜੀ ਦੇ ਉਸ ਬੋਟ ਤੇ ਪਈ ਜਿਸਦੀ ਚੁੰਜ ਪੀਲੀ ਅਤੇ ਸਿਰ ਲੁੜਕਿਆ ਜਿਹਾ ਸੀ । ਤੇਜ ਹਵਾ ਬਗੀਚੇ ਦੇ ਰੁਖਾਂ ਨੂੰ ਝੂਟੇ ਦੇ ਰਹੀ ਸੀ , ਬੋਟ ਆਲ੍ਹਣੇ ਤੋਂ ਬਾਹਰ ਡਿੱਗ ਗਿਆ ਸੀ ਅਤੇ ਆਪਣੇ ਨਿੱਕੇ ਨਿੱਕੇ ਅਵਿਕਸਿਤ ਪੰਖਾਂ ਨਾਲ ਫੜਫੜਾ ਰਿਹਾ ਸੀ…।
ਕੁੱਤਾ ਹੌਲੀ-ਹੌਲੀ ਹੌਲੀ-ਹੌਲੀ ਉਸਦੇ ਨਜਦੀਕ ਪਹੁੰਚ ਗਿਆ ਸੀ । ਉਦੋਂ ਉਪਰੋਂ ਰੁੱਖ ਤੋਂ ਇੱਕ ਕਾਲੀ ਛਾਤੀ ਵਾਲੀ ਬੁੜੀ ਚਿੜੀ ਹੇਠਾਂ ਕੁੱਤੇ ਦੇ ਬੂਥੇ ਦੇ ਇੱਕਦਮ ਅੱਗੇ ਕਿਸੇ ਪੱਥਰ ਦੀ ਤਰ੍ਹਾਂ ਆ ਡਿੱਗੀ ਅਤੇ ਤਰਸਯੋਗ ਅਤੇ ਦਿਲਟੁੰਬਵੀਂ ਚੀਂ . . ਚੀਂ . . ਚੂੰ . . ਚੂੰ . . ਚਾਂ . . ਚਾਂ . . ਦੇ ਨਾਲ ਕੁੱਤੇ ਦੇ ਚਮਕਦੇ ਦੰਦਾਂ ਵਾਲੇ ਖੁੱਲੇ ਜਬਾੜਿਆਂ ਦੀ ਦਿਸ਼ਾ ਵਿੱਚ ਫੜਫੜਾਉਣ ਲੱਗੀ । ਉਹਦੀ ਨੰਨ੍ਹੀ ਜਾਨ ਮਾਰੇ ਡਰ ਦੇ ਕੰਬ ਰਹੀ ਸੀ , ਉਸਦੀ ਅਵਾਜ ਖਰਵੀ ਹੋ ਗਈ ਸੀ ਅਤੇ ਓਪਰੀ ਜਿਹੀ ਹੋ ਗਈ ਸੀ । ……
ਬਰਸਾਤ ਤੋਂ ਬਾਅਦ

ਵਧ ਰਿਹਾ ਕੁੱਤਾ ਬੋਟ ਵੱਲ –
ਵਿਚਾਲੇ ਡਿੱਗੀ ਚਿੜੀ