ਮੁਰਸ਼ਦ


ਫੱਕਰ ਦੀਆਂ ਅੱਖਾਂ ਮੀਚੀਆਂ ..ਫਰਕਦੇ ਬੁੱਲਾਂ ਚੋਂ ਅਹਿਸਤਾ ਅਹਿਸਤਾ ਆਵਾਜ ….’ਲੋਕੀਂ ਕਹਿੰਦੇ ਨੇ ,ਮੈਂ ਤੈਨੂੰ ਯਾਦ ਨਹੀਂ ਕਰਦਾ ..ਹੁਣ ਯਾਦ ਤਾਂ ਤੈਨੂੰ ਮੈਂ ਤਾਂ ਕਰਾਂ ,ਜੇ ਕਿਤੇ ਭੁੱਲਿਆ ਹੋਵਾਂ ! ਤੂੰ ਤਾਂ ਮੈਨੂੰ ਹਰ ਸ਼ੈ ਵਿੱਚ ਦਿਸਦਾ ਹੈਂ ..ਮੇਰੇ ਰੋਮ ਰੋਮ ਵਿੱਚ ਤੇਰੀ ਹਰਕਤ ਹੈ …ਮੇਰੇ ਹਰ ਸੁਆਸ ਵਿੱਚ ਰਮ ਗਿਆ ਹੈਂ ਤੂੰ ..ਤੇ ਇਹ ਦੁਨੀਆਂ ਕਹਿੰਦੀ ਹੈ ਕਿ ਮੈਂ ਤੈਨੂੰ ਯਾਦ ਨਹੀਂ ਕਰਦਾ ..ਕਸੂਰ ਇਸਦਾ ਵੀ ਨਹੀਂ ਹੈ ..ਇਹ ਦੁਨੀਆਂ ਬਹੁਤ ਸਵਾਰਥੀ ਹੈ ..ਇਹ ਤੇਰੀ ਯਾਦ ਨੂੰ ਵੀ ਵਿਉਪਾਰ ਬਣਾਉਣਾ ਚਾਹੁੰਦੀ ਹੈ …ਖੈਰ ਅੱਜ ਉਹੀ ਤਰੀਕ ਹੈ ਜਿਸ ਦਿਨ ਤੂੰ ਵਿਛੜਿਆ ਸੀ ..ਆਹ ਵੇਖ ,ਸਾਰੀ ਪ੍ਰਕਿਰਤੀ ਹੀ ਜਿਵੇਂ ਤੇਰੀ ਯਾਦ ਵਿੱਚ ਬਿਹਬਲ ਹੋ ਗਈ ਹੈ ..ਬੱਦਲ ਘੁੰਮ ਘੁੰਮ ਕੇ ਆ ਰਹੇ ਨੇ ..ਠੰਡੀ ਹਵਾ ਸ਼ੂਕ ਰਹੀ ਹੈ ..ਆਹ ਵੇਖ !…ਕਿਧਰੋਂ ਮੋਗਰੇ ਦੀ ਖੂਸ਼ਬੂ ਵੀ ਆਈ ਹੈ ….ਸਾਸੋਂ ਕੀ ਮਾਲਾ ਪੇ ਸਿਮਰੂੰ……..”
ਮੋਗਰੇ ਦੀ ਖੁਸ਼ਬੂ ~
ਹਵਾ ‘ਚ ਉਂਗਲ ਨਾਲ ਲਿਖਿਆ
ਮੁਰਸ਼ਦ ਦਾ ਨਾਂ

ਕੰਜਕਾਂ


———————–
ਹਰਵਿੰਦਰ ਧਾਲੀਵਾਲ
———————-
ਪਹਾੜੀ ਮੰਦਰ –
ਕੰਜਕ ਦੇ ਪੈਰਾਂ ‘ਚ ਡਿੱਗਿਆ
ਮੇਰੀ ਟੋਕਰੀ ਚੋਂ ਫੁੱਲ
—————–
ਅਮਿਤ ਸ਼ਰਮਾ
—————-
ਕੰਜਕ ਪੂਜਾ –
ਝਾਂਜਰਾਂ ਵਾਲੇ ਪੈਰਾਂ ਚ
ਹੋਇਆ ਨਤਮਸਤਕ
—————
ਅਮਨਪ੍ਰੀਤ ਪੰਨੂ
—————
ਮੰਦਿਰ ਦੀਆਂ ਪੌੜੀਆਂ –
ਪੰਡਿਤ ਦੇ ਸੰਗ ਗਾਵੇ ਕੰਜਕ
ਭਗਤੀ ਗੀਤ
……………
ਪਿਤਾ ਦਾ ਸ਼ਰਾਧ –
ਕੰਜਕਾਂ ਨੂੰ ਭੋਜਨ ਵਰਤਾਉਂਦੀ
ਪੂੰਝੇ ਅੱਖਾਂ
—————-
ਦੀਪੀ ਸੈਰ
————–
ਪੁੱਤ ਦਾ ਜਨਮ ਦਿਨ
ਪੂਰੇ ਪਿੰਡ ਚੋਂ ਲੱਭੀਆਂ
ਬਸ ਚਾਰ ਕੰਜਕਾਂ
————–
ਦਿਲਪ੍ਰੀਤ ਚਾਹਲ
—————
ਅੱਸੂ ਦੇ ਨਰਾਤੇ –
ਮੰਦਿਰ ਦੁਆਰ ਤੇ ਵੇਚੇ ਫੁੱਲ
ਨਿੱਕੀ ਕੰਜਕ
………..
ਨਿੱਕੀ ਬਾਲੜੀ
ਝੁਗੀ ਦੀਆਂ ਝੀਥਾਂ ਚੋਂ ਦੇਖੇ
ਸਜੀਆਂ ਕੰਜਕਾਂ
————————
ਗੁਰਮੁਖ ਭੰਡੋਹਲ ਰਾਈਏਵਾਲ
————————
ਕੰਜਕ ਹੱਸੇ
ਬਿਰਧ ਦਾਦਾ ਧੋਵੇ
ਨਿੱਕੇ ਨਿੱਕੇ ਪੈਰ
……
ਵੈਸ਼ਨੋ ਦੇਵੀ ਯਾਤਰਾ
ਮੇਰੀ ਸੀਟ ਕੋਲ ਆ ਖੜੀ
ਨਿੱਕੀ ਜਿਹੀ ਕੰਜਕ
…..
ਸਾਉਣ ਦਾ ਚਾਲਾ
ਪਹਾੜੀ ਚੜ੍ਹਦਿਆਂ ਮਿਲੀ
ਕੰਜਕਾ ਦੀ ਟੋਲੀ
…..
ਅਠੇ ਦਾ ਮੇਲਾ
ਦੇਵੀ ਬਣੀ ਕੰਜਕ ਨੂੰ
ਮੱਥਾ ਟੇਕਣ ਮਾਈਆਂ
——————–
ਸੰਦੀਪ ਸੀਤਲ ਚੌਹਾਨ
——————
ਚੇਤਰ ਦੇ ਨਰਾਤੇ ..
ਘਰ ਦੀ ਨੇਰ੍ਹੀ ਨੁਕਰ ਵਿਚ ਬੈਠੀ
ਕੰਜਕ ਕੰਜ ਕੁਆਰੀ
—————-
ਸੁਰਮੀਤ ਮਾਵੀ
—————
ਸਾਉਣ ਦੀ ਕਿਣਮਿਣ –
ਨਿੱਕੀਆਂ ਲਾਲ ਵੰਗਾਂ ਛਣਕਾ
ਕਿਲਕਾਰੀ ਮਾਰੇ ਕੰਜਕ

—————–
ਅਨੂਪ ਬਾਬਰਾ
—————-

ਪੋਤਿਆਂ ਨਾਲ ਖੇਡੇ ਦਾਦੀ
ਨੀਝ ਨਾਲ ਤੱਕੇ ਕੋਨੇ ‘ਚੋਂ
ਇਕਲੌਤੀ ਕੰਜਕ

ਸੁਰਮੇ ਦਾ ਟਿੱਕਾ
ਮਾਂ ਦੀ ਹਿੱਕ ਲੱਗ ਸੁੱਤੀ
ਸਾਂਵਲੀ ਕੰਜਕ

ਚਾਚੇ ਦਾ ਵਿਆਹ
ਮਾਂ ਵਰਗਾ ਸੂਟ ਪਾ ਨੱਚੇ
ਬਰਾਤ ‘ਚ ਕੰਜਕ

ਪੰਡਿਤ ਜੀ ਦਾ ਵਿਹੜਾ –
ਕਤਾਰ ‘ਚ ਬੈਠੀ ਪੜ੍ਹੇ ਕਿਤਾਬ
ਨਿੱਕੀ ਕੰਜਕ

 

//