ਗੀਤ


ਗਰਮੀ ਤੋਂ ਰਾਹਤ ਮਿਲੀ ..ਸੁਹਾਵਨੀ ਸਵੇਰ ਹਲਕੀਆਂ ਕਣੀਆਂ ਦੇ ਨਾਲ ..ਹਰੇ ਭਰੇ ਤੂਤ ਤੋਂ ਉੱਡ ਕੇ ਚਿੜੀਆਂ ਦੀ ਡਾਰ ਘਰ ਦੀ ਛੱਤ ਤੇ ਜਾ ਬੈਠੀ ਹੈ …ਚਿੜੀਆਂ ,ਇਲਾਚੀ ਰੰਗੀਆਂ ,ਛੋਟੀਆਂ, ਥੋੜੀ ਲੰਮੀ ਪੂਛ ਵਾਲੀਆਂ ..ਬਹੁਤ ਪਿਆਰੀਆਂ..ਉਨਾਂ ਨੂੰ ਪਤਾ ਹੈ ਕਿ ਸਾਡਾ ਦਾਣਾ ਪਾਣੀ ਇੱਥੇ ਹੀ ਆਵੇਗਾ ..ਮੈਂ ਕੋਠੇ ਚੜ੍ਹਿਆ ਤਾਂ ਉਹ ਮੇਰੇ ਵੱਲ ਤੱਕਣ ਲੱਗੀਆਂ .ਡਰ ਕੇ ਉੱਡੀਆਂ ਨਹੀਂ ..ਰੋਜ ਦਾ ਹੀ ਕੰਮ ਹੈ ..ਮੈਂ ਕਿੰਨਾਂ ਚਿਰ ਹੱਥ ਵਿੱਚ ਦਾਣਾ ਪਾਣੀ ਚੁੱਕੀ ਖੜਾ ਰਿਹਾ ..ਪਾਣੀ ਵਾਲੇ ਖਾਲੀ ਕੂੰਡੇ ਤੇ ਲੰਮੀ ਪੂਛ ਵਾਰ ਵਾਰ ਹਿੱਲ ਰਹੀ ਹੈ ………

ਬੂੰਦਾ ਬਾਂਦੀ . . .
ਚਿੜੀ ਦੇ ਗੀਤ ਨਾਲ ਭਰਿਆ
ਖਾਲੀ ਕੁੰਡ

ਬੋਟ


ਭੁੱਜ ਰਹੀ ਰਾਹਾਂ ਦੀ ਰੇਤ…ਖੇਤਾਂ ਵਿੱਚ ਇੱਕੋ ‘ਕੱਲਾ ਘਰ ਤੇ ਉਹਦੇ ਪਿੱਛੇ ਇੱਕ ਝੁਲਸਿਆ ਪਿੱਪਲ ਦਾ ਨਵਜਾਤ ਰੁੱਖ. ਪੌੜੀਆਂ ਚੜ੍ਹਦੇ ਹੀ ਅੱਗੇ ਬਰਾਂਡੇ ਵੱਲ ਕੋਈ ਬੋਟ ਭੁੰਜੇ ਗਰਮ ਫਰਸ ਤੇ ਚਚਿਆ ਰਿਹਾ ਸੀ. ਕਲਾਰਾ ਭੱਜ ਕੇ ਅੰਦਰੋਂ ਪਾਣੀ ਦੀ ਕੌਲੀ ਲਿਆਈ. ‘ਪਾਪਾ, ਇਹ ਤਾਂ ਤੜਪ ਤੜਪ ਮਰ ਜਾਏਗਾ… ਏਨੀ ਗਰਮ ਹਵਾ!’ ਕੌਲੀ ਕੋਲ ਪਈ ਰਹੀ. ਆਪੇ ਪਾਣੀ ਪੀਣ ਜੋਗਾ ਤੇ ਅਜੇ ਹੈ ਹੀ ਨਹੀਂ ਸੀ. ਉਂਗਲਾਂ ਭਿਉਂ ਕੁਝ ਤੁਪਕੇ ਕਲਾਰਾ ਨੇ ਸੁੱਕੀ ਚੁੰਜ ਵਿੱਚ ਪਾਏ…ਅਸੀਂ ਵਾਰ ਉਹਦੀ ਸਾਰ ਲੈਣ ਲੱਗੇ. ਸੂਰਜ ਸਿਰ ਉੱਪਰ ਆ ਗਿਆ ਸੀ ਅਤੇ ਪੱਛੋਂ ਦੀ ਤੱਤੀ ਹਵਾ ਹੋਰ ਤੇਜ਼ ਵੱਗਣ ਲੱਗੀ. ਮੈਂ ਇੱਕ ਵਾਰ ਫੇਰ ਪਾਣੀ ਪਿਆਉਣ ਲਈ ਗਿਆ. ਇੱਕ ਗਟਾਰ ਮੈਨੂੰ ਦੇਖ ਪਿੱਛੇ ਹੱਟਣ ਲੱਗੀ..ਉਹਦੀ ਚੁੰਜ ਵਿੱਚ ਕੁਝ ਸੀ ..ਹਰਾ ਹਰਾ ਜਿਹਾ. ਮੈਂ ਤਪਦਾ ਫਰਸ ਦੇਖ ਬੋਟ ਦੇ ਹੇਠਾਂ ਘਾਹ ਫੂਸ ਦਾ ਆਲ੍ਹਣਾ ਜਿਹਾ ਬਣਾ ਕੇ ਰੱਖ ਦਿੱਤਾ…..ਬਿਜਲੀ ਨਹੀਂ ਸੀ. ਬੰਬੀ ਨਹੀਂ ਸੀ ਚਲਦੀ ਪਰ ਵੱਡੇ ਚੁਬੱਚੇ ਵਿੱਚ ਸਵੇਰ ਦਾ ਭਰਿਆ ਪਾਣੀ ਅਜੇ ਵੀ ਠੰਡਾ ਸੀ. ਮੈਂ ਪਾਣੀ ਭਰਨ ਲਈ ਅੱਗੇ ਵਧਿਆ ਤਾਂ ਉਹੀ ਗਟਾਰ ਚੁਬੱਚੇ ਦੇ ਅੱਗੇ ਪੱਕੇ ਖਾਲ ਵਿੱਚੋਂ ਚੁੰਜ ਭਰ ਗਿੱਲੀ ਜਿਲ਼ਬ ਲੈ ਉੱਡੀ…

ਤਪਦੀ ਦੁਪਹਿਰ..
ਉਂਗਲ ਭਿਉਂ ਬੋਟ ਦੀ ਚੁੰਜ ਵਿੱਚ ਚੋਈ
ਪਾਣੀ ਦੀ ਠੰਡੀ ਬੂੰਦ

ਪੰਛੀ


ਅੱਜ ਸਵੇਰ ਤੋਂ ਹੀ ਹਲਕੀ ਕਿਣਮਿਣ ਹੋ ਰਹੀ ਹੈ !ਮੈਨੂੰ ਵੀ ਕੰਮ ਤੋਂ ਘਰ ਆਉਂਦੇ ਮੁੰਹ ਹਨੇਰਾ ਹੋ ਗਿਆ ! ਘਰੇ ਵੜਿਆ ਤਾਂ ਘਰਵਾਲੀ ਨੇ ਹਾਲ ਚਾਲ ਪੁਛਿੱਆ ਤੇ ਪਾਣੀ ਪੀਣ ਤੋਂ ਬਾਅਦ ਚਾਹ ਵੀ ਲੈ ਆਈ ! ਗੱਲਾਂ ਬਾਤਾਂ ਕਰ ਹੀ ਰਹੇ ਸੀ ਐਨੇ ਵਿਚ ਕੈਪਟਨ ਸਿੰਘ ਵੀ ਸਿਰ ਜਾ ਖੁਰਕਦਾ, ਮੀਣਾ ਮੀਣਾ ਝਾਕਦਾ ਅੰਦਰ ਨੂੰ ਸਾਡੇ ਕੋਲ ਲੰਘ ਆਇਆ….ਆਉਂਦਾ ਹੀ ਭਮੱਤਰ ਕੇ ਜੇ ਬੋਲਿਆ “ਉਹ ! ਨੋਰਥ ਵੱਲ ਤਾਂ ਬਹੁਤ ਮੀਂਹ ਸੀ ਅੱਜ ਟਰੱਕ ਵਿਚੋਂ ਬਾਹਰ ਕੁਝ ਨੀ ਦਿਸਦਾ ਸੀ……ਤੇ ਮੀਂਹ ਵਿਚ ਆ ਜਲ ਪੰਛੀ ਜੇ ਵੀ ਬਹੁਤ ਦੁਖੀ ਕਰਦੇ ਨੇ ! ਡਾਰਾ ਦੀਆਂ ਡਾਰਾ ਉੱਡਦੀਆਂ ਨੇ …ਕਦੇ ਇਧਰ ਕਦੇ ਉਧਰ …ਮੀਂਹ ਵਿਚ ਤਾਂ ਅਗਾੜੀਓਂ ਥਾੜ ਥਾੜ ਸ਼ੀਸੇ ਚ ਵੱਜਦੇ ਨੇ.”..ਕੈਪਟਨ ਅਮ੍ਰਿਤਸਰ ਵੱਲ ਤੋਂ ਹੈ ਬੋਲਦਾ ਬਹੁਤ ਵਧੀਆ ਲੱਗਦਾ ਹੈ ਇਹ ਸਾਡੇ ਨਾਲ ਹੀ ਰਹਿੰਦਾ ਹੈ ਤੇ ਇਕ ਟੋ ਵਾਲਾ ਟਰੱਕ ਚਲਾਉਂਦਾ ਹੈ…..”ਆ ਬੈਠ ਯਾਰ ਠੰਡ ਚੋਂ ਆਇਆ ਤੂੰ ਚਾਹ ਪੀ ਲਾ” ਮੈਂ ਉਹਨੂੰ ਚਾਹ ਦਿੰਦੇ ਕਿਹਾ …”ਆ ਹਥ ਚ ਕੀ ਚੱਕਿਆ ਬਾਈ ?” ਨਾਲ ਹੀ ਮੈਂ ਪੁਛਿਆ …”ਉਹ ਕੋਈ ਤਾਂ ਮੇਲ ਬੋਕਸ ਦੇਖ ਆਇਆ ਕਰੋ.. ਜੇ ਅੱਜ ਵੀ ਆਉਂਦਾ ਹੋਇਆ ਨਾ ਦੇਖਦਾ ਤਾਂ ਸਾਰੀਆਂ ਲੈਟਰਾਂ ਭਿੱਜ ਜਾਣੀਆਂ ਸੀ “….ਨਰਾਜਗੀ ਨਾਲ ਮੇਰੇ ਵੱਲ ਇਕ ਚਿਠੀ ਸੁੱਟਦਾ ਬੋਲਿਆ ….
ਮਾਂ ਦੀ ਚਿਠੀ-
ਮੀੰਹ ਵਿਚ ਭਿੱਜਦਾ ਉੱਡੇ
ਪ੍ਰਵਾਸੀ ਪੰਛੀ