ਤੋਤਾ


ਗੁਆਂਢੀਆਂ ਦਾ ਤੋਤਾ ਅੱਜ ਸਵੇਰ ਤੋਂ ਹੀ ਬਹੁਤ ਬੋਲ ਰਿਹਾ ਹੈ, ਜੋਰ ਜੋਰ ਦੀ ਹੱਸਦਾ ਹੈ ਘੜੀ ਕੁ ਮਗਰੋਂ। ਪਰ ਦਿਲ ਨਹੀਂ ਕੀਤਾ ਰੋਜ਼ ਵਾਂਗ ਉਸ ਨਾਲ ਬਾਤਾਂ ਪਾਵਾਂ, ਪਤਾ ਨਹੀਂ ਕਾਹਦੀ ਧੁੱਕਧੁਕੀ ਜਿਹੀ ਲੱਗੀ ਹੋਈ ਹੈ। ਬਸ ਚੁੱਪਚਾਪ ਅਮਰੂਦ ਦੀ ਛਾਵੇਂ ਬੈਠੀ ਸਵਾਲ ਕੱਡ ਰਹੀ ਹਾਂ, ਹਫਤਾ ਵੀ ਨਹੀਂ ਰਹਿ ਗਿਆ ਹੁਣ ਤਾਂ ਹਿਸਾਬ ਦੇ ਇਮਤਿਹਾਨ ਨੂੰ। ਗੰਗਾਰਾਮ ਨੂੰ ਮੇਰੇ ਡੈਡੀ ਮੂੰਗਫਲੀ ਲਿਆ ਲਿਆ ਖਵਾਉਂਦੇ ਨੇ, ਹਰੀਆਂ ਮਿਰਚਾਂ ਅਤੇ ਕੱਚੀਆਂ ਅੰਬੀਆਂ ਪਰੋਸ ਪਰੋਸ ਦਿੰਦੇ ਨੇ, ਐਵੇਂ ਤਾਂ ਨਹੀਂ ਅਗਲਾ ਗੁਆਂਢੀਆਂ ਤੋਂ ਵੱਧ ਮੇਰੇ ਡੈਡੀ ਦਾ ਜੱਸ ਗਾਉਂਦਾ ਹੈ। “ਸਿੰਘ ਸਾਹਿਬ ਆਓ ਸ਼ਤਰੰਜ ਦੀ ਬਾਜ਼ੀ ਹੋ ਜਾਵੇ”, ਸਾਰਾ ਦਿਨ ਬੱਸ ਸਿੰਘ ਸਾਹਿਬ, ਸਿੰਘ ਸਾਹਿਬ। ਨਵਾਂ ਬੰਦਾ ਤੋਤੇ ਦੀ ਮੇਰੇ ਡੈਡੀ ਵਾਸਤੇ ਮੋਹ ਭਰੀ ਰੱਟ ਸੁਣ ਕੇ ਹੈਰਾਨ ਰਹਿ ਜਾਂਦਾ, ਪਰ ਮੈਂ ਤਾਂ ਆਦੀ ਹਾਂ! ਦਿਨ ਵਿਚ ਇੱਕ ਵਾਰ ਉਸਦਾ ਪਿੰਜਰਾ ਜਰੂਰ ਖੋਲਿਆ ਜਾਂਦਾ ਹੈ ਅਤੇ ਉਹ ਬੜੇ ਹੱਕ ਨਾਲ ਸਾਡੇ ਘਰੇ ਵੀ ਫੇਰੀ ਪਾ ਜਾਂਦਾ, ਡੈਡੀ ਦੀ ਲੱਗੀ ਲਗਾਈ ਸ਼ਤਰੰਜ ਦੀ ਬਾਜ਼ੀ ਆਪਨੇ ਖੰਬ ਮਾਰ ਮਾਰ ਹਲੂਣ ਜਾਂਦਾ, ਜਾਂ ਕੋਈ ਮੋਹਰਾ, ਪਿਆਦਾ ਚੱਕ ਕੇ ਵਾਪਿਸ ਪਿੰਜਰੇ ‘ਚ ਜਾ ਵੜਦਾ ਹੈ, ਫਿਰ ਹੱਸਦਾ ਹੈ। ਦਿਹਾੜੀ ਮੁੱਕਣ ਤੇ ਆਈ ਹੈ…ਅੱਜ ਡੈਡੀ ਦੀ ਤਬੀਅਤ ਠੀਕ ਨਹੀਂ ਹੈ, ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ, ਕਰਦਿਆਂ ਕਰਾਉਂਦਿਆਂ ਰਾਤ ਘਿਰ ਗਈ ਹੈ, ਗੰਗਾਰਾਮ ਨੇ ਮਿਰਚਾਂ ਨਾਲ ਭਰੀ ਆਪਣੀ ਕੌਲੀ ਨੂੰ ਨਜਰ ਭਰ ਕੇ ਵੀ ਨਹੀਂ ਤੱਕਿਆ, ਨਾਂ ਹੀ ਝੱਪਕੀਆਂ ਲਈਆਂ ਨੇ। ਹਾਂ ਪਰ ਹੱਟ ਹੱਟ ਕੇ ਸਿੰਘ ਸਾਹਿਬ ਨੂੰ ਬਹੁਤ ਅਵਾਜਾਂ ਮਾਰੀਆਂ ਨੇ ਪਰ ਹੁਣ ਕੁਝ ਹੰਭ ਜਿਹਾ ਗਿਆ ਹੈ।

“ਤੇਰੀ ਮਾਂ ਬੁਲਾਉਂਦੀ ਹੈ ਮੈਨੂੰ ਹੁਣ ਅਨੂਪ, ਉਹ ਵੀ ਇੱਕਲੀ ਹੈ”…ਮੈਨੂੰ ਲਾਗੇ ਬੈਠੀ ਨੂੰ ਕਈ ਵਾਰ ਕਹਿ ਚੁਕੇ ਨੇ ਦਵਾਈਆਂ ਦੇ ਲੋਰ ਵਿਚ। ਮੇਰੇ ਦੋਵੇਂ ਵੀਰ ਅੱਜ ਰੱਬੋਂ ਹੀ ਘਰ ਨਹੀਂ ਨੇ। ਸਾਹ ਔਖੇ ਹੁੰਦੇ ਜਾ ਰਹੇ ਨੇ, ਪਤਾ ਨਹੀਂ ਕਿਸ ਗੱਲੋਂ ਗੁਆਂਢੀਆਂ ਦੇ ਤੋਤੇ ਦਾ ਪਿੰਜਰਾ ਚੱਕ ਕੇ ਲੈ ਆਈ ਹਾਂ ਮੈਂ ਰਾਤ ਦੇ ਢਾਈ ਵਜੇ ਕੰਧ ਤੋਂ! ਰਾਤ ਹੌਲੀ ਹੌਲੀ ਸਰਕ ਰਹੀ ਹੈ, ਬਿਲਕੁਲ ਮੇਰੇ ਡੈਡੀ ਦੇ ਕੁਝ ਅਖੀਰੀ, ਔਖੇ ਗਿਣੇ ਮਿਣੇ ਸਾਹਾਂ ਵਰਗੀ, ਤੋਤਾ ਪਿੰਜਰੇ ਚੋਂ ਟਿਕਟਿਕੀ ਲਾ ਕੇ ਸਿੰਘ ਸਾਹਿਬ ਨੂੰ ਦੇਖ ਰਿਹਾ ਹੈ। ਮੈਂ ਉਸਦਾ ਪਿੰਜਰਾ ਵੀ ਖੋਲ ਦਿੱਤਾ ਹੈ ਤੇ ਆਪਨੇ ਹੱਥੀਂ ਡੈਡੀ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਨੇ। ਮੈਂ ਅਜੇ ਰੋ ਨਹੀਂ ਰਹੀ…

ਖੁੱਲਾ ਪਿੰਜਰਾ…
ਸਿਰ ਨਿਵਾ ਕੇ ਦੇਵੇ ਸਲਾਮੀ
ਸਾਂਝਾ ਤੋਤਾ


ਰਾਤ ਦਾ ਸਮਾ , ਰੰਗਲੇ ਸੱਜਣ ਸਤਿਕਾਰਯੋਗ ਤਰਲੋਕ ਜੱਜ ਜੀ ਦੇ ਵਿਛੋੜੇ ਦੀ ਖਬਰ ਪੜ੍ਹੀ , ਬਾਰੀ ਵਿੱਚੋਂ northern lights ਦਿਸ ਰਹੀਆਂ ਸਨ , ਅੱਖਾਂ ਚੋਂ ਹੰਝੂ , ਆਪਣੇ ਸੰਗੀਤ ਦੇ ਉਸਤਾਦ ਗਿਆਨੀ ਕਰਤਾਰ ਸਿੰਘ ਜੀ ਦੀ ਸਿਖਾਂਈ ਰਾਗ ਸ਼ਿਵਰੰਜਨੀ ਵਿੱਚ ਰੀਤ ਯਾਦ ਆ ਗਈ :- ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ।। ਜਿਸੁ ਆਸਣਿ ਹਮ ਬੈਠੇ ਕੇਤੇ ਬੈਸੁ ਗਇਆ ।।

ਨਾਰਦਨ ਲਾਈਟਸ –
ਰਾਤ ਦੇ ਦੂਜੇ ਪਹਿਰ ਛੇੜਿਆ
ਰਾਗ ਸ਼ਿਵਰੰਜਨੀ

5832_10200148668132343_1963211967_n