ਚੀਂ ਚੀਂ


ਜਗਨਾ ਤਾਇਆ ਹੈ ਤਾਂ ਮੇਰੇ ਦਾਦੇ ਦੀ ਉਮਰ ਦਾ, ਪਰ ਮੇਰਾ ਜਾਣੋ ਪੱਕਾ ਦੋਸਤ ਹੈ . ਇਸੇ ਲਈ ਤਾਂ ਮੈਂ ਉਸਨੂੰ ਪਿਆਰ ਨਾਲ ਨਾਥ ਬੁਲਾਉਂਦਾ ਹਾਂ. “ਆ ਲੈ…. ਨਾਥਾ ਚਾਹ ਪੀ ਲਾ’.. ਮੈਂ ਮੇਰੇ ਵਿਚ ਜਿਨਾ ਵੀ ਜੋਰ ਸੀ ਸਾਰਾ ਲਾ ਕੇ ਉਸਨੂੰ ਗਲਾਸ ਦਿੰਦਿਆਂ ਆਖਿਆ…ਜਗਨੇ ਤਾਏ ਨੂੰ ਉਚਾ ਸੁਣਨ ਕਰਕੇ ਪੂਰਾ ਜੋਰ ਲਾ ਕੇ ਬੋਲਣਾ ਪੈਂਦਾ |
ਓਹ ਵੀ ਚਾਹ ਫੜਦਾ ਬੋਲਿਆ..” ਗੁਰਮਖਾ ਇੱਥੇ ਤਾਂ ਸਾਲੇ ਮੇਰੇ ਆਪਣੇ ਸਕੇ, ਸਕੇ ਨੀ ਹੋਏ ਤੂੰ ਪਤਾ ਨੀ ਕਿਵੇ ਮੇਰਾ ਸਕਾ ਬਣ ਗਿਆ….”ਹੁਣ ਕਦੋ ਜਾਣਾ ਤੂੰ ? ਉਹ ਵੀ ਉੱਚੀ ਦੇਣੇ ਬੋਲਿਆ ..ਮੈਂ ਉਸਨੂੰ ਬੀੜੀਆਂ ਦਾ ਬੰਡਲ ਦਿੰਦੇ ਹੋਏ ਫੇਰ ਆਖਿਆ “ਕੱਲ ਰਾਤ ਨੂੰ ਤੁਰਨਾ”…. ਉਸਨੇ ਸੁਣਕੇ ਵੀ ਮੈਨੂੰ ਜਤਾਇਆ ਜਿਵੇ ਉਸਨੂੰ ਸੁਣਿਆ ਨਾ ਹੋਵੇ …. ਲੱਗਿਆ ਜਿਵੇਂ ਉਸਦਾ ਕੋਈ ਕੀਮਤੀ ਸਮਾਨ ਗੁਆਚ ਗਿਆ ਹੋਵੇ.. ਓਹ ਕੁਝ ਸਮੇ ਲਈ ਡੌਰ ਭੌਰ ਮੇਰੇ ਵੱਲ ਵੇਂਹਦਾ ਰਿਹਾ ..ਫੇਰ ਉੱਠ ਖੜਾ ਹੋਇਆ ‘ਤੇ ਬੀੜੀ ਦਾ ਐਸਾ ਸੂਟਾ ਅੰਦਰ ਖਿੱਚਿਆ ਜਿਵੇ ਪਤਾ ਨੀ ਕਿੰਨੇ ਕੂ ਹੌਂਕੇ, ਸ਼ਿਕਵੇ ਨਾਲ ਹੀ ਨਘਾਰ ਗਿਆ ਹੋਏ| ਹੌਲੀ ਜੇ … ਚੁੱਪ ਤੋੜਦਾ ਬੋਲਿਆ “ਆਜਾ ਤੇਰਾ ਭਾਪਾ ਕਹਿੰਦਾ ਤੀ ਖੂਹ ਆਲੇ ਬੰਨੇ ਪਰਾਲੀ ਵੀ ਫੂਕਣੀ ਆ ਗੱਲਾਂ ਘੱਟ ਮਾਰ..

ਖੂਹ ਵਿਚ ਡਿੱਗੀ
ਉਡਦੀਆਂ ਕੂੰਜਾ ਦੀ ਚੀਂ ਚੀਂ . . .
ਪ੍ਰਵਾਸੀ ਦਾ ਪਰਛਾਵਾਂ

ਮੁਰਸ਼ਦ


ਫੱਕਰ ਦੀਆਂ ਅੱਖਾਂ ਮੀਚੀਆਂ ..ਫਰਕਦੇ ਬੁੱਲਾਂ ਚੋਂ ਅਹਿਸਤਾ ਅਹਿਸਤਾ ਆਵਾਜ ….’ਲੋਕੀਂ ਕਹਿੰਦੇ ਨੇ ,ਮੈਂ ਤੈਨੂੰ ਯਾਦ ਨਹੀਂ ਕਰਦਾ ..ਹੁਣ ਯਾਦ ਤਾਂ ਤੈਨੂੰ ਮੈਂ ਤਾਂ ਕਰਾਂ ,ਜੇ ਕਿਤੇ ਭੁੱਲਿਆ ਹੋਵਾਂ ! ਤੂੰ ਤਾਂ ਮੈਨੂੰ ਹਰ ਸ਼ੈ ਵਿੱਚ ਦਿਸਦਾ ਹੈਂ ..ਮੇਰੇ ਰੋਮ ਰੋਮ ਵਿੱਚ ਤੇਰੀ ਹਰਕਤ ਹੈ …ਮੇਰੇ ਹਰ ਸੁਆਸ ਵਿੱਚ ਰਮ ਗਿਆ ਹੈਂ ਤੂੰ ..ਤੇ ਇਹ ਦੁਨੀਆਂ ਕਹਿੰਦੀ ਹੈ ਕਿ ਮੈਂ ਤੈਨੂੰ ਯਾਦ ਨਹੀਂ ਕਰਦਾ ..ਕਸੂਰ ਇਸਦਾ ਵੀ ਨਹੀਂ ਹੈ ..ਇਹ ਦੁਨੀਆਂ ਬਹੁਤ ਸਵਾਰਥੀ ਹੈ ..ਇਹ ਤੇਰੀ ਯਾਦ ਨੂੰ ਵੀ ਵਿਉਪਾਰ ਬਣਾਉਣਾ ਚਾਹੁੰਦੀ ਹੈ …ਖੈਰ ਅੱਜ ਉਹੀ ਤਰੀਕ ਹੈ ਜਿਸ ਦਿਨ ਤੂੰ ਵਿਛੜਿਆ ਸੀ ..ਆਹ ਵੇਖ ,ਸਾਰੀ ਪ੍ਰਕਿਰਤੀ ਹੀ ਜਿਵੇਂ ਤੇਰੀ ਯਾਦ ਵਿੱਚ ਬਿਹਬਲ ਹੋ ਗਈ ਹੈ ..ਬੱਦਲ ਘੁੰਮ ਘੁੰਮ ਕੇ ਆ ਰਹੇ ਨੇ ..ਠੰਡੀ ਹਵਾ ਸ਼ੂਕ ਰਹੀ ਹੈ ..ਆਹ ਵੇਖ !…ਕਿਧਰੋਂ ਮੋਗਰੇ ਦੀ ਖੂਸ਼ਬੂ ਵੀ ਆਈ ਹੈ ….ਸਾਸੋਂ ਕੀ ਮਾਲਾ ਪੇ ਸਿਮਰੂੰ……..”
ਮੋਗਰੇ ਦੀ ਖੁਸ਼ਬੂ ~
ਹਵਾ ‘ਚ ਉਂਗਲ ਨਾਲ ਲਿਖਿਆ
ਮੁਰਸ਼ਦ ਦਾ ਨਾਂ

ਅੱਖਾਂ


Charan Gill
ਸਿਧਾਰਥ ਜੀ ਕਹਿੰਦੇ ਹਨ ,” ਨਾਨੀ ਦੀ ਯਾਦ ਆਉਂਦੀ ਹੈ . ਉਨ੍ਹਾਂ ਨੂੰ ਸੰਤਾਲੀ ਵਿਚ ਪਾਕਿਸਤਾਨ ਤੋਂ ਆਉਣ ਤੋਂ ਬਾਦ ਇਥੇ ਕੁਆਟਰ ਦਿੱਤੇ ਗਏ ਸਨ. ਬਹੁਤਿਆਂ ਨੂੰ ਲੁਧਿਆਣੇ ਦੇ ਇੰਜਣ ਸੈੱਡ ਏਰੀਏ ਵਿੱਚ ਇੱਕ ਕਮਰਾ ਕੁਆਟਰ ਦਿੱਤੇ ਗਏ ਸਨ . ਚੁੱਲ੍ਹਾ ਬਾਲਣ ਲਈ ਤੇ ਸਰਦੀਆਂ ਵਿੱਚ ਸੇਕਣ ਲਈ ਵੀ ਗਰੀਬ ਲੋਕ ਰੇਲਵੇ ਲਈਨਾਂ ਤੋਂ ਕੋਲਾ ਚੁਗਦੇ . ਅਸਮਾਨ ਭੂਰਾ ਸੁਰਮਈ ਜਿਹਾ ਹੁੰਦਾ ਤੇ ਤੇ ਚਿਹਰੇ ਉਦਾਸ ਉਤਰੇ ਉਤਰੇ ਤੇ ਨਾਲੇ ਰੇਲ ਦੀਆਂ ਸੀਟੀਆਂ ਤੇ ਨਿੱਕੇ ਬੱਚੇ ਲਾਈਨਾਂ ਦੇ ਨਾਲ ਨਾਲ ਬੰਨ ਤੇ ਚਨੇ ਵੇਚਦੇ .. ਸੁਰੀਲੀ ਗੁਰਬਾਣੀ .. ਭਾਈ ਹਰਨਾਮ ਸਿੰਘ ਤੇ ਭਾਈ ਸਮੁੰਦ ਸਿੰਘ …ਤੇਜ਼ ਟ੍ਰੇਨ ਦੀ ਬੀਟ ਨਾਲ ………..

ਪੱਥਰ ਤੇ ਨਕਸ਼
ਮੋਹ ਦੀਆਂ ਮੁਤਲਾਸ਼ੀ
ਨਾਨੀ ਦੀਆਂ ਅੱਖਾਂ

ਨਾਨੀਸਕੂਲ ਦੇ ਦਿਨਾਂ ਚ ਗਰਮੀਆਂ ਦੀਆਂ ਛੁੱਟੀਆਂ ‘ਚ ਨਾਨਕੇ ਫੇਰੀ ਦੇ ਦ੍ਰਿਸ਼ ਅੱਜ ਵੀ ਚੇਤਿਆਂ ‘ਚ ਓਵੇਂ ਦੇ ਓਵੇਂ ਪਏ ਨੇ… ਨਾਨਾਜੀ ਫੌਜ ‘ਦੀ ਨੌਕਰੀ ਦੌਰਾਨ ਕਈ ਸਾਲ ਮਧ ਪ੍ਰਦੇਸ਼ ਚ ਰਹੇ, ਰਿਟਾਇਰਮੈਂਟ ਤਕ… ਮਗਰੋਂ ਓਥੇ ਹੀ ਵਸ ਗਏ ਸਨ… ਕੋਰੀ ਅਨਪੜ੍ਹ, ਸਿਧੀ ਸਾਦੀ ਦੁਆਬਣ ਨਾਨੀ ਅਧਿਓਂ ਵਧ ਉਮਰ ਓਥੇ ਰਹਿ ਕੇ ਵੀ ਹਿੰਦੀ ਬੋਲਣੀ ਨਾ ਸਿਖੀ… ਓਹਦੇ ‘ਯਹਾਂ’ ਨੂੰ ‘ਹੀਆਂ’ ਤੇ ਵਹਾਂ ਨੂੰ ‘ਹੁਆਂ’ ਕਹਿਣ ਤੇ ਅਸੀਂ ਮੁਸ਼ਕੜੀਏਂ ਹੱਸਣਾ… ਸੁੱਚਮ ਦਾ ਬੜਾ ਖਿਆਲ ਰਖਦੀ… ਮੈਂ ਹਮੇਸ਼ਾ ਘੜੇ ਚੋਂ ਪਾਣੀ ਲੈਕੇ ਓਥੇ ਹੀ ਖੜ੍ਹਾ ਪੀਣ ਲਗਦਾ ਤੇ ਹਮੇਸ਼ਾ ਉਹ ਗੁੱਸੇ ਚ ਭਰ ਕੇ ਮੈਨੂੰ ਭੱਜ ਕੇ ਪੈਂਦੀ… “ਦਾਦੇ ਮਘਾਉਣੇ” ਉਹਦੀ ਮਨਪਸੰਦ ਗਾਹਲ, ਤੇ ਇਹ ਸੁਣਨ ਲਈ ਨਾਨੀ ਨੂੰ ਕਿਸੇ ਵੀ ਬਹਾਨੇ ਖਿਝਾਉਣਾ ਮੇਰੀ ਮਨਪਸੰਦ ਖੁਰਾਫਾਤ… ਪਰ ਦਿਨ ਭਰ ਦੀਆਂ ਸ਼ਰਾਰਤਾਂ ਤੋਂ ਥੱਕ ਕੇ ਜਦ ਮੈਂ ਨਾਨੀ ਕੋਲ ਆਉਣਾ ਤੇ ਉਹਨੇ ਮੈਨੂੰ ਆਪਣੇ ਕਾਲਜੇ ਨਾਲ ਲਾ ਕੇ ਮੇਰੀਆਂ ਦਿਨ ਦੀਆਂ ਸ਼ਰਾਰਤਾਂ ‘ਤੇ ਹੱਸਣਾ ਤਾਂ ਲਗਦਾ ਸੀ ਕਿ ਦੁਨੀਆ ਚ ਇਹਤੋਂ ਸੁਹਣੀ ਨਾਨੀ ਕਿਸੇ ਦੀ ਹੋ ਨਹੀਂ ਸਕਦੀ… ਮੈਂ ਵੀ ਹੱਸ ਪੈਣਾ… ਉਹਦੀ ਫ੍ਰੇਮ ਚ ਜੜੀ ਫੋਟੋ ਹੱਸਦੀ ਤਾਂ ਭਾਵੇਂ ਨਹੀਂ ਹੈ ਲੇਕਿਨ ਜਦੋਂ ਵੀ ਉਹ ਫੋਟੋ ਦੇਖਦਾ ਹਾਂ ਤਾਂ ਨਾਨੀ ਦਾ ਚਿਹਰਾ ਓਵੇਂ ਹੀ ਜਿਉਂਦਾ ਜਾਗਦਾ ਲੱਗਦਾ ਹੈ…

ਨਿੱਕੀ ਨਿੱਕੀ ਕਣੀ –
ਨਾਨੀ ਦੇ ਖਿੜੇ ਚਿਹਰੇ ਦੁਆਲੇ
ਚੰਦਨ ਦੀ ਖੁਸ਼ਬੋਈ