ਪੱਤਝੜ


ਹਾਇਬਨ
=====
ਪੱਤਝੜ
———–
ਸਵੇਰ ਦੀ ਸੈਰ ਕਰ ਕੇ ਜਿਓਂ ਹੀ ਮੈਂ ਪਿੰਡ ਵਾਲੀ ਫਿਰਨੀ ਵਲ ਮੁੜਿਆ, ਉਹ ਮੇਰੇ ਰਾਹ ਵਿਚ ਖੜੋ ਗਿਆ। ਮੈਲੇ ਖੇਸ ਦੀ ਬੁੱਕਲ ਚੋਂ ਉਸਦੇ ਨੰਗੇ ਮੂੰਹ ਤੇ ਛਾਈ ਪੱਤਝੜ ਵੇਖ ਇੱਕ ਵਾਰ ਫੇਰ ਮੇਰਾ ਦਿਲ ਕੰਬ ਉੱਠਿਆ.. ਮੈਨੂੰ ਯਾਦ ਆਇਆ ਕਬੱਡੀ ਦਾ ਉਹ ਪਲੇਅਰ ਅੰਮ੍ਰਿਤ …ਹੰਸੂ ਹੰਸੂ ਕਰਦਾ ਉਸਦਾ ਗੋਭਲਾ ਜਿਹਾ ਚਿਹਰਾ …ਜੋ ਹਰ ਵੇਖਣ ਵਾਲੇ ਦੇ ਦਿਲ ਨੂੰ ਖਿਚ੍ਚ ਪਾਉਂਦਾ ਸੀ । ਪਤਾ ਲਗਿਆ ਕਿ ਹੁਣ ਤਾਂ ਇਹ ਲਾ ਸੁਲਫੇ ਸੂਟੇ ਤੋਂ ਹਰ ਕਿਸਮ ਦਾ ਨਸ਼ਾ ਕਰਦਾ ਹੈ । ਪਹਿਲਾਂ ਵੀ ਦੋ ਵਾਰ ਪੈਸੇ ਲੈ ਕੇ ਮੋੜੇ ਨਹੀ ਤੇ ਹੁਣ ਤੀਜੀ ਵਾਰ ਫੇਰ … ਨਾ ਚਾਹੁੰਦਾ ਹੋਇਆ ਵੀ ਮੈਂ ਸੌ ਦਾ ਇੱਕ ਨੋਟ ਪਰਸ ਵਿੱਚੋ ਕੱਢ ਕੇ ਉਸ ਨੂੰ ਫੜਾ ਦਿੱਤਾ…..

ਰੁੰਡ ਮਰੁੰਡ ਰੁੱਖ ….
ਸੁਲਗਦੀ ਸਿਗਰਟ ਤੋਂ ਝੜਿਆ
ਉਮਰ ਦਾ ਟੋਟਾ

ਕਟਹਲ


ਅੰਬਾਂ ਨੂੰ ਐਤਕੀਂ ਲੋਹੜੇ ਦਾ ਫਲ ਪਿਆ ਸੀ . ਇਸ ਪੈਲੀ ਦਾ ਮਾਲਕ ਪਿਛਲੇ ਸਾਲ ਅਮਰੀਕਾ ਚਲਿਆ ਗਿਆ. ਇਹ ਚਾਰ ਬੂਟੇ ਅੰਬਾਂ ਦੇ ਉਹਨੇ ਬੜੇ ਪਿਆਰ ਨਾਲ ਪਾਲੇ ਸਨ ਤੇ ਹੁਣ ਇਹ ਮੇਰੇ ਭਾਣਜੇ ਦੇ ਹਵਾਲੇ ਸਨ ..ਛੀਂਟਕਾ ਜਿਹਾ ਬਿਹਾਰੀ ਮਜਦੂਰ ਝੱਟ ਦੇਣੀਂ ਅੰਬ ਦੇ ਫਲ ਨਾਲ ਲੱਦੇ ਰੁੱਖ ਤੇ ਚੜ੍ਹ ਗਿਆ . ਅੰਬ ਪੱਕੇ ਨਹੀਂ ਸਨ ਪੱਕਣ ਕਿਨਾਰੇ ਸਨ . ਉਹ ਤੋੜ ਤੋੜ ਸੁਟਦਾ ਗਿਆ ਤੇ ਅਸੀਂ ਚੁਗਦੇ ਗਏ .ਦੋ ਬੋਰੇ ਅੰਬਾਂ ਦੇ ਭਰ ਗਏ .. ਪਰ ਮੇਰੀ ਨਜ਼ਰ ਵਾਰ ਵਾਰ ਖੂਹ ਦੇ ਕੰਢੇ ਖੜੇ ਕਟਹਲ ਦੇ ਰੁੱਖ ਤੇ ਜਾ ਰਹੀ ਸੀ . ਵੱਡੇ ਵੱਡੇ ਫਲ ਮੈਨੂੰ ਬੇਪਨਾਹ ਲੁਭਾ ਰਹੇ ਸਨ. ਤੇ ਮੈਂ ਵੀ ਬਚਪਨ ਦੀ ਸਿੱਖੀ ਕਲਾ ਨੂੰ ਧਿਆ ਕਟਹਲ ਤੇ ਚੜ੍ਹ ਗਿਆ …
ਢਲਦਾ ਦਿਨ ਨਹਿਰੋਂ ਪਾਰ
ਇੱਕੋ ਕਟਹਲ ਤੋੜਦਿਆਂ
ਮੈਂ ਸਾਹੋ ਸਾਹ