ਤਬਦੀਲੀ


ਤਬਦੀਲੀ
=======
ਗੁਰੂ ਘਰ ਦੇ ਸਪੀਕਰ ਚੋਂ ਆਈ ਭਾਈ ਦੀ ਆਵਾਜ ‘ ਜੱਗ ਰਚਨਾ ਸਭ ਝੂਠ ਹੈ… ‘ ਅਤੇ ਮੇਰੇ ਪੈਰਾਂ ਹੇਠ ਆਏ ਸੁੱਕੇ ਪੱਤਿਆਂ ਦੀ ਚਰਮਰਾਹਟ, ਮੈਨੂੰ ਇੱਕ ਦੂਜੇ ਦੀ ਪੂਰਕ ਹੀ ਜਾਪੀ ! ਇਹ ਬਣਨਾ , ਵਿਗਸਣਾ ..ਫੇਰ ਬਣਨਾ , ਫੇਰ ਵਿਗਸਣਾ …ਕੁਦਰਤ ਦੀ ਇਹ ਨਿਆਰੀ ਖੇਡ ….. ਸੈਰ ਕਰਦਾ ਕਰਦਾ ਦੂਰ ਨਿੱਕਲ ਆਇਆ ਹਾਂ .. ਥੋੜਾ ਹੋਰ ਅੱਗੇ ਜਿੱਥੇ ਪਹਿਲਾਂ ਰੇਤ ਦੇ ਟਿੱਬੇ ਹੀ ਟਿੱਬੇ ਸਨ , ਹੁਣ ਵਾਹੀਯੋਗ ਜਮੀਨ ਹੈ ..ਧਲ ਧਲ ਚਲਦੀਆਂ ਮੋਟਰਾਂ ਚੋਂ ਜਾਣੋ ਤਬਦੀਲੀ ਦੀ ਧਾਰਾ ਵਹਿ ਰਹੀ ਹੋਵੇ .. ਔਹ ਸੱਜੇ ਹੱਥ ਬੰਜਰ ਜਮੀਨ ਵਿੱਚ ਬਣੀ ਫੈਕਟਰੀ ਤੇ ਕੋਈ ਹੋਰ ਹੀ ਸਾਇਨ ਬੋਰਡ ਲੱਗ ਗਿਆ ਹੈ ..

ਪੋਹ ਦੀ ਠੰਡ —
ਮੜ੍ਹੀਆਂ ਦੀ ਚੁੱਪ ਵਿੱਚ ਭਬਕੀ
ਮਾਚਿਸ ਦੀ ਤੀਲੀ

ਤਾਰਾ (ਹਾਇਬਨ)


ਤਾਰਾ
====
ਟਿਮਟਿਮਾਉਂਦੇ ਤਾਰਿਆਂ ਤੋਂ ਮੂੰਹ ਮੋੜ ਜਦ ਮੈਂ ਅੱਖਾ ਮੀਚੀਆਂ ਫਿਰ ਉਹੀ ਮੁੰਡਾ ਯਾਦ ਆ ਗਿਆ ..ਹਲਵਾਈ ਦਾ ਕੰਮ ਕਰਦਾ ਸੀ ..ਕਾਰੀਗਰ ਐਨਾ ਵਧੀਆ ਸੀ ਕਿ ਲੋਕ ਉਸਦੇ ਬਣਾਏ ਖਾਣੇ ਖਾ ਕੇ ਉਂਗਲੀਆਂ ਚਟਦੇ ਰਹਿ ਜਾਂਦੇ ਸੀ ..ਪਾਲਕ ਪਨੀਰ ਤਾਂ ਐਨਾ ਵਧੀਆ ਬਣਾਉਂਦਾ ਸੀ ਕਿ ਰਹੇ ਰੱਬ ਦਾ ਨਾਂ ..ਅਜੇ ਮਹੀਨਾ ਹੀ ਹੋਇਆ ਸੀ ਉਸਦੇ ਪਿਓ ਮਰੇ ਨੂੰ ..ਮੇਰੇ ਕੋਲ ਆਇਆ ਸੀ ਫਾਰਮ ਭਰਵਾਉਣ ..ਸਰਕਾਰ ਵੱਲੋਂ ਦਸ ਕੁ ਹਜ਼ਾਰ ਸਹਾਇਤਾ ਮਿਲਣੀ ਸੀ
…………ਤੇ ਅੱਜ ..ਓਸੇ ਦੇ ਹੀ ਅੰਤਿਮ ਸੰਸਕਾਰ ਤੇ ਜਾ ਕੇ ਆਇਆ ਹਾਂ ..ਜਦ ਕਦੇ ਹਲਵਾਈ ਦੇ ਕੰਮ ਤੋਂ ਵਿਹਲਾ ਹੁੰਦਾ ਸੀ ਤਾਂ ਦਿਹਾੜੀ ਦੱਪਾ ਕਰ ਲੈਂਦਾ ਸੀ ..ਪੈੜ ਤੋਂ ਡਿੱਗ ਕੇ ਮਣਕਾ ਟੁੱਟ ਗਿਆ ..ਉਸਦੀ ਸੁਬਕ ਜਿਹੀ ਘਰਵਾਲੀ ਤੇ ਛੋਟੇ ਛੋਟੇ ਬੱਚੇ ਰੋਂਦੇ ਝੱਲੇ ਨਹੀਂ ਸਨ ਜਾਂਦੇ ..ਕੀ ਕਰੇਗੀ ਵਿਚਾਰੀ ..ਕਿਵੇਂ ਪਾਲੇਗੀ ਬੱਚੇ ….
ਤਿੱਤਰ ਖੰਭੀ ਦੇ ਨਾਲ ਨਾਲ ਮੇਰੀ ਨੀਂਦ ਵੀ ਉੱਡੀ ਜਾ ਰਹੀ ਹੈ …

ਟੁੱਟਿਆ ਤਾਰਾ ….
ਦੂਰ ਮੰਦਰ ਦੇ ਪਿਛਵਾੜਿਓਂਂ
ਟਟੀਹਰੀ ਦਾ ਕੁਰਲਾਟ

ਪੱਤਝੜ


ਹਾਇਬਨ
=====
ਪੱਤਝੜ
———–
ਸਵੇਰ ਦੀ ਸੈਰ ਕਰ ਕੇ ਜਿਓਂ ਹੀ ਮੈਂ ਪਿੰਡ ਵਾਲੀ ਫਿਰਨੀ ਵਲ ਮੁੜਿਆ, ਉਹ ਮੇਰੇ ਰਾਹ ਵਿਚ ਖੜੋ ਗਿਆ। ਮੈਲੇ ਖੇਸ ਦੀ ਬੁੱਕਲ ਚੋਂ ਉਸਦੇ ਨੰਗੇ ਮੂੰਹ ਤੇ ਛਾਈ ਪੱਤਝੜ ਵੇਖ ਇੱਕ ਵਾਰ ਫੇਰ ਮੇਰਾ ਦਿਲ ਕੰਬ ਉੱਠਿਆ.. ਮੈਨੂੰ ਯਾਦ ਆਇਆ ਕਬੱਡੀ ਦਾ ਉਹ ਪਲੇਅਰ ਅੰਮ੍ਰਿਤ …ਹੰਸੂ ਹੰਸੂ ਕਰਦਾ ਉਸਦਾ ਗੋਭਲਾ ਜਿਹਾ ਚਿਹਰਾ …ਜੋ ਹਰ ਵੇਖਣ ਵਾਲੇ ਦੇ ਦਿਲ ਨੂੰ ਖਿਚ੍ਚ ਪਾਉਂਦਾ ਸੀ । ਪਤਾ ਲਗਿਆ ਕਿ ਹੁਣ ਤਾਂ ਇਹ ਲਾ ਸੁਲਫੇ ਸੂਟੇ ਤੋਂ ਹਰ ਕਿਸਮ ਦਾ ਨਸ਼ਾ ਕਰਦਾ ਹੈ । ਪਹਿਲਾਂ ਵੀ ਦੋ ਵਾਰ ਪੈਸੇ ਲੈ ਕੇ ਮੋੜੇ ਨਹੀ ਤੇ ਹੁਣ ਤੀਜੀ ਵਾਰ ਫੇਰ … ਨਾ ਚਾਹੁੰਦਾ ਹੋਇਆ ਵੀ ਮੈਂ ਸੌ ਦਾ ਇੱਕ ਨੋਟ ਪਰਸ ਵਿੱਚੋ ਕੱਢ ਕੇ ਉਸ ਨੂੰ ਫੜਾ ਦਿੱਤਾ…..

ਰੁੰਡ ਮਰੁੰਡ ਰੁੱਖ ….
ਸੁਲਗਦੀ ਸਿਗਰਟ ਤੋਂ ਝੜਿਆ
ਉਮਰ ਦਾ ਟੋਟਾ