ਸੂਹਾ ਚੂੜਾ


ਬਾਈਆਂ ਵਰ੍ਹਿਆਂ ਦੀ ਮਲੂਕੜੀ ਜਿਹੀ ਕੁੜੀ ਦੇ ਵੀਰਾਂ ਨੇ ਅਜੇ ਡੋਲੀ ਵਾਲੀ ਕਾਰ ਨੂੰ ਧੱਕਾ ਲਾਇਆ ਹੀ ਹੈ ਕਿ ਉਸਦੇ ਨਾਲ ਆ ਬੈਠੇ ਰੱਬ ਦੇ ਬੰਦੇ ਨੇ ਹੌਲੀ ਜਿਹੀ ਉਸਦੇ ਕੰਨ ‘ਚ ਪਹਿਲੀ ਫੂਕ ਮਾਰੀ, “ਜੇ ਹੋ ਸਕੇ ਤਾਂ ਇਹ ਚੂੜਾ ਲਾਹ ਦੇਵੀਂ ਛੇਤੀ ਤੋਂ ਛੇਤੀ, ਮੈਂ ਇੰਨਾਂ ਰਸਮਾਂ ਰਿਵਾਜਾਂ ਵਿਚ ਯਕੀਨ ਨਹੀਂ ਕਰਦਾ।” ਕੁੜੀ ਨੇ ਹੂੰ ਹਾਂ ਕੀਤੇ ਬਗੈਰ ਇੱਕ ਸਰਸਰੀ ਨਜਰ ਚੂੜੇ ‘ਤੇ ਮਾਰੀ ਤੇ ਤੁਰੀ ਜਾਂਦੀ ਕਾਰ ਦੀ ਬਾਰੀ ਚੋਂ ਆਪਣੇ ਗਲੀ ਮੁਹੱਲੇ ਦੇ ਰਾਹਾਂ ਰਸਤਿਆਂ, ਉੱਚੇ ਨੀਵੇਂ ਮਕਾਨਾਂ, ਜਾਣੇ ਪਹਿਚਾਣੇ ਚੇਹਰਿਆਂ ਨੂੰ ਨੀਝ ਨਾਲ ਤੱਕਣ ਲੱਗ ਪਈ, ਭਰੀਆਂ ਅੱਖਾਂ ਨੂੰ ਹਰ ਵਸਤ ਡੁੱਬਦੀ ਤਰਦੀ ਨਜਰ ਆ ਰਹੀ ਜਾਪੇ … ਉਸਨੂੰ ਆਪਣਾ ਅਕਸ ਵੀ ਦਿਖਿਆ ਉਸੇ ਸੜਕ ਤੇ ਬੇਫਿਕਰ ਤੁਰਿਆ ਜਾਂਦਾ, ਅੱਲੜ ਅਤੇ ਅਜਾਦ ਜਿਸਦੇ ਨਾਲ ਕੋਈ ਰੱਬ ਦਾ ਬੰਦਾ ਨਹੀਂ ਹੈ ਜੋ ਉਸਨੂੰ ਹਿਦਾਇਤ ਦੇ ਸਕੇ ਕਿ ਕੀ ਕਰੀਂ ਅਤੇ ਕੀ ਨਾਂ ਕਰੀਂ। ਪੈਂਡਾ ਬਹੁਤ ਲੰਮਾ ਹੈ ਅਤੇ ਸਾਥ ਕੁਝ ਓਪਰਾ, ਲੰਮੀ ਪੱਸਰੀ ਚੁੱਪ ਨੇ ਸਹੁਰੇ ਘਰ ਦੀ ਦਹਿਲੀਜ਼ ਤੱਕ ਬੜਾ ਸੋਹਣਾ ਸਾਥ ਨਿਭਾ ਦਿੱਤਾ ਹੈ ਉਸ ਕੁੜੀ ਦਾ।
ਪਾਣੀ ਨਹੀਂ ਵਾਰਿਆ ਗਿਆ, ਰੱਬ ਦਾ ਬੰਦਾ ਇਤਰਾਜ਼ ਕਰਦਾ ਹੈ…ਫਾਲਤੂ ਗੱਲਾਂ! ਚੁੱਪ ਵਰਤ ਗਈ ਹੈ ਕੁਝ ਦੇਰ ਵਾਸਤੇ। ” ਕੁੜੀ ਮਾੜੀ ਨਹੀਂ ਹੈ, ਰੰਗ ਹੀ ਥੋੜਾ ਸਾਂਵਲਾ ਹੈ ਜਰਾ,” ਇੱਕ ਪਾਸਿਓਂ ਅਵਾਜ਼ ਆਈ ਹੈ ਹਾਰ ਕੇ । “ਲੈ ਤਾਂ… ਇਸ ਵਿਚਾਰੀ ਦੇ ਤਾਂ ਚੂੰਡੀ ਭਰਣ ਜੋਗਾ ਮਾਸ ਵੀ ਨਹੀਂ ਹੈ,” ਕਿਸੇ ਸਿਆਣੀ ਜਿੰਦ ਨੇ ਫੈਸਲਾ ਸੁਣਾਇਆ ਦਿੱਤਾ ਹੈ ਸਾਰੇ ਇੱਕਠ ਨੂੰ, ਐਨਕ ਦੇ ਸ਼ੀਸ਼ਿਆਂ ਚੋਂ ਗੌਰ ਨਾਲ ਤੱਕ ਕੇ। ਪਰ ਫਿਲਹਾਲ ਕੁੜੀ ਦਾ ਸਾਰਾ ਧਿਆਨ ਕੁਝ ਪਲਾਂ ਲਈ ਆਪਣੇ ਮੂਹਰੇ ਪਏ ਗਾਨਿਆਂ ਵੱਲ ਹੈ। ਇੱਕ ਤੋਂ ਬਾਦ ਇੱਕ ਉਹ ਸਾਰੇ ਗਾਨੇ ਜਿੱਤੀ ਜਾਂਦੀ ਹੈ। ਰੱਬ ਦਾ ਬੰਦਾ ਕੁਝ ਫਿੱਕਾ ਫਿੱਕਾ ਜਾਪਦਾ ਹੈ, ਜਰੂਰੀ ਫੋਨ ਕਰਨ ਦੇ ਪੱਜ ਨਾਲ ਉਠ ਖਲੋਤਾ ਹੈ ਅੱਧ ਵਿਚਾਲੇ, ਜਾਂ ਸ਼ਾਇਦ ਇਹ ਰਿਵਾਜ਼ ਵੀ ਠੀਕ ਨਹੀਂ ਹੈ ..ਤੇ ਜਾਂਦਾ ਜਾਂਦਾ ਕੁੜੀ ਨੂੰ ਪਹਿਲੀ ਘੂਰੀ ਵੱਟ ਗਿਆ ਹੈ। ਪੇਕੇ ਦੀ ਦਹਿਲੀਜ ਟੱਪਿਆਂ ਅਜੇ ਕੁਝ ਹੀ ਘੰਟੇ ਹੋਏ ਨੇ, ਸ਼ਾਮ ਤਾਂ ਰੋਜ਼ ਹੀ ਢੱਲਦੀ ਹੈ, ਪਰ ਅੱਜ ਤਾਂ ਜਿਵੇਂ ਕੁਵੇਲਾ ਹੀ ਹੋ ਗਿਆ ਹੈ, ਭਾਰਾ ਪਵੇਗਾ… 

ਹੁੰਮਸੀ ਰਾਤ…
ਚੁੱਪਚੁਪੀਤੇ ਦੁੱਧ ਭਰੇ ਥਾਲ ‘ਚ
ਵਧਾਇਆ ਸੂਹਾ ਚੂੜਾ

ਤੋਤਾ


ਗੁਆਂਢੀਆਂ ਦਾ ਤੋਤਾ ਅੱਜ ਸਵੇਰ ਤੋਂ ਹੀ ਬਹੁਤ ਬੋਲ ਰਿਹਾ ਹੈ, ਜੋਰ ਜੋਰ ਦੀ ਹੱਸਦਾ ਹੈ ਘੜੀ ਕੁ ਮਗਰੋਂ। ਪਰ ਦਿਲ ਨਹੀਂ ਕੀਤਾ ਰੋਜ਼ ਵਾਂਗ ਉਸ ਨਾਲ ਬਾਤਾਂ ਪਾਵਾਂ, ਪਤਾ ਨਹੀਂ ਕਾਹਦੀ ਧੁੱਕਧੁਕੀ ਜਿਹੀ ਲੱਗੀ ਹੋਈ ਹੈ। ਬਸ ਚੁੱਪਚਾਪ ਅਮਰੂਦ ਦੀ ਛਾਵੇਂ ਬੈਠੀ ਸਵਾਲ ਕੱਡ ਰਹੀ ਹਾਂ, ਹਫਤਾ ਵੀ ਨਹੀਂ ਰਹਿ ਗਿਆ ਹੁਣ ਤਾਂ ਹਿਸਾਬ ਦੇ ਇਮਤਿਹਾਨ ਨੂੰ। ਗੰਗਾਰਾਮ ਨੂੰ ਮੇਰੇ ਡੈਡੀ ਮੂੰਗਫਲੀ ਲਿਆ ਲਿਆ ਖਵਾਉਂਦੇ ਨੇ, ਹਰੀਆਂ ਮਿਰਚਾਂ ਅਤੇ ਕੱਚੀਆਂ ਅੰਬੀਆਂ ਪਰੋਸ ਪਰੋਸ ਦਿੰਦੇ ਨੇ, ਐਵੇਂ ਤਾਂ ਨਹੀਂ ਅਗਲਾ ਗੁਆਂਢੀਆਂ ਤੋਂ ਵੱਧ ਮੇਰੇ ਡੈਡੀ ਦਾ ਜੱਸ ਗਾਉਂਦਾ ਹੈ। “ਸਿੰਘ ਸਾਹਿਬ ਆਓ ਸ਼ਤਰੰਜ ਦੀ ਬਾਜ਼ੀ ਹੋ ਜਾਵੇ”, ਸਾਰਾ ਦਿਨ ਬੱਸ ਸਿੰਘ ਸਾਹਿਬ, ਸਿੰਘ ਸਾਹਿਬ। ਨਵਾਂ ਬੰਦਾ ਤੋਤੇ ਦੀ ਮੇਰੇ ਡੈਡੀ ਵਾਸਤੇ ਮੋਹ ਭਰੀ ਰੱਟ ਸੁਣ ਕੇ ਹੈਰਾਨ ਰਹਿ ਜਾਂਦਾ, ਪਰ ਮੈਂ ਤਾਂ ਆਦੀ ਹਾਂ! ਦਿਨ ਵਿਚ ਇੱਕ ਵਾਰ ਉਸਦਾ ਪਿੰਜਰਾ ਜਰੂਰ ਖੋਲਿਆ ਜਾਂਦਾ ਹੈ ਅਤੇ ਉਹ ਬੜੇ ਹੱਕ ਨਾਲ ਸਾਡੇ ਘਰੇ ਵੀ ਫੇਰੀ ਪਾ ਜਾਂਦਾ, ਡੈਡੀ ਦੀ ਲੱਗੀ ਲਗਾਈ ਸ਼ਤਰੰਜ ਦੀ ਬਾਜ਼ੀ ਆਪਨੇ ਖੰਬ ਮਾਰ ਮਾਰ ਹਲੂਣ ਜਾਂਦਾ, ਜਾਂ ਕੋਈ ਮੋਹਰਾ, ਪਿਆਦਾ ਚੱਕ ਕੇ ਵਾਪਿਸ ਪਿੰਜਰੇ ‘ਚ ਜਾ ਵੜਦਾ ਹੈ, ਫਿਰ ਹੱਸਦਾ ਹੈ। ਦਿਹਾੜੀ ਮੁੱਕਣ ਤੇ ਆਈ ਹੈ…ਅੱਜ ਡੈਡੀ ਦੀ ਤਬੀਅਤ ਠੀਕ ਨਹੀਂ ਹੈ, ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ, ਕਰਦਿਆਂ ਕਰਾਉਂਦਿਆਂ ਰਾਤ ਘਿਰ ਗਈ ਹੈ, ਗੰਗਾਰਾਮ ਨੇ ਮਿਰਚਾਂ ਨਾਲ ਭਰੀ ਆਪਣੀ ਕੌਲੀ ਨੂੰ ਨਜਰ ਭਰ ਕੇ ਵੀ ਨਹੀਂ ਤੱਕਿਆ, ਨਾਂ ਹੀ ਝੱਪਕੀਆਂ ਲਈਆਂ ਨੇ। ਹਾਂ ਪਰ ਹੱਟ ਹੱਟ ਕੇ ਸਿੰਘ ਸਾਹਿਬ ਨੂੰ ਬਹੁਤ ਅਵਾਜਾਂ ਮਾਰੀਆਂ ਨੇ ਪਰ ਹੁਣ ਕੁਝ ਹੰਭ ਜਿਹਾ ਗਿਆ ਹੈ।

“ਤੇਰੀ ਮਾਂ ਬੁਲਾਉਂਦੀ ਹੈ ਮੈਨੂੰ ਹੁਣ ਅਨੂਪ, ਉਹ ਵੀ ਇੱਕਲੀ ਹੈ”…ਮੈਨੂੰ ਲਾਗੇ ਬੈਠੀ ਨੂੰ ਕਈ ਵਾਰ ਕਹਿ ਚੁਕੇ ਨੇ ਦਵਾਈਆਂ ਦੇ ਲੋਰ ਵਿਚ। ਮੇਰੇ ਦੋਵੇਂ ਵੀਰ ਅੱਜ ਰੱਬੋਂ ਹੀ ਘਰ ਨਹੀਂ ਨੇ। ਸਾਹ ਔਖੇ ਹੁੰਦੇ ਜਾ ਰਹੇ ਨੇ, ਪਤਾ ਨਹੀਂ ਕਿਸ ਗੱਲੋਂ ਗੁਆਂਢੀਆਂ ਦੇ ਤੋਤੇ ਦਾ ਪਿੰਜਰਾ ਚੱਕ ਕੇ ਲੈ ਆਈ ਹਾਂ ਮੈਂ ਰਾਤ ਦੇ ਢਾਈ ਵਜੇ ਕੰਧ ਤੋਂ! ਰਾਤ ਹੌਲੀ ਹੌਲੀ ਸਰਕ ਰਹੀ ਹੈ, ਬਿਲਕੁਲ ਮੇਰੇ ਡੈਡੀ ਦੇ ਕੁਝ ਅਖੀਰੀ, ਔਖੇ ਗਿਣੇ ਮਿਣੇ ਸਾਹਾਂ ਵਰਗੀ, ਤੋਤਾ ਪਿੰਜਰੇ ਚੋਂ ਟਿਕਟਿਕੀ ਲਾ ਕੇ ਸਿੰਘ ਸਾਹਿਬ ਨੂੰ ਦੇਖ ਰਿਹਾ ਹੈ। ਮੈਂ ਉਸਦਾ ਪਿੰਜਰਾ ਵੀ ਖੋਲ ਦਿੱਤਾ ਹੈ ਤੇ ਆਪਨੇ ਹੱਥੀਂ ਡੈਡੀ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਨੇ। ਮੈਂ ਅਜੇ ਰੋ ਨਹੀਂ ਰਹੀ…

ਖੁੱਲਾ ਪਿੰਜਰਾ…
ਸਿਰ ਨਿਵਾ ਕੇ ਦੇਵੇ ਸਲਾਮੀ
ਸਾਂਝਾ ਤੋਤਾ

ਬੋਤਲ


ਦੇਰ ਰਾਤ ਤੱਕ ਇਸਦੇ ਭਰੇ ਜਾਂਮ, ਖੁੱਲੀਆਂ ਬੋਤਲਾਂ ਦੀ ਦੁਰਗੰਧ ਦੀ ਮੈ ਆਦੀ ਹੋ ਗਈ, ਕੱਲ ਰਾਤ ਵੀ 40 ਓਂਸ ਦੀ ਕੋਈ ਤੀਹ ਕੁ ਸਾਲ ਪੁਰਾਨੀ ਵਿਸਕੀ ਦੀ ਬੋਤਲ ਆਈ, ਕਹਿੰਦਾ ਨਵੇਂ ਸਾਲ ਨੂੰ ਖੋਲਾਂਗਾ। ਪਰ ਮੈਂ ਤਾਂ ਨਵਾਂ ਸਾਲ ਗੁਰਦਵਾਰੇ ਸ਼ੁਰੂ ਕਰਨਾ ਹੈ… ਖੈਰ!… ਮੈਂ ਆਪਨੇ ਚਾਰ ਚੁਫੇਰੇ ਇੱਕ ਅਦਿਖ੍ਹ ਬੁਲਬੁਲਾ ਉਸਾਰ ਲਿਆ ਹੈ ਸ਼ਾਇਦ ਜਿਸ ਵਿਚ ਮੇਰੇ ਨਿਤਨੇਮ, ਮੇਰੇ ਕੁਝ ਖਾਸ ਪੌਦੇ ਬੂਟੇ, ਵੰਨ-ਸੁਵ੍ਵ੍ਨੀਆਂ ਚਾਹ ਪੱਤੀਆਂ, ਇੱਤਰ ਫੁਲੇਲਾਂ ਅਤੇ ਭਾਂਤ ਭਾਂਤ ਦੀਆਂ ਮੋਮ ਬੱਤੀਆਂ ਤੋਂ ਇਲਾਵਾ ਕੋਈ ਨਹੀਂ ਪਰਵੇਸ਼ ਕਰ ਸਕਦਾ। ਆਪਣਾ ਖੂਨ ਸਾੜਨਾ ਬੰਦ ਕਰ ਦਿੱਤਾ ਹੈ। ਲਾਇਬਰੇਰੀ ਤੋਂ ਲਿਆਉਂਦੀ ਕਿਤਾਬ ਵਿਚ ਰਾਤ ਮੇਰੀ ਬਿਰਤੀ ਲੱਗੀ ਰਹੀ,..” ਆਦਤ ਤੋਂ ਬਿਮਾਰੀ ਦਾ ਫਾਸਲਾ ਕਿੰਨਾ”? ਜਵਾਬ ਲਭਦਿਆਂ ਲਭਦਿਆਂ ਘੜੀ ਦਾ ਅਲਾਰਮ ਗੂੰਜ ਉਠਿਆ ਹੈ। ਕਿਤਾਬ ਦਾ ਆਖਰੀ ਪੰਨਾ ਇੱਕੋ ਸੱਤਰ ‘ਚ ਮੁੱਕ ਗਿਆ ਹੈ…” ਆਦਤ ਜਾਂ ਤਲਬ ਤੋਂ ਬਿਮਾਰੀ ਦਾ ਫਾਸਲਾ ਸਿਰਫ ਇੱਕ ਅੱਖ ਝ੍ਪੱਕਣ ਜਿੰਨਾ ਹੈ”। ਸਵਾ ਪੰਜ ਹੋ ਗਏ ਨੇ…ਮੇਰੀ ਚਾਹ ਦਾ ਪਾਣੀ ਉਬਲੇ ਮਾਰਦਾ ਹੈ, ਚਾਲੀ ਓਂਸ ਦਾ ਡੱਕ ਖੁੱਲ ਗਿਆ ਹੈ, ਚਾਹ ਵਾਸਤੇ ਹਾਕ ਨਹੀਂ ਪਈ ਮੈਨੂੰ…

ਪਰਭਾਤ ਦਾ ਤਾਰਾ…
ਚਾਹ ਦੇ ਪਿਆਲੇ ਨਾਲ ਖਹਿ ਗਈ
ਪੌਣੀ ਬੋਤਲ

ਕਨਾਤਾਂ ਹੇਠਲੀ ਘੁੱਟਣ


ਆਮ ਕੁੜੀਆਂ ਵਾਂਗ ਮੈਨੂੰ ਆਪਨੇ ਵਿਆਹ ਦਾ ਕੋਈ ਡਾਢਾ ਚਾਅ ਮਲਾਰ ਨਹੀਂ ਸੀ, ਮੈਂ ਸ਼ਾਇਦ ਦਿਮਾਗੀ ਤੌਰ ਤੇ ਤਿਆਰ ਹੀ ਨਹੀਂ ਸੀਟੀਚਾ ਤਾਂ ਮੇਰਾ ਇਹ ਹੀ ਸੀ ਐਮ. ਏ .ਦੇ ਇਮਤਿਹਾਨ ਦੇ ਕੇ ਮੈਂ ਹੱਦ ਚੌਹਾਂ ਕੁ ਵਰਿਆਂ ਚ ਐਮ-ਫਿਲ ਤੇ ਪੀ. ਐਚ. ਡੀ. ਕਰ ਲਵਾਂਗੀ, ਫਿਰ ਅਗਾਂਹ ਦਾ ਸੋਚਾਂਗੀਮੇਰਾ ਬਾਲ ਮਨ ਪਿਆਰ ਚ ਇੱਕ ਸੱਟ ਖਾ ਚੁਕਿਆ ਸੀ,  ਹੋਰ ਵਾਸਤੇ ਮੈਂ ਤਿਆਰ ਨਹੀਂ ਸੀ ਇਕ ਦੁਪਿਹਰ ਯੂਨਿਵਰਸਿਟੀ ਤੋਂ ਘਰ ਪਰਤੀ ਤਾਂ ਵੀਰ ਤੇ ਭਰਜਾਈ ਨੇ ਪੈਂਦੀ ਸੱਟੇ ਕਹਿ ਦਿੱਤਾ ਕਿ ਕਨੇਡਾ ਤੋਂ ਰਿਸ਼ਤਾ ਆਇਆ ਹੈ, ਨਾਂਹ ਨੁੱਕਰ ਨਾਂ ਕਰੀਂ, ਭਾਗਾਂ ਵਾਲੀ ਹੈਂ ਕਿ ਘਰ ਬੈਠੀ ਨੂੰ ਰਿਸ਼ਤਾ ਆ ਰਿਹਾ ਹੈ ਮੁੰਡੇ ਵਾਲੇ ਬਹੁਤ ਭਲੇ ਲੋਕ ਨੇ, ਮੁੰਡਾ ਜੰਮਾਂ ਸਾਊ, ਉਸਦਾ ਆਪਣਾ ਬਿਜ਼ਨਸ … ਛੇ ਫੁੱਟਾ… ਸ਼ਰੀਫ਼…… ਇਸ ਤੋਂ ਅੱਗੇ ਮੈਨੂੰ ਕੁਝ ਨਾ ਸੁਣਿਆ, ਬਸ ਮੇਰੇ ਕੰਨੀਂ ਪਾਰਾ ਹੀ ਘੁਲਦਾ ਜਾਪਿਆ
ਪਰ ਮੈਂ ਵਿਆਹ ਨਹੀਂ ਕਰਾਉਣਾ, ਹੋਰ ਪੜਨਾ ਚਾਹੁੰਦੀ ਹਾਂਮੈਂ ਰੋ ਰੋ ਹਿਚਕੀਆਂ ਲਾ ਲਈਆਂ ਪਰ ਮੇਰੀ ਮਰਜੀ ਦਾ ਕਿਸੇ ਨੂੰ ਕੀ? ਉਹ ਸ਼ਾਇਦ ਵੀਰ ਦੀ ਦਬਕੇ ਭਰੀ ਦਲੀਲ ਚ ਘੁੱਟ ਗਈ ਸੀਪਹਿਲੀ ਵਾਰ ਮਾਂ ਪਿਓ ਦੀ ਕਮੀ ਬਹੁਤ ਅਖਰੀਫਿਰ ਉਹ ਦਿਨ ਵੀ ਛੇਤੀ ਆ ਧਮਕਿਆ ਜਿਸ ਦਿਨ ਮੇਰੇ ਹਥ੍ਹੀਂ ਮਹਿੰਦੀ ਲੱਗੀ….. ਮਾਮੇ ਨੇ ਸ਼ਾਇਦ ਬੜੇ ਸ਼ੌਕ ਨਾਲ ਮੇਰਾ ਚੂੜਾ ਲਿਆਂਦਾ ਸੀਪਰ ਮੈਨੂੰ ਜਾਪਿਆ ਜਿਵੇਂ ਇਹ ਪਾਉਂਦੇ ਪਾਉਂਦੇ ਹੀ ਟੁੱਟਦਾ ਖਿੰਡਦਾ ਜਾ ਰਿਹਾ ਹੋਵੇ  ਕਨਾਤਾਂ ਹੇਠਾਂ ਘੁੱਟਣ ਵੱਧਦੀ ਜਾ ਰਹੀ ਸੀ……………

ਲੰਮੀ ਉਡਾਰੀ…
ਵੀਰ ਤੋਂ ਫੇਰ ਕੇ ਨਜ਼ਰ
ਪਿੱਛੇ ਸੁੱਟੇ ਚੌਲ


ਸਰਦਲ ਤੋਂ ਪਾਰ

ਇੱਕ ਬਰਫਾਨੀ ਤੂਫ਼ਾਨ ਵਿਚ, ਹਾਈਵੇ ਦੇ ਨਾਲ ਲਗਦੇ ਐਂਟੀਕ ਸਟੋਰ ਤੋਂ, ਬੜੇ ਚਾਅ ਨਾਲ ਚੁਣ ਕੇ ਲਿਆਈ ਸਾਂ ਮੈਂ ਟਾਹਲੀ ਦੀ ਲੱਕੜ ਦਾ ਓਹ ਸ਼ੋਕੇਸ ! ਘਰ ਲਿਆਂਦਿਆਂ ਸਾਰ ਉਸਨੂੰ ਆਪਣੀ ਨਿੱਕੀ ਜਿਹੀ ਬੈਠਕ ਦੀ ਇੱਕ ਨੁੱਕਰ ਵਿਚ ਬੜੀ ਸਾਵਧਾਨੀ ਨਾਲ ਟਿਕਾ ਦਿੱਤਾ ਸੀ । ਸਭ ਤੋਂ ਉੱਚੀ ਸੈਲਫ਼ ‘ਤੇ ਗੌਤਮ ਬੁੱਧ ਦਾ ਸ਼ਾਂਤ ਬੁੱਤ ਜਾ ਬੈਠਾ । ਹੇਠਲੀਆਂ ਦੋ ਸ਼ੈਲਫਾਂ ਪੁਰਾਣੀਆਂ ਕਿਤਾਬਾਂ ਨਾਲ ਝੱਟ-ਪੱਟ ਹੀ ਭਰ ਗਈਆਂ। ਮੰਝਲੀ ਸ਼ੈਲਫ ਵਿਚ ਆਪਣੀ ਧੀ ਦੀ ਤਸਵੀਰ ਦੇ ਲਾਗੇ ਮੋਤੀਏ ਦੀਆਂ ਕਲੀਆਂ ਦੀ ਮਹਿਕ ਫੈਲ ਗਈ । ਅਖੀਰਲੀ ਸ਼ੈਲਫ਼ ਉੱਤੇ ਇੱਕ ਗਲੋਬ ਦੇ ਨਾਲ ਪਈ ਪ੍ਰਾਚੀਨ ਘੜੀ ਟਿਕ-ਟਿਕ ਕਰਨ ਲੱਗੀ। ਅਖੀਰਲੇ ਦਰਾਜ਼ ਨੂੰ ਅਜੇ ਮੈਂ ਨਿੱਕੀਆਂ ਮੋਟੀਆਂ ਚੀਜ਼ਾਂ ਨਾਲ ਭਰ ਹੀ ਰਹੀ ਸੀ ਕਿ ਉਸਨੇ ਕਿਹਾ “ਭਲੀਏ ਲੋਕੇ ! ਕਿਸੇ ਦਰਾਜ਼ ਦਾ ਇੱਕ-ਅੱਧਾ ਕੋਨਾ ਮੇਰੇ ਵਾਸਤੇ ਵੀ ਛੱਡ ਦੇਵੀਂ, ਮੈਂ ਵੀ ਆਪਣੀਆਂ ਕੁਝ ਬੇਸ਼ਕੀਮਤੀ ਚੀਜ਼ਾਂ ਸਾਂਭਣੀਆਂ ਹਨ।” ਹਸਦਿਆਂ ਹੋਇਆਂ ਮੈਂ ਇੱਕ ਪੂਰਾ ਦਰਾਜ਼ ਖਾਲੀ ਕਰ ਦਿੱਤਾ।

ਇੱਕ ਧੁਪੀਲੇ ਜਿਹੇ ਦਿਨ, ਅਲਮਾਰੀ ਤੋਂ ਮਿੱਟੀ ਝਾੜਦਿਆਂ ਓਹ ਬੰਦ ਦਰਾਜ਼ ਫਟੱਕ ਦੇਣੇ ਆਪਣੇ-ਆਪ ਖੁਲ੍ਹ ਗਿਆ । ਦਾਰੂ ਦੀਆਂ ਕੁਝ ਅੱਧ -ਭਰੀਆਂ, ਕੁਝ ਖਾਲੀ ਬੋਤਲਾਂ ਧੜਾਧੜ ਮੇਰੇ ਪੈਰਾਂ ਵਿਚ ਆ ਡਿੱਗੀਆਂ । ਮੇਰੀ ਨਜ਼ਰ ਬੁੱਧ ਦੇ ਸ਼ਾਂਤ ਬੁੱਤ ਤੋਂ ਹੁੰਦੀ ਹੋਈ ਮੋਤੀਏ ਦੀਆਂ ਕਲੀਆਂ ਵਿਚ ਜਾ ਉਲਝੀ …

ਗੰਧਲੀ ਹਵਾ . .
ਸਰਦਲ ਤੋਂ ਪਾਰ ਖਿੰਡਰੀ
ਮੋਤੀਏ ਦੀ ਮਹਿਕ

ਲਾਲੀ


ਗੁਲ੍ਮੋਹਰਾਂ ਦੀ ਛਾਂ ਜਿਹਾ ਮੇਰੇ ਨਾਲ ਹੀ ਤੁਰਿਆ ਰਹਿੰਦਾ ਹੈ ਸਦਾ, ਉਹਨਾਂ ਦੀ ਤਾਜ਼ੀ ਮਹਿਕ ਵਾਂਗ ਹੀ ਘੁਲਿਆ ਹੈ ਮੇਰੇ ਸਾਹੀਂ, ਫਿਰ ਇਹ ਕਹਿਣਾ ਤਾਂ ਗਲਤ ਹੋਵੇਗਾ ਕਿ ਹਾਏ ਮੈਨੂੰ ਮਿਲਿਆ ਨਹੀਂ ਮੇਰਾ ਪਹਿਲਾ ਪਿਆਰ, ਸੱਚੇ ਰੱਬ ਜਿਹਾ, ਰਤਾ ਵੀ ਫਰਕ ਨਹੀਂ ਦੋਹਾਂ ਦੀ ਹੋਂਦ ‘ਚ ਮੇਰੀਆਂ ਕਮਜ਼ੋਰ ਹੁੰਦੀਆਂ ਨਜ਼ਰਾਂ ਵਿਚ।…ਜਿਸ ਪਾਸੇ ਧਿਆਨ ਨਾਲ ਦੇਖਾਂ ਦਿਸ ਜਾਂਦਾ ਹੈ, ਸਾਰੀ ਰਾਤ ਚਾਹੇ ਜਾਗ ਜਾਗ ਬਾਤਾਂ ਪਾ ਲਵਾਂ, ਜਿਓਣ ਜੋਗਾ ਚੁੱਪਚਾਪ ਹੁੰਗਾਰੇ ਭਰਦਾ ਹੈ, ਕਈ ਵਾਰ ਤਾਂ ਮੇਰੀਆਂ ਭਿੱਜੀਆਂ ਅੱਖਾਂ ਦੇਖ ਸੁਪਨੇ ‘ਚ ਹੌਲੀ ਜਹੀ ਕਹਿ ਜਾਂਦਾ ਹੈ ,”ਚੱਲ ਚੁੱਪ ਕਰ ਹੁਣ”। ਕੀ ਇੰਨਾਂ ਹੀ ਕਾਫੀ ਨਹੀਂ, ਪੁੱਠੀ ਮੱਤ? ਦਿਲ ਨੂੰ ਹਾਰ ਹਾਰ ਸਮਝਾਉਂਦੀ ਹੈ ਬਥੇਰਾ ਕਿ ਜੇ ਦੁਨਿਆ ‘ਤੇ ਸਾਰੇ ਹੀ ਚਾਹੁਣ ਵਾਲੇ ਇੱਕ ਹੁੰਦੇ ਰਹੇ ਤਾਂ ਨਜ਼ਰਾਂ ਤੋਂ ਦੂਰ ਵਸਦੇ ਮੀਤ ਲਈ ਕੌਣ ਸੁਖ ਮੰਗੇਗੀ, ਬਨੇਰੇ ਚੁੰਜਾਂ ਪਈ ਬੈਠੇ ਕਬੂਤਰਾਂ ਦੇ ਜੋੜੇ ਨੂੰ ਹੀ ਦੇਖ ਕੇ ਜੇ ਦਿਲ ਖਿੜਦਾ ਰਿਹਾ ‘ਤਾਂ ਗੁਲ੍ਮੋਹਰਾਂ ਦੀ ਠੰਡੀ ਛਾਵੇਂ ਬੈਠੇ ਬਬੀਹੇ ਦੀ ਕੂਕ ਦਿਲ ਦੀ ਹੂਕ ਬਣ ਮੇਰੀ ਸੁੰਨੀ ਕਾਇਨਾਤ ‘ਚ ਕਿਵੇਂ ਹੋਰ ਟੀਸ ਪਸਾਰੇਗੀ। ਆਹ ਸਭ ਸੋਚਦੇ ਵਿਚਰਦੇ ਹੀ ਚੌਪਹਿਰਾ ਹੋ ਗਿਆ ਹੈ, ਸ਼ੀਸ਼ੇ ਮੂਹਰੇ ਜਾ ਖੜੀ ਹੀ ਹੋਈ ਸਾਂ ਅਜੇ ਕਿ…

ਬਬੀਹੇ ਦੀ ਕੂਕ

ਸਾਂਵਲੇ ਮੁਖੜੇ ‘ਤੇ ਅੱਜ ਵੀ

ਪਹਿਲੀ ਛੋਹ ਦੀ ਲਾਲੀ