ਸੂਈਆਂ


ਮੈਂ ਕੁਝ ਬੋਲ ਪਾਉਂਦਾ ਉਸਤੋਂ ਪਹਿਲਾਂ ਹੀ ਭੂਆ ਜੀ ਬੋਲ ਪਏ, ਮੈਨੂੰ ਪਤਾ ਇਹ ਕੌਣ ਹੈ, ਮੈਂ ਸ਼ਰਮਾ ਤਾਂ ਗਿਆ ਪਰ ਇਕ ਅਜਿਹੀ ਖੁਸੀ ਦਾ ਅਹਿਸਾਸ ਹੋਇਆ ਜਿਸਨੂੰ ਬਿਆਨ ਨਹੀ ਕਰ ਸਕਦਾ, ਮਹਿਸੂਸ ਹੀ ਕਰ ਰਿਹਾ ਸਾਂ ! ਓਹੀ ਖੁਸ਼ੀ ਮੈਂ ਭੂਆ ਜੀ ਦੀਆਂ ਓਹਨਾ ਅਖਾਂ ਚ ਦੇਖ ਰਿਹਾਂ ਸਾਂ ਜਿਸ ਨਾਲ ਓਹ ਮੇਰੇ ਨਾਲ ਖੜੀ ਨੂੰ ਵੇਖ ਰਹੇ ਸੀ …ਓਹਨੇ ਭੂਆ ਜੀ ਦੇ ਪੈਰੀਂ ਹਥ ਲਾਏ ਤੇ ਭੂਆ ਜੀ ਨੇ ਇੱਕਦਮ ਹਸਪਤਾਲ ਦੇ ਬਿਸ੍ਤਰ ਤੋਂ ਉਠ੍ਹਨ ਦੀ ਕੋਸ਼ਿਸ਼ ਕੀਤੀ ,ਮੈਂ ਭੂਆ ਜੀ ਦੇ ਮੋਹ੍ਡੇ ਪਿਛੇ ਹਥ ਰਖ ਓਹਨਾ ਨੂੰ ਉਠਾਇਆ ਤੇ ਨਾਲ ਹੀ ਮਥੇ ਤਿਉੜੀਆਂ ਪਾਉਂਦੀ ਨਰਸ ਬੋਲੀ ‘ ਮਰੀਜ ਕੋਲ ਸਿਰਫ ਇਕ ਜਨਾ ਹੀ ਬੈਠੇ, ਡਾਕਟਰ ਸਾਹਿਬ ਆ ਰਹੇ ਨੇ’ ਮੈਂ ਭੂਆ ਜੀ ਕੋਲ ਉਸਨੂੰ ਛੱਡ ਬਾਹਰ ਬੇੰਚ ਤੇ ਬੈਠ ਗਿਆ ! ਮੈਨੂ ਇਸ ਗੱਲ ਦਾ ਇਲਮ ਵੀ ਸੀ ਤੇ ਡਰ ਵੀ ਕੇ ਭੂਆ ਜੀ ਨੇ ਕਹਿਣਾ ਕੇ ਪਹਿਲੀ ਵਾਰ ਮਿਲਾਇਆ ਤਾਂ ਮਿਲਾਇਆ ਵੀ ਕਿਥੇ ,ਡਾਕਟਰ ਜਾ ਚੁੱਕਾ ਸੀ ! ਮੇਰੀਆਂ ਚੋਰ ਅਖਾਂ ਨੂੰ ਪੜਕੇ ਭੂਆ ਜੀ ਬੋਲੇ ‘ਫੇਰ ਕੀ ਹੋਇਆ ਜੇ ਹਸਪਤਾਲ ਚ ਮਿਲਵਾਇਆ ,ਮੈਨੂੰ ਤਾਂ ਖੁਸੀ ਹੈ ਕੇ ਮੈਂ ਜਾਣ ਤੋਂ ਪਹਿਲਾ ਮਿਲ ਤਾਂ ਲਈ ‘ ਭੂਆ ਜੀ ਨੇ ਘੁੱਟ ਕੇ ਗਲਵਕੜੀ

ਚ ਲੈ ਫੇਰ ਉਸਦਾ ਮਥਾ ਚੁੰਮ ਲਿਆ ਤੇ ਕਿਹਾ ਹੁਣ ਜਲਦੀ ਵਿਆਹ ਵੀ ਕਰਵਾ ਲਵੋ ! ਮੈਨੂੰ ਨਹੀ ਪਤਾ ਕੇ ਉਸ ਦਿਨ ਓਹ ਵਾਪਸੀ ਤੇ ਕਿਓਂ ਪਹਿਲਾਂ ਨਾਲੋ ਬਹੁਤ ਖੁਸ਼ ਸੀ, ਪਰ ਉਸਨੂੰ ਇਹ ਨਹੀ ਸੀ ਪਤਾ ਕੇ ਓਹ ਭੂਆ ਜੀ ਨਾਲ ਉਸਦੀ ਪਹਿਲੀ ਅਤੇ ਆਖਿਰੀ ਮੁਲਾਕਾਤ ਹੋਵੇਗੀ ਅਤੇ ਮੈਂ ਪਹਿਲਾਂ ਨਾਲੋ ਬਹੁਤ ਜਿਆਦਾ ਹਲਕਾ ਹੋ ਗਿਆ ਸਾਂ ! ਚਾਰ ਸਾਲ ਬਾਅਦ ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ ਉਸਨਾਲ ਭੂਆ ਜੀ ਦੇ ਘਰ ਪਹੁੰਚੇ ਤਾਂ ਖੁਸ਼ ਹੋਣ ਤੋਂ ਪਹਿਲਾ ਇੱਕ ਪਲ ਲਈ ਮਾਯੂਸ ਹੋ ਗਏ ..ਅੰਦਰ ਜਾਂਦਿਆ ਹੀ ਭੂਆ ਜੀ ਦੀ ਤਸਵੀਰ ਵਿਚਲੀ ਮੁਸਕੁਰਾਹਟ ਦੇਖੀ ਜਿਵੇਂ ਓਹ ਹਸਪਤਾਲ ਵਿਚ ਮੁਸ੍ਕੁਰਾਏ ਸਨ ਆਖਿਰੀ ਵਾਰ , ਉਸ ਇੱਕ ਪਲ ਲਈ ਸਭ ਕੁਛ ਠਹਿਰ ਗਿਆ ਸੀ , ਅਸੀਂ ਦੋਹੇਂ ਤੇ ਭੂਆ ਜੀ ਫੇਰ ਇੱਕਠੇ ਹੋ ਗਏ ਸਾਂ, ਪਰ ਸਿਰਫ ਇੱਕ ਪਲ ਲਈ…..

ਘੜੀ ਦੀ ਟਿਕ ਟਿਕ –
ਸਿਰਫ ਇੱਕ ਪਲ ਹੀ ਇੱਕਠੀਆਂ ਹੋਈਆਂ
ਤਿੰਨੋ ਸੂਈਆਂ