ਜਾਮਣ (ਹਾਇਬਨ)


ਕਾਲੋਨੀ ਹੁਣ ਖਾਲੀ ਹੈ. ਇਥੇ ਕੋਈ ਸ਼ਾਪਿੰਗ ਮਾੱਲ ਬਣਨਾ ਹੈ. ਇੱਕ ਪਲਾਟ ਦੇ ਪਿਛਵਾੜੇ ਵੱਡਾ ਪੱਕੀਆਂ ਰੁਖ ਜਾਮਣਾਂ ਨਾਲ ਲੱਦਿਆ ਹੈ. ਕਾਗਜ਼ ਚੁਗਣ ਵਾਲੇ ਮੁੰਡਿਆਂ ਦੀ ਟੋਲੀ ਨੂੰ ਮੈਂ ਜਾਮਣਾਂ ਖਾਣ ਲਈ ਉਕਸਾਉਂਦਾ ਹਾਂ. ਉਹ ਡਰਦੇ ਡਰਦੇ ਅੱਗੇ ਵਧਦੇ ਹਨ. ‘ਬੇਟਾ, ਡਰੋ ਨਾ ਹੁਣ ਇਥੇ ਕੋਈ ਨਹੀਂ ਰਹਿੰਦਾ.’
ਪਲਾਂ ਵਿੱਚ ਉਹ ਉੱਪਰ ਚੜ੍ਹ ਜਾਂਦੇ ਹਨ ..ਮੈਂ ਮੇਰੀ ਬੇਟੀ, ਕਲਾਰਾ ਨੂੰ ਉਨ੍ਹਾਂ ਦੀ ਫੋਟੋ ਲੈਣ ਲਈ ਕਹਿੰਦਾ ਹਾਂ. ਉਹ ਘਬਰਾ ਜਾਂਦੇ ਹਨ ਤੇ ਮਿੰਨਤਾਂ ਕਰਨ ਲੱਗਦੇ ਹਨ. ‘ਸਾਨੂੰ ਮਾਰਨਾ ਨਾ’. ਮੈਂ ਫਿਰ ਉਨ੍ਹਾਂ ਨੂੰ ਹੌਸਲਾ ਦਿੰਦਾ ਹਾਂ.

ਸ਼ਹਿਰ ਵਿਚਾਲਾ..
ਵਾੜ ਚ ਫਸੀ
ਇੱਕ ਕੱਚੀ 


 

ਟਾਂਡਾ


ਸ਼ਾਮੀਂ ਮੇਰੇ ਪੁੱਤਰ, ਸੱਤਦੀਪ ਨੇ ਮੈਨੂੰ ਹਾਕ ਮਾਰ ਲਈ. ਘਰ ਦੇ ਮੂਹਰੇ ਕਿਆਰੀਆਂ ਵਿੱਚ ਕੰਧ ਕੋਲ ਖੜੀ ਕਚਨਾਰ ਦੇ ਐਨ ਮੁਢ ਵਾਹਵਾ ਵੱਡਾ ਹੋ ਗਿਆ ਪਪੀਤਾ ਅਤੇ ਵੱਟ ਦੇ ਦੂਜੇ ਬੰਨੇ ਇੱਕੋ ਇੱਕ ਮੱਕੀ ਦਾ ਟਾਂਡਾ..ਇੱਕ ਮੋਟੀ ਮੱਕੜੀ ਚਾਰ ਕੁ ਫੁੱਟ ਦੇ ਫਾਸਲੇ ਵਿੱਚ ਕਾਹਲੀ ਕਾਹਲੀ ਜਾਲ ਬੁਣ ਰਹੀ ਸੀ. ਅਸੀਂ ਦੋਨੋਂ ਟਿੱਕਟਿਕੀ ਲਾ ਵੇਖਣ ਲੱਗੇ ਉਹਦੀ ਕਿਰਤ ਦੇ ਕਮਾਲ ਅਤੇ ਸ਼ਾਮ ਦੇ ਭੋਜਨ ਦੀ ਤਿਆਰੀ..ਜਾਲ ਦਾ ਆਕਾਰ ਮੱਕੜੀ ਦੀ ਮੋਟਾਈ ਦਾ ਸਮਾਨੁਪਾਤੀ ਸੀ ਅਤੇ ਪੂਰਨ ਸਮਿਟਰੀ ਅਤੇ ਫ੍ਰੈਕਟਲ ਜਮੈਟਰੀ..ਪ੍ਰਕਿਰਤਕ ਕਰਿਸ਼ਮੇ….ਮੱਲੋਮੱਲੀ ਤਬੀਅਤ ਦਾਰਸ਼ਨਿਕ ਜਿਹੀ ਹੋ ਗਈ.
=========
*ਇੱਕ ਘੰਟੇ ਬਾਅਦ:-
‘ਪਾਪਾ ਕੰਮ ਖਰਾਬ ਹੋ ਗਿਆ’ ਸੱਤਦੀਪ ਕਹਿਣ ਲੱਗਾ. ‘ ਬਾਹਰ ਗਲੀ ਵਿੱਚ ਪੌੜੀ ਦੀ ਲੋੜ ਸੀ… ਮੈਂ ਚੁੱਕ ਕੇ ਲਿਜਾਣ ਲੱਗਾ ਤਾਂ ਮਗਰੋਂ ਪੌੜੀ ਨਾਲ ਮੱਕੜੀ ਦਾ ਜਾਲਾ ਲਹਿ ਗਿਆ.’
=========

ਜਾਂਦੇ ਹੁਨਾਲ ਦੀ ਸ਼ਾਮ-
ਤੇਜ਼ ਤੂਫਾਨ ਨਾਲ ਟੁੱਟਿਆ
ਮੱਕੀ ਦਾ ਟਾਂਡਾ

ਜੰਡ


ਬਰਸਾਤ ਨੇ ਅੱਜ ਫੇਰ ਸਵੇਰੇ ਸਵੇਰੇ ਚੰਗੀ ਝੱਟ ਲਾਈ . ਹੁਣ ਧੁੱਪ ਚੜ੍ਹ ਆਈ ਹੈ . ਸੰਗਰੂਰ ਜੇਲ ਤੋਂ ਮਹੀਨੇ ਲਈ ਛੁੱਟੀ ਕੱਟਣ ਆਇਆ ਬੇਗੁਨਾਹ ਬਿੱਕਰ ( ਉਮਰ ਪਝੰਤਰ ਸਾਲ ) ਮੈਨੂੰ ਦੀਪਗੜ੍ਹ ਦਿਖਾਉਣ ਲਈ ਲਈ ਫਿਰਨੀ ਫਿਰਨੀ ਲੈ ਤੁਰਿਆ ਹੈ. ਸੂਏ ਦੇ ਉਰਲੇ ਪਾਸੇ ਮੋੜ ਤੇ ਵੱਡੇ ਭਾਰੀ ਪੁਰਾਣੇ ਜੰਡ ਦੇ ਹੇਠਾਂ ਮਾਤਾ ਰਾਣੀ ਲਈ ਬਣਾਏ ਨਿੱਕੇ ਜਿਹੇ ਮੰਦਰ ਦੇ ਵਿਹੜੇ ਪਾਣੀ ਭਰਿਆ ਹੈ ਤੇ ਜੰਡ ਦੀ ਇੱਕ ਟਹਿਣੀ ਤੇ ਲਾਲ ਚੁੰਨੀ ਲਟਕ ਰਹੀ ਹੈ. ‘ ਔਹ ਦੇਖ ਬੂਰ ਆਇਆ ਹੈ .. ਲੰਮੀਆਂ ਲੰਮੀਆਂ ਫਲੀਆਂ ਲਗਦੀਆਂ ਨੇ ..ਖਾਣ ਨੂੰ ਬੜੀਆਂ ਸੁਆਦ . ਖੋਖੇ ਕਹਿੰਦੇ ਨੇ ਉਨ੍ਹਾਂ ਨੂੰ . ਅਸੀਂ ਰੱਖ ਲਵਾਂਗੇ ਸਾਂਭ ਕੇ ਜਦੋਂ ਲੱਗੇ ….ਪਤਾ ਨਹੀਂ ਕਿੰਨੀ ਉਮਰ ਹੈ ਇਹਦੀ .. ਜਦੋਂ ਮੇਰੀ ਸੁਰਤ ਸੰਭਲੀ ਉਦੋਂ ਵੀ ਪੂਰਾ ਰੁੱਖ ਸੀ ਤੇ ਭਰਵਾਂ ਫਲ ਲੱਗਦਾ ਸੀ .. ਹੁਣ ਤਾਂ ਬਹੁਤ ਘੱਟ ਬੂਰ ਪੈਂਦਾ ..’

ਵਿੰਗ ਤੜਿੰਗਾ ਜੰਡ
ਇੱਕ ਟਾਹਣੀ ਤੇ ਲਾਲ ਚੁੰਨੀ
ਇੱਕ ਤੇ ਲਟਕੇ ਕਲੇਜੀ ਬੂਰ

ਬੋਟ


ਭੁੱਜ ਰਹੀ ਰਾਹਾਂ ਦੀ ਰੇਤ…ਖੇਤਾਂ ਵਿੱਚ ਇੱਕੋ ‘ਕੱਲਾ ਘਰ ਤੇ ਉਹਦੇ ਪਿੱਛੇ ਇੱਕ ਝੁਲਸਿਆ ਪਿੱਪਲ ਦਾ ਨਵਜਾਤ ਰੁੱਖ. ਪੌੜੀਆਂ ਚੜ੍ਹਦੇ ਹੀ ਅੱਗੇ ਬਰਾਂਡੇ ਵੱਲ ਕੋਈ ਬੋਟ ਭੁੰਜੇ ਗਰਮ ਫਰਸ ਤੇ ਚਚਿਆ ਰਿਹਾ ਸੀ. ਕਲਾਰਾ ਭੱਜ ਕੇ ਅੰਦਰੋਂ ਪਾਣੀ ਦੀ ਕੌਲੀ ਲਿਆਈ. ‘ਪਾਪਾ, ਇਹ ਤਾਂ ਤੜਪ ਤੜਪ ਮਰ ਜਾਏਗਾ… ਏਨੀ ਗਰਮ ਹਵਾ!’ ਕੌਲੀ ਕੋਲ ਪਈ ਰਹੀ. ਆਪੇ ਪਾਣੀ ਪੀਣ ਜੋਗਾ ਤੇ ਅਜੇ ਹੈ ਹੀ ਨਹੀਂ ਸੀ. ਉਂਗਲਾਂ ਭਿਉਂ ਕੁਝ ਤੁਪਕੇ ਕਲਾਰਾ ਨੇ ਸੁੱਕੀ ਚੁੰਜ ਵਿੱਚ ਪਾਏ…ਅਸੀਂ ਵਾਰ ਉਹਦੀ ਸਾਰ ਲੈਣ ਲੱਗੇ. ਸੂਰਜ ਸਿਰ ਉੱਪਰ ਆ ਗਿਆ ਸੀ ਅਤੇ ਪੱਛੋਂ ਦੀ ਤੱਤੀ ਹਵਾ ਹੋਰ ਤੇਜ਼ ਵੱਗਣ ਲੱਗੀ. ਮੈਂ ਇੱਕ ਵਾਰ ਫੇਰ ਪਾਣੀ ਪਿਆਉਣ ਲਈ ਗਿਆ. ਇੱਕ ਗਟਾਰ ਮੈਨੂੰ ਦੇਖ ਪਿੱਛੇ ਹੱਟਣ ਲੱਗੀ..ਉਹਦੀ ਚੁੰਜ ਵਿੱਚ ਕੁਝ ਸੀ ..ਹਰਾ ਹਰਾ ਜਿਹਾ. ਮੈਂ ਤਪਦਾ ਫਰਸ ਦੇਖ ਬੋਟ ਦੇ ਹੇਠਾਂ ਘਾਹ ਫੂਸ ਦਾ ਆਲ੍ਹਣਾ ਜਿਹਾ ਬਣਾ ਕੇ ਰੱਖ ਦਿੱਤਾ…..ਬਿਜਲੀ ਨਹੀਂ ਸੀ. ਬੰਬੀ ਨਹੀਂ ਸੀ ਚਲਦੀ ਪਰ ਵੱਡੇ ਚੁਬੱਚੇ ਵਿੱਚ ਸਵੇਰ ਦਾ ਭਰਿਆ ਪਾਣੀ ਅਜੇ ਵੀ ਠੰਡਾ ਸੀ. ਮੈਂ ਪਾਣੀ ਭਰਨ ਲਈ ਅੱਗੇ ਵਧਿਆ ਤਾਂ ਉਹੀ ਗਟਾਰ ਚੁਬੱਚੇ ਦੇ ਅੱਗੇ ਪੱਕੇ ਖਾਲ ਵਿੱਚੋਂ ਚੁੰਜ ਭਰ ਗਿੱਲੀ ਜਿਲ਼ਬ ਲੈ ਉੱਡੀ…

ਤਪਦੀ ਦੁਪਹਿਰ..
ਉਂਗਲ ਭਿਉਂ ਬੋਟ ਦੀ ਚੁੰਜ ਵਿੱਚ ਚੋਈ
ਪਾਣੀ ਦੀ ਠੰਡੀ ਬੂੰਦ