ਗੋਲੀਆਂ


Haibun::::
ਸੰਨ ਚੁਰਾਸੀ ਵਾਲੀ ਘਟਨਾ ਤੋਂ ਕਈ ਸਾਲ ਬਾਦ ਵੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਦੇਖਣ ਜਾਣ ਦੀ ਘਰੋਂ ਆਗਿਆ ਨਹੀਂ ਮਿਲੀ | ਦੋਸਤਾਂ ਨੇ ਬੜਾ ਜੋਰ ਪਾਇਆ ਪਰ ਹਾਲਾਤਾਂ ਨੂੰ ਦੇਖਦਿਆਂ ਬਾਪੂ ਜੀ ਨੇ ਸਾਫ਼ ਨਾ ਕਰ ਦਿੱਤੀ | ਪਿੰਡੋਂ ਜਾ ਰਹੀ ਟਰਾਲੀ ਵਿੱਚ ਮੇਰੇ ਪਿੰਡ ਦੇ ਦੋ ਅਮਲੀ ਗਾਰੀ (ਗੁਲਜਾਰ) ਅਤੇ ਮੁਖਤਿਆਰਾ ਹਰ ਸਾਲ ਵਾਂਗ ਝੋਲੇ ‘ਚ ਲੀੜੇ ਪਾ, ਜੈਕਾਰੇ ਛੱਡਦੇ ਰਵਾਨਾ ਹੋ ਗਏ | ਸੁਣਿਐ ਉਹਨਾਂ ਸਾਡੇ ਪਿੰਡ ਵੱਲੋਂ ਲਗਾਏ ਲੰਗਰ ‘ਚ ਮਨ- ਤਨ ਲਾ ਕੇ ਸੇਵਾ ਕੀਤੀ | ਸਾਡੇ ਪਿੰਡ ਦੇ ਗੁਰੂਘਰ ਦੇ ਮੁਖੀ ਨੇ ਹਾਲਾਤਾਂ ਨੂੰ ਮੱਦੇ-ਨਜਰ ਰਖਦਿਆਂ ਸਾਰਿਆਂ ਨੂੰ ਆਦੇਸ਼ ਦਿੱਤੇ ਸਨ ਕਿ ਉਹ ਆਪਣੇ ਤੰਬੂ ਵਿਚ ਹੀ ਰਹਿਣਗੇ | ਪਰ ਨਸ਼ੇ ‘ਚ ਟੈਟ ਗਾਰੀ ਨੇ ਮੁਖਤਿਆਰੇ ਨੂੰ ਕਿਹਾ ; “ਉਏ ਮਿਆਰਿਆ ! ਇੱਕ ਲੰਗਰ ਦੇ ਧੂਤੂ ‘ਚੋ ‘ਵਾਜ ਆਉਂਦੀ ਆ ਬਈ ਉਥੇ ਲੱਡੂ, ਜਲੇਬੀਆਂ ਵਰਤਾ ਰਹੇ ਆ …ਚੱਲ ਚੱਲੀਏ !”…… ਦੋਵੇਂ ਅੱਖ ਬਚਾ ਕੇ ਨਿਕਲ ਗਏ…. ਰਸਤੇ ‘ਚ ਇੱਕ ਪੰਡਾਲ ‘ਚ ਚੋਂਦਾ ਚੋਂਦਾ ਫਿਰਕੂ ਪ੍ਰਚਾਰ ਹੋ ਰਿਹਾ ਸੀ… ਮਿਆਰਾ ਬੋਲਿਆ , “ਸਾਲਿਆ ਆਪਾਂ ਤਾਂ ਐਵੇਂ ਈ ਤੰਬੂ ‘ਚ ਬੈਠੇ ਮੂੰਗੀ ਖਾ ਕੇ ਵਾਖਰੂ ਵਾਖਰੂ ਕਰੀ ਗਏ !! ਆਹ ਦੇਖ ਚੱਕਲੋ ਚੱਕਲੋ ਹੁੰਦੀ ਏਧਰ …..” [……………..] ਬੱਸ ਫਿਰ ਕੀ ਸੀ ….ਪੁਲਿਸ ਨੇ ਸਥਿਤੀ ਵਿਗੜਨ ਤੋਂ ਬਚਾਉਣ ਲਈ ਗੋਲੀਆਂ ਚਲਾ ਦਿੱਤੀਆਂ ! ਗਾਰੀ ਦੇ ਪਿਠ ‘ਚ ਅਤੇ ਮਿਆਰੇ ਦੇ ਲੱਤਾਂ ‘ਚ ਲੱਗੀਆਂ…..
ਹਫਿਆ ਅਮਲੀ–
ਦਿਖਾਵੇ ਪਿੱਠ ‘ਤੇ ਧੱਫੜ
ਨਾਲੇ ਰਬੜ ਦੀਆਂ ਗੋਲੀਆਂ

ਬਾਬਾ


ਨੌਂ ਅਪ੍ਰੈਲ ਚਾਲੀ
ਕਹਿ ਕੇ ਬਾਬੇ ਨੇ
ਪਾ ਲਈ ਨੀਵੀਂ

********
(9.4.1940 ਨੂੰ ਦੂਜੀ ਆਲਮੀ ਜੰਗ ਦੌਰਾਨ ਜਰਮਨੀ ਵੱਲੋਂ ਨਾਰਵੇ ਤੇ ਹਮਲਾ ਕੀਤਾ ਗਿਆ ਸੀ, ਚਸ਼ਮਦੀਦ ਹਾਲੇ ਜਿਓੰਦੇ ਹਨ ਜੋ ਕਦੇ ਕਦਾਈਂ ਕਿਸੇ ਅੱਗੇ ਖੁੱਲ੍ਹਦੇ ਹਨ ਅਤੇ ਹੰਝੂ ਨਹੀਂ ਰੋਕ ਸਕਦੇ)