ਧੌਲੇ


ਖੁਸ਼ਕ ਸਵੇਰ …
ਡੱਬਖੜਬੀ ਧੁੱਪ ‘ਚ ਲਿਸ਼ਕੇ
ਮਾਂ ਦੇ ਧੌਲੇ

ਸੰਦੂਕ


Dilpreet Kaur

ਜਦੋਂ ਵੀ ਬਠਿੰਡੇ ਜਾਂਦੇ ,ਨਾਨਕੇ ਘਰ ਵੀ ਹੋ ਕੇ ਆਉਂਦੇ , ਘਰ ਦੇ ਅੰਦਰ ਵੜਦਿਆਂ ਦਿਲ ਡਾਢਾ ਦੁਖੀ ਹੁੰਦਾ |ਘਰ ਦੇ ਸਾਰੇ ਜੀਅ ਇੱਕ ਇੱਕ ਕਰਕੇ ਤੁਰ ਗਏ |ਹਵਾ’ ਚ ਘੁਲੀ ਰਾਤ ਰਾਨੀ ਦੀ ਖੁਸ਼ਬੋ ..ਹਵੇਲੀ ਦੀਆਂ ਬਾਰੀਆਂ ਚੋਂ ਕਿਰਦਾ ਚਾਨਣ ਮੈਨੂੰ ਬੜਾ ਸੋਹਣਾ ਲਗਦਾ |ਸੁੰਨੇ ਆਲਿਆ ‘ਚ ਦੀਵੇ ਬਾਲ ,ਮੈਂ ਘਰ ਦਾ ਕੋਨਾ ਕੋਨਾ ਟੋਹੰਦੀ |ਇੱਕ ਨਿੱਕੇ ਜਹੇ ਹਨੇਰੇ ਕਮਰੇ ‘ਚ ਇਕ ਲੱਕੜ ਦਾ ਸੰਦੂਕ ਪਿਆ ਸੀ ,ਮੈਂ ਕਹਲੇ ਕਦਮੀ ਉਸ ਵੱਲ ਵਧੀ ਜਿਵੇਂ ਇਸੇ ਨੂੰ ਹੀ ਭਾਲਦੀ ਹੋਵਾਂ ,ਸੰਦੂਕ ‘ਚ ਦੋ ਬਿਸਤਰਬੰਦ ਪਏ ਸੀ ,ਮਤਾ ਦੀਵੇ ਨੂੰ ਕੋਲ ਕਰਕੇ ਸੰਦੂਕ ਦੇ ਰਖਣੇ ‘ਚ ਹੱਥ ਮਾਰਿਆਂ ਤਾਂ ਮਲਮਲ ਦੀ ਚੁੰਨੀ ਹੇਠੋਂ ਪਰਾਂਦੀ ਨੂੰ ਲੱਗੇ ਟ੍ਸਰੀ ਦੇ ਬੰਬਲਲਿਸ਼ਕੇ|ਗੋਟੇ,ਰੰਗ ਬਿਰੰਗੀਆਂ ਪਾਰਾਂਦੀਆਂ ,ਕੁੜਤੀ ਦੇ ਬਟਨ ਹੋਰ ਪਤਾ ਨਹੀ ਕੀ ਕੁਝ |ਐਨੇ ਨੂੰ ਮੰਮੀ(ਸੱਸ ) ਦੇ ਤਾਇਆ ਜੀ ਦੀ ਨੂੰਹ ਆ ਗਈ ,ਕੁੜੇ ਧੀਏ ਕਿਥੇ ਏ ? ਆਜੋ ਮਾਮੀ ਜੀ ,ਸੰਦੂਕ ਦੇਖ ਰਹੀ ਸੀ ,ਮਾਮੀ ਜੀ ਇਹ ਤਾਂ ਖਾਲੀ ਪਿਆ ?ਪੁੱਤ ਲੋਕ ਕਾਹਨੂੰ ਛਡਦੇ ਨੇ,ਘਰ ਬੰਦ ਰਿਹਾ , ਰਾਤ ਬਰਾਤੇ ਕਿਸੇ ਬੇੜੀ ਬੈਠੀ ਵਾਲੇ ਨੇ ਜਿੰਦਾ ਭੰਨ ਕੇ ਸਭ ਢੋਹ ਲਿਆ ,ਤੇਰੀ ਨਾਨੀ ਬੜੀ ਸਚਿਆਰੀ ਸੀ,” ਓਹ ਕੀਤੇ ਖਾਲੀ ਸੰਦੂਕ ਰਖਣ ਵਾਲੀ ਸੀ |ਕੁਝ ਚੀਜ਼ਾਂ ਤਾਂ ਤੇਰੇ ਦੀਪ ਸਿਓਂ ਮਾਮਾ ਜੀ ਕੇ ਘਰ ਸਾਂਭੀਆ ਪਾਈਆਂ ,ਚੱਲ ਵਿਖਾਵਾ ,”’ਬਸ ਬੰਦੇ ਦੀ ਕੋਈ ਮੁਨਿਆਦ ਨਹੀ ..ਚੀਜ਼ਾਂ ਵਸਤਾਂ ਤਿਵੇਂ ਹੀ ਰਹਿ ਜਾਂਦਿਆ ਨੇ .. | ਗੱਲਾਂ ਕਰਦਿਆਂ ਅਸੀਂ ਦੋਵੇ ਬਾਹਰ ਬੀਹੀ ‘ਚ ਆ ਗਈਆਂ ,ਨਾਲ ਵਾਲੇ ਘਰ ਮਾਸੀ ਕਰਮ ਹੋਰੀਂ ਰਹਿੰਦੇ ਸਨ |ਦੂਰੋਂ ਹੀ ਮੈਨੂੰ ਵੇਖ ਕੇ ਆਖਿਆ ਆ ਗਈ ਮੇਰੀ ਦੋਹਤ ਨੂੰਹ …ਕਾਲਜੇ ਨੂੰ ਰਤਾ ਕੁ ਠੰਡ ਪੈ ਗਈ ……

ਚੇਤਰੀ ਹਵਾ ~
ਦੀਵੇ ਦੇ ਚਾਨਣ ਨਾਲ ਭਰਿਆ
ਖਾਲੀ ਸੰਦੂਕ