ਘੇਰੇ


 

ਬਿਆਸੀ ਤਰਾਸੀ ਦੀ ਗੱਲ ਕਰਦਾਂ … ਮੇਰਾ ਪਿੰਡ ਆਨੰਦਪੁਰ ਸਾਬ ਤੋਂ ਪੰਜ ਕੁ ਕਿਲੋਮੀਟਰ ਲਹਿੰਦੇ ਵਾਲੇ ਪਾਸੇ ਆ…….. ਹੋਲੇ ਮੱਹਲੇ ਦੇ ਦਿਨੀ ,ਅਸੀਂ ਤਿੰਨ ਚਾਰ ਦਿਨ ਅਨੰਦਪੁਰ ਸਾਬ ਹੀ ਰਹਿੰਦੇ ਸਾਂ…….ਪੁਲ ਬਣੇ ਨੀ ਸੀ ਜਦ ,ਸਾਡੇ ਪਿੰਡ ਲਾਗਿਓਂ ਸਤਲੁਜ ਦੋਫਾੜ ਹੋਕੇ ਵਗਦਾ ਆ……ਇੱਕ ਦਰਿਆ ਚ ਪਾਣੀ ਘੱਟ ਹੁੰਦਾ ਸੀ ਅਸੀਂ ਇੱਕ ਦੂਜੇ ਨੂੰ ਫੜਕੇ ਪਾਰ ਕਰ ਲੈਣਾ …….ਦੂਜਾ ਬੇੜੀ ਚ … ਫੇਰ ਤੁਰਕੇ ਗੁਰੂ ਕੀ ਨਗਰੀ ਪੁੱਜਣਾ ,ਭਾਂਤ ਭਾਂਤ ਦੇ ਲੰਗਰ ਛੱਕਣੇ ,ਰਾਤ ਦੀਵਾਨ ਚ ਸੌਂਕੇ ਕੱਢ ਲੈਣੀ , ਸਾਝਰੇ ਨਿਹੰਗਾਂ ਦੇ ਠੁੱਡਿਆਂ ਨਾਲ ਜਾਗ ਆਉਣੀ …….. ਸਵੇਰੇ ਸਰੋਵਰ ਚ ਨਾਹੀ ਧੋਈ ਕਰਕੇ ਲੰਗਰ ਛਕਣਾ , ਭੰਗ ਦੀਆਂ ਟਿੱਕੀਆਂ ਖਾਣੀਆਂ ਗਾੜ੍ਹੀ ਚਾਹ ਨਾਲ ……… ਸ਼ਹੀਦ ਬਾਗ ਤੋਂ ਸ਼ਰਦਾਈ ਪੀਕੇ ਬਾਜਿੱਆਂ ਵਾਂਗ ਤੁਰੇ ਫਿਰਨਾ ਸਾਰਾ ਦਿਨ …… ਬੜਾ ਮਜ਼ਾ ਕਰਦੇ ਸਾਂ , ਮੱਹਲੇ ਆਲੇ ਦਿਨ ਸਿਰ ਮੂੰਹ ਦਾ ਪਤਾ ਨੀ ਲੱਗਦਾ ਰੰਗਾ ਨਾਲ …..ਉਹ ਦਿਨ ਮੁੜਕੇ ਨੀ ਆਉਣੇ ,,,,,,,,ਹੁਣ ਪ੍ਰਦੇਸ ਚ ਸਿਰਫ ਹੌਕਾ ਭਰਕੇ ਈ ਰਹਿ ਜਾਂਦੇ ਹਾਂ ਬੀਤੇ ਸਮੇਂ ਨੂੰ ਯਾਦ ਕਰਕੇ ……

ਘੁਸਮਸੀ ਸਵੇਰ …
ਮੇਰੀਆਂ ਅੱਖਾਂ ਦੇ ਘੇਰੇ
ਹੋਰ ਗੂੜ੍ਹੇ

ਜੱਦੀ ਘਰ


ਭਿੰਦਾ ਸੱਤਰਵਿਆਂ ਚ ਚਾਚੇ ਦੇ ਭੇਜੇ ਘੁੰਮਣ ਫਿਰਨ ਦੀ ਰਾਹਦਾਰੀ ਤੇ ਇੰਗਲੈਡ ਆ ਵੜਿਆ ਤੇ ਫੇਰ ਐਥੇ ਦਾ ਈ ਹੋ ਕੇ ਰਹਿ ਗਿਆ । ਵਿਆਹ ਕਰਾਕੇ ਪੱਕਾ ਹੋਇਆ, ਫੇਰ ਜੁਆਕ ਹੋਏ, ਸਮੇਂ ਦਾ ਪਤਾ ਹੀ ਨਾ ਲੱਗਿਆ । ਬਾਪ ਤਾਂ ਹੈ ਨੀ ਸੀ, ਮਾਂ ਨੂੰ ਕੋਲ ਬੁਲਾ ਲਿਆ । ਘਰਵਾਲੀ ਦਾ ਧੱਕੜ ਵਤੀਰਾ ਤੇ ਦਬਾਅ ਹੇਠ ਮਾਂ ਨੇ ਥੋੜੇ ਸਾਲ ਹੀ ਕੱਢੇ, ਤੇ ਗੁਜ਼ਰ ਗਈ । ਅਸਥ ਲੈਕੇ ਪਿੰਡ ਪੁੱਜਾ ਦੇਖਿਆ, ਪੁਸ਼ਤੈਨੀ ਘਰ, ਖੰਡਰ ਚ ਤਬਦੀਲ ਹੋ ਚੁੱਕਾ ਸੀ………..ਉਹ ਘਰ ਜਿੱਥੇ ਜੰਮਿਆ ਪਲਿਆ……….

ਵਲੈਤੀਆ
ਭਿੱਜੀਆਂ ਅੱਖਾਂ ਨਾਲ ਤੱਕੇ
ਢੱਠਾ ਜੱਦੀ ਘਰ

ਘੁੰਮਦਾ ਗਲੋਬ
ਬਿਨ ਝਪਕਿਆ ਦੇਖੇ
ਵਿਦੇਸ਼ੀ ਪੁੱਤ

ਢਲੀ ਤਰਕਾਲ –
ਵਲੈਤੀਏ ਦੀ ਭੁੱਬ ਨਾਲ ਖਿਸਕੀ
ਜੱਦੀ ਖੰਡਰ ਦੀ ਚੁਗਾਠ

ਕੰਜਕਾਂ


ਹੈਲੋ……….. “ਹੈਪੀ ਬਥਡੇ ਪੁੱਤ”, ਮਾਂ ਦਾ ਫੋਨ ਸੀ ਪੰਜਾਬ ਤੋਂ, “ਗੁਰਦਆਰੇ ਮੱਥਾ ਟੇਕ ਆਇਆ ?……ਹਾਂਜੀ, ਮੈ ਜਵਾਬ ਦਿੱਤਾ ……ਚੰਗਾ ਫੇ ਖਿਆਲ ਰੱਖੀਂ,…… ਸਾਡਾ ਦੋਨਾਂ ਦਾ ਗਲਾ ਭਰ ਆਇਆ । ਮੇਰੇ ਹੰਝੂ ਆਪ ਮੁਹਾਰੇ ਵਗ ਤੁਰੇ । ਮੇਰੀ ਮਾਂ ਤੇ ਮੈਂ ਕਦੇ ਵੀ ਫੋਨ ਤੇ ਬਹੁਤੀ ਗਲ ਨੀ ਕਰ ਸਕਦੇ, ਭਾਵੁਕ ਹੋ ਜਾਂਦੇ ਆਂ । ਉਹ ਮੇਰੇ ਹਰ ਜਨਮ ਦਿਨ ਤੇ ਕੰਜਕਾਂ ਨੂੰ ਰੋਟੀ ਜਰੂਰ ਖਿਲਾਉਂਦੀ ਹੈ । ਜਦੋਂ ਮੈਂ ਉੱਥੇ ਹੁੰਦਾ ਸੀ ਤਾਂ ਸਾਰੇ ਮੁਹੱਲੇ ਦੀਆਂ ਬੱਚੀਆਂ ਕੱਠੀਆਂ ਕਰਕੇ ਪੈਰ ਧੋਣੇ, ਰੋਟੀ ਖਲਾ ਪੈਰੀਂ ਹੱਥ ਲਾਕੇ ਪੈਸੇ ਦੇਣੇ । ਮੇਰੀ ਮਾਂ ਹਾਲੇ ਵੀ ਹਰ ਸਾਲ ਕੰਜਕਾਂ ਨੂੰ ਰੋਟੀ ਜਰੂਰ ਖਿਲਾਉਂਦੀ ਹੈ, ਜਦਕਿ ਮੈਂ ਉੱਥੇ ਨ੍ਹੀਂ ਹੁੰਦਾ………….

ਕੰਜਕਾਂ
ਜਾਣ ਲੱਗੀਆਂ ਪੁੱਛਣ
ਕੀਹਦਾ ਜਨਮ ਦਿਨ