ਗੁਲਾਬ


ਮੈ ਟਾਇਗਰ ਤੇ ਸ਼ਿੰਦੀ ਬੜੇ ਗੂਹੜੇ ਯਾਰ ਹੁੰਦੇ ਸੀ ਬਹੁਤ ਪਿਆਰ ਸੀ ਸਾਡੇ ਵਿਚ ..ਮੈ ਦਸ ਕੁ ਵਰਿਆਂ ਦਾ ਹੋਣਾ .. ਇਕ ਕਤੂਰਾ ਲਿਆਂਦਾ ਬਹੁਤ ਪਿਆਰਾ ..ਓਹ ਮਰ ਗਿਆ ਮੈ ਤੇ ਰੋਣੋ ਨਾ ਹਟਿਆ..ਓਹਨੂ ਦਬਿਆ ਉਤੇ ਕਪੜਾ ਪਾਇਆ ਦਿਲੋਂ ਦੁਖ ਨਾ ਜਾਵੇ ਓਹਦਾ ..ਫਿਰ ਇਕ ਦਿਨ ਇਕ ਹੋਰ ਕਤੂਰਾ ਚੋਰੀ ਕਰ ਲਿਆਂਦਾ ਮੈ ..ਓਹਦਾ ਨਾਮ ਰਖਿਆ ਟਾਇਗਰ ..ਓਹਦੇ ਪਿੰਡੇ ਤੇ ਧਾਰੀਆਂ ਖੜੇ ਕੰਨ ..ਬੱਸ ਖੂਹ ਨੂੰ ਜਾਣਾ ਗੋਦੀ ਚੱਕ ਲਿਜਾਣਾ ਤੇ ਲੈ ਆਉਣਾ ..ਓਹਨੇ ਸੌਣਾ ਵੀ ਮੇਰੇ ਨਾਲ ..ਜਦ ਮਾਂ ਨੂੰ ਪਤਾ ਲੱਗਾ ਕੇ ਕੁੱਤਾ ਨਾਲ ਸੁਆਉਂਦਾ ਦੋਹਾਂ ਦੀ ਸ਼ਾਮਤ ਆ ਗਈ ..ਓਹ ਜੁਆਨ ਤੇ ਸਮਝਦਾਰ ਬਹੁਤਾ ਹੁੰਦਾ ਗਿਆ ..ਮੇਰੀ ਮਾਂ ਦੀ ਘੂਰ ਨੂ ਸਮਝਦਾ ਸੀ ..ਜਦ ਤਕ ਮਾਤਾ ਸੌਂਦੀ ਨਾ ਓਹਨੇ ਬਾਹਰ ਬੈਠੇ ਰਹਿਣਾ ਅਧੀ ਰਾਤ ਨੂੰ ਫੇਰ ਮੇਰੇ ਨਾਲ …ਟਾਇਗਰ ਕੌੜਾ ਬਹੁਤ ਸੀ ਸਭ ਡਰਦੇ ਸੀ ਓਸ ਕੋਲੋਂ ..ਇਕ ਵਾਰੀ ਮਾਂ ਬਿਸ਼ਨੋ ਤਾਈ ਨੂੰ ਘਰ ਛਡ ਵਾਂਹਡੇ ਚਲੀ ਗਈ .ਓਹਨੇ ਸੋਚਿਆ ਕੋਈ ਕਮ ਕਰ ਦਿਆਂ ਮਗਰੋਂ ..ਤਾਈ ਨੇ ਜਦ ਭਾਂਡਾ ਚੁਕਿਆ ਟਾਇਗਰ ਨੇ ਪੋਲੀ ਜਿਹੀ ਬਾਂਹ ਫੜ ਕੇ ਰਖਾ ਲਿਆ .ਓਹਦੇ ਮੰਜੇ ਲਾਗੇ ਬੈਠਾ ਰਿਹਾ ਜਦ ਤਕ ਮਾਤਾ ਨਾ ਮੁੜ ਆਈ .. ਚੁੱਲ੍ਹੇ ਕਾਂ ਨਾ ਫੜਕਣ ਦੇਣਾ ਜਿਮੇਵਾਰੀ ਟਾਇਗਰ ਦੀ ..ਗਾਂ ਮਝ ਸੂਣੀ ਟਾਇਗਰ ਦਾ ਕਮ ਰਖਵਾਲੀ .ਗੋਰਾ ਵੱਛਾ ਟਾਇਗਰ ਤੇ ਮੈ ਪਾਲਿਆ ਸੀ ਨਾਮ ਰਖਿਆ ਸੀ ਸ਼ਿੰਦੀ ..ਸ਼ਿੰਦੀ ਨੂੰ ਸਭ ਨੇ ਕਹਿਣਾ ਇਹ ਵੀ ਟਾਇਗਰ ਵਾਂਗ ਦੂਜਾ ਬੰਦਾ ..ਗੇੜੀ ਵਗਦੇ ਨੇ ਕਦੀ ਕਿਸੇ ਨੂੰ ਹਕ਼ਣ ਨਹੀ ਦਿਤਾ ..ਖੇਤ ਮੈ ਰੋਟੀ ਖਾਂਦੇ ਹੋਣਾ.ਤਿੰਨੇ ਇਕਠੇ ਖਾਂਦੇ ਸੀ .ਸ਼ਿੰਦੀ ਨੇ ਕੋਲ ਆ ਕੇ ਖਾਣੀ.ਮੈ ਪੂਣੀ ਵੱਟ ਕੇ ਦੇ ਦੇਣੀ.. ਓਹਨੇ ਮੇਰਾ ਸਿਰ ਚੱਟਦੇ ਰਹਿਣਾ ..ਮੈ ਓਹਦਾ ਸਿਰ ਪਲੋਸਦੇ ਰਹਿਣਾ ਓਹਨੇ ਅਖਾਂ ਬੰਦ ਕਰ ਲੈਣੀਆ .ਸਾਡੀ ਯਾਰੀ ਟੁੱਟ ਗਈ .. ਸ਼ਿੰਦੀ ਸੱਪ ਲੜ ਕੇ ਮਰ ਗਿਆ ..ਟਾਇਗਰ ਨੂੰ ਮਾਂ ਨੇ ਦੋ ਕੁ ਵਾਰ ਝਿੜਕ ਦਿਤਾ ਓਹ ਘਰ ਸ਼ਡ ਕੇ ਚਲਾ ਗਿਆ
ਅੱਜ ਪੁਰਾਣੀ ਡਾਇਰੀ ਚੁੱਕੀ ..ਇਕ ਪੰਨੇ ਤੇ ਟਾਇਗਰ ਤੇ ਸ਼ਿੰਦੀ ਦਾ ਵੀ ਜ਼ਿਕਰ ਸੀ

ਢਲਦਾ ਦਿਨ
ਪੁਰਾਣੀ ਕਿਤਾਬ ਝਾੜਦਿਆਂ
ਡਿਗਾ ਸੁਕਾ ਗੁਲਾਬ

 

ਅਮਰੂਦ


ਪਿੰਡੋ ਜਦ ਵੀ ਖੂਹ ( ਡੇਰੇ ) ਨੂੰ ਜਾਣਾ ਰਸਤੇ ਚ ਅਮਰੂਦਾਂ ਵਾਲਾ ਘਰ ਆਉਂਦਾ ਸੀ.. .ਵੇਹਿੜੇ ਦੀ ਚਾਰ ਦੀਵਾਰੀ ਏਡੀ ਕੁ ਕਿ ਮੰਜੇ ਤੇ ਬੈਠੇ ਬੰਦੇ ਦਾ ਸਿਰ ਦਿਸ ਪੈਣਾ…ਤੇ ਓਹ ਵੀ ਕਈ ਥਾਵਾਂ ਤੋਂ ਢਠੀ ਹੋਈ ..ਚੋਰੀ ਤੋੜਨ ਦਾ ਦਾਅ ਨਾ ਲਗਣਾ..ਭਾਬੀ ਦਾ ਮੰਜਾ ਸਦਾ ਅਮਰੂਦਾਂ ਥੱਲੇ ..ਭਾਬੀ ਸੀ ਤੇ ਸਾਡੀ ਮਾਂ ਦੀ ਹਾਨਣ ਪਰ ਸਾਡੀ ਪੀੜੀ ਉਚੀ ਹੋਣ ਕਰਕੇ ਡੈਡ ਦੇ ਹਾਣੀ -ਪ੍ਰਵਾਣੀ ਮੇਰੇ ਭਰਾ ਹੀ ਲਗਦੇ ਸੀ ..ਇਕ ਦਿਨ ਭਾਬੀ ਬੀਮਾਰ ਹੋ ਤੇ ਗਈ ਸਾਰਾ ਟੱਬਰ ਹਸਪਤਾਲ …ਸਾਨੂੰ ਤੇ ਚਾਹ ਚੜ ਗਿਆ. .

ਇਕ ਲੰਮੀ ਜਿਹੀ ਤੇ ਪਤਲੀ ਜਿਹੀ ਕੁੜੀ ਹੁੰਦੀ ਸੀ .. ਉਸ ਜਦ ਵੀ ਰਾਹ ਗਲੀ ਟਕਰਨਾ ਦਿਲ ਦੀ ਧੜਕਨ ਵਧ ਜਾਣੀ ..ਸੋਹਣੀ ਬਹੁਤ ਸੀ.. ਤੇ ਲਗਦੀ ਵੀ ਮੈਨੂੰ ਬਹੁਤ ਸੋਹਣੀ ਸੀ ..ਓਹ ਤੇ ਸ਼ਰਮਾਕਲ ਹੈ ਹੀ ਸੀ ਤੇ ਹੌਸਲਾ ਮੇਰੇ ਵਿਚ ਵੀ ਏਨਾ ਨਹੀ ਸੀ ਕੇ ਓਸਨੂੰ ਬੁਲਾ ਵੀ ਲੈਂਦਾ..ਦੂਰੋਂ ਤੇ ਇਕ ਦੂਜੇ ਨੂੰ ਵੇਖਦੇ ਰਹਿਣਾ ਜਦ ਲਾਗੇ ਆਉਣਾ ਤੇ ਨੀਵੀਂ ਪਾ ਕੇ ਲੰਘ ਜਾਣਾ ..ਇਹ ਸਿਲਸਲਾ ਚਿਰਾਂ ਦਾ ਚਲਦਾ ਸੀ …ਖੈਰ ..ਭਾਦੋਂ ਦਾ ਸ਼ਰਾਟਾ ਪੈ ਕੇ ਹਟਿਆ ਤੇ ਹੁਮਸ ਜਿਹੇ ਵਿਚ ਮੈ ਭਾਬੀ ਦੇ ਘਰ ਵੱਲ ਭਜਿਆ ..ਜਦ ਅਮਰੂਦਾਂ ਵਾਲੇ ਵੇਹਿੜੇ ਪਹੁੰਚਿਆ ਸਾਹਮਣੇ ਓਹੀ ਸੋਹਣੀ ..ਮੇਰੇ ਪੈਰ ਠਿਠਕ ਗਏ …ਛਾਤੀ ਚ ਦਿਲ ਇੰਜ ਉਛਲੇ ਜਿਵੇਂ ਬਾਹਰ ਡਿੱਗ ਪੈਣਾ ..ਉਸ ਨਜ਼ਰ ਮਿਲਾ ਕੇ ਹਲਕੀ ਮੁਸਕਰਾਹਟ ਨਾਲ ਨੀਵੀ ਪਾ ਲਈ—

 

ਝੁਕੀਆਂ ਪਲਕਾਂ~
ਚੁੰਨੀ ਵਿਚ ਬੰਨ੍ਹ ਅਮਰੂਦ
ਪੂੰਝੇ ਮੁੜ੍ਹਕਾ

ਭਾਰ


ਸੁਹੱਪਣ ਦੇ ਮਾੜੇ ਮੋਟੇ ਮਾਪਦੰਡ ਬਦਲਦੇ ਰਹਿੰਦੇ ਹਨ …ਪਰ ਸੁਹੱਪਣ ਤੇ ਤੰਦਰੁਸਤੀ ਕਦੇ ਵਖ ਹੋ ਕੇ ਨਹੀ ਚਲ ਸਕਦੇ …ਨੀ- ਓਹਦੇ ਤੇ ਮਥੇ ਨਹੀ ਲੱਗ ਹੁੰਦਾ ..ਐਨਾ ਰੂਪ ਚੜਿਆ ਪਿਆ … ਲਾਲ ਸੂਹੀ ਪਈ ਆ ਕੁੜੇ… ਆਮ ਤੌਰ ਤੇ ਸੁਣਦੇ ਰਹੇ ਹਾਂ ਮਤਲਬ ਓਹੀ ਕੇ ਤੰਦਰੁਸਤ ਹੈ …ਬੇਸ਼ਕ ਰੈੱਡ ਨੂ ਗੋਰੇ ਨਹੀ ਪਸੰਦ ਕਰਦੇ …ਖੇੜਾ ਬਹੁਤ ਜਰੂਰੀ ਹੈ ਜੇ ਸੋਹਣੇ ਦਿਸਣਾ …ਖਿੜੇ ਫੁੱਲਾਂ ਦਾ ਜ਼ਿਕਰ ਹੁੰਦਾ…ਮੁਰਝਾ ਗਿਆ ਤੇ ਗਿਆ .ਵਗਦੇ ਦਰਿਆ ਦਾ ਜ਼ਿਕਰ ਹੁੰਦਾ .. ਖੜੋਤ ਵਾਲਾ ਪਾਣੀ ਤੇ ਛਪੜ ਬਣ ਜਾਂਦਾ…. ਪਹਾੜ ਹਰੇ ਭਰੇ ਸੋਹਣੇ ਲਗਦੇ ਹਨ ਕਿਓੰਕੇ ਹਰਿਆਲੀ ਰੂਪੀ ਤੰਦਰੁਸਤੀ ਹੈ ਦਰਖਤਾਂ ਵਿਚ…. ਜੀਵਨ ਹੈ ..ਮੁਸਕਰਾਹਟ ਦਾ ਜ਼ਿਕਰ ਹੁੰਦਾ ਮੁਸਕਰਾਹਟ ਚ ਖੇੜਾ ਹੈ ਕਿਓੰਕੇ ਇਹ ਉਪਰ ਨੂ ਖਿੜਦੀ ਹੈ ਫੁੱਲਾਂ ਵਾਂਗ ..ਤਨ ਦੀ ਤੰਦਰੁਸਤੀ ਹੀ ਮਨ ਸੋਹਣਾ ਕਰਦੀ ਹੈ ਤੇ ਮਨ ਦੀ ਅਵਸਥਾ ਹਮੇਸ਼ਾਂ ਚੇਹਰੇ ਤੋ ਪੜ ਹੋ ਜਾਂਦੀ ਹੈ ..ਸੋਹਣੇ ਦਿਸਣ ਲਈ ਲੋਕ ਜਿਮ ਜੁਆਇਨ ਕਰਦੇ ਨੇ ਹੋਰ ਤੰਦਰੁਸਤ ਹੋਣ ਲਈ ਹੋਰ ਸੋਹਣੇ ਹੋਣ ਲਈ…ਕਰੂਪ ਦਾ ਜਿਸਮ ਸੋਹਣਾ ਤੇ ਅੱਜ ਓਸ ਨੂ ਵੀ ਖੂਬਸੂਰਤ ਗਿਣਿਆ ਜਾਂਦਾ ਜੇ ਬਹੁਤੀ ਸੋਹਣੀ ਮੋਟੀ ਹੋ ਗਈ ਜਾਂ ਮੋਟਾ ਹੋ ਗਿਆ ਤੇ ਗਈ ਮਝ ਛਪੜ ਚ:. ..ਡਾਇਟਿੰਗ ਵੀ ਕਰੀ ਜਾਂਦੇ ਲੋਕ …ਡਾਇਟਿੰਗ ਕਰਕੇ ਖੂਬਸੂਰਤ ਹੋਣਾ ਤੇ ਬਾਬਾ ਨਾਨਕ ਕਹਿੰਦਾ ਭਾਈ …. ਜਿਤ ਖਾਧੇ ਤਨੁ ਪੀੜੀਐ ਮਨਿ ਮਹਿ ਚਲਹਿ ਵਿਕਾਰੁ ਬਾਬਾ ਹੋਰ ਖਾਣਾ ਖੁਸੀ ਖੁਆਰ ……ਤੇ ਹੋਰ ਬਾਬਾ ਜੀ ਤਨ ਮਨ ਭਏ ਅਰੋਗਾ ਕਹਿੰਦੇ ਹਨ ਪਹਿਲਾਂ ਤਨ ਆਉਂਦਾ ਫੇਰ ਮਨ …ਖਿੜੇ ਮਨ ਨੇ ਹੀ ਮੁਸਕਰਾਹਟ ਦੇਣੀ ਹੈ ..
ਮੇਰੀ ਪੈਂਠ ਕੁ ਕਿਲੋ ਦੀ ਗੋਰੀ ਤੇ ਰੱਜ ਕੇ ਸੋਹਣੀ ਗੁਆਂਢਣ ਸਹੇਲੀ ਅੱਜਕਲ ਹੋਰ ਸੋਹਣੀ ਹੁੰਦੀ ਜਾ ਰਹੀ ਹੈ——-
ਨਿਰਨਾ ਕਾਲਜਾ
ਕਪਾਲਭਾਤੀ ਮਗਰੋਂ
ਜੋਖੇ ਭਾਰ

ਕੜਾ


ਮੈ 2 ਕੁ ਸਾਲ ਪਹਿਲੇ ਫਰਾਂਸ ਗਿਆ …ਓਥੇ ਮੇਰੀ ਮੁਲਾਕਾਤ ਪਾਕਿਸਤਾਨੀ ਦੋਸਤਾਂ ਨਾਲ ਹੋਗੀ ..ਮੈ ਓਹਨਾ ਦੇ ਘਰ ਗਿਆ ਬੜਾ ਇਜਤ ਮਾਨ ਕਰਦੇ ਇਥੇ ਸਾਰੇ ਏਕ ਦੂਜੇ ਦਾ …ਓਹ ਮੇਨੂ ਕਹਿੰਦੇ ਮਿੱਤਰ ਇਕ ਕੰਮ ਕਰ ਸਾਡਾ..ਇੰਡੀਆ ਤੋਂ ਪੰਜ ਚਾਰ ਕੜੇ ਮੰਗਵਾ ਕੇ  ਦੇਹ  …ਮੇਨੂ ਸਮਝ  ਨਾ ਆਵੇ ,ਇਹਨਾ ਕੜੇ ਕੀ ਕਰਨੇ ਹੋਣਗੇ ..ਮੈ ਕਿਹਾ ਚਲੋ ਸ਼ੌਕ ਹੁੰਦਾ ..ਦੂਸਰੇ ਦਿਨ ਚੈੱਕ ਹੋ ਗਏ ਮੈਟਰੋ ਦੇ ਬਾਹਰ ਨਿਕਲਦੇ ਹੀ ..ਓਹਨਾ ਦੋ ਚਾਰ ਬੰਦੇ ਘੇਰੇ ਹੋਏ ਸਨ ਪਰ  ਮੈਨੂੰ  ਨਾ ਚੈੱਕ ਕੀਤਾ ..ਵੇਖਿਆ ਕਹਿੰਦੇ ਜਾਓ …ਫੇਰ ਜਦ ਕਈ ਵਾਰੀ ਆਹ ਪੰਗਾ ਪਿਆ ਮੇਨੂ ਸਮਝ  ਲੱਗ ਗਈ ਕੇ ਓਹ ਕੜਾ ਕਿਓਂ ਮੰਗਦੇ ਸੀ ..
ਫੇਰ ਮੈ ਪੁਛਿਆ ਕਿਸੇ ਨੂ ਗੱਲ ਸਪਸ਼ਟ ਹੋ ਗਈ ਕੇ ਕੜੇ ਨੂ ਵੇਖ ਛੱਡ  ਦਿੰਦੇ ਹਨ ..ਬੜੀ ਖੁਸ਼ੀ ਹੋਈ ਕੇ ਪੰਜ ਕਕਾਰਾਂ ਵਿਚੋਂ ਭਾਵੇਂ ਇਕ ਹੀ ਹੈ ਸਾਡੇ ਪੱਲੇ ਏਹਨੂ ਲਾਜ਼ ਨਾ ਲਾ ਦਈਏ ਕਿਤੇ…!!

ਪੁਲਿਸ ਨਾਕਾ –
ਅਲਵਿਦਾ ਕਰਦਿਆਂ ਲਿਸ਼ਕਿਆ
ਸੱਜੇ ਹਥ ਦਾ ਕੜਾ