ਕਣੀਆਂ


ਫੁੱਲਾਂ ਨਾਲ ਸਜੇ ਗੇਟ ਦੇ ਉਰਲੇ ਬੰਨੇ ਅਸੀਂ l ਪਰਲੇ ਬੰਨੇ ਮੀਂਹ ਦੀ ਝੜੀ l ਲਾਲ ਰਿਬਨ ਅਤੇ ਮਠਿਆਈ ਦੀ ਟ੍ਰੇਅ ਫੜੀ ਖੜ੍ਹੀਆਂ ਕੁੜੀਆਂ ਦੇ ਚਿਹਰਿਆਂ ‘ਤੇ ਕਾਹਲ ਦੀਆਂ ਲਕੀਰਾਂ l ਹਰ ਕੋਈ ਬਰਾਤ ਦੇ ਆਉਣ ਵਾਲੇ ਰਾਹ ਵੱਲ ਦੇਖ ਰਿਹਾ l ਫਿਰ ਦੁਲਹਨ ਦੇ ਪਿਤਾ ਨੇ ਆਖਿਆ, “ਮੀਂਹ ਕਰਕੇ ਦੇਰ ਹੋ ਗਈ, ਕਹਿੰਦੇ ਨੇ ਕਿ ਬਸ ਪਹੁੰਚ ਰਹੇ ਆਂ l” ਲਾਈਟਾਂ ਤੇ ਜਗਮਗ ਜਗਮਗ ਕਰਦੀਆਂ ਲੜੀਆਂ ਨਾਲ ਸਜੇ ਹੋਟਲ ਦੇ ਗੇਟ ਅਤੇ ਸਵਾਗਤੀ ਗੇਟ ਦੇ ਵਿਚਕਾਰ ਮੀਂਹ ਦੀਆਂ ਕਣੀਆਂ ਦਾ ਪਰਦਾ ਹੁਣ ਥੋੜ੍ਹਾ ਛਿੱਦਾ l ਢੋਲ ਅਤੇ ਵਾਜਿਆਂ ਦੀ ਆਵਾਜ਼ ਆਉਂਦਿਆਂ ਹੀ ਕੁੜੀ ਦੀ ਦਾਦੀ ਕਾਹਲੇ ਕਦਮੀਂ ਆਈ ਤੇ ਪਲ ਚ ਹੀ ਬੈਂਕੁਏਟ ਦੇ ਗੇਟ ਤੋਂ ਉੱਪਰ ਵੱਲ ਹੋਟਲ ਦਾ ਜਾਇਜ਼ਾ ਲਿਆ l ਕੁੜੀ ਦੇ ਚਾਚੇ ਨੂੰ ਸ਼ੋਰ ਤੋਂ ਰਤਾ ਕੁ ਉਰ੍ਹਾਂ ਖਿਚਿਆ, “ਪੁੱਤ, ਸ਼ੁਚੀ ਨੂੰ ਕਹੋ ਜਦ ਬਰਾਤ ਗੇਟ ਤੇ ਆਵੇ ਤਾਂ ਉੱਪਰ ਕਿਸੇ ਬਾਰੀ ਚੋਂ ਰਿਸ਼ੁ ਦਾ ਮੁੰਹ ਦੇਖ ਲਵੇ, ਸ਼ਗਨ ਹੁੰਦਾ ਐ l”
ਕੁਆਰ-ਝਾਤੀ –
ਸਿਹਰੇ ਦੀਆਂ ਲੜੀਆਂ ‘ਤੇ ਲਮਕਣ
ਨਿੱਕੀਆਂ ਨਿੱਕੀਆਂ ਕਣੀਆਂ

ਲਕੀਰ


ਭਾਦੋਂ ਦੀ ਪੁੰਨਿਆਂ ਤੋਂ ਪਿਛਲੀ ਰਾਤ… ਦਿਨ ਦਾ ਹੁੰਮਸ ਰਾਤ ਦੇ ਮੱਠੇ ਮੱਠੇ ਠੰਢੇ ਬੁੱਲਿਆਂ ਚ ਵਟ ਗਿਆ ਹੈ… ਹੁਣ ਤਾਂ ਜਿਵੇਂ ਡੱਡੂ ਤੇ ਬਿੰਡੇ ਵੀ ਸੌਂ ਗਏ… ਲਗਾਤਾਰ ਜਾਗਦਾ ਤਾਂ ਬਸ ਮੈਂ ਹੀ ਹਾਂ… ਹਵਾ ਵਿਚ ਵਿਚ ਵਗਦੀ ਹੈ ਤੇ ਸਿਰਫ਼ ਪਰਦੇ ਹੀ ਨਹੀਂ ਹਿਲਦੇ ਸਗੋਂ ਉਹਨਾਂ ਦੇ ਮਗਰੋਂ ਜਿਹੜੀ ਥੋੜ੍ਹੀ ਜਹੀ ਤ੍ਰੇਲੀ ਮੱਥੇ ਉੱਤੇ ਆਉਂਦੀ ਹੈ ਉਹ ਵੀ ਹਵਾ ਨਾਲ ਰਲਕੇ ਦੂਣੀ ਠੰਢ ਪਾਉਂਦੀ ਹੈ…
ਮੇਰਾ ਸਟਡੀ ਟੇਬਲ –
ਚਰ੍ਹੀ ਦੀਆਂ ਲਗਰਾਂ ਦੇ ਪਾਰ
ਸ਼ਾਂਤ ਸੜਕ ਦੀ ਲਕੀਰ

ਨਾਨੀਸਕੂਲ ਦੇ ਦਿਨਾਂ ਚ ਗਰਮੀਆਂ ਦੀਆਂ ਛੁੱਟੀਆਂ ‘ਚ ਨਾਨਕੇ ਫੇਰੀ ਦੇ ਦ੍ਰਿਸ਼ ਅੱਜ ਵੀ ਚੇਤਿਆਂ ‘ਚ ਓਵੇਂ ਦੇ ਓਵੇਂ ਪਏ ਨੇ… ਨਾਨਾਜੀ ਫੌਜ ‘ਦੀ ਨੌਕਰੀ ਦੌਰਾਨ ਕਈ ਸਾਲ ਮਧ ਪ੍ਰਦੇਸ਼ ਚ ਰਹੇ, ਰਿਟਾਇਰਮੈਂਟ ਤਕ… ਮਗਰੋਂ ਓਥੇ ਹੀ ਵਸ ਗਏ ਸਨ… ਕੋਰੀ ਅਨਪੜ੍ਹ, ਸਿਧੀ ਸਾਦੀ ਦੁਆਬਣ ਨਾਨੀ ਅਧਿਓਂ ਵਧ ਉਮਰ ਓਥੇ ਰਹਿ ਕੇ ਵੀ ਹਿੰਦੀ ਬੋਲਣੀ ਨਾ ਸਿਖੀ… ਓਹਦੇ ‘ਯਹਾਂ’ ਨੂੰ ‘ਹੀਆਂ’ ਤੇ ਵਹਾਂ ਨੂੰ ‘ਹੁਆਂ’ ਕਹਿਣ ਤੇ ਅਸੀਂ ਮੁਸ਼ਕੜੀਏਂ ਹੱਸਣਾ… ਸੁੱਚਮ ਦਾ ਬੜਾ ਖਿਆਲ ਰਖਦੀ… ਮੈਂ ਹਮੇਸ਼ਾ ਘੜੇ ਚੋਂ ਪਾਣੀ ਲੈਕੇ ਓਥੇ ਹੀ ਖੜ੍ਹਾ ਪੀਣ ਲਗਦਾ ਤੇ ਹਮੇਸ਼ਾ ਉਹ ਗੁੱਸੇ ਚ ਭਰ ਕੇ ਮੈਨੂੰ ਭੱਜ ਕੇ ਪੈਂਦੀ… “ਦਾਦੇ ਮਘਾਉਣੇ” ਉਹਦੀ ਮਨਪਸੰਦ ਗਾਹਲ, ਤੇ ਇਹ ਸੁਣਨ ਲਈ ਨਾਨੀ ਨੂੰ ਕਿਸੇ ਵੀ ਬਹਾਨੇ ਖਿਝਾਉਣਾ ਮੇਰੀ ਮਨਪਸੰਦ ਖੁਰਾਫਾਤ… ਪਰ ਦਿਨ ਭਰ ਦੀਆਂ ਸ਼ਰਾਰਤਾਂ ਤੋਂ ਥੱਕ ਕੇ ਜਦ ਮੈਂ ਨਾਨੀ ਕੋਲ ਆਉਣਾ ਤੇ ਉਹਨੇ ਮੈਨੂੰ ਆਪਣੇ ਕਾਲਜੇ ਨਾਲ ਲਾ ਕੇ ਮੇਰੀਆਂ ਦਿਨ ਦੀਆਂ ਸ਼ਰਾਰਤਾਂ ‘ਤੇ ਹੱਸਣਾ ਤਾਂ ਲਗਦਾ ਸੀ ਕਿ ਦੁਨੀਆ ਚ ਇਹਤੋਂ ਸੁਹਣੀ ਨਾਨੀ ਕਿਸੇ ਦੀ ਹੋ ਨਹੀਂ ਸਕਦੀ… ਮੈਂ ਵੀ ਹੱਸ ਪੈਣਾ… ਉਹਦੀ ਫ੍ਰੇਮ ਚ ਜੜੀ ਫੋਟੋ ਹੱਸਦੀ ਤਾਂ ਭਾਵੇਂ ਨਹੀਂ ਹੈ ਲੇਕਿਨ ਜਦੋਂ ਵੀ ਉਹ ਫੋਟੋ ਦੇਖਦਾ ਹਾਂ ਤਾਂ ਨਾਨੀ ਦਾ ਚਿਹਰਾ ਓਵੇਂ ਹੀ ਜਿਉਂਦਾ ਜਾਗਦਾ ਲੱਗਦਾ ਹੈ…

ਨਿੱਕੀ ਨਿੱਕੀ ਕਣੀ –
ਨਾਨੀ ਦੇ ਖਿੜੇ ਚਿਹਰੇ ਦੁਆਲੇ
ਚੰਦਨ ਦੀ ਖੁਸ਼ਬੋਈ

ਸੀਟੀ


ਚੌਂਕੀਦਾਰ ਦੀ ਸੀਟੀ ਦਾ
ਪੌਣ ਨਾਲ ਆਰੋਹ ਅਵਰੋਹ –
ਵਿਰਲੇ ਵਿਰਲੇ ਤਾਰੇ
—————–
चौकीदार की सीटी का
पवन संग आरोह अवरोह –
छिटपुट सितारे
————–
Watchman’s whistle
fades in and out with the wind –
sparse stars