ਬਬਲੂ


Gurmukh Bhandohal Raiawal
ਮੈਨੂੰ ਤੁਰੇ ਆਉਂਦੇ ਨੂੰ ਦੇਖ, ਬਾਲੋ ਵੀ ਬੱਕਰੀ ਤੇ ਹੱਥ ਫੇਰਦਾ ਮੇਰੇ ਵੱਲ ਆ ਗਿਆ… “ਓਹ ਕੀ ਹਾਲ ਆ ਬਾਹਰਲਿਆ ਬੀਰਾ ?”…” ਠੀਕ ਆ ਵੀਰ ਬਾਲੋ ਤੂੰ ਸੁਣਾ ? ” ਮੈਂ ਬਾਲੋ ਨੂੰ ਜਵਾਬ ਦਿੰਦੇ ਆਖਿਆ |
ਗੱਲਾ ਬਾਤਾਂ ਕਰਦੇ ਮੈਂ ਝਿਜਕਦੇ ਨੇ ਕਿਹਾ ” ਬਾਲੋ ਬਾਈ ਚਾਹ ਨੀ ਧਰਨੀ ਅੱਜ ?”…
“ਗੁਰਮਖਾ ਤੂੰ ਅਜੇ ਵੀ ਨੀ ਬਦਲਿਆ ਯਾਰ, ਅੱਜ ਵੀ ਤੈਨੂੰ ਯਾਦ ਆ ਸਾਡੀ ਚਾਹ ਦਾ ਸਵਾਦ….. ਬਹਿ ਜਾ ਧਰਨ ਹੀ ਲੱਗੇ ਆ.. ਓਹ ਬਬਲੂ ਮਾੜੀ ਤੋਂ ਪਾਣੀ ਲੈਣ ਗਿਆ ਆਉਣ ਆਲਾ ਹੀ ਆ..” ਬਾਲੋ ਬੋਲਿਆ |
ਮੈਂ ਬਾਲੋ ਨੂੰ ਬਬਲੂ ਦੀ ਪੜ੍ਹਾਈ ਬਾਰੇ ਪੁਛਿਆ ਤਾਂ ਕਹਿਣ ਲੱਗਾ ” ਜਾਦਾ ਪੜ੍ਹ ਕੇ ਕਿਹੜਾ ਏਨੇ ਅਫਸਰ ਲੱਗਣਾ ਸੀ ..ਆਹ ਛੇ ਜਮਾਤਾਂ ਪੜ੍ਹ ਗਿਆ.. ਬਹੁਤ ਐ ..ਨਾਲੇ ਹੁਣ ਕੰਮ ਦਾ ਨੀ ਸਰਦਾ ਸੀ ..ਮੈਂ ਓਧਰ ਪਸੂਆਂ ਦੇ ਵਪਾਰ ਵੱਲ ਹੁਨਾਂ ਤੇ ਬੱਕਰੀਆਂ,ਬਬਲੂ ਈ ਚਾਰਦਾ ਹੁਣ ” ਤੇ ਉਸਨੇ ਕੋਲ ਪਹੁੰਚ ਚੁੱਕੇ ਬਬਲੂ ਵੱਲ ਵੇਖ ਕੇ ਮੁੜ ਕਿਹਾ ” ਬਬਲੂ ਆਪਣਾ ਡੱਬਾ ਮੇਮਣਾ ਲੈ ਕੇ ਆ ਓਏ ..ਬੀਰੇ ਨੇ ਫੋਟੋ ਖਿਚਣੀ ਆ ”
‘ਤੇ ਮੈਨੂੰ ਹੁਣ ਕੈਮਰੇ ਦੀ ਅੱਖ ਵਿੱਚ ਕਦੇ ਬਬਲੂ ਦੇ ਮੋਢੇ ‘ਤੇ ਮੇਮਣਾ ਅਤੇ ਕਦੇ ਸਕੂਲੀ ਬਸਤਾ ਨਜ਼ਰ ਆ ਰਿਹਾ ਹੈ |

ਹਰੀ ਲਗਰ ਨੂੰ
ਲਿਪਟਿਆ ਧੂਣੀ ਦਾ ਧੂੰਆਂ …
ਧੁੰਦਲਾ ਸੂਰਜ

ਚੀਂ ਚੀਂ


ਜਗਨਾ ਤਾਇਆ ਹੈ ਤਾਂ ਮੇਰੇ ਦਾਦੇ ਦੀ ਉਮਰ ਦਾ, ਪਰ ਮੇਰਾ ਜਾਣੋ ਪੱਕਾ ਦੋਸਤ ਹੈ . ਇਸੇ ਲਈ ਤਾਂ ਮੈਂ ਉਸਨੂੰ ਪਿਆਰ ਨਾਲ ਨਾਥ ਬੁਲਾਉਂਦਾ ਹਾਂ. “ਆ ਲੈ…. ਨਾਥਾ ਚਾਹ ਪੀ ਲਾ’.. ਮੈਂ ਮੇਰੇ ਵਿਚ ਜਿਨਾ ਵੀ ਜੋਰ ਸੀ ਸਾਰਾ ਲਾ ਕੇ ਉਸਨੂੰ ਗਲਾਸ ਦਿੰਦਿਆਂ ਆਖਿਆ…ਜਗਨੇ ਤਾਏ ਨੂੰ ਉਚਾ ਸੁਣਨ ਕਰਕੇ ਪੂਰਾ ਜੋਰ ਲਾ ਕੇ ਬੋਲਣਾ ਪੈਂਦਾ |
ਓਹ ਵੀ ਚਾਹ ਫੜਦਾ ਬੋਲਿਆ..” ਗੁਰਮਖਾ ਇੱਥੇ ਤਾਂ ਸਾਲੇ ਮੇਰੇ ਆਪਣੇ ਸਕੇ, ਸਕੇ ਨੀ ਹੋਏ ਤੂੰ ਪਤਾ ਨੀ ਕਿਵੇ ਮੇਰਾ ਸਕਾ ਬਣ ਗਿਆ….”ਹੁਣ ਕਦੋ ਜਾਣਾ ਤੂੰ ? ਉਹ ਵੀ ਉੱਚੀ ਦੇਣੇ ਬੋਲਿਆ ..ਮੈਂ ਉਸਨੂੰ ਬੀੜੀਆਂ ਦਾ ਬੰਡਲ ਦਿੰਦੇ ਹੋਏ ਫੇਰ ਆਖਿਆ “ਕੱਲ ਰਾਤ ਨੂੰ ਤੁਰਨਾ”…. ਉਸਨੇ ਸੁਣਕੇ ਵੀ ਮੈਨੂੰ ਜਤਾਇਆ ਜਿਵੇ ਉਸਨੂੰ ਸੁਣਿਆ ਨਾ ਹੋਵੇ …. ਲੱਗਿਆ ਜਿਵੇਂ ਉਸਦਾ ਕੋਈ ਕੀਮਤੀ ਸਮਾਨ ਗੁਆਚ ਗਿਆ ਹੋਵੇ.. ਓਹ ਕੁਝ ਸਮੇ ਲਈ ਡੌਰ ਭੌਰ ਮੇਰੇ ਵੱਲ ਵੇਂਹਦਾ ਰਿਹਾ ..ਫੇਰ ਉੱਠ ਖੜਾ ਹੋਇਆ ‘ਤੇ ਬੀੜੀ ਦਾ ਐਸਾ ਸੂਟਾ ਅੰਦਰ ਖਿੱਚਿਆ ਜਿਵੇ ਪਤਾ ਨੀ ਕਿੰਨੇ ਕੂ ਹੌਂਕੇ, ਸ਼ਿਕਵੇ ਨਾਲ ਹੀ ਨਘਾਰ ਗਿਆ ਹੋਏ| ਹੌਲੀ ਜੇ … ਚੁੱਪ ਤੋੜਦਾ ਬੋਲਿਆ “ਆਜਾ ਤੇਰਾ ਭਾਪਾ ਕਹਿੰਦਾ ਤੀ ਖੂਹ ਆਲੇ ਬੰਨੇ ਪਰਾਲੀ ਵੀ ਫੂਕਣੀ ਆ ਗੱਲਾਂ ਘੱਟ ਮਾਰ..

ਖੂਹ ਵਿਚ ਡਿੱਗੀ
ਉਡਦੀਆਂ ਕੂੰਜਾ ਦੀ ਚੀਂ ਚੀਂ . . .
ਪ੍ਰਵਾਸੀ ਦਾ ਪਰਛਾਵਾਂ