ਖੰਭ


ਵੀਰ ਦੀ ਦੁਕਾਨ ਚ’ ਓਹ ਵਾਰ- ੨ ਵੱੜ ਰਹੀ ਸੀ ਤੇ ਸ਼ਾਇਦ ਬੁਹਤ ਸਿਹ੍ਮੀ ਹੋਈ ਵੀ ਸੀ | ਉਹ ਤੇ ਉਸਦਾ ਦੋਸਤ ਉਸਨੁੰ ਵਾਰ ਵਾਰ ਬਾਹਰ ਕੱਢ ਰਹੇ ਸੀ ਪਰ ਓਹ ਮਾਸੂਮ ਬੁਹਤ ਹੀ ਡਰੀ ਸਿਹਮੀ ਹੋਣ ਕਰ ਕੇ ਫਿਰ ਕਿਸੇ ਖੱਲ੍ਹ ਖੂੰਜੇ ਚ ਜਾ ਵੱੜਦੀ | ਥੱਕ ਹਾਰ ਕੇ ਓ ਉਸਨੂੰ ਘਰ ਲੈ ਆਇਆ | ਛੋਟੀ ਦੱਸਦੀ ਸੀ ਕੇ ਦੀਦੀ ਬੁਹਤ ਹੀ ਪਿਆਰੀ ਆ ਚਿੱਟੇ ਖੰਭ ਤੇ ਸੰਤਰੀ ਰੰਗ ਦੀ ਚੁੰਝ ਹੈ ਓਹਦੀ | ਮੈਨੂੰ ਅਕਸਰ ਛੋਟੀ ਓਹਦੀਆਂ ਤਸਵੀਰਾਂ ਫੇਸਬੁੱਕ ਤੇ ਭੇਜਦੀ ਰਹਿੰਦੀ | ਛੋਟੀ ਦੱਸਦੀ ਸੀ ਕੇ ਦੀਦੀ ਆ ਮੇਰੀ ਪਿਆਰੀ ਚਿੱੜੀ ਜਦ ਵੀ ਸੌਂਦੀ ਹੈ ਤਾਂ ਇੱਕ ਖੰਭ ਖੋਲ ਕੇ ਉਸ ਦੇ ਵਿੱਚ ਚੁੰਜ ਲੁਕੋ ਕੇ ਸੌਂਦੀ ਹੈ ਤੇ ਉਸ ਦੀ ਸੁੱਤੀ ਦੀ ਤਸਵੀਰ ਵੀ ਓਹਨੇ ਮੈਨੂੰ ਦਿਖਾਈ ਸੀ | ਮੇਰੀ ਵੀ ਜਿੱਦਾਂ ਓਹਦੇ ਨਾਲ ਇੱਕ ਸਾਂਝ ਜਿਹੀ ਕਾਇਮ ਹੋ ਗਈ ਸੀ ਪਰ ਕੁਝ ਦਿਨ ਹੋਏ ਓਹ ਮਾਸੂਮ ਅਚਾਨਕ ਹੀ ਸਦਾ ਲੈ ਸੌ ਗਈ ਤੇ ਛੋਟੀ ਕਾਫੀ ਉਦਾਸ ਸੀ ਕਹਿਣ ਲੱਗੀ ਦੀਦੀ ਸ਼ਾਇਦ ਇਸ ਨੂੰ ਵੀ ਪਤਾ ਲੱਗ ਗਿਆ ਕੇ ਮੈਂ ਜਾ ਰਹੀ ਹਾਂ ਕਿਉਂਕਿ ਉਸ ਦੇ ਮਰਨ ਤੋ ਦੋ ਦਿਨ ਬਾਅਦ ਹੀ ਛੋਟੀ ਦੇ ਘਰਵਾਲਾ ਉਸ ਨੂ ਵਿਦੇਸ਼ ਤੋਂ ਲੈਣ ਆ ਰਿਹਾ ਸੀ……………… :((

ਗਰਮ ਹਵਾ
ਮੇਰੀ ਤਲੀ ਤੋਂ ਉੱਡਿਆ
ਚਿੱਟਾ ਖੰਭ

ਪੰਖੜੀਆਂ


ਮੇਰੀ ਰਸੋਈ ਦੀ ਤਾਕੀ ਦੇ ਬਿਲਕੁਲ ਸਾਹਮਣੇ ਇੱਕ ਘਾਹ ਦਾ ਮੈਦਾਨ ਹੈ । ਮਹੀਨਾ ਕੁ ਪਹਿਲਾਂ ਉਥੇ ਉੱਚਾ ਲੰਮਾ ਘਾਹ ਸੀ ਪਰ ਕੁਝ ਦਿਨ ਹੋਏ ਉਸ ਦੇ ਮਾਲਕ ਨੇ ਓਹ ਘਾਹ ਕੁਤਰ ਦਿੱਤਾ ਤੇ ਯਕਦਮ ਉਸੇ ਥਾਂ ਮੈਦਾਨ ਦੇ ਬਿਲਕੁਲ ਵਿਚਕਾਰ ਇੱਕ ਵੱਡੇ ਸਾਰੇ ਗੋਲ ਚੱਕਰ ਵਿਚ ਬੁਹਤ ਹੀ ਸੁਹਣੇ ਚਿੱਟੇ ਅਤੇ ਹਲਕੇ ਗੁਲਾਬੀ ਫੁੱਲ ਖਿੱੜ ਆਏ । ਦੂਰੋਂ ਸਾਰੇ ਹੀ ਚਿੱਟੇ- ਚਿੱਟੇ ਲਗਦੇ ਨੇ.. ਮੇਰੀ ਨਾਨੀ ਦੇ ਦੂਧੀਆ ਵਾਲਾਂ ਵਰਗੇ … ਬੁਹਤ ਹੀ ਕੋਮਲ ਮੇਰੀ ਨਾਨੀ ਦੇ ਝੁਰੜੀਆਂ ਭਰੇ ਮੁੱਖ ਤੇ ਫੈਲੀ ਸੱਜਰੀ ਮੁਸਕਾਨ ਵਰਗੇ … ਸਿਰਫ ਇੱਕੋ ਪੰਖੜੀ ਹੈ ਉਹਨਾਂ ਦੀ ਤੇ ਸ਼ਾਮ ਹੋਣ ਦੇ ਨਾਲ ਨਾਲ ਓਹ ਵੀ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ ਇਓਂ ਲਗਦੈ ਜਿਵੇਂ ਸਾਰਾ ਦਿਨ ਹਵਾ ਵਿਚ ਨਚਦੇ ਨਚਦੇ ਥੱਕ ਗਏ ਹੋਣ .. ਅਗਲੇ ਦਿਨ ਸੂਰਜ ਚੜ੍ਹਦਿਆਂ ਹੀ ਸਾਰੇ ਦੇ ਸਾਰੇ ਫੇਰ ਖੁਲ੍ਹਣ ਲੱਗ ਜਾਂਦੇ ਨੇ .. ਨਿੱਤ ਇਹ ਨਜ਼ਾਰਾ ਵੇਖਦਿਆ ਮੈਂ ਮੁੜ ਮੁੜ ਉਸੇ ਬਿੰਦੁ ਤੋਂ ਸ਼ੁਰੂ ਹੋ ਕੇ ਉਥੇ ਹੀ ਪਰਤ ਆਓਂਦੀ ਹਾਂ……
ਸੂਰਜ ਚੜ੍ਹਦਿਆਂ
ਫੁੱਲਾਂ ਨੇ ਮੁੜ ਖੋਲ੍ਹੀਆਂ ਪੰਖੜੀਆਂ –
ਨਾਨੀ ਦੀ ਮੁਸਕਾਨ