ਤਾਰਾ


ਪਿੰਡ ਛੱਡ ਖੇਤਾਂ ਵਿਚ ਘਰ ਬਨਾਏ ਨੂੰ ਕਿੰਨੇ ਹੀ ਸਾਲ ਹੋ ਗਏ ਸੀ ਪਰ ਮਨ ਅਜੇ ਵੀ ਪਿੰਡ ਵੱਲ ਭੱਜਦਾ ਰਹਿੰਦਾ ਸੀ ! ਇਸੇ ਲਈ ਜਦੋਂ ਵੀ ਵੇਹਲ ਮਿਲਦੀ ਪਿੰਡ ਜਿਆਦਾ ਤੋਂ ਜਿਆਦਾ ਸਮਾ ਗੁਜ਼ਾਰਨਾ.. ਉਸ ਦਿਨ ਵੀ ਮੈਂ ਘਰ ਵਾਲੇ ਅੱਡੇ ਤੇ ਨਾ ਉਤਰਿਆ ਸਿਧਾ ਪਿੰਡ ਚਲਿਆ ਗਿਆ ! ਸੋਚਿਆ ਸ਼ਾਮ ਹੋ ਗਈ ਆ ਸਾਰੇ ਚੋੰਕੜੀ ਤੇ ਆ ਗਏ ਹੋਣੇ ਨੇ….ਸ਼ਾਮ ਹੁੰਦੇ ਹੀ ਪਿੰਡ ਦੀ ਸਾਰੀ ਵੇਹਲੜ ਜਨਤਾ ਉਥੇ ਆ ਗੱਪਾ ਮਾਰਦੀ ਤੇ ਅਸੀਂ ਦੇਰ ਰਾਤ ਤੱਕ ਬੈਠੇ ਰਹਿੰਦੇ..ਪਰ ਆ ਕੀ ! ਅੱਜ ਤਾਂ ਕੋਈ ਵੀ ਨਜਰ ਨੀ ਆ ਰਿਹਾ ਕਿਥੇ ਗਏ ਸਾਰੇ ? …ਮੈਂ ਪਤਾ ਕਰਿਆ ਤਾਂ ਪਤਾ ਲੱਗਾ ਕੀ ਗੋਲੂ ਵੀਰਾ ਪੂਰਾ ਹੋ ਗਿਆ ਕਹਿੰਦੇ ਰੋਹਟੀ ਪੁੱਲਾਂ ਤੇ ਐਕਸਿਡੈਂਟ ਹੋ ਗਿਆ ! ਨਾਲ ਗੋਵਿੰਦ ਵੀਰ ਵੀ ਸੀ ..ਸੁਣਦਿਆਂ ਹੀ ਮੇਰਾ ਅੰਦਰ ਕੰਬ ਗਿਆ !!..”ਉਹ ਰੱਬਾ ਆ ਕੀ ਕੀਤਾ ?..ਤੂੰ ਯਾਰ ਉਹਨੂੰ ਹੀ ਚੱਕਣਾ ਸੀ ” ਮੈਂ ਕਾਹਲੀ ਕਾਹਲੀ ਸਰਪੰਚਾਂ ਦੇ ਘਰ ਪਹੁੰਚਿਆ ਸਾਰੀ ਗੱਲ ਪਤਾ ਲੱਗੀ… ਰੱਬ ਨੂੰ ਮੂੰਹੋਂ ਗਾਲਾਂ ਹੀ ਨਿੱਕਲ ਰਹੀਆਂ ਸੀ ਸਾਰੇ ਟੱਬਰ ਦਾ ਬਹੁਤ ਬੁਰਾ ਹਾਲ ਸੀ..ਹਰ ਪਾਸੇ ਹਾਲ ਦੁਹਾਈ . ! ਕਹਿੰਦੇ ਗੋਵਿੰਦ ਵੀਰ ਹਸਪਤਾਲ ਚ ਆ ਤਾਂ ..ਸੁਕਰ ਮਨਾਇਆ ਕੀ ਉਹ ਤਾਂ ਠੀਕ ਆ.. ਥੋੜਾ ਸਮਾਂ ਰੁਕਿਆ ਤੇ ਘਰ ਨੂ ਚੱਲਣ ਹੀ ਲੱਗਾ ਸੀ ਖਬਰ ਆਈ ਗੋਵਿੰਦ ਵੀ ਛੱਡ ਤੁਰ ਗਿਆ…..
::
ਪੱਤਝੜੀ ਰਾਤ-
ਮੜ੍ਹੀ ਦੇ ਉਸ ਪਾਰ ਟੁੱਟਿਆ
ਤਾਰੇ ਮਗਰ ਤਾਰਾ

ਅਮਨਪ੍ਰੀਤ ਪਨੂੰ ਦੇ 19 ਹਾਇਕੂ


ਡੁੱਬਦਾ ਸੂਰਜ
ਨਦੀ ਦਾ ਕਿਨਾਰਾ
ਉਹ ਦੋਵੇਂ

—-

ਚਿੱਟਾ ਰੁਮਾਲ
ਲਾਲ ਧਾਗੇ ਨਾਲ ਕੱਢੇ
ਉਸਦਾ ਨਾਂ

—-

ਕੈਕਟਸ
ਕੋਲੋਂ ਲੰਘਦੀ ਦੀ ਫਸੀ
ਰੇਸ਼ਮੀ ਚੁੰਨੀ

—-

ਭਰੀ ਮਹਿਫ਼ਲ
ਪਾਸੇ ਬੈਠੀ ਘੁਮਾ ਰਹੀ
ਬਾਂਹ ‘ਚ ਪਾਇਆ ਕੰਗਨ

—-

ਵੀਰਾਨ ਰੋਹੀ

ਅੱਕ ਦੇ ਫੁੱਲ ‘ਤੇ ਪਾਇਆ

ਤਿੱਤਲੀਆਂ ਝੁਰਮਟ

—-

ਬਹਾਰ
ਭੂਰੀ ਸ਼ਾਖ਼ ‘ਤੇ ਫੁੱਟੀ
ਹਰੀ ਕਰੁੰਬਲ

—-

ਜੰਗ ਦਾ ਮੈਦਾਨ
ਕੰਡਿਆਲੀ ਤਾਰ ਦੇ ਦੋਨੋਂ ਪਾਸੇ
ਲਾਸ਼ਾਂ ਦੇ ਢੇਰ

ਚਾਨਣੀ ਰਾਤ
ਬੱਦਲ ਦੇ ਟੋਟੇ ਆ ਢਕਿਆ
ਅੱਧਾ ਚੰਨ

ਚਾਨਣੀ ਰਾਤ
ਖੁੱਲੇ ਅਸਮਾਨ ਹੇਠਾਂ
ਫੁੱਲਾਂ ਚ ਬੈਠੀ

ਨੀਲਾ ਆਸਮਾਨ
ਘਰ ਦੀ ਛੱਤ ਤੇ ਰਖਿਆ
ਪੰਛੀ ਦਾ ਪਿੰਜਰਾ

ਸੂਰਜ ਚੜ੍ਹਿਆ 
ਚਿੜੀਆਂ ਚਹਿਕੀਆਂ
ਫੁੱਲਾਂ ‘ਤੇ ਤ੍ਰੇਲ

ਫੁੱਲਾਂ ਭਰਿਆ ਬਾਗ 
ਤਿੱਤਲੀਆਂ ਮਗਰ
ਦੌੜਨ ਬੱਚੇ 

ਸ਼ਾਖ਼ ਤੋਂ ਟੁੱਟ
ਹਵਾ ਸੰਗ ਉੱਡਿਆ 
ਪੀਲਾ ਪੱਤਾ

ਪੱਥਰ ਦੀ ਮੂਰਤ
ਸਿਰ ਸੋਨੇ ਦਾ ਤਾਜ
ਆਦਮੀ ਖੜ੍ਹਾ ਦੇਖੇ

ਪੁਰਾਣੀ ਕਿਤਾਬ
ਵਰਕਿਆਂ ਚੋਂ ਨਿਕਲਿਆ
ਸੁੱਕਾ ਗੁਲਾਬ

ਡੋਰ ਨਾਲੋਂ ਟੁੱਟ
ਉੱਡਿਆ ਜਾਵੇ ਪਤੰਗ
ਹਵਾ ਦੇ ਰੁਖ 

ਸੜਕ ‘ਤੇ ਪਿਆ
ਗੁਰਾਂ ਦੀ ਫੋਟੋ ਵਾਲਾ ਪੈਂਫਲਟ
ਚੁੱਕ ਮੱਥੇ ਲਾਇਆ

ਫ਼ੁੱਲਾਂ ਭਰਿਆ ਬਾਗ
ਅੰਬਰ ‘ਤੇ ਸੱਤਰੰਗੀ ਪੀਂਘ
ਬੱਚੇ ਝੂਲਣ ਝੂਲੇ

ਖੁੱਲ੍ਹਾ ਦਰਵਾਜ਼ਾ
ਖਿਲਰੇ ਸਮਾਨ ਵਿਚ ਪਈ
ਖਾਲੀ ਤਿਜੋਰੀ

ਅਮਿਤ ਸ਼ਰਮਾ ਦੇ 11 ਹਾਇਕੂ


ਮਾਰੁਥਲ-
ਦੂਰ ਵੀ ਪਾਣੀ
ਅੱਖ ਚ ਵੀ

—–

ਕਾਂਨਵੈਟ ਸਕੂਲ-
ਚਿੱਤਰਕਾਰੀ ਮੁਕਾਬਲੇ ਵਿਚ
ਬਾਲ ਬਣਾਵੇ ਝੁੱਗੀ

—-

ਦੰਗਈ
ਗੌਰ ਨਾਲ ਪੜ ਰਹੇ
ਨੇਮ ਪਲੇਟ 

—-

ਸਾਹ ਲੈਕੇ ਮੁਸਕੁਰਾਈ 

ਅਮਰਨਾਥ ਯਾਤਰਾ ਨੂੰ ਜਾਂਦੀ 

ਇਕ ਬਿਰਧ ਔਰਤ 

—–

ਗੰਗਾ ਨਦੀ 
ਫੁੱਲਾਂ ਦੇ ਨਾਲ ਨਾਲ 
ਤੈਰ ਰਹੇ ਫੁੱਲ 

ਸਰਹੱਦੀ ਤਾਰ-
ਬੁਰਕਾ ਚੁੱਕ ਕੇ ਵੇਖਿਆ 
ਹਿੰਦੁਸਤਾਨੀ ਫੁੱਲ 

ਰਾਸ਼ਟਰੀ ਗੀਤ
ਦੰਦੀਆਂ ਮੀਚ ਕੇ ਉਠ ਰਿਹਾ 
ਲੰਗੜਾ ਫੌਜੀ

ਸਕੈਨਿੰਗ ਸੈਟਰ- 
ਬਨੇਰੇ ਤੋਂ ਉਡੀ ਚਿੜੀ 
ਬੈਠਿਆ ਕਾਂ

ਪਿੰਜਰੇ ਦਾ ਤੋਤਾ
ਰੋਸ਼ਨਦਾਨ ਚੋਂ ਵੇਖ ਰਿਹਾ 
ਇੱਕ ਟੁਕੜਾ ਅਸਮਾਨ 

ਤਰਕਾਲਾਂ-
ਗੁਲਾਬ ਸਾਹਮਣੇ 
ਸੂਰਜਮੁਖੀ ਝੁਕਿਆ

—-

ਬਣ ਰਿਹਾ ਘਰ –
ਮੰਮੀ ਪਾਪਾ ਲੜ ਰਹੇ
ਬੱਚੇ ਖੇਡਣ ਘਰ ਘਰ

ਗੀਤ ਅਰੋੜਾ ਦੇ 17 ਹਾਇਕੂ


ਕਾਲੀ ਰਾਤ
ਦੁਧੀਆ ਰੋਸ਼ਨੀ
ਦੋ ਹੀ ਰੰਗ

—-

ਦੰਗਿਆਂ ਦੀ ਰਾਤ
ਉੱਠ-ਉੱਠ ਕੇ ਦੇਖੇ
ਸੁਤੇ ਬੱਚੇ

—-

ਤੋਤਿਆਂ ਦਾ ਝੁੰਡ

ਟੁੱਕ-ਟੁੱਕ ਸੁਟੇ ਬੇਰ

ਨੀਝ ਲਾ ਤੱਕੇ ਬਾਲ 

—-

ਚੁੰਝ ‘ਚ ਲੈ ਸੁਕੇ ਪੱਤੇ
ਚਿੜੀ ਬਣਾਵੇ
ਪਤਝੜੀ ਆਲਣਾ

—-

ਹਥ ਜੋੜ 

ਹਰਿਮੰਦਿਰ ਦੇ ਬਾਹਰ 

ਵੇਚੇ ਦਾਤਣਾਂ

—-

ਝੀਊਰ ਭੁੰਨੇ ਦਾਣੇ

ਬੱਚਿਆਂ ਦਾ ਝੁਰਮਟ
ਧੂੰਆਂ ਛੂਹੇ ਆਸਮਾਨ

ਬਿਰਧ ਆਸ਼ਰਮ
ਮੁੰਡਿਆਂ ਦੀ ਟੋਲੀ ਲੰਘੀ
ਠੱਠਾ ਕਰਦੀ
—-

ਫਾਈਵ ਸਟਾਰ ਹੋਟਲ —
ਮਿੱਟੀ ਨਾਲ ਮਿੱਟੀ ਹੋਇਆ
ਬਾਲ ਮਜ਼ਦੂਰ

ਰੇਤ ਦਾ ਘਰ
ਪੈਰ ਮਾਰ ਢਾਹਿਆ
ਖਿੜ-ਖਿੜ ਹੱਸੇ


ਠੰਡੀ ਯਖ ਰਾਤ
ਟਿੱਲੇ ਤੇ ਲਾ ਧੂਣੀ
ਜੋਗੀ ਗਾਵੇ ਵਾਰਾਂ

ਸਰਦ ਰਾਤ
ਧੁੰਦ ਦਾ ਗਿਲਾਫ
ਝੁੱਗੀ ‘ਚ ਜਗੇ ਲਾਟੂ

ਪੋਹ ਦੀ ਰਾਤ
ਧੁੰਦ ਨੇ ਢਕੀਆਂ
ਕਾਰਾਂ ਤੇ ਝੁੱਗੀਆਂ


ਨਿੱਕਾ ਬਾਲ 

ਕ੍ਰੈਚ ਵਾਲੀ ਦੀ ਗੋਦੀ ਬਹਿ

ਕਰੇ ਤੋਤਲੀਆਂ ਗੱਲਾਂ
—-

ਆਲ੍ਹਣੇ ‘ਚੋਂ ਉੱਡਿਆ
ਘੁੱਗੀਆਂ ਦਾ ਜੋੜਾ
ਪਿੱਛੇ ਦੋ ਬੋਟ

ਫੁਟਪਾਥ ਤੇ ਸੁੱਤਾ ਬੱਚਾ
ਸੂਰਜ ਦੀ ਪਹਿਲੀ ਕਿਰਨ
ਕਰੇ ਅਠਖੇਲੀਆਂ

ਸੰਧੂਰੀ ਸ਼ਾਮ
ਮੁੜਨ ਘਰਾਂ ਨੂੰ
ਸੂਰਜ ਤੇ ਪੰਛੀ

ਪੋਹ ਦੀ ਰਾਤ
ਸੜਕ ਤੇ ਗੁੱਛਾ-ਮੁੱਛਾ
ਭਿਖਾਰਨ ਬੱਚੀ

ਚਰਨ ਗਿੱਲ ਦੇ 12 ਹਾਇਕੂ


ਸ਼ਾਪਿੰਗ ਮਾੱਲ

ਮਰਮਰੀ ਪੌੜੀਆਂ ਤੇ ਬੌਂਦਲੀ

ਇੱਕ ਨਿੱਕੀ ਕੀੜੀ

—-

ਧੁੰਦਲੀ ਠੰਡ 
ਬਾਲਕ ਪੁੱਟੇ ਪਹਿਲੀ ਵਾਰ 
ਨਿਆਣੀਆਂ ਪਲਕਾਂ
====

ਸੁੱਤਾ ਸ਼ਹਿਰ 
ਲੇਰਾਂ ਨੇ ਪਰੁੰਨੀ 
ਕਾਲੀ ਰਾਤ
===

ਭੱਠੀ ਵਾਲੀ
ਉਲਝੇ ਵਾਲਾਂ ‘ਚ 
ਉਲਝੀਆਂ ਖਿੱਲਾਂ

ਨਿਆਈਂ ਦਾ ਖੇਤ
ਡੁੰਗੀ ਮੱਕੀ ਦੇ ਟਾਂਡੇ ਤੇ ਹਿੱਲੇ 
ਕਾਟੋ ਦੀ ਪੂੰਛ

ਵਗਦਾ ਖਾਲ
ਚੁੰਝ ਭਰ ਚਿੜੀ ਜਾ ਬੈਠੀ
ਗੰਨੇ ਦੇ ਆਗ ‘ਤੇ

ਰੋਹੀ ਦੀ ਰਾਤ
ਖਾਨਾਬਦੋਸ਼ ਗੱਡੇ ਦੇ ਪਹੀਏ 
ਗੱਭੇ ਬਲਦਾ ਚੁਲ੍ਹਾ

ਸਿਆਲੂ ਸ਼ਾਮ 
ਮੋਢੇ ਹਥ ਰੱਖ ਪੁੱਛਦੀ 
ਮਘਾਵਾਂ ਅੰਗਿਆਰ

—-

ਨਿੱਖਰੀ ਪੁੰਨਿਆਂ
ਹੰਝੂਆਂ ਨੇ ਧੋ ਦਿੱਤਾ
ਉਹਦਾ ਗੋਰਾ ਮੂੰਹ

—-

ਧੁੰਦ ਤੇ ਕੱਕਰ
ਕਿਆਰਾ ਝਾੜ ਕੇ ਕਣਕ ਗੁੱਡੇ
ਦੇਸੀ ਕਿਸਾਨ

—-

ਬੁਕ ਸੈਲਫ
ਧੂੜ ਝਾੜ ਕੇ ਮੁੜ ਟਿਕਾਈ
‘ਗੋਰਕੀ ਦੀ ਮਾਂ’

—-

ਝਗੜਨ ਮਗਰੋਂ
ਪਾਵੇ ਮੂੰਹ ਵਿੱਚ
ਗੁੜ ਦੀ ਰੋੜੀ

ਡਿੰਪਲ ਅਰੋੜਾ ਦੇ 8 ਹਾਇਕੂ


ਰੁੱਖ ਹੇਠ
ਸੁੱਕੇ ਪੱਤਿਆਂ ਦਾ ਢੇਰ
ਮਾਂ ਦਾ ਮੰਜਾ

—–

ਸਿਆਲ ਦੀ ਧੁੱਪ 
ਗੁਲਾਬੀ ਫੁੱਲਾਂ ਚ ਬੈਠ 
ਮੀਚੀਆਂ ਅੱਖਾਂ

ਸਰਦ ਮੌਸਮ 
ਗੁਲਾਬ ਦੀਆਂ ਪੱਤੀਆਂ ਤੇ ਚਮਕਣ
ਸੂਰਜ ਦੀਆਂ ਕਿਰਣਾਂ

ਛਾਵੇਂ ਸੁੱਤਾ 
ਫੁੱਲ ਮੋਤੀਆ 
ਮਾਰ ਜਗਾਇਆ

ਫੁੱਲਾਂ ਦਾ ਹਾਰ 
ਮਾਂ ਦੇ ਗਲ ਨੂੰ ਪਾਈ 
ਪੁੱਤ ਨੇ ਗਲਵਕੜੀ

ਸੁੱਕੀ ਟਾਹਣੀ 
ਪੁੰਨਿਆ ਦੇ ਚੰਨ ਹੇਠ ਬੈਠਾ 
ਇੱਕ ਚਕੋਰ

ਸਵੇਰ ਦੀ ਧੁੱਪ
ਓਹਦੇ ਚੇਹਰੇ ਤੇ ਚਮਕੇ 
ਗੁਲਾਬ ਹੋਰ ਟਹਿਕੇ 

ਜ਼ੁਲਫ ਖੁੱਲੀ 
ਚੰਨ ਨੂੰ ਢਕ ਗਿਆ 
ਉਡਦਾ ਬੱਦਲ

ਤੇਜੀ ਬੈਨੀਪਾਲ ਦੇ 28 ਹਾਇਕੂਜਿੰਦਾ ਟੋਹ ਕੇ ਦੇਖੇ
ਸੋਣ ਤੋ ਪਹਿਲਾ
ਦਾਦੀ ਮਾਂ

—-

ਸੁਰਖ ਸਵੇਰ
ਪਹਾੜ ਉਤੋ ਦਿੱਸੇ
ਫਿੱਕਾ ਚੰਨ

—-

ਕੁਤਰ ਰਿਹਾ ਪੱਠੇ
ਮਸ਼ੀਨ ਦੇ ਚੱਕਰ ਚੋ ਦਿੱਸੇ
ਅੰਬਰ ਦਾ ਚੰਨ

—-

ਧੁੰਦ ਦੀ ਚਾਦਰ
ਕਬੂਤਰ ਉੱਡ ਉੱਡ ਬੈਠੇ
ਝਾਂਜਰ ਛਣਕੇ

—-

ਚੁਬਾਰੇ ਦੀ ਖਿੜ੍ਹਕੀ
ਉੱਗਿਆ ਪਿੱਪਲ
ਚਿੜੀ ਛਾਂਵੇ ਬੈਠੀ
—-

ਕਿਨਾਰੇ ਖੜ੍ਹਾ
ਦੇਖੇ ਕਿਸ਼ਤੀ
ਸਮੁੰਦਰ ਚ ਚੰਨ
—-

ਗੁਲਾਬ ਦਾ ਫੁੱਲ
ਤਰੇਲ ਦਾ ਤੁਪਕਾ
ਮੁੱਖ ਤੇ ਤਿਣ
—-

ਕਣਕ ਦਾ ਵੱਢ
ਵੱਟ ਦੇ ਕੋਲ
ਟਟਹਿਰੀ ਦੇ ਆਂਡੇ
—-

ਸਲਾਬ੍ਹੇ ਦਿਨ
ਟਿੱਡੀ ਟੁੱਕੇ ਕੱਪੜੇ
ਬੇਬੇ ਅੱਗੇ ਪਿੱਛੇ

—-ਪੱਤਝੜੀ ਪੱਤਾ
ਗਿਰੇ ਘੁੰਮ ਘੁੰਮ
ਬਾਪੂ ਦਾ ਸਾਫਾ

ਵਾਵਰੋਲਾ
ਉੱਡੇ ਅਸਮਾਨ
ਕੋਰਾ ਕਾਗਜ਼

—-

ਸੁਰਮਈ ਸਵੇਰ
ਫਕੀਰ ਦਾ ਮਿੱਠਾ ਗੀਤ
ਖਾਮੋਸ਼ੀ ਤੋੜ ਰਿਹਾ 

—-

ਚੰਨ ਉਜਾੜੀ ਚਮਕੇ
ਕਰੀਰ ਤੇ ਬਟੇਰ
ਬਾਪੂ ਦਾ ਹਲ੍ਹਟ ਚਲੇ

—-

ਮੇਲਾ ਜਰਗ ਦਾ
ਝੂਟੇ ਚੰੜ੍ਹੋਲ
ਉੱਡੇ ਫੁੱਲਕਾਰੀ

—-

ਵਾਵਰੋਲਾ
ਉੱਡੇ ਅਸਮਾਨ
ਕੋਰਾ ਕਾਗਜ਼

—-

ਕੋਠੇ ਖੜ੍ਹੀ
ਪੁਰੇ ਦੀ ਪੋਣ
ਰੇਸ਼ਮੀ ਜੁਲ਼ਫਾ

—-

ਵਿਹੜੇ ਚ ਬੈਠੀ
ਮਿਲਾ ਕੇ ਦੇਖੇ
ਚੂੜੇ ਤੇ ਝਾਂਜਰ ਦੀ ਛਣਕਾਰ

—-

ਚੂੜੇ ਵਾਲੀ
ਦੁੱਧ ਰਿੜਕੇ
ਗੁਆਂਢਣ ਗੱਲਾਂ

—-

ਗੰਦਲਾਂ ਪੱਕੀਆ
ਤੋੜੇ ਬਾਥੂ
ਵੱਟੋ ਵੱਟ

—-

ਪ੍ਰਭਾਤ ਵੇਲਾ
ਨਲਕੇ ਦੀ ਘੜਿੱਚ ਘੜਿੱਚ
ਵਾਹਿਗੁਰੂ ਵਾਹਿਗੁਰੂ

—-

ਹੱਸੇ ਤਾੜੀ ਮਾਰ
ਝੁਮਕੇ ਛੂਹਣ
ਗੋਰੀਆਂ ਗਲ੍ਹਾਂ

—-

ਪਾਵੇ ਮੁੰਦੀ
ਮੰਗੇਤਰ ਦੇ ਹੱਥ
ਮਿੰਨਾ ਹੱਸ,ਥੋੜਾ ਸੰਗ ਕੇ

—-

ਪ੍ਰਦੇਸੋ ਖਤ
ਸਲਾਬ੍ਹੇ ਅੱਖਰ
ਮਾਂ ਪੂੰਝੇ ਅੱਖਾਂ

—-

ਕੱਚਾ ਕੋਠਾ
ਦਰਵਾਜੇ ਦੀ ਵਿਰਲ ਥੀ
ਪੁੰਨਿਆ ਦਾ ਚੰਨ

—-

ਨੂੰਹ ਤੋ ਚੋਰੀ
ਪੋਤੇ ਨੂੰ ਦੇਵੇ
ਦਾਦੀ ਦਮੜਾ

—-

ਪੱਤਝੜੀ ਸੂਰਜ
ਪੀਲੀ ਕਿਰਨ
ਚੀੜੀ ਅੱਖ ਮੀਚੇ
—-

ਨਿੱਕੇ ਨਿੱਕੇ ਹੱਥ
ਗਾਰੇ ਲਿੱਬੜੇ
ਕਿਤਾਬ ਵੱਲ ਵੇਖੇ

—-

ਖੇਤ ਚੋ ਉੱਡ
ਰੁੱਖ ਤੇ ਬੈਠੀ
ਚੁੰਝ ਸਾਫ ਕਰੇ

ਦਿਲਪ੍ਰੀਤ ਕੌਰ ਚਾਹਲ ਦੇ 13 ਹਾਇਕੂ


ਥਲ ਦਾ ਸਫਰ
ਡਾਚੀਆਂ ਦੇ ਗਲ
ਛਣਕਣ ਹਮੇਲ

—-

ਮਾਨਸਰੋਵਰ- 
ਤਰ ਰਿਹਾ ਹੰਸਾਂ ਦਾ ਜੋੜਾ
ਪੁੰਨਿਆ ਦਾ ਚੰਨ
—-

ਪਤਝੜ-
ਕਿੱਕਰ  ਦੇ ਥੱਲੇ ਲੱਗਿਆ
ਫੁੱਲਾਂ ਦਾ ਢੇਰ

—-

ਉਚਾ ਪਰਬਤ 
ਵਲ ਖਾਂਦੀਆਂ ਪਗਡੰਡੀਆਂ ਉੱਪਰ 
ਉੱਡਦੇ ਬੱਦਲ

*******
ਅਂਬੀ ਦਾ ਬੂਟਾ 
ਤੋਤੇ ਨੇ ਟੁੱਕ ਕੇ ਸੁੱਟੀ 
ਧਰਤੀ ਤੇ ਗੁਠਲੀ

*******
ਸ਼ਾਂਤ ਨਦੀ
ਤਰਦੀਆਂ ਮੁਰਗਾਬੀਆਂ 
ਪਾਣੀ ਦਾ ਸ਼ੋਰ
*******

ਮਿੱਟੀ ਲਿਬੜੇ ਹੱਥ
ਸਾਂਝੀ ਮਾਤਾ ਦੀ ਪ੍ਰਤਿਮਾ 
ਮਿੱਟੀ ਦੀ ਕੰਧ ਤੇ
*******

ਢਲਦੀ ਸ਼ਾਮ 
ਸ੍ਮੁੰਦਰ ਕੰਡੇ ਸਿੱਪੀ ਵਿਚ 
ਚਮਕਿਆ ਮੋਤੀ
*****

ਵਗਦੀ ਹਵਾ-
ਟੁਟਕੇ ਡਿਗਿਆ
ਸ਼ਰੀਂਹ ਦਾ ਆਖਿਰੀ ਫੁਲ

—-

ਪਹੁ ਫੁਟਾਲਾ
ਬਨੇਰੇ ਤੇ ਖਿੜਿਆ
ਗਲਦੌਦੀ ਦਾ ਫੁੱਲ

—-

ਪੁੰਨਿਆ ਦੀ ਰਾਤ
ਸਾਗਰ ਦੀ ਲਹਿਰ ਨੇ ਛੋਹੀ
ਸੁੱਕੀ ਰੇਤ

—-

ਕੱਲਰੀ ਥੇਹ
ਖਿਲਰੇ ਠੀਕਰਾਂ ਚ ਉੱਗਿਆ
ਕੰਧਾਰੀ ਅਨਾਰ

—-

ਆਥਣ ਵੇਲਾ
ਲਾਲ ਸੁਰਖ ਅੰਬਰ
ਟਾਵਾਂ ਟਾਵਾਂ ਤਾਰਾ

ਨਿਰਮਲ ਬਰਾੜ ਦੇ 12 ਹਾਇਕੂ


ਉੱਡਿਆ ਕਾਂ
’ਤੇ ਪਿੱਛੇ ਛੱਡ ਗਿਆ
ਓਹੀ ਬਨੇਰਾ

—-

ਸੁੱਕਾ ਦਰਿਆ
ਬੇਫ਼ਿਕਰੀ ਨਾਲ ਘਾਹ ਚਰੇ
ਇੱਕ ਲੰਗੜਾ ਬਲਦ

—-

ਦੱਬ ਲਈ
ਸ਼ਾਮ ਲਾਲ ਦੇ ਪਕੌੜਿਆਂ ਨੇ
ਮਹਿੰਗਾਈ ਦੀ ਖਬਰ

—-

ਲੰਮੀ ਕੰਧ 

ਇੱਕ ਦੀਵਾ ਬੁਝਿਆ 

ਟੁੱਟੀ ਲੜੀ 

ਸਿਖਰ ਦੁਪਹਿਰ

ਮੰਦਰ ’ਤੇ ਮਸਜਿਦ ਵਿਚਾਲੇ

ਮੈਂ ’ਤੇ ਸੂਰਜ

ਅੱਧੀ ਰਾਤ

ਇੱਕਠੇ ਹੋਏ ਟਾਹਣੀ ’ਤੇ

ਚੰਨ ’ਤੇ ਉੱਲੂ

—-

ਕਾਮਾ ਖੇਤੋਂ 

ਸਿਰ ‘ਤੇ ਸੂਰਜ 

ਚੁੱਕੀ ਆਉਂਦਾ

ਵਾਢੀਆਂ ਦੀ ਰੁੱਤ

ਕਾਮੇ ਦੀ ਦਾਤੀ ’ਤੇ

ਮਘਦੀ ਧੁੱਪ

ਸੁੰਨਸਾਨ ਰਾਤ 

ਘੜੀ ਦੀ ਟਿੱਕ-ਟਿੱਕ ਚ ਆ ਰਲੇ 

ਓਹਦੇ ਕਦਮ 

—-

ਪਿੱਛੇ ਛੱਡ ਗਿਆ

ਧੁੰਦ ’ਚ ਰਲਦਾ ਧੂੰਆਂ

ਇੱਕ ਸੁਨਹਿਰੀ ਰੋਟੀ

ਸੂਰਜ ਦਾ ਸਫ਼ਰ-

ਪਿੰਡ ਦੇ ਇੱਕ ਮੋੜ ਤੋਂ

ਦੂਜੇ ਤੱਕ

ਪੁਰਾਣਾ ਰਿਕਸ਼ਾ
ਰੇਲਗੱਡੀ ਦੀ ਆਵਾਜ਼ ’ਚ ਦਬੀ
ਖੜਕਦੀ ਚੈਨ

ਬਲਵਿੰਦਰ ਢੱਲ ਦੇ 6 ਹਾਇਕੂ


ਵੱਟ ਤੇ ਕਿੱਕਰ
ਟਾਹਣੀ ਤੇ ਖੁਰ ਬੱਕਰੀ ਦੇ
ਤੁੱਕੇ ਚੱਬੇ

—-

ਪਿੱਪਲ ਪੱਤਾ

ਉਂਗਲਾਂ ‘ਚ ਦੱਬ

ਪੀਪਣੀ ਵਜਾਵੇ ਪਾਲੀ  

—-

ਅਸਮਾਨੀਂ ਉਡੇ ਕਾਂ

ਆਹਲਣੇ ਤੇ ਪਰਛਾਵਾਂ

ਬੋਟ ਕਰਨ ਚੂੰ ਚੂੰ 

—-

ਠੀਕਰੀ ਸੁੱਟੇ ਅਗਾਂਹ ਨੂੰ 

ਬੁੜਕਦੀ ਖਾਨੇ ਤੋਂ ਖਾਨੇ 

ਖੇਡੇ ਪੀਚੋ ਬੱਕਰੀ 

—-

ਚੁੱਲਾ ਤ੍ਰੇੜਿਆ

ਕੰਧ ਪਾਟੀ

ਅੱਡੀਆਂ ਵੀ

—-

ਸੁੱਜੀ ਹੋਈ ਅਖ

ਮਾਰ ਮਾਰ ਚੁੰਨੀ ਚ ਫੂਕਾਂ

ਕਰੇ ਟਕੋਰ

ਮਨਦੀਪ ਮਾਨ ਦੇ 16 ਹਾਇਕੂਨਵੀਂ ਵਿਆਹੀ
ਚਾਹ ਦਾ ਕਪ ਫੜੀ ਆਖੇ
ਗੁਡ ਮਾਰਨਿੰਗ ਜੀ

—-
ਦੇ ਰਹੀ ਸੇਕ 
ਮੇਹੰਦੀ ਲਵਾਉਣ ਤੋਂ ਬਾਦ 
ਗੋਰੇ ਨਿਛੋਹ ਹੱਥ 
—-

ਪੀਲਾ ਹੋਇਆ

ਡਿਗਣ ਤੋਂ ਪਹਲਾਂ
ਰੁਖ ਦਾ ਪੱਤਾ

—-

ਸਾੰਭ ਲਿਆ
ਹਵਾ ਨੇ
ਕਿਰਦਾ ਫੁਲ

—-

ਟੁੱਟ ਕੇ ਬਿਖਰੇ
ਝਾਂਜਰ ਦੇ ਬੋਰ
ਨਚਦੀ ਦੇ

—-

ਏਅਰਪੋਰਟ ਤੇ
ਗਲ ਲਗ ਰੋਵੇ
ਮਾਹੀ ਘੁਟੇ ਹੱਥ

—-

ਨੱਕ ਦਾ ਕੋਕਾ
ਦੇ ਰਿਹਾ ਸਤਰੰਗੀ ਲਿਸ਼ਕੋਰ
ਸੂਰਜ ਦੀ ਕਿਰਨ ਨਾਲ
—-

ਮਸਿਆ ਦੀ ਰਾਤ
ਚੰਨ ਤੋਂ ਸਖਣਾ
ਝੀਲ ਦਾ ਕਿਨਾਰਾ

—-

ਆ ਕੇ ਰਲਿਆ
ਇਕ ਹੋਰ ਪੱਤਾ
ਡਿਗੇ ਹੋਏ ਪੱਤਿਆਂ ਨਾਲ

—-

ਉੱਡੀ ਚਿੜੀ
ਸਿਧੀ ਹੋਈ ਲਿਫੀ ਟਾਹਣੀ
ਗੁਲਾਬ ਦੀ

—-

ਡੁਬਦਾ ਸੂਰਜ

ਮਲਾਹ ਹਥ ਚਪੂ
ਕਿਨਾਰਾ ਅਜੇ ਦੂਰ
—-

ਉਜਲੀ ਸਵੇਰ
ਕਰ ਰਹੀ ਸ਼ਿੰਗਾਰ
ਆਉਣਾ ਅਜ ਮਾਹੀਏ ਨੇ.
—-

ਦਰਗਾਹ-
ਕਰਨ ਸਜਦਾ
ਨਕਾਬ ਚੋ ਦਿਸਦੀਆਂ ਦੋ ਅਖਾਂ
—-

ਪਾਕੇ ਜੀਨ
ਪਟਿਆਲੇ ਸ਼ਹਰ ਲਭ ਰਹੀ
ਸ਼ੀਸ਼ੇ ਜੜੇ ਪਰਾਂਦੇ
—-

ਮਹਿਕ ਉੱਠੀਆਂ 
ਬੁੱਲੀਆਂ ਦੀ ਛੋਹ ਨਾਲ 
ਗੁਲਾਬ ਪੰਖੜੀਆਂ 
—-

ਪੁੰਨਿਆਂ ਦਾ ਚੰਨ 
ਤੈਰ ਰਿਹਾ ਪਰਛਾਵੇਂ ਨਾਲ 
ਸ਼ਾਂਤ ਦਰਿਆ 

ਰਜਿੰਦਰ ਘੁੰਮਣ ਦੇ 12 ਹਾਇਕੂ


ਸਰਘੀ ਵੇਲਾ–
ਜਾਲੀ ਚੋਂ ਚੁੰਝ ਕੱਢ
ਦੇਖ ਰਿਹਾ ਮੁਰਗਾ

ਇਕੱਲਾ ਮਲਾਂਹ
ਨਜ਼ਰ ਤਾਰਿਆਂ ਵੱਲ
ਸਮੁੰਦਰ ‘ਚ ਕਿਸ਼ਤੀ

—-

ਇੱਕ ਪੀਲਾ ਪੱਤਾ

ਤਰਦਾ ਤਰਦਾ ਡੁੱਬਿਆ

ਵਗਦਾ ਦਰਿਆ 

—-

ਅਕਸ਼ ਹੋਇਆ ਧੁੰਦਲਾ
ਨਹਾਉਦਿਆ ਗਰਮ ਪਾਣੀ ਨਾਲ
ਦੇਖ ਰਿਹਾ ਸ਼ੀਸਾ

—-

ਚੁੱਪਚਾਪ ਟੁੱਟੀ
ਨਵ ਜੰਮੇ ਦਾ ਰੋਨਾ ਸੁਣ
ਸਾਰਾ ਟੱਬਰ ਹੱਸਿਆ

—-

ਟੈਕਸੀ ਸਟੈਂਡ —
ਮੁਸਾਫਿਰ ਪੁੱਛ ਰਿਹਾ 
ਟਾਂਗੇ ਵਾਲੇ ਦਾ ਪਤਾ

ਢਦਾ ਝੋਨਾ 
ਉੱਪਰ ਚੰਨ ਦੀ ਦਾਤੀ
ਵੇਖੇ ਦਾਤੀ ਵਿੱਚੋ
—-

ਹੱਥ ‘ਚ ਭੰਬੀਰੀ
ਭੱਜ ਰਿਹਾ ਬੱਚਾ 
ਹਵਾ ਤੋ ਉਲਟ 

ਗਰਮੀ ਘੱਟੀ
ਪੱਤਿਆ ਬਦਲਿਆ ਰੰਗ
ਉਸ ਕੱਪੜੇ

ਮੀਂਹ ਹਟਿਆ
ਪੁਰਾਣੇ ਬੋਹੜ ਥਲੇ ਵਰਖਾ 
ਅਜੇ ਵੀ

ਨਵਾਂ ਘਰ …
ਨੀਂਹ ਵਿਚ ਲੱਗੀਆਂ
ਪੁਰਾਣੀਆਂ ਇੱਟਾਂ
—-


ਸੁਪਨੇ ਗੁਆਚੀ

ਫੁੱਲ ਕੱਢਦੀ ਨਿੰਮ੍ਹ ਹੇਠਾਂ
ਪੋਟਾ ਲਹੂ- ਲੁਹਾਣ

ਰਿੰਪੂ ਢਿੱਲੋਂ ਦੇ 3 ਹਾਇਕੂ


ਫੇਸਬੁੱਕ
ਚੈਟ ਕਰਦਿਆਂ ਨਿਕਲੀ 
ਗੱਲਾਂ ਚੋਂ ਗੱਲ
—-

ਤਰਦੇ ਫੁੱਲਾਂ ਤੇ 
ਸੁੱਕੇ ਬਿਰਖ਼ ਦਾ 
ਤਰੇਲਿਆ ਪਰਛਾਵਾਂ 
—-

ਬੁਝਿਆ ਦੀਵਾ 
ਦਾਦੀ ਪਾਵੇ ਬਾਤ 
ਉਡਦਾ ਜੁਗਨੂੰ

ਸਤਵਿੰਦਰ ਸਿੰਘ ਦੇ 8 ਹਾਇਕੂ


ਲਿਆ ਪਾਸਾ
ਗੱਲ੍ਹ ਤੇ ਵਹਿੰਦਾ ਹੰਝੂ
ਮੁੜਿਆ ਮੋੜ

—-

ਗਿੱਲੇ ਪੈਰ
ਝਾਂਜਰ ਚੋਂ ਝੜੀਆਂ ਬੂੰਦਾ
ਕਲੀਨ ਤੇ

—-

ਕਾਲੀ ਰਾਤ 
ਸਰ੍ਹਾਣੇ ‘ਚ ਸਮੋਇਆ
ਕੋਸਾ ਹੰਝੂ 
—-

ਉਂਗਲਾਂ ਨਾਲ 
ਚੁੱਲੇ ‘ਚੋਂ ਚੁੱਕਿਆ ਮਾਂ ਨੇ 
ਫੁੱਲਿਆ ਫੁਲਕਾ 

ਸ਼ੀਤ ਸ਼ਾਮ 
ਚਿਮਨੀ ਦਾ ਕਾਲਾ ਧੂੰਆਂ
ਚੀਰਨ ਚਿੜੀਆਂ 

ਤੁਰਿਆ ਜਾਵੇ 
ਜੈਬਰਾ ਕ੍ਰੋਸਿੰਗ ਉਤੇ 
ਡਬੂ ਕੁੱਤਾ 

ਸੌੜੀ ਸੜਕ 
ਕਨੇਰ ਦੇ ਪੱਤੇ ਛੂਹੇ
ਸਟ੍ਰੀਟ ਲਾਈਟ

ਤੇਜ ਪਾਣੀ
ਛਲ ਵਜਦਿਆਂ ਉਭਰੀ
ਮੁਰਗਾਬੀ 

ਸਰਬਜੀਤ ਸਿੰਘ ਖੈਰਾ ਦੇ 14 ਹਾਇਕੂ


ਧੁੱਪੇ ਬੈਠਾ ਬਾਪੂ —
ਟਾਹਣੀ ਟਾਹਣੀ ਹੋਇਆ
ਹੱਥੀਂ ਲਾਇਆ ਰੁੱਖ

—-

ਨੈਣੋਂ ਨੀਰ–
ਨਦੀ ਨਾਮ ਸੰਯੋਗੀ ਮੇਲੇ
ਕਹਿ ਤੁਰੀ ਭੈਣ

—-

ਸੰਖ ਵੱਜਿਆ
ਮਾਂ ਵਾਰ-ਵਾਰ ਤੱਕੇ ਦਰ
ਬਾਪੂ ਨਹੀਂ ਆਇਆ

—-

ਚੁੱਲ੍ਹੇ ਅੱਗ–
ਮੱਠੇ ਮੱਠੇ ਸੇਕ ਤੇ
ਤਵੇ ਪੱਕਣ ਰੋਟੀਆਂ

—-

ਟਾਵਾਂ -ਟਾਵਾਂ ਬੱਦਲ–
ਨਿਪੱਤਰੀਆਂ ਟਾਹਣੀਆਂ ਝੂਮਣ
ਸੰਗ ਹਵਾ 

—-

ਬੈਠੀ ਐਨਕਾਂ ਲਾ
ਸੁਈ ਧਾਗਾ ਵਿੱਚ ਰੁੱਝੀ
ਜੱਗਦੀ ਟਿਉਬ ਲਾਈਟ

—-

ਰਾਤ ਦੀ ਸੈਰ
ਝਿਲਮਿਲਾ ਰਹੇ ਅਸੰਖ ਤਾਰੇ
ਇੱਕ ਚੰਨ

—-

ਤਾਜੀ ਸਵੇਰ
ਗੁਰਦੁਆਰੇ ਦਾ ਸਪੀਕਰ ਬੰਦ
ਧੁੱਪ ਖਿੜ ਰਹੀ
—-

ਕੋਰਾ ਕਾਗਜ਼
ਸੁਨੇਹਾ ਲਿੱਖਿਆ
ਸ਼ਾਂਤ ਹਾਂ 
—-

ਬਲਦ ਗਲ ਹਵੇਲਾ
ਜੱਟ ਗਾਉਂਦਾ ਜਾਵੇ
ਵੱਜਣ ਟੱਲੀਆਂ

ਕਮਲ ਦਾ ਫੁੱਲ
ਟੋਭੇ ਵਿੱਚ ਮਹਿਕਿਆ
ਮੰਦਰ ਵੱਜਣ ਟੱਲੀਆਂ

ਪਾਲ਼ੇ ਸੁੰਗੜੀ ਧੁੱਪ
ਬਨੇਰੇ ਆਣ ਬੈਠੀ
ਚਹਿਕਦੀ ਚਿੜੀ

ਹੱਸ ਕੇ ਲੰਘੀ
ਕੇਸ ਸੁਕਾਉਂਦੀ 
ਕਾਲੀ ਚਿੱਟੀ ਫਿਲਮ 

ਸੁਬਹ-ਸਵੇਰੇ
ਪਾਣੀ ਦੀ ਅਵਾਜ਼ ਨਾਲ ਖੜਕਣ
ਭਾਂਡੇ ਤੇ ਵੰਗਾਂ 

ਸਰਬਜੋਤ ਸਿੰਘ ਬਹਿਲ ਦੇ 17 ਹਾਇਕੂ


ਮਿਲ ਦੀ ਚਿਮਨੀ –
ਧੂਆਂ ਜਾ ਅਸਮਾਨੀਂ ਰਲਿਆ
ਬੱਦਲਾਂ ਨਾਲ

—-

ਡੁਬਦਾ ਸੂਰਜ-
ਸੰਤਰੀ ਰੰਗ ਨੂੰ ਛੋਹ ਰਿਹਾ
ਸਰਕੰਡੇ ਦਾ ਸ਼ਮਲ੍ਹਾ

—-

ਸਿੰਦਰ ਸਿਹੁੰ ਦੀਆਂ ਐਨਕਾਂ
ਗਹੁ ਨਾਲ ਗਾਹ ਰਹੀਆਂ
ਗੂਗਲ ‘ਤੇ ਗੁਜਰਾਂਵਾਲਾ

—-

ਪਹੁ ਦਾ ਪਹਿਰ
ਧੁੰਦ ਚੀਰ ਕੇ ਆਈ
ਸਤਰੰਗੀ ਕਿਰਨ

—-

ਸਾਉਣ ਰੁੱਤੇ-
ਮਾਰ ਕੇ ਪਬ ਪੀਂਘ ਚੜ੍ਹਾਈ
ਸਤਰੰਗੀ ਪੀਂਘ ਤੋਂ ਉੱਤੇ

—-

ਵਲਵਲੇਂਵੀ ਵੱਟ ‘ਤੇ
ਕਾਲੀ ਪਰਾਂਦੀ ਵਾਲੀ
ਪਿਛੇ ਪਿਛੇ ਨਾਗ

—-

ਕਲਾਵੇ ‘ਚ
ਦੋਵੇਂ ਵੇਖ ਰਹੇ
ਡੁਬਦਾ ਸੂਰਜ

—-

ਘੁੱਪ ਹਨੇਰੀ ਚੁੱਪ
ਸੁੱਤਉਨੀਂਦਾ ਕੰਨੀਂ ਸੁਣੀਂਦਾ
ਸੁਫਨਿਆਂ ਵਿੱਚਲਾ ਸਾਹ

—-

ਪਗ ਦੀ ਪੂਣੀ-

ਸੂਹੇ ਲੜ ਵਲ੍ਹੇਟਦਿਆਂ

ਆ ਹਿੱਕ ਨਾਲ ਲੱਗੀ

—-

ਕੱਤੇ ਦੀ ਪੁੰਨਿਆਂ –
ਦੇਗੀ ਤਵੇ ਤੇ ਰੋਟੀ 
ਆਸੇ ਪਾਸੇ ਧੂੜਾ

ਸਰਘੀ ਵੇਲਾ —
ਚਰਵਾਹੇ ਦੀ ਵੰਝਲੀ ‘ਚੋਂ ਗੂੰਜੇ 
ਵਾਦੀ ਦੀ ਹਵਾ
—-

ਬੱਦਲ ਢੱਕ ਰਹੇ 
ਪੁੰਨਿਆਂ ਦਾ ਚੰਨ 
ਸਿਮਟ ਰਹੇ ਪਰਛਾਂਵੇਂ
—-

ਦੇਰ ਰਾਤ ਮੁੜਿਆ 
ਸਾਰੇ ਸੁੱਤੇ
ਹਿਲ ਰਹੀ ਅਰਾਮ ਕੁਰਸੀ
—–

ਸੁੰਨਸਾਨ ਰਾਹ –
ਝਾੜੀਆਂ ‘ਚ ਲੁੱਕਿਆ 
ਮੀਲ-ਪੱਥਰ
—–

ਸਲ੍ਹਾਬੀ ਸੜਕ
ਸੁੱਕੇ ਰੁੱਖਾਂ ਦੇ 
ਗਿੱਲੇ ਪਰਛਾਂਵੇਂ
—-

ਪੱਤੀਆਂ ‘ਚ ਅਟਕੀਆਂ
ਬਾਰਿਸ਼ ਦੀਆਂ ਬੂੰਦਾਂ 
ਝਿਮਣੀਆਂ ‘ਤੇ ਰੁਕੇ ਹੰਝੂ

ਗਿਆ ਹੰਝੂ 
ਕੱਜਲ ਵਾਲੀ ਅਖ ‘ਚੋਂ
ਤਸਵੀਰ ਬਣਾ ਰਿਹਾ
——–

ਸਹਿਜਪ੍ਰੀਤ ਮਾਂਗਟ ਦੇ 10 ਹਾਇਕੂ


ਕੋਇਲਾਂ ਗਾਉਣ
ਚੁਪ ਚਾਪ ਬੈਠਾ
ਘੋਗੜ ਕਾਂ

—-

ਮੇਲੇ ਤੋਂ ਲਿਆਂਦੀ 
ਮੋਮ ਦੀ ਗੁੱਡੀ
ਸੇਕ ਨਾਲ ਪਿਘਲੀ
ਨਵੀਂ ਬਹੂ
ਰਸੋਈ’ਚ ਪਹਿਲਾ ਦਿਨ
ਮਿਠੇ ਪਰੌਂਠੇ
ਕੋਠੇ ਤੇ ਖੜ 
ਵਾਲ ਸੁਕਾਵੇ
ਥੱਲੇ ਕੀੜੀ ਨਹਾਵੇ


ਭੰਗੜਾ ਪਾਉਂਦੇ ਦਾ 

ਚਾਦਰਾ ਖੁਲਿਆ
ਦਿਸੇ ਪੱਟ ਉੱਤੇ ਮੋਰਨੀ


ਹਥਾਂ ਨੂੰ ਲੱਤਾਂ ਤੇ ਘਸਾ
ਦੋਹਰੀ ਵਾਰ ਲਵੇ ਪ੍ਰਸ਼ਾਦ
ਛੋਟਾ ਜਿਹਾ ਜੁਆਕ


ਨਹਿਰ ਕਿਨਾਰੇ
ਜਗਦੇ ਬਲ੍ਬ
ਪਾਣੀ ਵਿਚ ਲਮਕਣ ਪੁਠੇ


ਮੇਟ੍ਰੀਮੋਨਿਲ ਪੇਜ
ਐਨਕਾਂ ਲਾ
ਪੜੇ ਛੜਾਰਗੜੇ ਪਥਰ ਦੇਖੇ ਰੋਸ਼ਨੀ
ਕੰਮੀ ਦਾ ਜੁਆਕ
ਦਿਵਾਲੀ ਵਾਲੇ ਦਿਨ


ਛੂਹੇ ਧਰਤ ਅੱਕ ਦਾ ਬੂਟਾ 

ਬੁਢੀਆਂ ਮਾਈਆਂ
ਫਿਰਨ ਅਸਮਾਨੀ

ਸੁਖਵਿੰਦਰ ਵਾਲੀਆ ਦੇ 16 ਹਾਇਕੂ


ਕਿਰ ਗਿਆ
ਲਾਲ ਸੂਹਾ ਪੱਤਾ
ਮਧੂ ਮੱਖੀ ਦੇ ਬੈਠਦਿਆਂ

  —-

ਪੁਰੇ ਦੀ ਹਵਾ
ਖਿੰਡ ਗਈਆਂ ਚੁਫੇਰੇ
ਮਹਿਕ ਤੇ ਕਲੀਆਂ

—-

ਗੇਂਦੇ ਦਾ ਫੁੱਲ

ਧੁੱਪ ‘ਚ ਬੈਠੀ ਕਾਟੋ

ਖਾਵੇ ਦੋਨੀ ਹੱਥੀਂ 

—-

ਪੋਹ ਦੀ ਸੰਗਰਾਂਦ 

ਹਵਾ ਵਿੱਚ ਤੈਰਨ 

ਨਿੱਕੀਆਂ ਨਿੱਕੀਆਂ ਕਣੀਆਂ 

—- 

ਕਾਰ ਤੋਂ ਸਟੇਜ ਤੱਕ 

ਫੁੱਲ ਪੱਤੀਆਂ ਵਰਸਣ 

ਨਵੇਂ ਜੋੜੇ ‘ਤੇ

—-


ਨਰਮੇ ਦੀ ਸੁੰਡੀ

ਟੀਂਡੇ ‘ਚੋ ਨਿੱਕਲ 

ਚਿੜੀ ਦੇ ਮੂੰਹ

—- 


ਵਿਆਹ ‘ਚ ਮੇਲਣ

ਚਿੱਟੇ ਚਿੱਟੇ ਦੰਦਾਂ ਨਾਲ 

ਟੁੱਕੇ ਜਲੇਬੀਆਂ

—-


ਇੱਕ ਘਰ ਵਿਆਹ
ਖੁਸ਼ਬੂ ਨਾਲ ਭਰਿਆ
ਅੱਧਾ ਪਿੰਡ

—-

ਸੁਭਾ ਸਵੇਰੇ…

ਚੂੜੇ ਵਾਲ਼ੀ ਧਾਰ ਕੱਢੇ

ਬਾਲਟੀ ਝੱਗੋ ਝੱਗ 


—-

ਨਿੱਘੀ ਦੁਪਹਿਰ –

ਚੂੜੇ ਵਾਲੀ ਹੱਥ ਚਰਖੜੀ

ਗੁੱਡੀ ਅਸਮਾਨ


—-

ਪਹੁੰਚੇ ਚੱਕ ਕੇ

ਛਮ ਛਮ ਕਰਦੀ

ਤੋੜੇ ਗੰਦਲਾਂ

—–


ਵਿਆਹ ਦਾ ਪੰਡਾਲ

ਪੁਣ ਪੁਣ ਕੇ ਆਵੇ

ਕੋਸੀ ਕੋਸੀ ਧੁੱਪ

—-ਸਰਦ ਰਾਤ 

ਟਨ ਟਨ ਟਨ 

ਵਿਕੇ ਗਰਮ ਮੂੰਗਫਲੀ


—-


ਧੀ ਆਈ ਪਰਦੇਸੋਂ

ਸਰਦਲ ‘ਤੇ ਲਿਸ਼ਕੇ ਤੇਲ

ਬਗੀਚੇ ਅੰਦਰ ਫੁੱਲ

—–ਸਾਗ ਤੋੜਣ ਗਈ

ਖੇਤ ਨੂੰ ਲੱਗਾ ਪਾਣੀ

ਵੇਖੇ ਨੱਕ ਚੜ੍ਹਾਵੇ 

—-  

ਗੁਰੂਦਵਾਰਾ –
ਪੋਲੇ ਪੋਲੇ ਪੱਬ ਧਰੇ 
ਪੰਜੇਬਾਂ ਵਾਲੀ 

—-

ਸੁਰਜੀਤ ਕੌਰ 12 ਹਾਇਕੂ


ਰਾਤ ਹਨੇਰੀ
ਪੈਰ ਦਬਾ ਕੇ ਨਿਕਲੀ
ਛਣਕ ਪਈਆਂ ਵੰਗਾਂ

—-

 ਕੱਲਰੀ ਧਰਤੀ 

ਉਡਿਆ ਇਕ ਅੱਕ ਫੰਬਾ

ਨਿੱਕੀ ਜਿਹੀ ਛਾਂ

—–

ਜਰਨੈਲੀ ਸੜਕ-
ਤੁਰੇ ਜਾਂਦੇ ਦੋ ਜਣੇ
ਦੁਪਾਸੇ ਝੂਲਣ ਰੁ

—-

ਸਿਰ ਤੇ ਪੰਡ

ਉਂਗਲੀ ਬਾਲ

ਤੁਰੇ ਮਟਕ ਮਟਕ

—-

ਪਹਿਲੀ ਬਰਫ
ਡਿਗ ਰਹੀਆਂ ਖਿੱਲਾਂ
ਹੌਲੀ ਹੌਲੀ

—-

ਸੰਧਿਆ ਵੇਲਾ
ਖਾਮੋਸ਼ ਘਰ ਵਿਚ
ਇਕ ਮੋਮਬੱਤੀ ਬਲੇ

—-

ਸਿਖਰ ਦੁਪਹਿਰ-
ਕੁੜੀਆਂ ਆਉਣ ਤੁਰੀਆਂ
ਛਣਕਣ ਹਾਸੇ

—-

ਭਗਵਾਂ ਲਿਬਾਸ
ਖਿੜ-ਖਿੜ ਹੱਸਣ ਬੱਚੇ
ਉਹ ਦੇਵੇ ਦੁਆਵਾਂ 

— 

ਚਿੱਟੀਆਂ ਕੰਧਾਂ
ਬੱਚੇ ਮਾਰਨ ਲੀਕਾਂ
ਵੱਜਦੀਆਂ ਤਾੜੀਆਂ

—-

ਬਸੰਤ ਰੁੱਤ
ਚੋਗਾ ਚੁਗਦੀ ਬਤਖ
ਪਿਛਾੜੀ ਚੂਚੇ

ਅਕਤੂਬਰ ਅੰਤ-
ਬੱਚੇ ਬਣਾ ਰਹੇ ਬਰਫ਼ ਦਾ 
ਸੈਂਟਾ ਕਲੌਜ਼

ਸਿਆਲੂ ਦਿਨ-
ਬੂਹੇ ਉਤੇ ਝੂਲਣ
ਸ਼ਰੀਂਹ ਦੇ ਪਤ