ਗੀਤ ਅਰੋੜਾ ਦੇ 17 ਹਾਇਕੂ


ਕਾਲੀ ਰਾਤ
ਦੁਧੀਆ ਰੋਸ਼ਨੀ
ਦੋ ਹੀ ਰੰਗ

—-

ਦੰਗਿਆਂ ਦੀ ਰਾਤ
ਉੱਠ-ਉੱਠ ਕੇ ਦੇਖੇ
ਸੁਤੇ ਬੱਚੇ

—-

ਤੋਤਿਆਂ ਦਾ ਝੁੰਡ

ਟੁੱਕ-ਟੁੱਕ ਸੁਟੇ ਬੇਰ

ਨੀਝ ਲਾ ਤੱਕੇ ਬਾਲ 

—-

ਚੁੰਝ ‘ਚ ਲੈ ਸੁਕੇ ਪੱਤੇ
ਚਿੜੀ ਬਣਾਵੇ
ਪਤਝੜੀ ਆਲਣਾ

—-

ਹਥ ਜੋੜ 

ਹਰਿਮੰਦਿਰ ਦੇ ਬਾਹਰ 

ਵੇਚੇ ਦਾਤਣਾਂ

—-

ਝੀਊਰ ਭੁੰਨੇ ਦਾਣੇ

ਬੱਚਿਆਂ ਦਾ ਝੁਰਮਟ
ਧੂੰਆਂ ਛੂਹੇ ਆਸਮਾਨ

ਬਿਰਧ ਆਸ਼ਰਮ
ਮੁੰਡਿਆਂ ਦੀ ਟੋਲੀ ਲੰਘੀ
ਠੱਠਾ ਕਰਦੀ
—-

ਫਾਈਵ ਸਟਾਰ ਹੋਟਲ —
ਮਿੱਟੀ ਨਾਲ ਮਿੱਟੀ ਹੋਇਆ
ਬਾਲ ਮਜ਼ਦੂਰ

ਰੇਤ ਦਾ ਘਰ
ਪੈਰ ਮਾਰ ਢਾਹਿਆ
ਖਿੜ-ਖਿੜ ਹੱਸੇ


ਠੰਡੀ ਯਖ ਰਾਤ
ਟਿੱਲੇ ਤੇ ਲਾ ਧੂਣੀ
ਜੋਗੀ ਗਾਵੇ ਵਾਰਾਂ

ਸਰਦ ਰਾਤ
ਧੁੰਦ ਦਾ ਗਿਲਾਫ
ਝੁੱਗੀ ‘ਚ ਜਗੇ ਲਾਟੂ

ਪੋਹ ਦੀ ਰਾਤ
ਧੁੰਦ ਨੇ ਢਕੀਆਂ
ਕਾਰਾਂ ਤੇ ਝੁੱਗੀਆਂ


ਨਿੱਕਾ ਬਾਲ 

ਕ੍ਰੈਚ ਵਾਲੀ ਦੀ ਗੋਦੀ ਬਹਿ

ਕਰੇ ਤੋਤਲੀਆਂ ਗੱਲਾਂ
—-

ਆਲ੍ਹਣੇ ‘ਚੋਂ ਉੱਡਿਆ
ਘੁੱਗੀਆਂ ਦਾ ਜੋੜਾ
ਪਿੱਛੇ ਦੋ ਬੋਟ

ਫੁਟਪਾਥ ਤੇ ਸੁੱਤਾ ਬੱਚਾ
ਸੂਰਜ ਦੀ ਪਹਿਲੀ ਕਿਰਨ
ਕਰੇ ਅਠਖੇਲੀਆਂ

ਸੰਧੂਰੀ ਸ਼ਾਮ
ਮੁੜਨ ਘਰਾਂ ਨੂੰ
ਸੂਰਜ ਤੇ ਪੰਛੀ

ਪੋਹ ਦੀ ਰਾਤ
ਸੜਕ ਤੇ ਗੁੱਛਾ-ਮੁੱਛਾ
ਭਿਖਾਰਨ ਬੱਚੀ