ਮੋਚੀ


ਹੁਸ਼ਿਆਰਪੁਰ ਦੇ ਸਦਰ ਥਾਣੇ ਨੇੜੇ ਬਾਜ਼ਾਰ ਵਿੱਚ ਇੱਕ ਪੁਰਾਣੇ ਬੋਹੜ ਦੇ ਹੇਠਾਂ ਆਪਣਾ ਤੱਪੜ ਵਿਛਾ ਬੈਠਾ ਬੁਢਾ ਮੋਚੀ .ਅਸੀਂ ਵੀ ਛਾਵੇਂ ਖੜ ਗਏ ..ਉਮਰ ਪੁਛੀ … ਅਖੇ ਇੱਕ ਸੌ ਤਿੰਨ ਸਾਲ. ਪਰ ਅਜੇ ਵੀ ਮੂੰਹ ਵਿੱਚ ਕੁਝ ਦੰਦ ਬਾਕੀ ਸਨ. ਸਾਨੂੰ ਖੜੇ ਦੇਖ ਕਹਿਣ ਲੱਗਾ ਔਹ ਦੁਕਾਨ ਕੋਲ ਜਿਹੜਾ ਬੈਂਚ ਪਿਆ ਉਹ ਆਪਣੈ . ਚੱਕ ਲਿਆਉ ਤੇ ਆਰਾਮ ਨਾਲ ਬੈਠੋ .
ਮੇਰੀ ਉਮਰ ਲੰਘ ਗਈ ਇਸੇ ਬੋਹੜ ਥੱਲੇ …ਚਾਲੀ ਪੰਜਾਹ ਸਾਲ ਪਹਿਲਾਂ ਕੋਟ ਫਤੂਹੀ ਤੋਂ ਇਥੇ ਆਇਆ ਸੀ . ਪੈਨਸ਼ਨ ਮਿਲਦੀ ਐ ਢਾਈ ਸੌ ਰੁਪਈਆ …ਗੱਲ ਸੁਣਾਉਣ ਲੱਗਾ . ‘ ਵੀਹ ਸਾਲ ਬਾਅਦ ਅਮਰੀਕਾ ਤੋਂ ਮੁੜਿਆ ਸੀ ਜੀਤ ਸਿੰਘ . ਹੈਥੇ ਖੜ ਗਿਆ . ਅਖੇ ਤੂੰ ਕੌਣ ਹੈਂ ? ਮੈਂ ਕਿਹਾ ਮੈਂ ਬੰਦਾ ਆਂ ਕਿ ..ਜਦ ਮੈਂ ਉਹਦੇ ਮੂੰਹ ਨੂੰ ਗੌਰ ਨਾਲ ਦੇਖਿਆ ਤਾਂ ਮੈਂ ਪਛਾਣਿਆ . ਓਏ ਤੂੰ ਤਾਂ ਜੀਤ ਸਿੰਹੁ …ਫੇਰ ਅਸੀਂ ਬੜਾ ਹੱਸੇ .. ਬੜੀਆਂ ਗੱਲਾਂ ਕੀਤੀਆਂ ….’
ਤੇ ਕੇਹਰ ਸਿੰਘ ਦੇ ਲਗਪਗ ਖਾਲੀ ਮੂੰਹ ਵਿੱਚੋਂ ਹਾਸੇ ਦੀ ਫੁਹਾਰ ਬੇਰੋਕ ਨਿਕਲ ਰਹੀ ਸੀ …

ਕਹਿਰ ਦੀ ਗਰਮੀ
ਖਾਲੀ ਮੂੰਹ ਹਾ ਹਾ.. ਹੱਸੇ
ਵਿਹਲਾ ਬੈਠਾ ਮੋਚੀ

ਛੇਲਾ


ਸੰਤਾਲੀ ਵੇਲੇ ਹੱਲਿਆਂ ਤੋਂ ਡਰਦੇ ਸਾਡੇ ਮਾਪੇ ਸਾਨੂੰ ਇਥੇ ਬਖਤਗੜ੍ਹ ਛੱਡਣ ਆਏ ਤਾਂ ਉਹ ਵੀ ਬਚ ਗਏ. ਚਾਚੇ ਤਾਏ ਪਰਿਵਾਰ ਸਭ ਮਾਰੇ ਗਏ. ਭਦੌੜ ਨੇੜੇ ਆ ਸਾਡਾ ਪਿੰਡ. ਇਥੇ ਤਾਂ ਸਾਡੇ ਨਾਨਕੇ ਨੇ. ਤੇ ਘੁੱਕਰ ਖਾਨ ਕਹਾਣੀ ਕਰਦਾ ਗਿਆ. … ਦੇਸੀ ਬਕਰੀਆਂ ਤਾਂ ਹੁਣ ਰਹੀਆਂ ਨਹੀਂ . ਉਹ ਖਾਂਦੀਆਂ ਸਨ ਤੁੱਕੇ , ਕਰੀਰ ਤੇ ਗੁਆਰਾ ਬਗੈਰਾ. ਇਨ੍ਹਾਂ ਨੂੰ ਅੰਮ੍ਰਿਤਸਰੀ ਕਹਿੰਦੇ ਨੇ . ਇਹ ਘਾਹ ਘੂਹ ਤੇ ਗੁਜਾਰਾ ਕਰ ਲੈਂਦੀਆਂ ਨੇ .

ਮੜ੍ਹੀਆਂ ‘ਚ ਝਿੜੀ
ਲਵੀ ਲਵੀ ਲੁੰਗ ਚਬੋਲੇ
ਡੱਬੂ ਛੇਲਾ

ਹੰਝੂ


ਸੰਤਾਲੀ ਦੇ ਹੱਲੇ .. ‘ਕਠੇ ਕਰ ਕਾਫਲਾ ਬਣਾ ਲਿਆ ਉਸ ਥਾਣੇਦਾਰ ਨੇ . ਅਖੇ ਚਲੋ ਸਾਰੇ ਮੁਸਲਮਾਨੋ ਤੁਹਾਨੂੰ ਮਲੇਰਕੋਟਲੇ ਪਹੁੰਚਾ ਦੇਵਾਂ . ਤੇ ਅੱਗੇ ਲਸੋਈ ਦੇ ਨੇੜੇ ਕੱਲਰਾਂ ਵਿੱਚ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ . ਖੂਨ ਨਾਲ ਲਾਲ ਹੋਈ ਚਿੱਟੀ ਰਹੀ ਮੈਂ ਆਪ ਅੱਖੀਂ ਦੇਖੀ ਐ .. ਕਹਿੰਦੇ ਕਹਿੰਦੇ ਰੁਕ ਗਿਆ ਖੈਰਦੀਨ …

ਰੋਹੀ ਦੀ ਸੁੱਕੀ ਰੁੱਤ
ਪੱਗ ਦੇ ਲੜ ਨਾਲ ਪੂੰਝੇ ਹੰਝੂ
ਵਹਿੰਦੇ ਪਰਲ ਪਰਲ

ਚਰਨ ਗਿੱਲ ਦੇ 13 ਹਾਇਕੂ


ਵਗਦਾ ਖਾਲ
ਚੁੰਝ ਭਰ ਚਿੜੀ ਜਾ ਬੈਠੀ
ਗੰਨ ਦੇ ਆਗ ‘ਤੇ
—————-
ਨਿਆਈਂ ਦਾ ਖੇਤ
ਡੁੰਗੀ ਮੱਕੀ ਦੇ ਟਾਂਡੇ ਤੇ ਹਿੱਲੇ
ਕਾਟੋ ਦੀ ਪੂੰਛ
—————
ਠੰਡੀ ਠੰਡੀ ਸ਼ਾਮ
ਨਿੱਘੇ ਘਰੌਂਦੇ ਪੁਲ ਦੇ ਥੱਲੇ
ਕਈ ਹਜ਼ਾਰ ਮਮੋਲੇ
—————–
ਰਿਕਸ਼ਾ ਰੇਹੜੀ
ਮਾਂ ਨੂੰ ਬਿਠਾਈ ਜਾਵੇ
ਭੋਰਾ ਜਿੰਨੀ ਕੁੜੀ
——————
ਭੱਠੀ ਵਾਲੀ
ਉਲਝੇ ਵਾਲਾਂ ‘ਚ
ਉਲਝੀਆਂ ਖਿੱਲਾਂ
—————-
ਸੁੱਤਾ ਸ਼ਹਿਰ
ਲੇਰਾਂ ਨੇ ਪਰੁੰਨੀ
ਕਾਲੀ ਰਾਤ
————
ਦਾਣਾ ਮੰਡੀ…
ਮਾਂ ਤੇ ਧੀ ਛਾਨਣ ਲੱਗੀਆਂ
ਦਾਣਿਆਂ ਮਿਲੀ ਰੇਤ
——————–
ਠੰਡੀ ਸਵੇਰ
ਕੋਨੇ ‘ਚ ਕੁੰਗੜਿਆ
ਬਾਘੜ ਬਿੱਲਾ
———-
ਗੁਲਾਬ ਦਾ ਖੇੜਾ
ਮਿਲਦਿਆਂ ਹੀ ਬੁਝ ਗਏ
ਦੋ ਬੁਲਬੁਲੇ
——————
ਧੂੜਾਂ ਲੱਤੀ ਟੁੱਟੀ ਭੱਜੀ
ਬਿਨ ਪਤਾਵੇ ਫਿੱਡੀ ਜੁੱਤੀ
ਪਈ ਘੁਰਾੜਿਆਂ ਥੱਲੇ
—————–
ਹਾਜਰੀ ਵੇਲਾ
ਨਸ਼ਈ ਮੁੰਡਾ ਖਾ ਰਿਹਾ
ਕਿਰਲੀ
——————
ਬਰਸਾਤ…
ਸੁੰਨੀ ਸੜਕ
ਸਹਿਜੇ ਵਹਿੰਦਾ ਨੀਰ
——————-
ਮਾਂ ਬੋਲੀ…
ਜੀਭ ਤੇ ਖੁਰਦੀ
ਮਿਸਰੀ ਦੀ ਡਲੀ
————–