ਸਵੇਗ ਦਿਓਲ ਦੇ 25 ਹਾਇਕੂ


 • ਬਣਾਈ ਪੀਂਘੜੀ
  ਬੋਹੜ ਦੀਆਂ ਜੜ੍ਹਾਂ
  ਝੂਟਾ ਹੌਲੇ ਹੌਲੇ
  ***
  ਹੁਣ ਚੁਗ ਰਿਹਾ
  ਇਕ ਇਕ ਕਰ ਕੇ
  ਖੁੱਦ ਖਿਲਾਰੇ ਕੰਡੇ
  ***
  ਬਾਜ਼ ਬੈਠਾ
  ਸਰਹੱਦ ਦੀ ਵਾੜ
  ਬੱਦਲ ਦੋਨੀਂ ਪਾਸੀਂ
  ***
  ਸਤਲੁੱਜ ਕੰਢੇ
  ਨਿਪੱਤ੍ਰੇ ਰੁੱਖਾਂ ‘ਚੋਂ
  ਛਣੇ ਚਾਨਣੀ
  ***
  ਭਾਲ ਰਿਹਾ
  ਮਲਿਆਂ ‘ਚੋਂ ਬੇਰ
  ਪੱਤਝੜ ਰੁੱਤੇ
  ***
  ਬੱਦਲਾਂ ਢਕਿਆ
  ਪੋਹ ਦਾ ਚੰਨ
  ਹਟੀ ਪੈਣੋਂ ਸਨੋ
  ***
  ਹਾੜ ਦੀ ਧੁੱਪ
  ਭੁੱਬਲ ‘ਚੋਂ ਛੇਂਤੀ ਪੈਰ ਚੁੱਕ
  ਘਾਹ ਤੇ ਰੱਖਿਆ
  ***
  ਪਿਆਸਾ ਰਾਹੀ
  ਹਥੜੀ ਬਿਨ੍ਹਾਂ ਨਲਕਾ
  ਨਹਿਰ ਕਿਨਾਰੇ
  ***
  ਸਰਦੀ ਦੀ ਰੁੱਤ
  ਸ਼ੀਸ਼ਾ ਬਣਦੀ ਜਾਵੇ
  ਫ਼ਰੀਜ਼ਿਗ਼ ਰੇਨ
  ***
  ਬੰਨ ਤੇ ਬੈਠੀ ਸੋਚੇ
  ਕੱਦ ਚੋਅ ਉਤੱਰੂ
  ਕਦੋਂ ਪਹੁੰਚੂ ਭੱਤਾ
  ***
  ਗੱਭਰੂ ਕਨੇਡਾ ਦੇ
  ਧੋਤੀ ਪੱਗ ਚਿੱਟੀ ਦਾੜ੍ਹੀ ਲਾ
  ਪਾਉਣ ਗਿੱਧਾ ਮਲਵਈ
  ***
  ਪਾਰਟੀ ‘ਚ ਦਿਖਾਵੇ
  ਸੱਸ ਦਾ ਦਿਤਾ ਹੋਇਆ
  ਖ਼ਾਨਦਾਨੀ ਕੰਗਣ
  ***
  ਸੇਜਲ ਅੱਖਾਂ
  ਚਾਨਣੀ ਵਾਲੇ ਨਾਲ ਕਰੇ
  ਜੰਗ ਨੂੰ ਭੇਜੇ..ਵਾਲੇ ਦੀਆਂ
  ***
  ਮਿੱਤਰਾਂ ਦੇ ਹਾਇੱਕੂ
  ਪੜ੍ਹਦਿਆਂ ਪੂਰਾ ਹੋਇਆ
  ਸਾਲ 2011
  ***
  ਤੇਜ ਘੁਮ ਰਹੀ
  ਛੱਤ ਤੇ ਲੱਗੀ ਭੰਬੀਰੀ
  ਨਵੇਂ ਸਾਲ ਦੀਆਂ ਛੁੱਟੀਆਂ
  ***
  ਤੇਜ ਸੀਤ ਹਵਾ
  ਪੀਂਘਾਂ ਝੁੱਲਣ ਪਾਰਕ ‘ਚ
  ਝੂਟਣ ਵਾਲਿਆਂ ਬਿਨ੍ਹਾਂ
  ***
  ਮਹਿੰਦੀ ਸਜੀ ਧੀ
  ਨੁੱਕਰੇ ਬੈਠੇ ਬਾਪ ਦਾ
  ਚਿਹਰਾ ਉਦਾਸ
  ***
  ਸਰਦ ਰੁੱਤ
  ਘਾਹ ਤੇ ਚਿੱਟੀ ਚਾਦਰ
  ਉੱਪਰ ਪੈੜਾਂ
  ***
  ਇਕ ਚੰਨ
  ਦੀ ਖ਼ੂਬ ਚਾਨਣੀ
  ਦੂਜਾ ਰੁੱਠਿਆ
  ***
  ਟ੍ਰੈਡਮਿਲ ਤੇ ਤੁਰਦਿਆਂ
  ਮਨ ਵਿਚ ਲਿਖੀਆਂ
  ਹਾਇੱਕੂ ਸਤਰਾਂ
  ***
  ਬੇਲ ਲਿਪਟੀ
  ਕੰਡਿਆਂ ਲੱਦੀ ਥੋਰ
  ਕਾਸ਼ਣੀ ਚਿੱਟੇ ਫੁੱਲ
  ***
  ਸਰਦ ਰੁੱਤ
  ਬਗੀਚੀ ਗੁੱਡ ਰਿਹਾ
  ਬਰਫ਼ ਪੈਣ ਤੋਂ ਪਹਿਲਾਂ
  ***
  ਨਿੱਘੀ ਨਿੱਘੀ ਪੌਣ
  ਮੋਈ ਮਮਾਂ ਦੀ ਫੋਟੋ ਮਿਲੀ
  ਬਾਪ ਦੇ ਗੁਟਕੇ ‘ਚੋਂ
  ***
  ਘਰ ਦੀ ਸਫਾਈ
  ‍ਮਿਲੀ ਮਾਂ ਦੀ ਸੰਦੂਕੜੀ ‘ਚੋਂ
  ਬਚਪਨ ਦੀ ਖੁੱਦੋ
  ***
  ਸੇਬਾਂ ਦਾ ਬੂਟਾ
  ਛਾਂਟ ਛਾਂਟ ਕੱਟੇ ਟਾਹਣੀ
  ਗੁਆਂਢੀ ਗੋਰਾ