ਤਬਦੀਲੀ


ਤਬਦੀਲੀ
=======
ਗੁਰੂ ਘਰ ਦੇ ਸਪੀਕਰ ਚੋਂ ਆਈ ਭਾਈ ਦੀ ਆਵਾਜ ‘ ਜੱਗ ਰਚਨਾ ਸਭ ਝੂਠ ਹੈ… ‘ ਅਤੇ ਮੇਰੇ ਪੈਰਾਂ ਹੇਠ ਆਏ ਸੁੱਕੇ ਪੱਤਿਆਂ ਦੀ ਚਰਮਰਾਹਟ, ਮੈਨੂੰ ਇੱਕ ਦੂਜੇ ਦੀ ਪੂਰਕ ਹੀ ਜਾਪੀ ! ਇਹ ਬਣਨਾ , ਵਿਗਸਣਾ ..ਫੇਰ ਬਣਨਾ , ਫੇਰ ਵਿਗਸਣਾ …ਕੁਦਰਤ ਦੀ ਇਹ ਨਿਆਰੀ ਖੇਡ ….. ਸੈਰ ਕਰਦਾ ਕਰਦਾ ਦੂਰ ਨਿੱਕਲ ਆਇਆ ਹਾਂ .. ਥੋੜਾ ਹੋਰ ਅੱਗੇ ਜਿੱਥੇ ਪਹਿਲਾਂ ਰੇਤ ਦੇ ਟਿੱਬੇ ਹੀ ਟਿੱਬੇ ਸਨ , ਹੁਣ ਵਾਹੀਯੋਗ ਜਮੀਨ ਹੈ ..ਧਲ ਧਲ ਚਲਦੀਆਂ ਮੋਟਰਾਂ ਚੋਂ ਜਾਣੋ ਤਬਦੀਲੀ ਦੀ ਧਾਰਾ ਵਹਿ ਰਹੀ ਹੋਵੇ .. ਔਹ ਸੱਜੇ ਹੱਥ ਬੰਜਰ ਜਮੀਨ ਵਿੱਚ ਬਣੀ ਫੈਕਟਰੀ ਤੇ ਕੋਈ ਹੋਰ ਹੀ ਸਾਇਨ ਬੋਰਡ ਲੱਗ ਗਿਆ ਹੈ ..

ਪੋਹ ਦੀ ਠੰਡ —
ਮੜ੍ਹੀਆਂ ਦੀ ਚੁੱਪ ਵਿੱਚ ਭਬਕੀ
ਮਾਚਿਸ ਦੀ ਤੀਲੀ

ਤਾਰਾ (ਹਾਇਬਨ)


ਤਾਰਾ
====
ਟਿਮਟਿਮਾਉਂਦੇ ਤਾਰਿਆਂ ਤੋਂ ਮੂੰਹ ਮੋੜ ਜਦ ਮੈਂ ਅੱਖਾ ਮੀਚੀਆਂ ਫਿਰ ਉਹੀ ਮੁੰਡਾ ਯਾਦ ਆ ਗਿਆ ..ਹਲਵਾਈ ਦਾ ਕੰਮ ਕਰਦਾ ਸੀ ..ਕਾਰੀਗਰ ਐਨਾ ਵਧੀਆ ਸੀ ਕਿ ਲੋਕ ਉਸਦੇ ਬਣਾਏ ਖਾਣੇ ਖਾ ਕੇ ਉਂਗਲੀਆਂ ਚਟਦੇ ਰਹਿ ਜਾਂਦੇ ਸੀ ..ਪਾਲਕ ਪਨੀਰ ਤਾਂ ਐਨਾ ਵਧੀਆ ਬਣਾਉਂਦਾ ਸੀ ਕਿ ਰਹੇ ਰੱਬ ਦਾ ਨਾਂ ..ਅਜੇ ਮਹੀਨਾ ਹੀ ਹੋਇਆ ਸੀ ਉਸਦੇ ਪਿਓ ਮਰੇ ਨੂੰ ..ਮੇਰੇ ਕੋਲ ਆਇਆ ਸੀ ਫਾਰਮ ਭਰਵਾਉਣ ..ਸਰਕਾਰ ਵੱਲੋਂ ਦਸ ਕੁ ਹਜ਼ਾਰ ਸਹਾਇਤਾ ਮਿਲਣੀ ਸੀ
…………ਤੇ ਅੱਜ ..ਓਸੇ ਦੇ ਹੀ ਅੰਤਿਮ ਸੰਸਕਾਰ ਤੇ ਜਾ ਕੇ ਆਇਆ ਹਾਂ ..ਜਦ ਕਦੇ ਹਲਵਾਈ ਦੇ ਕੰਮ ਤੋਂ ਵਿਹਲਾ ਹੁੰਦਾ ਸੀ ਤਾਂ ਦਿਹਾੜੀ ਦੱਪਾ ਕਰ ਲੈਂਦਾ ਸੀ ..ਪੈੜ ਤੋਂ ਡਿੱਗ ਕੇ ਮਣਕਾ ਟੁੱਟ ਗਿਆ ..ਉਸਦੀ ਸੁਬਕ ਜਿਹੀ ਘਰਵਾਲੀ ਤੇ ਛੋਟੇ ਛੋਟੇ ਬੱਚੇ ਰੋਂਦੇ ਝੱਲੇ ਨਹੀਂ ਸਨ ਜਾਂਦੇ ..ਕੀ ਕਰੇਗੀ ਵਿਚਾਰੀ ..ਕਿਵੇਂ ਪਾਲੇਗੀ ਬੱਚੇ ….
ਤਿੱਤਰ ਖੰਭੀ ਦੇ ਨਾਲ ਨਾਲ ਮੇਰੀ ਨੀਂਦ ਵੀ ਉੱਡੀ ਜਾ ਰਹੀ ਹੈ …

ਟੁੱਟਿਆ ਤਾਰਾ ….
ਦੂਰ ਮੰਦਰ ਦੇ ਪਿਛਵਾੜਿਓਂਂ
ਟਟੀਹਰੀ ਦਾ ਕੁਰਲਾਟ

ਪੱਤਝੜ


ਹਾਇਬਨ
=====
ਪੱਤਝੜ
———–
ਸਵੇਰ ਦੀ ਸੈਰ ਕਰ ਕੇ ਜਿਓਂ ਹੀ ਮੈਂ ਪਿੰਡ ਵਾਲੀ ਫਿਰਨੀ ਵਲ ਮੁੜਿਆ, ਉਹ ਮੇਰੇ ਰਾਹ ਵਿਚ ਖੜੋ ਗਿਆ। ਮੈਲੇ ਖੇਸ ਦੀ ਬੁੱਕਲ ਚੋਂ ਉਸਦੇ ਨੰਗੇ ਮੂੰਹ ਤੇ ਛਾਈ ਪੱਤਝੜ ਵੇਖ ਇੱਕ ਵਾਰ ਫੇਰ ਮੇਰਾ ਦਿਲ ਕੰਬ ਉੱਠਿਆ.. ਮੈਨੂੰ ਯਾਦ ਆਇਆ ਕਬੱਡੀ ਦਾ ਉਹ ਪਲੇਅਰ ਅੰਮ੍ਰਿਤ …ਹੰਸੂ ਹੰਸੂ ਕਰਦਾ ਉਸਦਾ ਗੋਭਲਾ ਜਿਹਾ ਚਿਹਰਾ …ਜੋ ਹਰ ਵੇਖਣ ਵਾਲੇ ਦੇ ਦਿਲ ਨੂੰ ਖਿਚ੍ਚ ਪਾਉਂਦਾ ਸੀ । ਪਤਾ ਲਗਿਆ ਕਿ ਹੁਣ ਤਾਂ ਇਹ ਲਾ ਸੁਲਫੇ ਸੂਟੇ ਤੋਂ ਹਰ ਕਿਸਮ ਦਾ ਨਸ਼ਾ ਕਰਦਾ ਹੈ । ਪਹਿਲਾਂ ਵੀ ਦੋ ਵਾਰ ਪੈਸੇ ਲੈ ਕੇ ਮੋੜੇ ਨਹੀ ਤੇ ਹੁਣ ਤੀਜੀ ਵਾਰ ਫੇਰ … ਨਾ ਚਾਹੁੰਦਾ ਹੋਇਆ ਵੀ ਮੈਂ ਸੌ ਦਾ ਇੱਕ ਨੋਟ ਪਰਸ ਵਿੱਚੋ ਕੱਢ ਕੇ ਉਸ ਨੂੰ ਫੜਾ ਦਿੱਤਾ…..

ਰੁੰਡ ਮਰੁੰਡ ਰੁੱਖ ….
ਸੁਲਗਦੀ ਸਿਗਰਟ ਤੋਂ ਝੜਿਆ
ਉਮਰ ਦਾ ਟੋਟਾ

ਕੋਕਿਲ ਅੰਬਿ ਸੁਹਾਵੀ ਬੋਲੇ


10444019_324999087663288_4961791868493925549_nਕੋਕਿਲ ਅੰਬਿ ਸੁਹਾਵੀ ਬੋਲੇ
– ਹਾਇਕੂ ਰੂਪ ਅਤੇ ਪ੍ਰਕਾਰਜ –
– ਹਾਇਕੂ ਅਤੇ ਸੈਨਰਿਓ ਸੰਕਲਨ –
ਸੰਪਾਦਕ: ਸੰਦੀਪ ਚੌਹਾਨ
ਸਹਿ-ਸੰਪਾਦਕ: ਹਰਵਿੰਦਰ ਧਾਲੀਵਾਲ
ਕੀਮਤ 250 ਰੁਪਏ
ਪਬਲਿਸ਼ਰ: ਗ੍ਰੇਸ਼ਿਆਸ ਬੂਕਸ /Gracious Books
ਪੰਜਾਬੀ ਯੂਨਿਵਰਸਿਟੀ ਪਟਿਆਲਾ
ਇਸ ਪੁਸਤਕ ਦੇ ਪਹਿਲੇ ਭਾਗ ਵਿਚ ਹਾਇਕੂ ਦੇ ਵਿਕਾਸ ਰੁਖ, ਇਸ ਦੀ ਨਿਵੇਕਲੀ ਪਛਾਣ ਅਤੇ ਇਸ ਦੇ ਸਿਧਾਂਤਿਕ ਪਰਿਪੇਖ ਨੂੰ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ। ਦੂਜੇ ਭਾਗ ਵਿਚ 18 ਕਵੀਆਂ ਦੇ 363 ਹਾਇਕੂ ਅਤੇ ਸੈਨਰਿਓ ਸੰਕਲਿਤ ਕੀਤੇ ਗਏ ਹਨ

ਜਾਮਣ (ਹਾਇਬਨ)


ਕਾਲੋਨੀ ਹੁਣ ਖਾਲੀ ਹੈ. ਇਥੇ ਕੋਈ ਸ਼ਾਪਿੰਗ ਮਾੱਲ ਬਣਨਾ ਹੈ. ਇੱਕ ਪਲਾਟ ਦੇ ਪਿਛਵਾੜੇ ਵੱਡਾ ਪੱਕੀਆਂ ਰੁਖ ਜਾਮਣਾਂ ਨਾਲ ਲੱਦਿਆ ਹੈ. ਕਾਗਜ਼ ਚੁਗਣ ਵਾਲੇ ਮੁੰਡਿਆਂ ਦੀ ਟੋਲੀ ਨੂੰ ਮੈਂ ਜਾਮਣਾਂ ਖਾਣ ਲਈ ਉਕਸਾਉਂਦਾ ਹਾਂ. ਉਹ ਡਰਦੇ ਡਰਦੇ ਅੱਗੇ ਵਧਦੇ ਹਨ. ‘ਬੇਟਾ, ਡਰੋ ਨਾ ਹੁਣ ਇਥੇ ਕੋਈ ਨਹੀਂ ਰਹਿੰਦਾ.’
ਪਲਾਂ ਵਿੱਚ ਉਹ ਉੱਪਰ ਚੜ੍ਹ ਜਾਂਦੇ ਹਨ ..ਮੈਂ ਮੇਰੀ ਬੇਟੀ, ਕਲਾਰਾ ਨੂੰ ਉਨ੍ਹਾਂ ਦੀ ਫੋਟੋ ਲੈਣ ਲਈ ਕਹਿੰਦਾ ਹਾਂ. ਉਹ ਘਬਰਾ ਜਾਂਦੇ ਹਨ ਤੇ ਮਿੰਨਤਾਂ ਕਰਨ ਲੱਗਦੇ ਹਨ. ‘ਸਾਨੂੰ ਮਾਰਨਾ ਨਾ’. ਮੈਂ ਫਿਰ ਉਨ੍ਹਾਂ ਨੂੰ ਹੌਸਲਾ ਦਿੰਦਾ ਹਾਂ.

ਸ਼ਹਿਰ ਵਿਚਾਲਾ..
ਵਾੜ ਚ ਫਸੀ
ਇੱਕ ਕੱਚੀ 


 

ਝੂਟਾ


ਝੂਟਾ

ਇਸ ਸੀਜਨ ਦੀ ਮੀਂਹ ਦੀ ਪਹਿਲੀ ਬੁਛਾਰ ਨਾਲ ਹੀ ਗਰਮੀ ਤੋਂ ਜਿਵੇਂ ਮਸਾਂ ਰਾਹਤ ਮਿਲੀ ਹੈ। ਸੰਜੋਗਵੱਸ ਬੱਸ-ਸਟੈਂਡ ਦੇ ਥੋੜਾ ਪਰ੍ਹੇ ਖਤਾਨਾਂ ਵਿੱਚ ਬਣੀਆਂ ਝੋਂਪੜੀਆਂ ਕੋਲੋਂ ਗੁਜਰ ਰਿਹਾ ਹਾਂ। ਜਿਆਦਾ ਤੇਜ ਤਾਂ ਨਹੀਂ, ਪਰ ਥੋੜੀ ਵੇਗ ਨਾਲ ਹਵਾ ਚੱਲ ਰਹੀ ਹੈ ।ਝੁੱਗੀਆਂ ਵਾਲਿਆਂ ਦੇ ਜਵਾਕ ਕਿਲਕਾਰੀਆਂ ਮਾਰਦੇ ਮੀਂਹ ਵਿੱਚ ਨਹਾ ਰਹੇ ਨੇ ।ਜਾਣੋ ਬਿਜਲੀ ਦੀ ਕੜਕ ਦਾ ਇਨਾਂ ਦੇ ਚਿਹਰਿਆਂ ‘ਤੇ ਕੋਈ ਭੈਅ ਨਹੀਂ ਹੈ ।ਮੱਲੋਮੱਲੀ ਸ਼ਹਿਰੀ ਜਵਾਕਾਂ ਬਾਰੇ ਸੋਚ ਹੋ ਜਾਂਦਾ ਹੈ । ਉਹ ਤਾਂ ਹੁਣ ਤੱਕ ਤਿੰਨ ਮੰਜਲੀਆਂ ਕੋਠੀਆਂ ਦੇ ਪਤਾ ਨਹੀਂ ਕਿਸ ਕੋਨੇ ਦੁਬਕ ਗਏ ਹੋਣੇ ਨੇ। ਔਹ ਲਿਫ਼ ਲਿਫ਼ ਜਾਂਦੀ ਡੇਕ ਨੇਝੌਂਪੜੀ ਦੇ ਇੱਕ ਖੜੇ ਕਾਨੇ ਨੂੰ ਛੂਹ ਲਿਆ ਹੈ ….

ਪੀਂਘਾਂ ਦੀ ਰੁੱਤ …
ਗਰੀਬੜੀ ਕੁੜੀ ਦੇ ਵਾਲਾਂ ‘ਤੇ
ਜੂੰਅ ਦਾ ਝੂਟਾ

ਬਬਲੂ


Gurmukh Bhandohal Raiawal
ਮੈਨੂੰ ਤੁਰੇ ਆਉਂਦੇ ਨੂੰ ਦੇਖ, ਬਾਲੋ ਵੀ ਬੱਕਰੀ ਤੇ ਹੱਥ ਫੇਰਦਾ ਮੇਰੇ ਵੱਲ ਆ ਗਿਆ… “ਓਹ ਕੀ ਹਾਲ ਆ ਬਾਹਰਲਿਆ ਬੀਰਾ ?”…” ਠੀਕ ਆ ਵੀਰ ਬਾਲੋ ਤੂੰ ਸੁਣਾ ? ” ਮੈਂ ਬਾਲੋ ਨੂੰ ਜਵਾਬ ਦਿੰਦੇ ਆਖਿਆ |
ਗੱਲਾ ਬਾਤਾਂ ਕਰਦੇ ਮੈਂ ਝਿਜਕਦੇ ਨੇ ਕਿਹਾ ” ਬਾਲੋ ਬਾਈ ਚਾਹ ਨੀ ਧਰਨੀ ਅੱਜ ?”…
“ਗੁਰਮਖਾ ਤੂੰ ਅਜੇ ਵੀ ਨੀ ਬਦਲਿਆ ਯਾਰ, ਅੱਜ ਵੀ ਤੈਨੂੰ ਯਾਦ ਆ ਸਾਡੀ ਚਾਹ ਦਾ ਸਵਾਦ….. ਬਹਿ ਜਾ ਧਰਨ ਹੀ ਲੱਗੇ ਆ.. ਓਹ ਬਬਲੂ ਮਾੜੀ ਤੋਂ ਪਾਣੀ ਲੈਣ ਗਿਆ ਆਉਣ ਆਲਾ ਹੀ ਆ..” ਬਾਲੋ ਬੋਲਿਆ |
ਮੈਂ ਬਾਲੋ ਨੂੰ ਬਬਲੂ ਦੀ ਪੜ੍ਹਾਈ ਬਾਰੇ ਪੁਛਿਆ ਤਾਂ ਕਹਿਣ ਲੱਗਾ ” ਜਾਦਾ ਪੜ੍ਹ ਕੇ ਕਿਹੜਾ ਏਨੇ ਅਫਸਰ ਲੱਗਣਾ ਸੀ ..ਆਹ ਛੇ ਜਮਾਤਾਂ ਪੜ੍ਹ ਗਿਆ.. ਬਹੁਤ ਐ ..ਨਾਲੇ ਹੁਣ ਕੰਮ ਦਾ ਨੀ ਸਰਦਾ ਸੀ ..ਮੈਂ ਓਧਰ ਪਸੂਆਂ ਦੇ ਵਪਾਰ ਵੱਲ ਹੁਨਾਂ ਤੇ ਬੱਕਰੀਆਂ,ਬਬਲੂ ਈ ਚਾਰਦਾ ਹੁਣ ” ਤੇ ਉਸਨੇ ਕੋਲ ਪਹੁੰਚ ਚੁੱਕੇ ਬਬਲੂ ਵੱਲ ਵੇਖ ਕੇ ਮੁੜ ਕਿਹਾ ” ਬਬਲੂ ਆਪਣਾ ਡੱਬਾ ਮੇਮਣਾ ਲੈ ਕੇ ਆ ਓਏ ..ਬੀਰੇ ਨੇ ਫੋਟੋ ਖਿਚਣੀ ਆ ”
‘ਤੇ ਮੈਨੂੰ ਹੁਣ ਕੈਮਰੇ ਦੀ ਅੱਖ ਵਿੱਚ ਕਦੇ ਬਬਲੂ ਦੇ ਮੋਢੇ ‘ਤੇ ਮੇਮਣਾ ਅਤੇ ਕਦੇ ਸਕੂਲੀ ਬਸਤਾ ਨਜ਼ਰ ਆ ਰਿਹਾ ਹੈ |

ਹਰੀ ਲਗਰ ਨੂੰ
ਲਿਪਟਿਆ ਧੂਣੀ ਦਾ ਧੂੰਆਂ …
ਧੁੰਦਲਾ ਸੂਰਜ