ਘੁੰਗਰੂ


ਬੱਸ ਸਟੈਂਡ ਤੋਂ ਚੱਲ ਕੇ ਬੱਸ ਜਿਓਂ ਹੀ ਬੁੱਘੀਪੁਰਾ ਚੌਕ ਤੇ ਰੁਕੀ ,ਉਹ ਬੱਸ ਵਿੱਚ ਚੜ੍ਹ ਆਇਆ !ਬੱਸ ਵਿੱਚ ਭੀੜ ਤਾਂ ਨਹੀਂ ਸੀ ਪਰ ਸੀਟਾਂ ਸਾਰੀਆਂ ਪੁਰ ਸਨ !ਅੱਜ ਉਸਦੇ ਨਾਲ ਉਸ ਤੋਂ ਕੋਈ ਦੋ ਕੁ ਸਾਲ ਛੋਟੀ ਕੁੜੀ ਵੀ ਸੀ !ਆਵਦੀ ਉਮਰ ਉਹਦੀ ਕੋਈ ਹੋਣੀ ਐ ਬਾਰਾਂ ਤੇਰਾਂ ਸਾਲ !.ਪੱਕਾ ਰੰਗ ..ਮੋਢੇ ਤੋਂ ਪਾਟਿਆ ਤੇ ਮੈਲਾ ਕੁਚੈਲਾ ਝੱਗਾ …! ਮੇਰੀ ਸੀਟ ਦੇ ਬਿਲਕੁਲ ਲਾਗੇ ਖੜ ਉਸ ਮੋਢੇ ਤੋਂ ਸਰੰਗੀ ਵਰਗਾ ਸਾਜ਼ ਲਾਹਿਆ !ਗਜ ਨੂੰ ਤਾਰਾਂ ਨਾਲ ਛੋਹਣ ਸਾਰ ਇੱਕ ਤਰੰਗ ਮੇਰੇ ਪਿੰਡੇ ‘ਚ ਝਰਨਾਹਟ ਜਿਹੀ ਛੇੜਦੀ ਹੋਈ ਪੂਰੀ ਬੱਸ ਵਿੱਚ ਫੈਲ ਗਈ !ਮੈਂ ਆਪਣੀ ਜੇਬ ਟੋਹੀ..ਪੰਜ ਦਾ ਸਿੱਕਾ ਰੜਕਿਆ ,ਮੇਰੇ ਮੁੱਖ ਤੇ ਤਸੱਲੀ ਭਰੀ ਮੁਸਕਾਨ ਆ ਗਈ !’ਕਿਤੋਂ ਮਾਰ ਰਾਂਝਣਾ …ਰੰਗਪੁਰ ਗੇੜੇ ….’ਸ਼ਾਜ ਦੀ ਤਾਨ ਤੇ ਜਦ ਉਸ ਇਹ ਗੀਤ ਛੇੜਿਆ ਤਾਂ ਕੰਨਾਂ ਵਿੱਚ ਇੱਕ ਵੱਖਰਾ ਰਸ ਘੁਲ ਗਿਆ !ਉਸ ਦੇ ਨਾਲ ਦੀ ਕੁੜੀ ਪੱਥਰ ਦੀਆਂ ਦੋ ਠੀਕਰੀਆਂ ਜਿਹੀਆਂ ਨਾਲ ‘ਟਿਕ ਟਿਕ ‘ ਦੀ ਆਵਾਜ ਨਾਲ ਉਸਦਾ ਸਾਥ ਦੇ ਰਹੀ ਸੀ !ਮੈਨੂੰ ਉਸ ਸਰੰਗੀ ਵਰਗੇ ਸਾਜ਼ ਦਾ ਨਾਮ ਨਹੀਂ ਪਤਾ ਸੀ !ਅੱਗੇ ਵੀ ਕਈ ਵਾਰ ਪੁੱਛਦਾ ਪੁੱਛਦਾ ਰਹਿ ਗਿਆ ਸੀ !ਅੱਜ ਸੋਚਿਆ ..ਜਦੋਂ ਇਹ ਗਾ ਹਟਿਆ ਤਾਂ ਉਸ ਤੋਂ ਸਾਜ਼ ਦਾ ਨਾਂ ਪੁਛਾਂਗਾ ..ਪਰ ਉਹ ਤਾਂ ਗਾਉਂਦਾ ਗਾਉਂਦਾ ਅਗਲੀਆਂ ਸੀਟਾਂ ਵੱਲ ਚਲਿਆ ਗਿਆ ..! ਆਪਣੇ ਮੋਢੇ ਤੇ ਉਂਗਲਾਂ ਦਾ ਸਪਰਸ਼ ਮਹਿਸੂਸ ਹੋਇਆ ਤਾਂ ਵੇਖਿਆ ,ਉਹ ਛੋਟੀ ਜਿਹੀ ਕੁੜੀ ਹੱਥ ਫੈਲਾਈ ਖੜੀ ਸੀ ..ਮੈਂ ਪੰਜ ਦਾ ਸਿੱਕਾ ਦਿੰਦਿਆਂ ਉਸਨੂੰ ਉਸ ਸਾਜ਼ ਦੇ ਨਾਂ ਬਾਰੇ ਪੁਛਿਆ ..ਉਸ ਦੱਸਿਆ ਪਰ ਮੇਰੇ ਕੁਝ ਪੱਲੇ ਨਹੀਂ ਪਿਆ ..ਕਾਹਲੀ ਬਹੁਤ ਬੋਲਦੀ ਸੀ ..ਦੋ ਤਿੰਨ ਵਾਰ ਪੁੱਛਣ ਤੇ ਮਾੜਾ ਮੋਟਾ ਜਿਹਾ ਹੀ ਸਮਝ ਆਇਆ ..ਸ਼ਾਇਦ ਰਾਵਣਹੱਥਾ ਕਿਹਾ ਸੀ ਉਸ …

ਰਾਵਣਹੱਥੇ ਦੀ ਤਾਨ
ਗਾਉਂਦੇ ਮੁੰਡੂ ਦੇ ਨੰਗੇ ਮੋਢੇ ਨੂੰ ਛੂਹੇ
ਗਜ਼ ਦੇ ਘੁੰਗਰੂ