ਅਮਰੂਦ


ਪਿੰਡੋ ਜਦ ਵੀ ਖੂਹ ( ਡੇਰੇ ) ਨੂੰ ਜਾਣਾ ਰਸਤੇ ਚ ਅਮਰੂਦਾਂ ਵਾਲਾ ਘਰ ਆਉਂਦਾ ਸੀ.. .ਵੇਹਿੜੇ ਦੀ ਚਾਰ ਦੀਵਾਰੀ ਏਡੀ ਕੁ ਕਿ ਮੰਜੇ ਤੇ ਬੈਠੇ ਬੰਦੇ ਦਾ ਸਿਰ ਦਿਸ ਪੈਣਾ…ਤੇ ਓਹ ਵੀ ਕਈ ਥਾਵਾਂ ਤੋਂ ਢਠੀ ਹੋਈ ..ਚੋਰੀ ਤੋੜਨ ਦਾ ਦਾਅ ਨਾ ਲਗਣਾ..ਭਾਬੀ ਦਾ ਮੰਜਾ ਸਦਾ ਅਮਰੂਦਾਂ ਥੱਲੇ ..ਭਾਬੀ ਸੀ ਤੇ ਸਾਡੀ ਮਾਂ ਦੀ ਹਾਨਣ ਪਰ ਸਾਡੀ ਪੀੜੀ ਉਚੀ ਹੋਣ ਕਰਕੇ ਡੈਡ ਦੇ ਹਾਣੀ -ਪ੍ਰਵਾਣੀ ਮੇਰੇ ਭਰਾ ਹੀ ਲਗਦੇ ਸੀ ..ਇਕ ਦਿਨ ਭਾਬੀ ਬੀਮਾਰ ਹੋ ਤੇ ਗਈ ਸਾਰਾ ਟੱਬਰ ਹਸਪਤਾਲ …ਸਾਨੂੰ ਤੇ ਚਾਹ ਚੜ ਗਿਆ. .

ਇਕ ਲੰਮੀ ਜਿਹੀ ਤੇ ਪਤਲੀ ਜਿਹੀ ਕੁੜੀ ਹੁੰਦੀ ਸੀ .. ਉਸ ਜਦ ਵੀ ਰਾਹ ਗਲੀ ਟਕਰਨਾ ਦਿਲ ਦੀ ਧੜਕਨ ਵਧ ਜਾਣੀ ..ਸੋਹਣੀ ਬਹੁਤ ਸੀ.. ਤੇ ਲਗਦੀ ਵੀ ਮੈਨੂੰ ਬਹੁਤ ਸੋਹਣੀ ਸੀ ..ਓਹ ਤੇ ਸ਼ਰਮਾਕਲ ਹੈ ਹੀ ਸੀ ਤੇ ਹੌਸਲਾ ਮੇਰੇ ਵਿਚ ਵੀ ਏਨਾ ਨਹੀ ਸੀ ਕੇ ਓਸਨੂੰ ਬੁਲਾ ਵੀ ਲੈਂਦਾ..ਦੂਰੋਂ ਤੇ ਇਕ ਦੂਜੇ ਨੂੰ ਵੇਖਦੇ ਰਹਿਣਾ ਜਦ ਲਾਗੇ ਆਉਣਾ ਤੇ ਨੀਵੀਂ ਪਾ ਕੇ ਲੰਘ ਜਾਣਾ ..ਇਹ ਸਿਲਸਲਾ ਚਿਰਾਂ ਦਾ ਚਲਦਾ ਸੀ …ਖੈਰ ..ਭਾਦੋਂ ਦਾ ਸ਼ਰਾਟਾ ਪੈ ਕੇ ਹਟਿਆ ਤੇ ਹੁਮਸ ਜਿਹੇ ਵਿਚ ਮੈ ਭਾਬੀ ਦੇ ਘਰ ਵੱਲ ਭਜਿਆ ..ਜਦ ਅਮਰੂਦਾਂ ਵਾਲੇ ਵੇਹਿੜੇ ਪਹੁੰਚਿਆ ਸਾਹਮਣੇ ਓਹੀ ਸੋਹਣੀ ..ਮੇਰੇ ਪੈਰ ਠਿਠਕ ਗਏ …ਛਾਤੀ ਚ ਦਿਲ ਇੰਜ ਉਛਲੇ ਜਿਵੇਂ ਬਾਹਰ ਡਿੱਗ ਪੈਣਾ ..ਉਸ ਨਜ਼ਰ ਮਿਲਾ ਕੇ ਹਲਕੀ ਮੁਸਕਰਾਹਟ ਨਾਲ ਨੀਵੀ ਪਾ ਲਈ—

 

ਝੁਕੀਆਂ ਪਲਕਾਂ~
ਚੁੰਨੀ ਵਿਚ ਬੰਨ੍ਹ ਅਮਰੂਦ
ਪੂੰਝੇ ਮੁੜ੍ਹਕਾ

ਭਾਰ


ਸੁਹੱਪਣ ਦੇ ਮਾੜੇ ਮੋਟੇ ਮਾਪਦੰਡ ਬਦਲਦੇ ਰਹਿੰਦੇ ਹਨ …ਪਰ ਸੁਹੱਪਣ ਤੇ ਤੰਦਰੁਸਤੀ ਕਦੇ ਵਖ ਹੋ ਕੇ ਨਹੀ ਚਲ ਸਕਦੇ …ਨੀ- ਓਹਦੇ ਤੇ ਮਥੇ ਨਹੀ ਲੱਗ ਹੁੰਦਾ ..ਐਨਾ ਰੂਪ ਚੜਿਆ ਪਿਆ … ਲਾਲ ਸੂਹੀ ਪਈ ਆ ਕੁੜੇ… ਆਮ ਤੌਰ ਤੇ ਸੁਣਦੇ ਰਹੇ ਹਾਂ ਮਤਲਬ ਓਹੀ ਕੇ ਤੰਦਰੁਸਤ ਹੈ …ਬੇਸ਼ਕ ਰੈੱਡ ਨੂ ਗੋਰੇ ਨਹੀ ਪਸੰਦ ਕਰਦੇ …ਖੇੜਾ ਬਹੁਤ ਜਰੂਰੀ ਹੈ ਜੇ ਸੋਹਣੇ ਦਿਸਣਾ …ਖਿੜੇ ਫੁੱਲਾਂ ਦਾ ਜ਼ਿਕਰ ਹੁੰਦਾ…ਮੁਰਝਾ ਗਿਆ ਤੇ ਗਿਆ .ਵਗਦੇ ਦਰਿਆ ਦਾ ਜ਼ਿਕਰ ਹੁੰਦਾ .. ਖੜੋਤ ਵਾਲਾ ਪਾਣੀ ਤੇ ਛਪੜ ਬਣ ਜਾਂਦਾ…. ਪਹਾੜ ਹਰੇ ਭਰੇ ਸੋਹਣੇ ਲਗਦੇ ਹਨ ਕਿਓੰਕੇ ਹਰਿਆਲੀ ਰੂਪੀ ਤੰਦਰੁਸਤੀ ਹੈ ਦਰਖਤਾਂ ਵਿਚ…. ਜੀਵਨ ਹੈ ..ਮੁਸਕਰਾਹਟ ਦਾ ਜ਼ਿਕਰ ਹੁੰਦਾ ਮੁਸਕਰਾਹਟ ਚ ਖੇੜਾ ਹੈ ਕਿਓੰਕੇ ਇਹ ਉਪਰ ਨੂ ਖਿੜਦੀ ਹੈ ਫੁੱਲਾਂ ਵਾਂਗ ..ਤਨ ਦੀ ਤੰਦਰੁਸਤੀ ਹੀ ਮਨ ਸੋਹਣਾ ਕਰਦੀ ਹੈ ਤੇ ਮਨ ਦੀ ਅਵਸਥਾ ਹਮੇਸ਼ਾਂ ਚੇਹਰੇ ਤੋ ਪੜ ਹੋ ਜਾਂਦੀ ਹੈ ..ਸੋਹਣੇ ਦਿਸਣ ਲਈ ਲੋਕ ਜਿਮ ਜੁਆਇਨ ਕਰਦੇ ਨੇ ਹੋਰ ਤੰਦਰੁਸਤ ਹੋਣ ਲਈ ਹੋਰ ਸੋਹਣੇ ਹੋਣ ਲਈ…ਕਰੂਪ ਦਾ ਜਿਸਮ ਸੋਹਣਾ ਤੇ ਅੱਜ ਓਸ ਨੂ ਵੀ ਖੂਬਸੂਰਤ ਗਿਣਿਆ ਜਾਂਦਾ ਜੇ ਬਹੁਤੀ ਸੋਹਣੀ ਮੋਟੀ ਹੋ ਗਈ ਜਾਂ ਮੋਟਾ ਹੋ ਗਿਆ ਤੇ ਗਈ ਮਝ ਛਪੜ ਚ:. ..ਡਾਇਟਿੰਗ ਵੀ ਕਰੀ ਜਾਂਦੇ ਲੋਕ …ਡਾਇਟਿੰਗ ਕਰਕੇ ਖੂਬਸੂਰਤ ਹੋਣਾ ਤੇ ਬਾਬਾ ਨਾਨਕ ਕਹਿੰਦਾ ਭਾਈ …. ਜਿਤ ਖਾਧੇ ਤਨੁ ਪੀੜੀਐ ਮਨਿ ਮਹਿ ਚਲਹਿ ਵਿਕਾਰੁ ਬਾਬਾ ਹੋਰ ਖਾਣਾ ਖੁਸੀ ਖੁਆਰ ……ਤੇ ਹੋਰ ਬਾਬਾ ਜੀ ਤਨ ਮਨ ਭਏ ਅਰੋਗਾ ਕਹਿੰਦੇ ਹਨ ਪਹਿਲਾਂ ਤਨ ਆਉਂਦਾ ਫੇਰ ਮਨ …ਖਿੜੇ ਮਨ ਨੇ ਹੀ ਮੁਸਕਰਾਹਟ ਦੇਣੀ ਹੈ ..
ਮੇਰੀ ਪੈਂਠ ਕੁ ਕਿਲੋ ਦੀ ਗੋਰੀ ਤੇ ਰੱਜ ਕੇ ਸੋਹਣੀ ਗੁਆਂਢਣ ਸਹੇਲੀ ਅੱਜਕਲ ਹੋਰ ਸੋਹਣੀ ਹੁੰਦੀ ਜਾ ਰਹੀ ਹੈ——-
ਨਿਰਨਾ ਕਾਲਜਾ
ਕਪਾਲਭਾਤੀ ਮਗਰੋਂ
ਜੋਖੇ ਭਾਰ

ਡੋਲੂ


“ਨਾ ਹੀ ਕੋਈ ਹਵਾ ਚੱਲ ਰਹੀ ਆ ਤੇ ਉਪਰੋਂ ਧੁੱਪ ਵੀ ਕਿੰਨੀ ਤੇਜ ਆ… ਅੱਜ ਲਗਦਾ ਸੂਰਜ ਨੀਵਾਂ ਹੋ ਸਾਡਾ ਹਾਲ ਦੇਖ ਰਿਹੈ.. ਸਹੁਰੀ ਦੀ ਬੱਤੀ ਵੀ ਨੀ ਆਈ ਹਾਲੇ ਤੱਕ”…”ਸਹੀ ਕਿਹਾ ਤੂੰ ਸੁਖਦੇਵ ਸਿਆਂ” ਮੇਰੇ ਮਾਮੇ ਦਾ ਹੁੰਗਾਰਾ ਭਰਦਾ ਪਾਲ ਔਲੂ ‘ਚ ਹਥ ਘਚੱਲਦਾ ਬੋਲਿਆ ..”ਹਾਹੋ ਦੇਖਲਾ ਜਿਥੇ ਲੋੜ ਨੀ ਉਥੇ ਐਵੇਂ ਵਰੀ ਜਾਂਦਾ, ਜਿਥੇ ਲੋੜ ਆ ਉਥੇ ਭੋਰਾ ਵੀ ਨੀ..ਇਹ ਰੱਬ ਵੀ ਇਨਾ ਸਿਧਾ ਨੀ ਬਾਈ ..ਔਹ ਲਗਦਾ ਬੱਤੀ ਆਗੀ”… “ਆਹੋ ਲੈ ਮੈਂ ਪਾਣੀ ਪਾਓਨਾ .. ਤੂੰ ਹਰੀ ਸੂਚ ਦੱਬ ਅੰਦਰੋ”…ਇਕ ਦਮ ਲਾਇਟ ਦੇ ਆਉਣ ਤੇ ਚੇਹਰੇ ਖਿੜ ਗਏ …ਜਿਉਂ ਕੋਈ ਖਜਾਨਾ ਮਿਲ ਗਿਆ ਹੋਏ …….”ਉਹ ਯਾਰ ਇਹ ਤਾਂ ਪਾਣੀ ਨੀ ਚੱਕਦੀ ,ਲਗਦਾ ਫਿਰ ਹਵਾ ਲੈ ਗਈ”.. ਇਕ ਦੱਬੀ ਜੀ ਅਵਾਜ ‘ਚ ਪਾਲ ਫਿਰ ਬੋਲਿਆ… “ਸੁਖਿਆ ਕਿੰਨੀ ਵਾਰ ਕਿਹਾ ਟੋਟਾ ਪਵਾ ਲਾ ..ਦੱਸ ਰੋਜ ਰੋਜ ਖੂਹੀ ‘ਚ ਉਤਰਨਾ ਸੌਖਾ ਕਿਤੇ …ਉੱਤੋਂ ਇਨੀ ਧੁੱਪ “…….”ਉਹ ਕੀ ਕਰੀਏ ਵੀਰ ਜਦੋਂ ਦੇ ਆ ਮੱਛੀ ਮੋਟਰਾਂ ਆਈਆਂ … ਪੱਖਿਆ ਚੋਂ ਤਾ ਪਾਣੀ ਆਉਣਾ ਹੀ ਹਟ ਗਿਆ ਮਾਮੇ ਨੇ ਖੂਹੀ ਵੱਲ ਰੱਸਾ ਸੁੱਟਦਿਆਂ ਪਾਲ ਨੂੰ ਕਿਹਾ…..
:
ਕਰੰਡ ਖੇਤ-
ਲੱਜ ਬੰਨ ਖੂਹ ਚ ਛੱਡਿਆ
ਪਾਣੀ ਦਾ ਡੋਲੂ

ਘੁੱਗੀਆਂ


ਕਿਤਾਬਾਂ ਪੜ੍ਹ ਪੜ੍ਹ ਹੋਰ ਵੀ ਅਨਪੜ੍ਹ !!! ਫੁੱਲ , ਤਿੱਤਲੀਆਂ , ਵੇਲ ਬੂਟੀਆਂ ਅਤੇ ਰੁੱਖਾਂ ਬਾਰੇ ਮੇਰਾ ਇਲਮ ਤਰਸਯੋਗ ਹੈ. ਜਿੰਨਾ ਕੁ ਇਲਮ ਹੈ ਉਹ ਸਕੂਲਾਂ ਕਾਲਜਾਂ ਤੋਂ ਨਹੀਂ ਖੇਤਾਂ ਚਰਾਂਦਾਂ ਤੇ ਜੰਗਲਾਂ ਤੋਂ.. ਧਰਤੀ ਅਤੇ ਅਕਾਸ਼ ਤੋਂ ਸਿਖਿਆ ਹੈ .. ਜਾਂ ਫਿਰ ਨਿਰੱਖਰੇ ਰੋਲੂ ਵਰਗੇ ਸ਼ੌਕੀਆ ਕਲਾਕਾਰਾਂ ਤੋਂ . ਸ਼ੁਕਰ ਹੈ ਰੁਕਿਆ ਨਹੀਂ ਮੇਰਾ ਪ੍ਰਕਿਰਤੀ ਪਾਠ . ਐਹ , ਮੇਰੇ ਕੋਲ ਕੁਝ ਫੁੱਲ ਪਤੀਆਂ ਰੰਗ ਬਟਾ ਰਹੀਆਂ ਨੇ . ਕੀ ਨਾਮ ਦਵਾਂ ਇਨ੍ਹਾਂ ਪਲ ਪਲ ਬਦਲਦੇ ਰੰਗਾਂ ਨੂੰ ? ਇਸ ਫੈਲ ਰਹੀ ਖੁਸ਼ਬੋਈ ਨੂੰ ..? ਇਸ ਪੰਖੜੀ ਨੂੰ ਹੀ ਲਉ . ਬਹੁਤ ਵੱਡੀ ਨਾ ਬਹੁਤ ਛੋਟੀ . ਇੱਕ ਵਰਗ ਸਮ ਵਿੱਚ ਝਲਕਦੇ ਅਨੰਤ ਰੰਗ . ਬਾਰੀਕੀ ਵਿੱਚ ਬਾਰੀਕੀ. ਇਹਦੀਆਂ ਰਗਾਂ ਵਿੱਚ ਕਾਰਜਸ਼ੀਲ ਫ੍ਰੈਕਟਲੀ ਜੁਮੈਟਰੀ ਦੀ ਜਟਿਲਤਾ . ਬੇਖਬਰ ਆਪਣੇ ਹੁਸਨ ਤੋਂ ਬੇਪਨਾਹ ਹੁਸਨ ਦੀ ਇਹ ਮਲਕਾ …
ਟਾਹਲੀ ਦੀਆਂ ਨੱਤੀਆਂ
ਟੀਸੀ ਉੱਤੇ ਕਰੇ ਕਲੋਲਾਂ
ਘੁੱਗੀਆਂ ਦਾ ਜੋੜਾ

ਕੜਾ


ਮੈ 2 ਕੁ ਸਾਲ ਪਹਿਲੇ ਫਰਾਂਸ ਗਿਆ …ਓਥੇ ਮੇਰੀ ਮੁਲਾਕਾਤ ਪਾਕਿਸਤਾਨੀ ਦੋਸਤਾਂ ਨਾਲ ਹੋਗੀ ..ਮੈ ਓਹਨਾ ਦੇ ਘਰ ਗਿਆ ਬੜਾ ਇਜਤ ਮਾਨ ਕਰਦੇ ਇਥੇ ਸਾਰੇ ਏਕ ਦੂਜੇ ਦਾ …ਓਹ ਮੇਨੂ ਕਹਿੰਦੇ ਮਿੱਤਰ ਇਕ ਕੰਮ ਕਰ ਸਾਡਾ..ਇੰਡੀਆ ਤੋਂ ਪੰਜ ਚਾਰ ਕੜੇ ਮੰਗਵਾ ਕੇ  ਦੇਹ  …ਮੇਨੂ ਸਮਝ  ਨਾ ਆਵੇ ,ਇਹਨਾ ਕੜੇ ਕੀ ਕਰਨੇ ਹੋਣਗੇ ..ਮੈ ਕਿਹਾ ਚਲੋ ਸ਼ੌਕ ਹੁੰਦਾ ..ਦੂਸਰੇ ਦਿਨ ਚੈੱਕ ਹੋ ਗਏ ਮੈਟਰੋ ਦੇ ਬਾਹਰ ਨਿਕਲਦੇ ਹੀ ..ਓਹਨਾ ਦੋ ਚਾਰ ਬੰਦੇ ਘੇਰੇ ਹੋਏ ਸਨ ਪਰ  ਮੈਨੂੰ  ਨਾ ਚੈੱਕ ਕੀਤਾ ..ਵੇਖਿਆ ਕਹਿੰਦੇ ਜਾਓ …ਫੇਰ ਜਦ ਕਈ ਵਾਰੀ ਆਹ ਪੰਗਾ ਪਿਆ ਮੇਨੂ ਸਮਝ  ਲੱਗ ਗਈ ਕੇ ਓਹ ਕੜਾ ਕਿਓਂ ਮੰਗਦੇ ਸੀ ..
ਫੇਰ ਮੈ ਪੁਛਿਆ ਕਿਸੇ ਨੂ ਗੱਲ ਸਪਸ਼ਟ ਹੋ ਗਈ ਕੇ ਕੜੇ ਨੂ ਵੇਖ ਛੱਡ  ਦਿੰਦੇ ਹਨ ..ਬੜੀ ਖੁਸ਼ੀ ਹੋਈ ਕੇ ਪੰਜ ਕਕਾਰਾਂ ਵਿਚੋਂ ਭਾਵੇਂ ਇਕ ਹੀ ਹੈ ਸਾਡੇ ਪੱਲੇ ਏਹਨੂ ਲਾਜ਼ ਨਾ ਲਾ ਦਈਏ ਕਿਤੇ…!!

ਪੁਲਿਸ ਨਾਕਾ –
ਅਲਵਿਦਾ ਕਰਦਿਆਂ ਲਿਸ਼ਕਿਆ
ਸੱਜੇ ਹਥ ਦਾ ਕੜਾ

ਤਵੀਤੀ


ਮੇਰੀ ਘਰਵਾਲੀ ਦੇ ਭੂਆ ਦਾ ਮੁੰਡਾ ਪਰਿਵਾਰ ਸਮੇਤ ਸਾਡੇ ਪਿੰਡ ਨਾਨਕੀ ਸ਼ੱਕ ਆਏ ਹੋਏ ਸਨ ! ਪਰਸੋੰ ਹੀ ਉਸਦਾ ਫੋਨ ਆ ਗਿਆ ਸੀ ਕਿ ਅਸੀਂ ਘਰ ਹੋ ਕੇ ਜਾਵਾਂਗੇ ! ਫਿਰ ਸ਼ਾਮ ਨੂੰ ਫੋਨ ਕੀਤਾ ਕਿ ਜਾਗੋ ਲੈ ਕੇ ਆਵਾਂਗੇ ! ਆਖਰ ਰਾਤ ਨੂੰ ਵਾਹਵਾ ਹਨੇਰੇ ਹੋਏ ਆ ਬੂਹਾ ਖੜਕਾਇਆ ਮੇਲਣਾਂ ਨੇ ! ਵਾਹਵਾ ਖੜਕਾ ਦੜਕਾ ਤੇ ਰੌਲਾ ਗੌਲਾ ! ਮੇਲਣਾਂ ਦੀ ਚਮਕ ਦਮਕ ਨੇ ਵੇਹੜੇ ਦਾ ਲਾਟੂ ਵੀ ਮੱਧਮ ਪਾ ਦਿੱਤਾ ! ਉਨਾਂ ਵਿੱਚ ਹੀ ਇੱਕ ਸੁਬਕ ਜਿਹੀ ਕੁੜੀ ਵੀ ਸੀ ! ਜਿਵੇਂ ਸਾਦਗੀ ਹੀ ਉਸਦਾ ਅਸਲ ਸੁਹਪਣ ਸੀ ! ਮੇਰੀ ਘਰਵਾਲੀ ਨੇ ਦੱਸਿਆ ਕਿ ਇਸੇ ਕੁੜੀ ਦਾ ਰਿਸ਼ਤਾ ਹੀ ਆਪਣੇ ਜਿੰਦਰ(ਮੇਰੇ ਚਾਚੇ ਦਾ ਮੁੰਡਾ ) ਨੂੰ ਹੁੰਦਾ ਹੈ ..ਤੇ ਫਿਰ ਉਸ ਨੇ ਜਿੰਦਰ ਨੂੰ ਉਸ ਕੁੜੀ ਬਾਰੇ ਤੇ ਉਸ ਕੁੜੀ ਨੂੰ ਜਿੰਦਰ ਬਾਰੇ ਵੀ ਦੱਸ ਦਿੱਤਾ –
ਪਹਿਲੀ ਮੁਲਾਕਾਤ ~
ਪਲਕਾਂ ਝੁਕਾ ਰੱਖਿਆ ਉਸ
ਤਵੀਤੀ ਉੱਤੇ ਹੱਥ

ਕਣੀਆਂ


ਫੁੱਲਾਂ ਨਾਲ ਸਜੇ ਗੇਟ ਦੇ ਉਰਲੇ ਬੰਨੇ ਅਸੀਂ l ਪਰਲੇ ਬੰਨੇ ਮੀਂਹ ਦੀ ਝੜੀ l ਲਾਲ ਰਿਬਨ ਅਤੇ ਮਠਿਆਈ ਦੀ ਟ੍ਰੇਅ ਫੜੀ ਖੜ੍ਹੀਆਂ ਕੁੜੀਆਂ ਦੇ ਚਿਹਰਿਆਂ ‘ਤੇ ਕਾਹਲ ਦੀਆਂ ਲਕੀਰਾਂ l ਹਰ ਕੋਈ ਬਰਾਤ ਦੇ ਆਉਣ ਵਾਲੇ ਰਾਹ ਵੱਲ ਦੇਖ ਰਿਹਾ l ਫਿਰ ਦੁਲਹਨ ਦੇ ਪਿਤਾ ਨੇ ਆਖਿਆ, “ਮੀਂਹ ਕਰਕੇ ਦੇਰ ਹੋ ਗਈ, ਕਹਿੰਦੇ ਨੇ ਕਿ ਬਸ ਪਹੁੰਚ ਰਹੇ ਆਂ l” ਲਾਈਟਾਂ ਤੇ ਜਗਮਗ ਜਗਮਗ ਕਰਦੀਆਂ ਲੜੀਆਂ ਨਾਲ ਸਜੇ ਹੋਟਲ ਦੇ ਗੇਟ ਅਤੇ ਸਵਾਗਤੀ ਗੇਟ ਦੇ ਵਿਚਕਾਰ ਮੀਂਹ ਦੀਆਂ ਕਣੀਆਂ ਦਾ ਪਰਦਾ ਹੁਣ ਥੋੜ੍ਹਾ ਛਿੱਦਾ l ਢੋਲ ਅਤੇ ਵਾਜਿਆਂ ਦੀ ਆਵਾਜ਼ ਆਉਂਦਿਆਂ ਹੀ ਕੁੜੀ ਦੀ ਦਾਦੀ ਕਾਹਲੇ ਕਦਮੀਂ ਆਈ ਤੇ ਪਲ ਚ ਹੀ ਬੈਂਕੁਏਟ ਦੇ ਗੇਟ ਤੋਂ ਉੱਪਰ ਵੱਲ ਹੋਟਲ ਦਾ ਜਾਇਜ਼ਾ ਲਿਆ l ਕੁੜੀ ਦੇ ਚਾਚੇ ਨੂੰ ਸ਼ੋਰ ਤੋਂ ਰਤਾ ਕੁ ਉਰ੍ਹਾਂ ਖਿਚਿਆ, “ਪੁੱਤ, ਸ਼ੁਚੀ ਨੂੰ ਕਹੋ ਜਦ ਬਰਾਤ ਗੇਟ ਤੇ ਆਵੇ ਤਾਂ ਉੱਪਰ ਕਿਸੇ ਬਾਰੀ ਚੋਂ ਰਿਸ਼ੁ ਦਾ ਮੁੰਹ ਦੇਖ ਲਵੇ, ਸ਼ਗਨ ਹੁੰਦਾ ਐ l”
ਕੁਆਰ-ਝਾਤੀ –
ਸਿਹਰੇ ਦੀਆਂ ਲੜੀਆਂ ‘ਤੇ ਲਮਕਣ
ਨਿੱਕੀਆਂ ਨਿੱਕੀਆਂ ਕਣੀਆਂ

ਰੋਟੀ


ਝੋਨੇ ਦੀ ਕਟਾਈ ਤੋਂ ਬਾਅਦ ਵੀ ਕਿਸੇ ਕਿਸੇ ਖੇਤ ਚ ਕਰਚੇ ਅਜੇ ਖੜੇ ਚਮਕ ਰਹੇ ਸੀ ! ਪਰ ਲਾਭ ਤਾਏ ਹੋਰਾਂ ਨੇ ਪਾਇਪ ਲਾਈਨ ਪਾਉਣ ਕਰਕੇ ਸਾਰਾ ਖੇਤ ਪਹਿਲਾ ਹੀ ਅੱਗ ਲਾ ਕਾਲਾ ਤੇ ਰੜਾ ਕਰ ਦਿੱਤਾ ਸੀ !…..ਸਾਡਾ ਘਰ ਉਹਨਾ ਦੀ ਮੋਟਰ ਕੋਲ ਹੋਣ ਕਰਕੇ ਕੋਈ ਨਾ ਕੋਈ ਉਹਨਾ ਦੇ ਘਰ ਦਾ ਜੀ ਆਇਆ ਹੀ ਰਹਿੰਦਾ ! ਕਦੇ ਵੈਸੇ ਗੱਲਾਂ ਬਾਤਾਂ ਲਈ ..ਤੇ ਕਦੇ ਕਿਸੇ ਸੰਦ ਲਈ..!..”ਉਹ ਗੁਰਮਖਾ… ਆ ਕਤੀੜ ਨੂੰ ਸੰਗਲ ਪਾ ਦੇ ਮੱਲਾ !… ਕਿਤੇ ਹੋਰ ਜਾਨ ਨੂੰ ਸਿਆਪਾ ਪੈ ਜੇ….!” ਕਾਲੇ ਖੇਤ ਚ ਬਗਲੇ ਵਾਂਗ ਦੂਰੋਂ ਚਮਕਦੇ ਆਉਂਦੇ ਭਾਗ ਤਾਏ ਨੇ ਕਿੱਲੇ ਕੁ ਦੀ ਵਾਟ ਤੋਂ ਉਚੀ ਵਾਜ ਮਾਰੀ….”ਬੰਨ ਤਾ ਤਾਇਆ ਆਜਾ !”…ਮੈਂ ਵੀ ਟਿਚਰ ਜੀ ਨਾਲ ਕਿਹਾ !…”ਕਿਵੇ ਆਏ ਪ੍ਰਗਟ ਦੇ ਬਾਪੂ ਜੀ ” …ਮੇਰੀ ਮਾਤਾ ਨੇ ਟੇਢੇ ਕੀਤੇ ਘੁੰਡ ਚੋ ਹੌਲੀ ਜਿਹੇ ਪੁਛਿਆ …” ਮੈਂ ਤਾਂ ਭਾਈ ਸਿੰਦਰ, ਗਲਾਸ ਲੈਣ ਆਇਆ ਸੀ.. ਆਹ ਕਸ਼ਮੀਰੀਆਂ ਦੀ ਰੋਟੀ ਤੇ ਚਾਹ ਲੈ ਕੇ ਆਇਆ ਸੀ ! ਲਗਦਾ ਨਿਆਣੇ ਗਲਾਸ ਪਾਉਣਾ ਭੁੱਲ ਗੇ !” ….ਮੈਂ ਅੰਦਰੋਂ ਗਲਾਸ ਲਿਆਇਆ ਤੇ ਤਾਏ ਦੇ ਨਾਲ ਏ ਤੁਰਨ ਲੱਗਾ ਸੀ ਤਾਂ ਪਿਛੋਂ ਸਾਡੇ ਲਾਣੇਦਾਰ ਨੇ ਤਾਏ ਨੂੰ ਛੇੜਨ ਦੇ ਬਹਾਨੇ ਨਾਲ ਕਿਹਾ…”ਵੀਰ ਧਿਆਨ ਰਖੀ ਪਹਾੜੀਆਂ ਦਾ ਜੇ ਸਾਡੀ ਕੋਈ ਮਝ ਚੋਰੀ ਹੋਈ ਤਾਂ ਤੇਰੀ ਖੁਰਲੀ ਤੋਂ ਖੋਲ ਲਿਆਉਣੀ ਆ ਅਸੀਂ”……”ਉਹ ਘੋਲ ਸਿਆਂ ਤੂੰ ਫਿਕਰ ਨਾ ਕਰ ! ਇਹ ਤਾ ਬੜੇ ਚੰਗੇ ਤੇ ਮਿਹਨਤੀ ਬੰਦੇ ਨੇ ..ਨਾਲ ਚੱਲਕੇ ਦੇਖ ਕਿਵੇਂ ਮਿੱਟੀ ਚ ਮਿੱਟੀ ਹੋ ਰਹੇ ਨੇ”…ਮੈਨੂੰ ਤੁਰਨ ਦੇ ਇਸ਼ਾਰੇ ਨਾਲ ਤਾਏ ਨੇ ਕਿਹਾ …..
ਕਹੀ ਦਾ ਚੇਪਾ-
ਇਕੋ ਬੁਰਕੀ ਨਘਾਰ ਗਿਆ
ਚਾਹ ਭਿਓੰਤੀ ਰੋਟੀ

ਖੁੰਬਾਂ


ਐਥੇ ਸੜਕ ਦੀ ਥਾਂ ਹੁੰਦੀ ਸੀ ਇੱਕ ਕੱਚੀ ਪਹੀ ਤੇ ਉਹਦੇ ਦੋਨੋਂ ਪਾਸੇ ਨਿੰਮਾਂ ਟਾਹਲੀਆਂ ਕਿੱਕਰਾਂ ਤੇ ਬੇਰੀਆਂ ਤੇ ਬਰਸਾਤ ਦੇ ਦਿਨੀਂ ਲੰਮਾ ਲੰਮਾ ਘਾਹ. ਨਵੇਂ ਖੂਹ ਨੂੰ ਇਹ ਜਿਹਦੀ ਪਹੀ ਜਾਂਦੀ ਹੈ ਇਸ ਦੁਆਲੇ ਵੀ ਜੰਗਲ ਵਾਂਗ ਰੁੱਖ ਉੱਗੇ ਸਨ .ਕੇਂਦੂ, ਨ੍ਸੂੜੀ ਤੇ ਕਿੰਨੇ ਸਾਰੇ ਤੂਤ .. ਤੇ ਹੁਣ ਸਭ ਸਾਫ਼ ਰੜੀ ਧਰਤੀ ਤੇ ਬਾਕੀ ਸਭ ਝੋਨਾ ਹੀ ਝੋਨਾ ਅਤੇ ਅਸੀਂ ਸਭ ਗਵਾਹ ਇਸ ਦਾਸਤਾਨ ਦੇ …
ਸੁੱਕੀ ਨਿੰਮ
ਗਲੇ ਸੱਕਾਂ ਤੇ ਉਗੀਆਂ
ਦੋ ਭੂਰੀਆਂ ਖੁੰਬਾਂ

ਸੂਰਜ


ਅੱਜ ਸਵੇਰ ਤੋਂ ਹੀ ਕਿਣਮਿਣ ਹੋ ਰਹੀ ਸੀ ! ਹੁਣ ਜਦੋਂ ਮੀਂਹ ਰੁਕਿਆ ਤਾਂ ਚਿਲਕਵੀੰ ਧੁੱਪ ਨਿੱਕਲ ਆਈ ! ਕੁਦਰਤ ਜਿਵੇਂ ਹੋਰ ਨਿੱਖਰੀ ਪੁਖਰੀ ਖੜੀ ਸੀ ! ਗੱਡੀ ਇੱਕ ਜਗਾਹ ਰੋਕ ਮੈਂ ਤੇ ਜਿੰਦਰ ਥੱਲੇ ਉੱਤਰ ਆਏ ! ਮੇਰਾ ਇਰਾਦਾ ਕੁਝ ਫੋਟੋ ਖਿਚਣ ਦਾ ਸੀ ! ਕਈ ਜਗਾਹ ਪਹਾੜ ਦੀ ਟੀਸੀ ਤੋਂ ਪਾਣੀ ਨਿੱਕੇ ਝਰਨੇ ਦੇ ਰੂਪ ਵਿੱਚ ਅਜੇ ਵੀ ਡਿੱਗ ਰਿਹਾ ਸੀ ! ਫੁੱਲਾਂ ਦੀਆਂ ਫੋਟੋਆਂ ਖਿਚਦੇ ਖਿਚਦੇ ਅਸੀਂ ਪਹਾੜੀ ਪਗਡੰਡੀ ਤੇ ਦੂਰ ਤੱਕ ਨਿੱਕਲ ਆਏ ! ਸਾਹਮਣੇ ਇੱਕ ਝੁੱਗੀ ਨਜਰੀਂ ਪਈ ! ਹੋਰ ਅੱਗੇ ਗਏ ਤਾਂ ਝੁੱਗੀ ਦੀ ਇੱਕ ਸਾਇਡ ਇੱਕ ਵੱਡੇ ਪੱਥਰ ਤੇ ਨੂਰੀ ਚਿਹਰੇ ਵਾਲਾ ਫੱਕਰ ਨਜਰੀਂ ਪਿਆ ! ਸੂਰਜ ਉਸਦੇ ਚਿਹਰੇ ਤੇ ਵੀ ਚਮਕ ਰਿਹਾ ਸੀ ਤੇ ਹੱਥ ਵਿਚਲੀ ਕਾਲੇ ਰੰਗ ਦੀ ਮਾਲਾ ਤੇ ਵੀ ,ਜਿਸਦੇ ਮਣਕੇ ਇੱਕ ਇੱਕ ਕਰ ਕੇ ਸਰਕ ਰਹੇ ਸਨ —
ਤਿਲਾਂ ਦੇ ਫੁੱਲ ~
ਫੱਕਰ ਦੀ ਚੁਟਕੀ ਚੋਂ ਡਿੱਗਿਆ
ਇੱਕ ਹੋਰ ਸੂਰਜ