ਸੂਈਆਂ


ਮੈਂ ਕੁਝ ਬੋਲ ਪਾਉਂਦਾ ਉਸਤੋਂ ਪਹਿਲਾਂ ਹੀ ਭੂਆ ਜੀ ਬੋਲ ਪਏ, ਮੈਨੂੰ ਪਤਾ ਇਹ ਕੌਣ ਹੈ, ਮੈਂ ਸ਼ਰਮਾ ਤਾਂ ਗਿਆ ਪਰ ਇਕ ਅਜਿਹੀ ਖੁਸੀ ਦਾ ਅਹਿਸਾਸ ਹੋਇਆ ਜਿਸਨੂੰ ਬਿਆਨ ਨਹੀ ਕਰ ਸਕਦਾ, ਮਹਿਸੂਸ ਹੀ ਕਰ ਰਿਹਾ ਸਾਂ ! ਓਹੀ ਖੁਸ਼ੀ ਮੈਂ ਭੂਆ ਜੀ ਦੀਆਂ ਓਹਨਾ ਅਖਾਂ ਚ ਦੇਖ ਰਿਹਾਂ ਸਾਂ ਜਿਸ ਨਾਲ ਓਹ ਮੇਰੇ ਨਾਲ ਖੜੀ ਨੂੰ ਵੇਖ ਰਹੇ ਸੀ …ਓਹਨੇ ਭੂਆ ਜੀ ਦੇ ਪੈਰੀਂ ਹਥ ਲਾਏ ਤੇ ਭੂਆ ਜੀ ਨੇ ਇੱਕਦਮ ਹਸਪਤਾਲ ਦੇ ਬਿਸ੍ਤਰ ਤੋਂ ਉਠ੍ਹਨ ਦੀ ਕੋਸ਼ਿਸ਼ ਕੀਤੀ ,ਮੈਂ ਭੂਆ ਜੀ ਦੇ ਮੋਹ੍ਡੇ ਪਿਛੇ ਹਥ ਰਖ ਓਹਨਾ ਨੂੰ ਉਠਾਇਆ ਤੇ ਨਾਲ ਹੀ ਮਥੇ ਤਿਉੜੀਆਂ ਪਾਉਂਦੀ ਨਰਸ ਬੋਲੀ ‘ ਮਰੀਜ ਕੋਲ ਸਿਰਫ ਇਕ ਜਨਾ ਹੀ ਬੈਠੇ, ਡਾਕਟਰ ਸਾਹਿਬ ਆ ਰਹੇ ਨੇ’ ਮੈਂ ਭੂਆ ਜੀ ਕੋਲ ਉਸਨੂੰ ਛੱਡ ਬਾਹਰ ਬੇੰਚ ਤੇ ਬੈਠ ਗਿਆ ! ਮੈਨੂ ਇਸ ਗੱਲ ਦਾ ਇਲਮ ਵੀ ਸੀ ਤੇ ਡਰ ਵੀ ਕੇ ਭੂਆ ਜੀ ਨੇ ਕਹਿਣਾ ਕੇ ਪਹਿਲੀ ਵਾਰ ਮਿਲਾਇਆ ਤਾਂ ਮਿਲਾਇਆ ਵੀ ਕਿਥੇ ,ਡਾਕਟਰ ਜਾ ਚੁੱਕਾ ਸੀ ! ਮੇਰੀਆਂ ਚੋਰ ਅਖਾਂ ਨੂੰ ਪੜਕੇ ਭੂਆ ਜੀ ਬੋਲੇ ‘ਫੇਰ ਕੀ ਹੋਇਆ ਜੇ ਹਸਪਤਾਲ ਚ ਮਿਲਵਾਇਆ ,ਮੈਨੂੰ ਤਾਂ ਖੁਸੀ ਹੈ ਕੇ ਮੈਂ ਜਾਣ ਤੋਂ ਪਹਿਲਾ ਮਿਲ ਤਾਂ ਲਈ ‘ ਭੂਆ ਜੀ ਨੇ ਘੁੱਟ ਕੇ ਗਲਵਕੜੀ

ਚ ਲੈ ਫੇਰ ਉਸਦਾ ਮਥਾ ਚੁੰਮ ਲਿਆ ਤੇ ਕਿਹਾ ਹੁਣ ਜਲਦੀ ਵਿਆਹ ਵੀ ਕਰਵਾ ਲਵੋ ! ਮੈਨੂੰ ਨਹੀ ਪਤਾ ਕੇ ਉਸ ਦਿਨ ਓਹ ਵਾਪਸੀ ਤੇ ਕਿਓਂ ਪਹਿਲਾਂ ਨਾਲੋ ਬਹੁਤ ਖੁਸ਼ ਸੀ, ਪਰ ਉਸਨੂੰ ਇਹ ਨਹੀ ਸੀ ਪਤਾ ਕੇ ਓਹ ਭੂਆ ਜੀ ਨਾਲ ਉਸਦੀ ਪਹਿਲੀ ਅਤੇ ਆਖਿਰੀ ਮੁਲਾਕਾਤ ਹੋਵੇਗੀ ਅਤੇ ਮੈਂ ਪਹਿਲਾਂ ਨਾਲੋ ਬਹੁਤ ਜਿਆਦਾ ਹਲਕਾ ਹੋ ਗਿਆ ਸਾਂ ! ਚਾਰ ਸਾਲ ਬਾਅਦ ਜਦੋਂ ਵਿਆਹ ਤੋਂ ਬਾਅਦ ਪਹਿਲੀ ਵਾਰ ਉਸਨਾਲ ਭੂਆ ਜੀ ਦੇ ਘਰ ਪਹੁੰਚੇ ਤਾਂ ਖੁਸ਼ ਹੋਣ ਤੋਂ ਪਹਿਲਾ ਇੱਕ ਪਲ ਲਈ ਮਾਯੂਸ ਹੋ ਗਏ ..ਅੰਦਰ ਜਾਂਦਿਆ ਹੀ ਭੂਆ ਜੀ ਦੀ ਤਸਵੀਰ ਵਿਚਲੀ ਮੁਸਕੁਰਾਹਟ ਦੇਖੀ ਜਿਵੇਂ ਓਹ ਹਸਪਤਾਲ ਵਿਚ ਮੁਸ੍ਕੁਰਾਏ ਸਨ ਆਖਿਰੀ ਵਾਰ , ਉਸ ਇੱਕ ਪਲ ਲਈ ਸਭ ਕੁਛ ਠਹਿਰ ਗਿਆ ਸੀ , ਅਸੀਂ ਦੋਹੇਂ ਤੇ ਭੂਆ ਜੀ ਫੇਰ ਇੱਕਠੇ ਹੋ ਗਏ ਸਾਂ, ਪਰ ਸਿਰਫ ਇੱਕ ਪਲ ਲਈ…..

ਘੜੀ ਦੀ ਟਿਕ ਟਿਕ –
ਸਿਰਫ ਇੱਕ ਪਲ ਹੀ ਇੱਕਠੀਆਂ ਹੋਈਆਂ
ਤਿੰਨੋ ਸੂਈਆਂ

ਪੱਤਾ


ਹਾਇਬਨ —
ਗੱਲ ਤਾਂ ਪੁਰਾਣੀ ਹੈ ਪਰ ਜਿਹਨ ਵਿਚ ਅਜੇ ਵੀ ਹੈ ਰਾਣੋ ਦਾ ਘਰਵਾਲਾ ਫੌਜ ਵਿਚ ਸੂਬੇਦਾਰ ਸੀ ਤੇ 1971 ਦੀ ਜੰਗ ਵਿਚ ਸਿੱਖ ਬਟਾਲੀਅਨ ਵੱਲੋਂ ਜੰਗ ਦੇ ਮੈਦਾਨ ਵਿਚ ਸੀ ! ਜੰਗ ਤਾਂ ਭਾਰਤ ਜਿੱਤ ਗਿਆ ਪਰ ਆਪਣੇ ਕਈ ਫੌਜੀ ਓਹ ਹਾਰ ਗਿਆ ਸੀ ..ਭਾਰਤ ਦੇ ਕਈ ਫੌਜੀ ਉਸ ਪਾਰ ਦੇ ਮੁਲਕ ਨੇ ਕੈਦ ਕਰ ਲਏ ਸੀ ! ਕਈ ਦਿਨ ਵਾਪਿਸ ਨਾ ਆਇਆ ਤਾਂ ਰਾਣੋ ਨੂੰ ਯਕੀਨ ਹੋਇਆ ਕੇ ਉਸਦਾ ਸੁਮੇਰ ਜੰਗ ਵਿਚ ਕਿਧਰੇ ਰਹ ਗਿਆ ..ਬਹੁਤ ਲੰਮੇ ਸਮੇ ਤਕ ਰਾਣੋ ਨੇ ਕਈ ਦਫਤਰਾਂ ਵਿਚ ਆਪਣੇ ਘਰਵਾਲੇ ਬਾਰੇ ਪੁਛ ਪੜਤਾਲ ਕੀਤੀ ,… ਰਖਿਆ ਮੰਤਰੀ , ਵਿਦੇਸ਼ ਮੰਤਰੀ ਸਮੇਤ ਕਈ ਦਫਤਰਾਂ ਚੋ ਕਈ ਦਰਖਾਸਤਾਂ ਵੀ ਦਿੱਤੀਆ ਪਰ ਉਸਦੇ ਘਰਵਾਲੇ ਸੁਮੇਰ ਦਾ ਕੁਝ ਪਤਾ ਨਹੀ ਲੱਗਿਆ !ਇਕ ਦਿਨ ਰੇਡੀਓ ਤੇ ਖਬਰ ਆਈ ਕੇ ਜੰਗ ਵਿਚ ਲੜ ਰਹੇ ਕਈ ਭਾਰਤੀ ਫੌਜੀ ਪਾਕਿਸਤਾਨ ਦੀਆਂ ਜੇਲਾਂ ਚ ਬੰਦ ਨੇ ਤੇ ਸਰਕਾਰ ਇਸ ਬਾਰੇ ਜਲਦ ਹੀ ਕੋਈ ਉਚ ਕਦਮ ਚੁੱਕੇਗੀ ,ਰਾਣੋ ਨੇ ਦੂਜਾ ਵਿਆਹ ਨਹੀ ਕਰਵਾਇਆ ਇਸ ਉਮੀਦ ਚ ਕੇ ਸੁਮੇਰ ਵਾਪਿਸ ਆਵੇਗਾ .ਅੱਜ ਇਕਤਾਲੀ ਸਾਲ ਬਾਅਦ ਵੀ ਰਾਣੋ ਦਾ ਇੰਤਜਾਰ ਨਹੀ ਮੁੱਕਿਆ ..ਸਰਹੱਦ ਤੇ ਅਕਸਰ ਜਾਂਦੀ ਹੈ ਤੇ ਅਕਸਰ ਡੁੱਬਦੇ ਸੂਰਜ ਵਿਚ ਮੁੜਦੇ ਪਰਿੰਦਿਆਂ ਨੂੰ ਵੇਖਦੀ ਹੈ !

ਪਤਝੜੀ ਸ਼ਾਮ –
ਟਾਹਣੀ ਤੇ ਬਚਿਆ
ਆਖਿਰੀ ਪੱਤਾ

ਅਮਿਤ ਸ਼ਰਮਾ ਦੇ 11 ਹਾਇਕੂ


ਮਾਰੁਥਲ-
ਦੂਰ ਵੀ ਪਾਣੀ
ਅੱਖ ਚ ਵੀ

—–

ਕਾਂਨਵੈਟ ਸਕੂਲ-
ਚਿੱਤਰਕਾਰੀ ਮੁਕਾਬਲੇ ਵਿਚ
ਬਾਲ ਬਣਾਵੇ ਝੁੱਗੀ

—-

ਦੰਗਈ
ਗੌਰ ਨਾਲ ਪੜ ਰਹੇ
ਨੇਮ ਪਲੇਟ 

—-

ਸਾਹ ਲੈਕੇ ਮੁਸਕੁਰਾਈ 

ਅਮਰਨਾਥ ਯਾਤਰਾ ਨੂੰ ਜਾਂਦੀ 

ਇਕ ਬਿਰਧ ਔਰਤ 

—–

ਗੰਗਾ ਨਦੀ 
ਫੁੱਲਾਂ ਦੇ ਨਾਲ ਨਾਲ 
ਤੈਰ ਰਹੇ ਫੁੱਲ 

ਸਰਹੱਦੀ ਤਾਰ-
ਬੁਰਕਾ ਚੁੱਕ ਕੇ ਵੇਖਿਆ 
ਹਿੰਦੁਸਤਾਨੀ ਫੁੱਲ 

ਰਾਸ਼ਟਰੀ ਗੀਤ
ਦੰਦੀਆਂ ਮੀਚ ਕੇ ਉਠ ਰਿਹਾ 
ਲੰਗੜਾ ਫੌਜੀ

ਸਕੈਨਿੰਗ ਸੈਟਰ- 
ਬਨੇਰੇ ਤੋਂ ਉਡੀ ਚਿੜੀ 
ਬੈਠਿਆ ਕਾਂ

ਪਿੰਜਰੇ ਦਾ ਤੋਤਾ
ਰੋਸ਼ਨਦਾਨ ਚੋਂ ਵੇਖ ਰਿਹਾ 
ਇੱਕ ਟੁਕੜਾ ਅਸਮਾਨ 

ਤਰਕਾਲਾਂ-
ਗੁਲਾਬ ਸਾਹਮਣੇ 
ਸੂਰਜਮੁਖੀ ਝੁਕਿਆ

—-

ਬਣ ਰਿਹਾ ਘਰ –
ਮੰਮੀ ਪਾਪਾ ਲੜ ਰਹੇ
ਬੱਚੇ ਖੇਡਣ ਘਰ ਘਰ