ਬਾਵਾ


ਹੋਲੀ ਫੈਮਿਲੀ ਹਸਪਤਾਲ –ਜੱਚਾ ਬੱਚਾ ਵਾਰਡ…ਅੰਦਰ ਵੜਦਿਆਂ ਹੀ ਮੈਨੂੰ ਉਸ ਮਹਿਕ ਨੇ ਚੁਫੇਰਿਓਂ ਘੇਰ ਲਿਆ ਜੋ ਕਿ ਕੇਵਲ ਨਵਜਾਤ ਬੱਚਿਆਂ ਵਾਲੀ ਥਾਂ ਤੇ ਹੁੰਦੀ ਹੈI ਕਮਰੇ ਅੰਦਰ ਦਾਖਲ ਹੁੰਦਿਆ ਸਾਰ ਬੀਬਾ ਨੇ ਬੁੱਲਾਂ ‘ਤੇ ਉਂਗਲ ਛੁਹਾ ਕੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਫੇਰ ਉਸੇ ਉਂਗਲ ਨਾਲ ਉਸਨੇ ਦੁਧ ਪੀਂਦੇ ਬਾਲ ਦੀ ਕੂਲੀ ਗੱਲ ‘ਤੇ ਥਪਕੀ ਦਿੱਤੀI ਬੱਚੇ ਨੇ ਫੇਰ ਤੋਂ ਦੁਧ ਚੁੰਘਣਾ ਸ਼ੁਰੂ ਕਰ ਦਿੱਤਾI ਮੈਂ ਮੰਤਰ ਮੁਗਧ ਹੋ ਗਿਆ…. ਬੀਬਾ ਦੇ ਖਾਵੰਦ ਨੇ ਮੇਰਾ ਧਿਆਨ ਵੰਡਾਉਣ ਲਈ ਟੀ.ਵੀ. ਆਨ ਕਰ ਦਿੱਤਾI ਟੀ.ਵੀ. ਦੀ ਆਵਾਜ਼ ਬੰਦ ਸੀI ਰਿਮੋਟ ਤੇ ਥਪਕੀਆਂ ਨਾਲ ਖਾਮੋਸ਼ ਕਮਰੇ ਵਿੱਚ ਖਾਸ ਖਬਰਾਂ ਫਲੈਸ਼ ਕਰ ਰਹੀਆਂ ਸੀ – ਆਤੰਕਵਾਦੀਆਂ ਵੱਲੋਂ ਬੰਬ ਧਮਾਕੇ…..ਚਲਦੀ ਕਾਰ ਵਿੱਚ ਬਲਾਤਕਾਰ…..ਇੱਕ ਹੋਰ ਖੁਦਕਸ਼ੀ…..ਭੁਖਮਰੀ ਨਾਲ ਮੌਤਾਂ…..ਸ਼ੇਅਰ ਬਾਜਾਰ ਵਿੱਚ ਤੇਜੀ ……….. ਮੇਰੀਆਂ ਅੱਖਾਂ ਦੇ ਕੋਏ ਦੁਖਾਂ ਲੱਗ ਪਏI ਬੱਚਾ ਘੂਕ ਸੌਂ ਚੁਕਿਆ ਸੀI ਮਾਂ ਨੇ ਬੱਚੇ ਨੂੰ ਅਛੋਪੋਲੇ ਜਿਹੇ ਪੰਘੂੜੇ ਵਿੱਚ ਪਾ ਦਿੱਤਾI ਮੈਂ ਟੀ.ਵੀ. ਤੋਂ ਨਜ਼ਰ ਹਟਾ ਕੇ ਪੰਘੂੜੇ ਦੇ ਪਿੱਛੇ ਕੰਧ ਤੇ ਲੱਗੀ ਤਸਵੀਰ ਵੱਲ ਤੱਕਿਆ….ਮਰੀਅਮ ਦੀ ਗੋਦ ਵਿੱਚ ਨੰਨ੍ਹਾ ਯਿਸ਼ੂ ਮੁਸਕਰਾ ਰਿਹਾ ਸੀ…ਤਸਵੀਰ ਦੇ ਉੱਪਰ ਹਾਥੀ ਦੰਦ ਦੀ ਬਣੀ ਸਲੀਬ ਟੰਗੀ ਹੋਈ ਸੀ…

ਭਖਦਾ ਆਵਾ –
ਮਲੱਕੜੇ ਜਿਹੇ ਵਿੱਚ ਰਖਿਆ
ਮਿੱਟੀ ਦਾ ਬਾਵਾ