ਮਿੱਤਰ


ਬੜੇ ਸਾਲਾਂ ਤੋਂ ਆਪਣੇ ਸ਼ਹਿਰ ਲੰਮੇ ਅਰਸੇ ਬਾਅਦ ਚੱਕਰ ਲੱਗਦਾ ਹੈ… ਐਤਕੀਂ ਬਸ ਅੱਡੇ ਉੱਤਰਿਆ… ਰਿਕਸ਼ੇ ਵਾਲੇ ਵੱਲ ਹੋਇਆ… ਉਹਨੇ ਮੈਨੂੰ ਧਿਆਨ ਨਾਲ ਵੇਖਿਆ ਤੇ ਮੈਂ ਉਹਨੂੰ… ਦੋਵਾਂ ਦੀਆਂ ਹੀ ਅੱਖਾਂ ਚਮਕ ਉਠੀਆਂ… ਮੇਰਾ ਸਕੂਲ ਦਾ ਜਮਾਤੀ… ਕਠਿਆਂ ਕ੍ਰਿਕਟ ਗਲੀ ਮੁਹੱਲੇ ਵਾਲਾ ਗੇਂਦ ਬੱਲਾ ਵੀ ਖੇਡਦੇ ਹੁੰਦੇ ਸੀ… ਖਾਸਾ ਚਿਰ ਖੜ੍ਹੇ ਗੱਲਾਂ ਕਰਦੇ ਰਹੇ… ਫੇਰ ਕਹਿੰਦਾ, “ਆਜਾ ਘਰ ਛੱਡਾਂ ਤੈਨੂੰ”… ਘਰ ਵੀ ਮੇਰਾ ਉਹਨੂੰ ਪਤਾ ਈ ਐ ਚੰਗੀ ਤਰ੍ਹਾਂ… ਮੈਂ ਪਿਛੇ ਬਹਿ ਗਿਆ ਤੇ ਉਹ ਚਲਾਉਣ ਲੱਗ ਗਿਆ..ਹੱਸ ਹੱਸ ਗੱਲਾਂ ਮਾਰਦੇ… ਘਰ ਆ ਗਿਆ… ਮੈਂ ਜੇਬ ਨੂੰ ਹਥ ਪਾਇਆ ਤਾਂ ਓਹਦਾ ਇੱਕ ਇਸ਼ਾਰਾ ਐਸਾ ਸੀ ਕਿ ਪਤਾ ਨਹੀਂ ਕਿਓਂ ਮੈਂ ਜੇਬ ਚੋ ਪੈਸੇ ਕਢ ਨਹੀਂ ਸਕਿਆ… ਮੈਂ ਚਾਹ ਦਾ ਸੱਦਾ ਦਿੱਤਾ ਤੇ ਪਤਾ ਨਹੀਂ ਕਿਓਂ ਉਹਨੇ ਹਾਮੀ ਨਹੀਂ ਭਰੀ… ਹਥ ਮਿਲਾਇਆ ਤੇ ਕਹਿੰਦਾ, “ਚੰਗਾ !”…ਇਹੋ ਮੈਂ ਕਿਹਾ , “ਚੰਗਾ”… ਬੜੀ ਸੁਹਣੀ ਮੁਸਕਾਨ ਸੀ ਉਹਦੀ ਜਾਂਦੀ ਵਾਰ ਦੀ…

ਚੜ੍ਹਦਾ ਦਿਨ –
ਮੁਸਕਰਾਇਆ ਚਿਰੀਂ ਮਿਲਿਆ
ਮਿੱਤਰ ਪੁਰਾਣਾ


ਮਿਲਾਪ


ਐਤਵਾਰ ਦਾ ਦਿਨ… ਅਸਮਾਨ ਚ ਬੇਮੌਸਮੇ ਬੱਦਲ ਘੁਲ ਰਹੇ ਸਨ… ਫੋਨ ਦੀ ਘੰਟੀ ਵੱਜੀ… ਨੰਬਰ ਅਨਜਾਣਿਆ… ਆਪਣੇ ਬੱਚਿਆਂ ਨਾਲ ਖੇਡੇ ਪਿਆ ਸਾਂ… ਸੁਤੇਸੁਭਾਅ ਫੋਨ ਚੁੱਕ ਲਿਆ ਅਨਮਨੇ ਜਹੇ… ਅੱਗੋਂ ਅਣਜਾਣੀ ਜਹੀ ਆਵਾਜ਼ ਪਰ ਬੋਲਣ ਦੇ ਲਹਿਜ਼ੇ ‘ਚ ਚਾਅ ਜਿਹਾ ਸੀ… ਮੇਰਾ ਨਾਮ ਪੁਛਿਆ… ਆਪਣਾ ਦੱਸਿਆ… ਨਾਂ ਸੁਣਕੇ ਮੈਨੂੰ ਵੀ ਚੰਗਾ ਲੱਗਿਆ… ਉਸ ਆਵਾਜ਼ ਵਿਚ ਹੈਰਾਨੀ ਝਲਕਦੀ ਸੀ ਦੋਵਾਂ ਦੇ ਇੱਕੋ ਸ਼ਹਿਰ ‘ਚ ਹੋਣ ਦੀ… ਉਹਦੇ ਕਹੀਂ ਤੋਂ ਪਹਿਲਾਂ ਹੀ ਮੈਂ ਚਾਈਂ ਚਾਈਂ ਪੁਛਿਆ ਕਦੋਂ ਮਿਲ ਸਕਦੇ ਹਾਂ… ਪਲਾਂ ਦੇ ਵਿਚ ਹੀ ਬਣ ਗਏ ਮਿੱਤਰਚਾਰੇ ਦੇ ਚਾਅ ਚ ਮੈਂ ਫਟਾਫਟ ਉਠ ਕੇ ਤਿਆਰ ਹੋਣ ਲੱਗਿਆ… ਓਧਰ ਬੱਦਲ ਵਰ੍ਹਨਾ ਸ਼ੁਰੂ ਹੋ ਗਿਆ… ਮੋਟੀ ਕਣੀ ਤੇ ਥੋੜੀ ਜਹੀ ਅਹਿਣ ਵੀ… ਤਿਆਰ ਹੋ ਕੇ ਮੈਂ ਸਕੂਟਰ ਦੇ ਸਾਹਮਣੇ ਪਰਛੱਤੀ ਥੱਲੇ ਖੜਾ ਹੋ ਗਿਆ ਤੇ ਬਸ ਮੀਂਹ ਰੁਕਦੇ ਹੀ ਤੁਰ ਪਿਆ… ਹਾਲਾਂਕਿ ਮਾੜੀ ਮਾੜੀ ਭੂਰ ਜਹੀ ਪਈ ਜਾਂਦੀ ਸੀ ਤੇ ਵਿਚ ਵਿਚ ਕਿਣ ਮਿਣ ਵੀ ਬਣਦੀ ਰਹੀ ਪਰ ਮੁਲਾਕਾਤ ਵਾਲੀ ਥਾਂ ‘ਤੇ ਪਹੁੰਚਣ ਤਕ ਪਤਾ ਨਹੀਂ ਲੱਗਿਆ, ਨਾ ਵਕ਼ਤ ਦਾ ਤੇ ਨਾ ਕਿਣ ਮਿਣ ਦਾ…

ਕਿਣ ਮਿਣ –
ਘੁੱਟ ਕੇ ਮਿਲੇ ਗਿੱਲੇ ਹੱਥ
ਤੇ ਸਿੱਲ੍ਹੀਆਂ ਕਮੀਜ਼ਾਂ