ਲਾਲੀ


ਗੁਲ੍ਮੋਹਰਾਂ ਦੀ ਛਾਂ ਜਿਹਾ ਮੇਰੇ ਨਾਲ ਹੀ ਤੁਰਿਆ ਰਹਿੰਦਾ ਹੈ ਸਦਾ, ਉਹਨਾਂ ਦੀ ਤਾਜ਼ੀ ਮਹਿਕ ਵਾਂਗ ਹੀ ਘੁਲਿਆ ਹੈ ਮੇਰੇ ਸਾਹੀਂ, ਫਿਰ ਇਹ ਕਹਿਣਾ ਤਾਂ ਗਲਤ ਹੋਵੇਗਾ ਕਿ ਹਾਏ ਮੈਨੂੰ ਮਿਲਿਆ ਨਹੀਂ ਮੇਰਾ ਪਹਿਲਾ ਪਿਆਰ, ਸੱਚੇ ਰੱਬ ਜਿਹਾ, ਰਤਾ ਵੀ ਫਰਕ ਨਹੀਂ ਦੋਹਾਂ ਦੀ ਹੋਂਦ ‘ਚ ਮੇਰੀਆਂ ਕਮਜ਼ੋਰ ਹੁੰਦੀਆਂ ਨਜ਼ਰਾਂ ਵਿਚ।…ਜਿਸ ਪਾਸੇ ਧਿਆਨ ਨਾਲ ਦੇਖਾਂ ਦਿਸ ਜਾਂਦਾ ਹੈ, ਸਾਰੀ ਰਾਤ ਚਾਹੇ ਜਾਗ ਜਾਗ ਬਾਤਾਂ ਪਾ ਲਵਾਂ, ਜਿਓਣ ਜੋਗਾ ਚੁੱਪਚਾਪ ਹੁੰਗਾਰੇ ਭਰਦਾ ਹੈ, ਕਈ ਵਾਰ ਤਾਂ ਮੇਰੀਆਂ ਭਿੱਜੀਆਂ ਅੱਖਾਂ ਦੇਖ ਸੁਪਨੇ ‘ਚ ਹੌਲੀ ਜਹੀ ਕਹਿ ਜਾਂਦਾ ਹੈ ,”ਚੱਲ ਚੁੱਪ ਕਰ ਹੁਣ”। ਕੀ ਇੰਨਾਂ ਹੀ ਕਾਫੀ ਨਹੀਂ, ਪੁੱਠੀ ਮੱਤ? ਦਿਲ ਨੂੰ ਹਾਰ ਹਾਰ ਸਮਝਾਉਂਦੀ ਹੈ ਬਥੇਰਾ ਕਿ ਜੇ ਦੁਨਿਆ ‘ਤੇ ਸਾਰੇ ਹੀ ਚਾਹੁਣ ਵਾਲੇ ਇੱਕ ਹੁੰਦੇ ਰਹੇ ਤਾਂ ਨਜ਼ਰਾਂ ਤੋਂ ਦੂਰ ਵਸਦੇ ਮੀਤ ਲਈ ਕੌਣ ਸੁਖ ਮੰਗੇਗੀ, ਬਨੇਰੇ ਚੁੰਜਾਂ ਪਈ ਬੈਠੇ ਕਬੂਤਰਾਂ ਦੇ ਜੋੜੇ ਨੂੰ ਹੀ ਦੇਖ ਕੇ ਜੇ ਦਿਲ ਖਿੜਦਾ ਰਿਹਾ ‘ਤਾਂ ਗੁਲ੍ਮੋਹਰਾਂ ਦੀ ਠੰਡੀ ਛਾਵੇਂ ਬੈਠੇ ਬਬੀਹੇ ਦੀ ਕੂਕ ਦਿਲ ਦੀ ਹੂਕ ਬਣ ਮੇਰੀ ਸੁੰਨੀ ਕਾਇਨਾਤ ‘ਚ ਕਿਵੇਂ ਹੋਰ ਟੀਸ ਪਸਾਰੇਗੀ। ਆਹ ਸਭ ਸੋਚਦੇ ਵਿਚਰਦੇ ਹੀ ਚੌਪਹਿਰਾ ਹੋ ਗਿਆ ਹੈ, ਸ਼ੀਸ਼ੇ ਮੂਹਰੇ ਜਾ ਖੜੀ ਹੀ ਹੋਈ ਸਾਂ ਅਜੇ ਕਿ…

ਬਬੀਹੇ ਦੀ ਕੂਕ

ਸਾਂਵਲੇ ਮੁਖੜੇ ‘ਤੇ ਅੱਜ ਵੀ

ਪਹਿਲੀ ਛੋਹ ਦੀ ਲਾਲੀ

ਘੇਰੇ


 

ਬਿਆਸੀ ਤਰਾਸੀ ਦੀ ਗੱਲ ਕਰਦਾਂ … ਮੇਰਾ ਪਿੰਡ ਆਨੰਦਪੁਰ ਸਾਬ ਤੋਂ ਪੰਜ ਕੁ ਕਿਲੋਮੀਟਰ ਲਹਿੰਦੇ ਵਾਲੇ ਪਾਸੇ ਆ…….. ਹੋਲੇ ਮੱਹਲੇ ਦੇ ਦਿਨੀ ,ਅਸੀਂ ਤਿੰਨ ਚਾਰ ਦਿਨ ਅਨੰਦਪੁਰ ਸਾਬ ਹੀ ਰਹਿੰਦੇ ਸਾਂ…….ਪੁਲ ਬਣੇ ਨੀ ਸੀ ਜਦ ,ਸਾਡੇ ਪਿੰਡ ਲਾਗਿਓਂ ਸਤਲੁਜ ਦੋਫਾੜ ਹੋਕੇ ਵਗਦਾ ਆ……ਇੱਕ ਦਰਿਆ ਚ ਪਾਣੀ ਘੱਟ ਹੁੰਦਾ ਸੀ ਅਸੀਂ ਇੱਕ ਦੂਜੇ ਨੂੰ ਫੜਕੇ ਪਾਰ ਕਰ ਲੈਣਾ …….ਦੂਜਾ ਬੇੜੀ ਚ … ਫੇਰ ਤੁਰਕੇ ਗੁਰੂ ਕੀ ਨਗਰੀ ਪੁੱਜਣਾ ,ਭਾਂਤ ਭਾਂਤ ਦੇ ਲੰਗਰ ਛੱਕਣੇ ,ਰਾਤ ਦੀਵਾਨ ਚ ਸੌਂਕੇ ਕੱਢ ਲੈਣੀ , ਸਾਝਰੇ ਨਿਹੰਗਾਂ ਦੇ ਠੁੱਡਿਆਂ ਨਾਲ ਜਾਗ ਆਉਣੀ …….. ਸਵੇਰੇ ਸਰੋਵਰ ਚ ਨਾਹੀ ਧੋਈ ਕਰਕੇ ਲੰਗਰ ਛਕਣਾ , ਭੰਗ ਦੀਆਂ ਟਿੱਕੀਆਂ ਖਾਣੀਆਂ ਗਾੜ੍ਹੀ ਚਾਹ ਨਾਲ ……… ਸ਼ਹੀਦ ਬਾਗ ਤੋਂ ਸ਼ਰਦਾਈ ਪੀਕੇ ਬਾਜਿੱਆਂ ਵਾਂਗ ਤੁਰੇ ਫਿਰਨਾ ਸਾਰਾ ਦਿਨ …… ਬੜਾ ਮਜ਼ਾ ਕਰਦੇ ਸਾਂ , ਮੱਹਲੇ ਆਲੇ ਦਿਨ ਸਿਰ ਮੂੰਹ ਦਾ ਪਤਾ ਨੀ ਲੱਗਦਾ ਰੰਗਾ ਨਾਲ …..ਉਹ ਦਿਨ ਮੁੜਕੇ ਨੀ ਆਉਣੇ ,,,,,,,,ਹੁਣ ਪ੍ਰਦੇਸ ਚ ਸਿਰਫ ਹੌਕਾ ਭਰਕੇ ਈ ਰਹਿ ਜਾਂਦੇ ਹਾਂ ਬੀਤੇ ਸਮੇਂ ਨੂੰ ਯਾਦ ਕਰਕੇ ……

ਘੁਸਮਸੀ ਸਵੇਰ …
ਮੇਰੀਆਂ ਅੱਖਾਂ ਦੇ ਘੇਰੇ
ਹੋਰ ਗੂੜ੍ਹੇ