ਜਾਮਣ (ਹਾਇਬਨ)


ਕਾਲੋਨੀ ਹੁਣ ਖਾਲੀ ਹੈ. ਇਥੇ ਕੋਈ ਸ਼ਾਪਿੰਗ ਮਾੱਲ ਬਣਨਾ ਹੈ. ਇੱਕ ਪਲਾਟ ਦੇ ਪਿਛਵਾੜੇ ਵੱਡਾ ਪੱਕੀਆਂ ਰੁਖ ਜਾਮਣਾਂ ਨਾਲ ਲੱਦਿਆ ਹੈ. ਕਾਗਜ਼ ਚੁਗਣ ਵਾਲੇ ਮੁੰਡਿਆਂ ਦੀ ਟੋਲੀ ਨੂੰ ਮੈਂ ਜਾਮਣਾਂ ਖਾਣ ਲਈ ਉਕਸਾਉਂਦਾ ਹਾਂ. ਉਹ ਡਰਦੇ ਡਰਦੇ ਅੱਗੇ ਵਧਦੇ ਹਨ. ‘ਬੇਟਾ, ਡਰੋ ਨਾ ਹੁਣ ਇਥੇ ਕੋਈ ਨਹੀਂ ਰਹਿੰਦਾ.’
ਪਲਾਂ ਵਿੱਚ ਉਹ ਉੱਪਰ ਚੜ੍ਹ ਜਾਂਦੇ ਹਨ ..ਮੈਂ ਮੇਰੀ ਬੇਟੀ, ਕਲਾਰਾ ਨੂੰ ਉਨ੍ਹਾਂ ਦੀ ਫੋਟੋ ਲੈਣ ਲਈ ਕਹਿੰਦਾ ਹਾਂ. ਉਹ ਘਬਰਾ ਜਾਂਦੇ ਹਨ ਤੇ ਮਿੰਨਤਾਂ ਕਰਨ ਲੱਗਦੇ ਹਨ. ‘ਸਾਨੂੰ ਮਾਰਨਾ ਨਾ’. ਮੈਂ ਫਿਰ ਉਨ੍ਹਾਂ ਨੂੰ ਹੌਸਲਾ ਦਿੰਦਾ ਹਾਂ.

ਸ਼ਹਿਰ ਵਿਚਾਲਾ..
ਵਾੜ ਚ ਫਸੀ
ਇੱਕ ਕੱਚੀ 


 

ਟਾਂਡਾ


ਸ਼ਾਮੀਂ ਮੇਰੇ ਪੁੱਤਰ, ਸੱਤਦੀਪ ਨੇ ਮੈਨੂੰ ਹਾਕ ਮਾਰ ਲਈ. ਘਰ ਦੇ ਮੂਹਰੇ ਕਿਆਰੀਆਂ ਵਿੱਚ ਕੰਧ ਕੋਲ ਖੜੀ ਕਚਨਾਰ ਦੇ ਐਨ ਮੁਢ ਵਾਹਵਾ ਵੱਡਾ ਹੋ ਗਿਆ ਪਪੀਤਾ ਅਤੇ ਵੱਟ ਦੇ ਦੂਜੇ ਬੰਨੇ ਇੱਕੋ ਇੱਕ ਮੱਕੀ ਦਾ ਟਾਂਡਾ..ਇੱਕ ਮੋਟੀ ਮੱਕੜੀ ਚਾਰ ਕੁ ਫੁੱਟ ਦੇ ਫਾਸਲੇ ਵਿੱਚ ਕਾਹਲੀ ਕਾਹਲੀ ਜਾਲ ਬੁਣ ਰਹੀ ਸੀ. ਅਸੀਂ ਦੋਨੋਂ ਟਿੱਕਟਿਕੀ ਲਾ ਵੇਖਣ ਲੱਗੇ ਉਹਦੀ ਕਿਰਤ ਦੇ ਕਮਾਲ ਅਤੇ ਸ਼ਾਮ ਦੇ ਭੋਜਨ ਦੀ ਤਿਆਰੀ..ਜਾਲ ਦਾ ਆਕਾਰ ਮੱਕੜੀ ਦੀ ਮੋਟਾਈ ਦਾ ਸਮਾਨੁਪਾਤੀ ਸੀ ਅਤੇ ਪੂਰਨ ਸਮਿਟਰੀ ਅਤੇ ਫ੍ਰੈਕਟਲ ਜਮੈਟਰੀ..ਪ੍ਰਕਿਰਤਕ ਕਰਿਸ਼ਮੇ….ਮੱਲੋਮੱਲੀ ਤਬੀਅਤ ਦਾਰਸ਼ਨਿਕ ਜਿਹੀ ਹੋ ਗਈ.
=========
*ਇੱਕ ਘੰਟੇ ਬਾਅਦ:-
‘ਪਾਪਾ ਕੰਮ ਖਰਾਬ ਹੋ ਗਿਆ’ ਸੱਤਦੀਪ ਕਹਿਣ ਲੱਗਾ. ‘ ਬਾਹਰ ਗਲੀ ਵਿੱਚ ਪੌੜੀ ਦੀ ਲੋੜ ਸੀ… ਮੈਂ ਚੁੱਕ ਕੇ ਲਿਜਾਣ ਲੱਗਾ ਤਾਂ ਮਗਰੋਂ ਪੌੜੀ ਨਾਲ ਮੱਕੜੀ ਦਾ ਜਾਲਾ ਲਹਿ ਗਿਆ.’
=========

ਜਾਂਦੇ ਹੁਨਾਲ ਦੀ ਸ਼ਾਮ-
ਤੇਜ਼ ਤੂਫਾਨ ਨਾਲ ਟੁੱਟਿਆ
ਮੱਕੀ ਦਾ ਟਾਂਡਾ

ਜੰਡ


ਬਰਸਾਤ ਨੇ ਅੱਜ ਫੇਰ ਸਵੇਰੇ ਸਵੇਰੇ ਚੰਗੀ ਝੱਟ ਲਾਈ . ਹੁਣ ਧੁੱਪ ਚੜ੍ਹ ਆਈ ਹੈ . ਸੰਗਰੂਰ ਜੇਲ ਤੋਂ ਮਹੀਨੇ ਲਈ ਛੁੱਟੀ ਕੱਟਣ ਆਇਆ ਬੇਗੁਨਾਹ ਬਿੱਕਰ ( ਉਮਰ ਪਝੰਤਰ ਸਾਲ ) ਮੈਨੂੰ ਦੀਪਗੜ੍ਹ ਦਿਖਾਉਣ ਲਈ ਲਈ ਫਿਰਨੀ ਫਿਰਨੀ ਲੈ ਤੁਰਿਆ ਹੈ. ਸੂਏ ਦੇ ਉਰਲੇ ਪਾਸੇ ਮੋੜ ਤੇ ਵੱਡੇ ਭਾਰੀ ਪੁਰਾਣੇ ਜੰਡ ਦੇ ਹੇਠਾਂ ਮਾਤਾ ਰਾਣੀ ਲਈ ਬਣਾਏ ਨਿੱਕੇ ਜਿਹੇ ਮੰਦਰ ਦੇ ਵਿਹੜੇ ਪਾਣੀ ਭਰਿਆ ਹੈ ਤੇ ਜੰਡ ਦੀ ਇੱਕ ਟਹਿਣੀ ਤੇ ਲਾਲ ਚੁੰਨੀ ਲਟਕ ਰਹੀ ਹੈ. ‘ ਔਹ ਦੇਖ ਬੂਰ ਆਇਆ ਹੈ .. ਲੰਮੀਆਂ ਲੰਮੀਆਂ ਫਲੀਆਂ ਲਗਦੀਆਂ ਨੇ ..ਖਾਣ ਨੂੰ ਬੜੀਆਂ ਸੁਆਦ . ਖੋਖੇ ਕਹਿੰਦੇ ਨੇ ਉਨ੍ਹਾਂ ਨੂੰ . ਅਸੀਂ ਰੱਖ ਲਵਾਂਗੇ ਸਾਂਭ ਕੇ ਜਦੋਂ ਲੱਗੇ ….ਪਤਾ ਨਹੀਂ ਕਿੰਨੀ ਉਮਰ ਹੈ ਇਹਦੀ .. ਜਦੋਂ ਮੇਰੀ ਸੁਰਤ ਸੰਭਲੀ ਉਦੋਂ ਵੀ ਪੂਰਾ ਰੁੱਖ ਸੀ ਤੇ ਭਰਵਾਂ ਫਲ ਲੱਗਦਾ ਸੀ .. ਹੁਣ ਤਾਂ ਬਹੁਤ ਘੱਟ ਬੂਰ ਪੈਂਦਾ ..’

ਵਿੰਗ ਤੜਿੰਗਾ ਜੰਡ
ਇੱਕ ਟਾਹਣੀ ਤੇ ਲਾਲ ਚੁੰਨੀ
ਇੱਕ ਤੇ ਲਟਕੇ ਕਲੇਜੀ ਬੂਰ

ਬੋਟ


ਭੁੱਜ ਰਹੀ ਰਾਹਾਂ ਦੀ ਰੇਤ…ਖੇਤਾਂ ਵਿੱਚ ਇੱਕੋ ‘ਕੱਲਾ ਘਰ ਤੇ ਉਹਦੇ ਪਿੱਛੇ ਇੱਕ ਝੁਲਸਿਆ ਪਿੱਪਲ ਦਾ ਨਵਜਾਤ ਰੁੱਖ. ਪੌੜੀਆਂ ਚੜ੍ਹਦੇ ਹੀ ਅੱਗੇ ਬਰਾਂਡੇ ਵੱਲ ਕੋਈ ਬੋਟ ਭੁੰਜੇ ਗਰਮ ਫਰਸ ਤੇ ਚਚਿਆ ਰਿਹਾ ਸੀ. ਕਲਾਰਾ ਭੱਜ ਕੇ ਅੰਦਰੋਂ ਪਾਣੀ ਦੀ ਕੌਲੀ ਲਿਆਈ. ‘ਪਾਪਾ, ਇਹ ਤਾਂ ਤੜਪ ਤੜਪ ਮਰ ਜਾਏਗਾ… ਏਨੀ ਗਰਮ ਹਵਾ!’ ਕੌਲੀ ਕੋਲ ਪਈ ਰਹੀ. ਆਪੇ ਪਾਣੀ ਪੀਣ ਜੋਗਾ ਤੇ ਅਜੇ ਹੈ ਹੀ ਨਹੀਂ ਸੀ. ਉਂਗਲਾਂ ਭਿਉਂ ਕੁਝ ਤੁਪਕੇ ਕਲਾਰਾ ਨੇ ਸੁੱਕੀ ਚੁੰਜ ਵਿੱਚ ਪਾਏ…ਅਸੀਂ ਵਾਰ ਉਹਦੀ ਸਾਰ ਲੈਣ ਲੱਗੇ. ਸੂਰਜ ਸਿਰ ਉੱਪਰ ਆ ਗਿਆ ਸੀ ਅਤੇ ਪੱਛੋਂ ਦੀ ਤੱਤੀ ਹਵਾ ਹੋਰ ਤੇਜ਼ ਵੱਗਣ ਲੱਗੀ. ਮੈਂ ਇੱਕ ਵਾਰ ਫੇਰ ਪਾਣੀ ਪਿਆਉਣ ਲਈ ਗਿਆ. ਇੱਕ ਗਟਾਰ ਮੈਨੂੰ ਦੇਖ ਪਿੱਛੇ ਹੱਟਣ ਲੱਗੀ..ਉਹਦੀ ਚੁੰਜ ਵਿੱਚ ਕੁਝ ਸੀ ..ਹਰਾ ਹਰਾ ਜਿਹਾ. ਮੈਂ ਤਪਦਾ ਫਰਸ ਦੇਖ ਬੋਟ ਦੇ ਹੇਠਾਂ ਘਾਹ ਫੂਸ ਦਾ ਆਲ੍ਹਣਾ ਜਿਹਾ ਬਣਾ ਕੇ ਰੱਖ ਦਿੱਤਾ…..ਬਿਜਲੀ ਨਹੀਂ ਸੀ. ਬੰਬੀ ਨਹੀਂ ਸੀ ਚਲਦੀ ਪਰ ਵੱਡੇ ਚੁਬੱਚੇ ਵਿੱਚ ਸਵੇਰ ਦਾ ਭਰਿਆ ਪਾਣੀ ਅਜੇ ਵੀ ਠੰਡਾ ਸੀ. ਮੈਂ ਪਾਣੀ ਭਰਨ ਲਈ ਅੱਗੇ ਵਧਿਆ ਤਾਂ ਉਹੀ ਗਟਾਰ ਚੁਬੱਚੇ ਦੇ ਅੱਗੇ ਪੱਕੇ ਖਾਲ ਵਿੱਚੋਂ ਚੁੰਜ ਭਰ ਗਿੱਲੀ ਜਿਲ਼ਬ ਲੈ ਉੱਡੀ…

ਤਪਦੀ ਦੁਪਹਿਰ..
ਉਂਗਲ ਭਿਉਂ ਬੋਟ ਦੀ ਚੁੰਜ ਵਿੱਚ ਚੋਈ
ਪਾਣੀ ਦੀ ਠੰਡੀ ਬੂੰਦ

ਕਬਰ


ਨਹਿਰ ਦੇ ਨਾਲ ਨਾਲ ਚੌੜੀ ਸੜਕ . ਐਨ ਗਭੇ ਪਿਆ ਸੀ ਉਹ ਜਵਾਨ ਕਤੂਰਾ . ਛਿਪਦੇ ਸੂਰਜ ਦੀ ਮਧਮ ਰੋਸ਼ਨੀ ਦੋ ਨਿਰਾਸ ਪਰ ਅਜੇ ਜਿੰਦਾ ਅੱਖਾਂ ਦੇ ਵਿੱਚ ਚਮਕ ਰਹੀ ਸੀ . ਉਹਦਾ ਮਗਰਲਾ ਹਿੱਸਾ ਫੇਟ ਨਾਲ ਏਨਾ ਫਟ ਗਿਆ ਸੀ ਕਿ ਉਸ ਸਮੇਤ ਹਰ ਕੋਈ ਦੇਖਣ ਸਾਰ ਹੋਣੀ ਦਾ ਫਰਮਾਨ ਸਮਝ ਸਕਦਾ ਸੀ . ਅੱਖਾਂ ਤੇ ਪਿੱਛੇ ਦੇ ਦਰਮਿਆਨ ਢਿਡ ਧੜਕ ਰਿਹਾ ਸੀ ਪਰ ਨਾ ਚੂੰ ਨਾ ਚਰਾਂ . ਅਸੀਂ ਰੁੱਕ ਗਏ ਦੋ ਮਿੰਟ.. ਮੋਨ ਵਿੱਚ ਸ਼ਾਮਲ ਹੋ ਗਏ … ਉਸ ਬੁਢੇ ਕੁੱਤੇ ਦੇ ਨਾਲ ਜੋ ਸੜਕ ਕਿਨਾਰੇ ਸ਼ੀਲ ਸ਼ਾਂਤ ਤੇਜ਼ ਆ ਰਹੇ ਆਖਰੀ ਪਲ ਦਾ ਇੰਤਜ਼ਾਰ ਕਰ ਰਿਹਾ ਸੀ …

ਕਿੱਕਰਾਂ ਨੂੰ ਫੁੱਲ
ਬੇਨਿਸ਼ਾਨ ਸੜਕ ਸਵੇਰ ਤੱਕ
ਕਬਰ ਬੇਜ਼ਬਾਨ

ਘੁੱਗੀਆਂ


ਕਿਤਾਬਾਂ ਪੜ੍ਹ ਪੜ੍ਹ ਹੋਰ ਵੀ ਅਨਪੜ੍ਹ !!! ਫੁੱਲ , ਤਿੱਤਲੀਆਂ , ਵੇਲ ਬੂਟੀਆਂ ਅਤੇ ਰੁੱਖਾਂ ਬਾਰੇ ਮੇਰਾ ਇਲਮ ਤਰਸਯੋਗ ਹੈ. ਜਿੰਨਾ ਕੁ ਇਲਮ ਹੈ ਉਹ ਸਕੂਲਾਂ ਕਾਲਜਾਂ ਤੋਂ ਨਹੀਂ ਖੇਤਾਂ ਚਰਾਂਦਾਂ ਤੇ ਜੰਗਲਾਂ ਤੋਂ.. ਧਰਤੀ ਅਤੇ ਅਕਾਸ਼ ਤੋਂ ਸਿਖਿਆ ਹੈ .. ਜਾਂ ਫਿਰ ਨਿਰੱਖਰੇ ਰੋਲੂ ਵਰਗੇ ਸ਼ੌਕੀਆ ਕਲਾਕਾਰਾਂ ਤੋਂ . ਸ਼ੁਕਰ ਹੈ ਰੁਕਿਆ ਨਹੀਂ ਮੇਰਾ ਪ੍ਰਕਿਰਤੀ ਪਾਠ . ਐਹ , ਮੇਰੇ ਕੋਲ ਕੁਝ ਫੁੱਲ ਪਤੀਆਂ ਰੰਗ ਬਟਾ ਰਹੀਆਂ ਨੇ . ਕੀ ਨਾਮ ਦਵਾਂ ਇਨ੍ਹਾਂ ਪਲ ਪਲ ਬਦਲਦੇ ਰੰਗਾਂ ਨੂੰ ? ਇਸ ਫੈਲ ਰਹੀ ਖੁਸ਼ਬੋਈ ਨੂੰ ..? ਇਸ ਪੰਖੜੀ ਨੂੰ ਹੀ ਲਉ . ਬਹੁਤ ਵੱਡੀ ਨਾ ਬਹੁਤ ਛੋਟੀ . ਇੱਕ ਵਰਗ ਸਮ ਵਿੱਚ ਝਲਕਦੇ ਅਨੰਤ ਰੰਗ . ਬਾਰੀਕੀ ਵਿੱਚ ਬਾਰੀਕੀ. ਇਹਦੀਆਂ ਰਗਾਂ ਵਿੱਚ ਕਾਰਜਸ਼ੀਲ ਫ੍ਰੈਕਟਲੀ ਜੁਮੈਟਰੀ ਦੀ ਜਟਿਲਤਾ . ਬੇਖਬਰ ਆਪਣੇ ਹੁਸਨ ਤੋਂ ਬੇਪਨਾਹ ਹੁਸਨ ਦੀ ਇਹ ਮਲਕਾ …
ਟਾਹਲੀ ਦੀਆਂ ਨੱਤੀਆਂ
ਟੀਸੀ ਉੱਤੇ ਕਰੇ ਕਲੋਲਾਂ
ਘੁੱਗੀਆਂ ਦਾ ਜੋੜਾ

ਖੁੰਬਾਂ


ਐਥੇ ਸੜਕ ਦੀ ਥਾਂ ਹੁੰਦੀ ਸੀ ਇੱਕ ਕੱਚੀ ਪਹੀ ਤੇ ਉਹਦੇ ਦੋਨੋਂ ਪਾਸੇ ਨਿੰਮਾਂ ਟਾਹਲੀਆਂ ਕਿੱਕਰਾਂ ਤੇ ਬੇਰੀਆਂ ਤੇ ਬਰਸਾਤ ਦੇ ਦਿਨੀਂ ਲੰਮਾ ਲੰਮਾ ਘਾਹ. ਨਵੇਂ ਖੂਹ ਨੂੰ ਇਹ ਜਿਹਦੀ ਪਹੀ ਜਾਂਦੀ ਹੈ ਇਸ ਦੁਆਲੇ ਵੀ ਜੰਗਲ ਵਾਂਗ ਰੁੱਖ ਉੱਗੇ ਸਨ .ਕੇਂਦੂ, ਨ੍ਸੂੜੀ ਤੇ ਕਿੰਨੇ ਸਾਰੇ ਤੂਤ .. ਤੇ ਹੁਣ ਸਭ ਸਾਫ਼ ਰੜੀ ਧਰਤੀ ਤੇ ਬਾਕੀ ਸਭ ਝੋਨਾ ਹੀ ਝੋਨਾ ਅਤੇ ਅਸੀਂ ਸਭ ਗਵਾਹ ਇਸ ਦਾਸਤਾਨ ਦੇ …
ਸੁੱਕੀ ਨਿੰਮ
ਗਲੇ ਸੱਕਾਂ ਤੇ ਉਗੀਆਂ
ਦੋ ਭੂਰੀਆਂ ਖੁੰਬਾਂ

ਰੇਤ


ਚੰਨਾ ਬਰਨਾਲੇ ਵਾਲਾ ….ਅਧਿਆਪਕ ਆਗੂ . ਗੱਲ ਚਲਦੀ ਚਲਦੀ ਚੁਰਾਸੀ ਤੋਂ ਹੁੰਦੀ ਸੰਤਾਲੀ ਤੇ ਪੁੱਜ ਗਈ . ‘ਕੋਉ ਮੁਗਲ ਨਾ ਹੋਆ ਅੰਧਾ ਕਿਨੇ ਨ ਪਰਚਾ ਲਾਇਆ ‘..ਔਰਤਾਂ ਦੀ ਸ਼ਾਮਤ ਆ ਗਈ . ਅਜੇ ਮੇਰਾ ਬਾਪੂ ਤੇ ਤਾਇਆ ਹੈਗੇ ਨੇ ਜਿਨ੍ਹਾਂ ਨੇ ਹੱਡੀਂ ਹੰਡਾਈਆਂ . ਬੜਾ ਤਕੜਾ ਸੀ ਮੇਰਾ ਬਾਪੂ. ਘੋੜੇ ਤੇ ਮੁੜ ਕੇ ਚਲਿਆ ਗਿਆ ਓਧਰਲੇ ਪਿੰਡ ਮਝਾਂ ਲੈਣ . ਮਝਾਂ ਤਾ ਹਥ ਨਾ ਆਈਆਂ ਆਪਣੀ ਜਾਨ ਮਸਾਂ ਬਚਾਈ . ਫਿਰ ਇਧਰ ਆ ਪੈਰ ਲਾਏ ਆਖਰ ਧਨੌਲੇ ਬੜੇ ਧੱਕੇ ਧੌਲੇ ਖਾ ..ਲਿਖਿਆ ਤਾਂ ਨਹੀਂ ਪਰ ਮੇਰੇ ਤਾਂ ਇਹ ਸਭ ਬਿਰਤਾਂਤ ਰਟੇ ਪਏ ਨੇ ਸੁਣ ਸੁਣ ਕੇ . ਹੁਣ ਤਾਂ ਸਾਡਾ ਲਹਿਜਾ ਮਲਵਈ ਹੋ ਗਿਆ …ਮੇਰੇ ਚੇਤੇ ਵਿੱਚ ਇੱਕੋ ਵਕਤ ਜਾਗ ਪਈਆਂ ਉਸ ਸਮੇਂ ਦੀਆਂ ਸਾਰੀਆਂ ਕਹਾਣੀਆਂ . ਪਾਕਿਸਤਾਨ ਮੇਲ , ਪਿਸ਼ਾਵਰ ਐਕਸਪ੍ਰੈਸ ਅਤੇ ਅੰਮ੍ਰਿਤਸਰ ਮੇਲ ਤੇ ਨਾਲੇ ਉਹ ਸੀਰੀਅਲ ਭੀਸ਼ਮ ਸਾਹਨੀ ਦੇ ਨਾਵਲ ਤੇ ਬਣਿਆ ‘ਤਮਸ’…
ਪੁਰਾਣੇ ਜੰਡ ਨੂੰ ਬੂਰ
ਅੱਜ ਫੇਰ ਗਿੱਲੀ ਹੋ ਗਈ
ਮੇਰੇ ਰਾਹਾਂ ਦੀ ਰੇਤ

ਜੰਡ


ਬਰਸਾਤ ਨੇ ਅੱਜ ਫੇਰ ਸਵੇਰੇ ਸਵੇਰੇ ਚੰਗੀ ਝੱਟ ਲਾਈ . ਹੁਣ ਧੁੱਪ ਚੜ੍ਹ ਆਈ ਹੈ . ਸੰਗਰੂਰ ਜੇਲ ਤੋਂ ਮਹੀਨੇ ਲਈ ਛੁੱਟੀ ਕੱਟਣ ਆਇਆ ਬੇਗੁਨਾਹ ਬਿੱਕਰ ( ਉਮਰ ਪਝੰਤਰ ਸਾਲ ) ਮੈਨੂੰ ਦੀਪਗੜ੍ਹ ਦਿਖਾਉਣ ਲਈ ਲਈ ਫਿਰਨੀ ਫਿਰਨੀ ਲੈ ਤੁਰਿਆ ਹੈ. ਸੂਏ ਦੇ ਉਰਲੇ ਪਾਸੇ ਮੋੜ ਤੇ ਵੱਡੇ ਭਾਰੀ ਪੁਰਾਣੇ ਜੰਡ ਦੇ ਹੇਠਾਂ ਮਾਤਾ ਰਾਣੀ ਲਈ ਬਣਾਏ ਨਿੱਕੇ ਜਿਹੇ ਮੰਦਰ ਦੇ ਵਿਹੜੇ ਪਾਣੀ ਭਰਿਆ ਹੈ ਤੇ ਜੰਡ ਦੀ ਇੱਕ ਟਹਿਣੀ ਤੇ ਲਾਲ ਚੁੰਨੀ ਲਟਕ ਰਹੀ ਹੈ. ‘ ਔਹ ਦੇਖ ਬੂਰ ਆਇਆ ਹੈ .. ਲੰਮੀਆਂ ਲੰਮੀਆਂ ਫਲੀਆਂ ਲਗਦੀਆਂ ਨੇ ..ਖਾਣ ਨੂੰ ਬੜੀਆਂ ਸੁਆਦ . ਖੋਖੇ ਕਹਿੰਦੇ ਨੇ ਉਨ੍ਹਾਂ ਨੂੰ . ਅਸੀਂ ਰੱਖ ਲਵਾਂਗੇ ਸਾਂਭ ਕੇ ਜਦੋਂ ਲੱਗੇ ….ਪਤਾ ਨਹੀਂ ਕਿੰਨੀ ਉਮਰ ਹੈ ਇਹਦੀ .. ਜਦੋਂ ਮੇਰੀ ਸੁਰਤ ਸੰਭਲੀ ਉਦੋਂ ਵੀ ਪੂਰਾ ਰੁੱਖ ਸੀ ਤੇ ਭਰਵਾਂ ਫਲ ਲੱਗਦਾ ਸੀ .. ਹੁਣ ਤਾਂ ਬਹੁਤ ਘੱਟ ਬੂਰ ਪੈਂਦਾ ..’
ਵਿੰਗ ਤੜਿੰਗਾ ਜੰਡ
ਇੱਕ ਟਾਹਣੀ ਤੇ ਲਾਲ ਚੁੰਨੀ
ਇੱਕ ਤੇ ਲਟਕੇ ਕਲੇਜੀ ਬੂਰ

ਪੈਰ


ਅੱਜ ਫੇਰ ਜਰਗ ਵਿੱਚੀਂ ਲੰਘ ਰਿਹਾ ਹਾਂ – ਸੀਤਲਾ ਮਾਈ ਦੀ ਕਦੇ ਨਿਮਾਣੀ ਜਿਹੀ ਹੁੰਦੀ ਜਗ੍ਹਾ ਤੇ ਹੁਣ ਮੰਦਰ ਉਸਰ ਆਇਆ ਹੈ . ਛੋਟੇ ਹੁੰਦੇ ਹਰ ਸਾਲ ਇਥੇ ਗੱਡਾ ਜੋੜ ਕੇ ਮੇਲਾ ਵੇਖਣ ਆਉਂਦੇ ਹੁੰਦੇ ਸੀ. ਥੋੜੇ ਵੱਡੇ ਹੋਏ ਤਾਂ ਤੁਰ ਕੇ ਟੋਲੀ ਬਣਾ ਤੁਰ ਕੇ ਨਿਕਲ ਪੈਣਾ ਦੁੜੰਗੇ ਮਾਰਦੇ ਇਸੇ ਰਾਹ ਤੇ . ਤੇ ਫਿਰ ਜੁਆਨ ਹੋਏ ਤਾਂ ਪਿੰਡ ਪਿੰਡ ਨੌਜਵਾਨ ਸਭਾਵਾਂ ਬਣਾਉਣ ਲਈ ਤੇ ਨੌਜਵਾਨਾਂ ਨੂੰ ਸਮਾਜੀ ਤਬਦੀਲੀ ਲਈ ਸੰਗਠਿਤ ਕਰਨ ਲਈ ਚਲੋ ਚਾਲ. ਇਥੇ ਜਰਗ ਵੀ ਇਕਾਈ ਬਣਾ ਲਈ . ਤੇ ਹੋਰ ਕਿੰਨੀਆਂ ਜੁੜੀਆਂ ਯਾਦਾਂ …
ਜਦੋਂ ੧੯੭੫ ਵਿੱਚ ਮੇਰੇ ਪਿੰਡ ਵਿੱਚ ਨੌਜਵਾਨ ਸਭਾ ਬਣਾਉਣ ਲਈ ਜਸਵਿੰਦਰ ਮੇਰੇ ਨਾਲ ਸੀ. ਅਸੀਂ ਪਹਿਲਾਂ ਜਰਗ ਦੋਸਤਾਂ ਨੂੰ ਮਿਲੇ ਤੇ ਫਿਰ ਉਥੋਂ ਸਾਈਕਲ ਤੇ ਪਿੰਡ ਨੰ ਗਏ. ਉਦੋਂ ਜਸਵਿੰਦਰ ਬੜਾ ਸਾਹਿਤਕ ਜਿਹਾ ਕਾਮਰੇਡ ਸੀ ਤੇ ਡਾ. ਰਵੀ ਦਾ ਮਨਪਸੰਦ ਵਿਦਿਆਰਥੀ . ਜਸਵਿੰਦਰ ਦੀ ਜ਼ਿੰਦਗੀ ਨੂੰ ਮਾਨਣ ਦੀ ਠਾਠਾਂ ਮਾਰਦੀ ਤੜਪ ਬੋਲੀਆਂ ਦੇ ਰੂਪ ਵਿੱਚ ਨਿਕਲ ਰਹੀ ਸੀ ਤੇ ਜਸਵਿੰਦਰ ਗਾ ਰਿਹਾ ਸੀ ਉਨ੍ਹਾਂ ਦਿਨਾਂ ਦੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਟੂਰਾਂ ਸਮੇਂ ਦੀ ਪਹਿਲੀ ਤੇ ਸਭ ਤੋਂ ਵਧ ਦੁਹਰਾਈ ਜਾਣ ਵਾਲੀ ਬੋਲੀ ,”ਲਿਆ ਮੈਂ ਤੇਰੇ ਕੇਸ ਬੰਨ ਦਿਆਂ , ਮੇਰੇ ਨਿੱਤ ਦਿਆ ਸਰਾਬੀ ਯਾਰਾ.’
ਇਹੀ ਮੌਸਮ ਸੀ ਤੇ ਇਸੇ ਰਾਹ ਅਸੀਂ ਲੰਘੇ ਸੀ .
ਸਿਆਲ ਦੀਆਂ ਕਨਸੋਆਂ
ਅੱਜ ਵੀ ਓਨੇ ਹੀ ਤੁਰਨ ਦੇ ਤਾਂਘੀ
ਮੇਰੇ ਥੱਕੇ ਪੈਰ

ਬੱਗੂ ਤਾਇਆ


ਬੀਹੀ ਵਿੱਚ ਚੀਕ ਚਿਹਾੜਾ ਤਾਂ ਸਵੇਰੇ ਹੀ ਪੈਣਾ ਸ਼ੁਰੂ ਹੋ ਜਾਂਦਾ ਸੀ. ਸਾਂਝੇ ਪਰਿਵਾਰ ਸਨ ਅਤੇ ਖਾਣ ਪੀਣ ਸੰਬੰਧੀ ਵੰਡ ਵੰਡਈਏ ਵਿੱਚੋਂ ਉਪਜੀਆਂ ਭੜਕੀਲੀਆਂ ਰੰਜਸਾਂ ਦਾ ਪ੍ਰਗਟਾਵਾ ਅਕਸਰ ਆਪਣੇ ਬੱਚਿਆਂ ਦੀ ਬੇਰਹਿਮ ਕੁੱਟ ਰਾਹੀਂ ਕੀਤਾ ਜਾਂਦਾ. ਜਾਂ ਫਿਰ ਮਾਪੇ ਆਪਣੀਆਂ ਬਾਲਗ ਪਰਿਭਾਸ਼ਾਵਾਂ ਅਨੁਸਾਰ ਬੱਚਿਆਂ ਦੀਆਂ ਬਾਲ ਖੇਡਾਂ ਨੂੰ ਵੱਡਾ ਅਪਰਾਧ ਸਮਝ ਕੇ ਕੋਮਲ ਮਨਾਂ ਤੇ ਵਦਾਣੀ ਸੱਟਾਂ ਮਾਰ ਦਿੰਦੇ. ਸਾਡੇ ਵਿੱਚੋਂ ਕਿਸੇ ਨੂੰ ਜਦੋਂ ਕੁੱਟ ਪੈ ਰਹੀ ਹੁੰਦੀ ਤਾਂ ਬੱਗੂ ਤਾਇਆ ਵਾਹਦ ਸ਼ਖਸ ਹੁੰਦਾ ਜੋ ਮੌਕੇ ਤੇ ਸਰਗਰਮ ਦਖਲ ਦਿੰਦਾ ਬੱਚੇ ਨੂੰ ਮਾਂ ਕੋਲੋਂ ਖੋਹ ਕੇ ਆਪਣੀ ਬੁੱਕਲ ਵਿੱਚ ਲੈ ਲੈਂਦਾ ਅਤੇ ਉਹਦੀ ਵਿਲੱਖਣ ਤਾੜਵੀਂ ਆਵਾਜ਼ ਬੀਹੀ ਵਿੱਚ ਗੂੰਜ ਰਹੀ ਹੁੰਦੀ, “ ਇਹਨੂੰ ਕਿਉਂ ਕੁੱਟਦੀ ਐਂ .. ਕੀ ਵਿਗਾੜਿਐ ਤੇਰਾ ਇਹਨੇ..” ਉਹਦਾ ਅਡੋਲ ਵਿਸ਼ਵਾਸ਼ ਸੀ ਕਿ ਬੱਚੇ ਹਮੇਸ਼ਾ ਬੇਕਸੂਰ ਹੁੰਦੇ ਹਨ . ਉਹਦੀ ਝਿੜਕ ਵਿੱਚ ਮਾਸੂਮ ਬੱਚੇ ਦੇ ਕੋਮਲ ਮਨ ਦੀ ਟੀਸ ਰਚੀ ਹੁੰਦੀ. ਬੀਹੀ ਦੇ ਬੱਚਿਆਂ ਦੀ ਇੱਕੋ ਇੱਕ ਅਦਾਲਤ ਸੀ ਉਹ ਜੋ ਉਨ੍ਹਾਂ ਦੀਆਂ ਲੇਰਾਂ ਵਿਚਲੀ ਫਰਿਯਾਦ ਦੀ ਤੁਰਤ ਸੁਣਵਾਈ ਕਰਦਾ ਅਤੇ ਝਿੜਕਾਂ ਦੇ ਰੂਪ ਵਿੱਚ ਤੁਰਤ ਸਜ਼ਾ ਫਰਮਾ ਦਿੰਦਾ. ਕਿਸੇ ਮੂਕ ਸਹਿਮਤੀ ਨਾਲ ਸਾਰੀ ਬੀਹੀ ਨੇ ਇਹ ਸ਼ਕਤੀਆਂ ਉਹਨੂੰ ਦੇ ਰਖੀਆਂ ਸਨ.
ਛੂਈ ਮੂਈ
ਬੁੱਕਲ ਲੈ ਭੋਲੀ ਭਾਲੀ ਗੁੱਡੀ
ਹੰਝੂ ਪੂੰਝੇ ਬੱਗੂ ਤਾਇਆ

ਕਿੱਕਰ ਤੇ ਕਾਂ


ਸੁੱਕੀ ਕਿੱਕਰ ਤੇ ਕਾਂ
ਗੁਰਨਾਮ ਸਿੰਘ ਫੌਜੀ ਅੱਸੀ ਪਾਰ ਕਰ ਚੁੱਕਿਆ ਹੈ ਤੇ ਉਹਦੀ ਪਤਨੀ ਗੁਰਦੇਵ ਕੌਰ ਵੀ ਅੱਸੀ ਤੋਂ ਸਾਲ ਦੋ ਸਾਲ ਹੀ ਘੱਟ ਹੋਣੀ ਹੈ.ਦੋਨਾਂ ਦੇ ਸੁਭਾ ਬਹੁਤ ਅੱਲਗ ਅਲੱਗ ਹਨ.ਸਾਰੀ ਜਿੰਦਗੀ ਉਹਨਾਂ ਨੇ ਲੜਦੇ ਝਗੜਦੇ ਪਰ ਆਪਸੀ ਪਿਆਰ ਦੇ ਦਾਇਰੇ ਵਿੱਚ ਵਿਚਰਦਿਆਂ ਗੁਜਾਰ ਦਿੱਤੀ ਹੈ.ਹੁਣ ਆਖਰੀ ਉਮਰ ਆਪਣੇ ਪਿੰਡ ਆਪਣੇ ਘਰ ਵਿੱਚ ਗੁਜਾਰ ਰਹੇ ਹਨ.ਦੋਨੋਂ ਬੀਮਾਰ ਹਨ ਪਰ ਫਿਰ ਵੀ ਨਿਗੂਣੀ ਜਿਹੀ ਮਦਦ ਨਾਲ ਵਧੀਆ ਕੰਮ ਚਲਾ ਰਹੇ ਹਨ.ਦੋ ਮੁੰਡੇ ਤੇ ਦੋ ਕੁੜੀਆਂ ਸ਼ਹਿਰਾਂ ਵਿੱਚ ਸੈੱਟਲ ਹਨ .ਉਹਨਾਂ ਵਿੱਚੋਂ ਕਿਸੇ ਕੋਲ ਜਾ ਕੇ ਰਹਿੰਦੇ ਹਨ ਤਾਂ ਸ਼ਹਿਰ ਦੇ ਓਪਰੇ ਇਲਾਕੇ ਵਿੱਚ ਕਮਰੇ ਬੰਦ ਰਹਿਣਾ ਪੈਂਦਾ ਹੈ .ਗੁਰਨਾਮ ਸਿੰਘ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਅਤਿ ਭਾਵਕ ਸੁਭਾ ਗੁਰਦੇਵ ਕੌਰ ਦਾ ਕਿਤੇ ਉੱਕਾ ਜੀ ਨਹੀਂ ਲੱਗਦਾ ਤੇ ਉਹ ਘੁੰਮਦੇ ਰਹਿਣਾ ਚਾਹੁੰਦੀ ਹੈ.ਪਿੰਡ ਉਹਦੇ ਲਈ ਹੋਰ ਸਭ ਥਾਵਾਂ ਨਾਲੋਂ ਵਧੀਆ ਹੈ.ਕਦੀ ਸ਼ਾਮੋ ਕਦੀ ਨਸੀਬੋ ਕੋਈ ਨਾ ਕੋਈ ਗੁਆਂਢਣ ਆਈ ਰਹਿੰਦੀ ਹੈ ਜਾਂ ਫਿਰ ਉਹ ਆਪ ਕਿਸੇ ਨਾ ਕਿਸੇ ਘਰ ਚੱਕਰ ਲਾ ਆਉਂਦੀ ਹੈ.ਉਹਦਾ ਆਪਣੀਆਂ ਧੀਆਂ ਨਾਲ ਮੋਹ ਸਮੇਂ ਨਾਲ ਲਗਾਤਾਰ ਵਧਦਾ ਹੀ ਜਾਂਦਾ ਹੈ.

ਤੀਆਂ ਦੇ ਦਿਨ
ਸਕਾਈਪ ਤੇ ਖਿੜ ਖਿੜ ਹੱਸਣ

ਮਾਵਾਂ ਧੀਆਂ


ਪੰਮੀ ਤਾਂ ਲੰਦਨ ਬੈਠੀ ਹੈ ਸਾਲ ਦੋ ਸਾਲ ਬਾਅਦ ਗੇੜਾ ਮਾਰਦੀ ਹੈ ਪਰ ਮੇਲੋ ਹਰ ਮਹੀਨੇ ਦੋ ਤਿੰਨ ਚੱਕਰ ਆਪਣੀ ਮਾਂ ਕੋਲ ਲਾ ਆਉਂਦੀ ਹੈ.ਫੋਨ ਨੇ ਮੌਜਾਂ ਲਾ ਰਖੀਆਂ ਹਨ ਰੋਜ ਧੀਆਂ ਨਾਲ ਗੱਲਾਂ ਹੋ ਜਾਂਦੀਆਂ ਹਨ.ਆਪਣੀ ਸੀਮਤ ਜਿਹੀ ਸ਼ਬਦ ਪੂੰਜੀ ਵਿੱਚ ਗੁਰਦੇਵ ਕੌਰ ਆਪਣੇ ਹਾਵ ਭਾਵ ਪ੍ਰਗਟ ਕਰਦੀ ਹੈ ਤਾਂ ਯਕੀਨ ਨਹੀਂ ਆਉਂਦਾ ਕਿ ਉਹ ਇੱਕ ਭੋਲੀ ਭਾਲੀ ਅਨਪੜ੍ਹ ਔਰਤ ਹੈ ਜਿਸ ਨੇ ਨਾ ਕਦੇ ਬਾਤਾਂ ਪਾਈਆਂ ਹਨ ਅਤੇ ਨਾ ਹੀ ਕਦੇ ਫਿਲਮਾਂ ਦੇਖੀਆਂ ਹਨ.ਬੱਸ ਸਾਦੀ ਗਮੀ ਦੇ ਮੌਕਿਆਂ ਤੇ ਗੀਤਾਂ ਦੀ ਹੇਕ ਵਿੱਚ ਸਾਮਲ ਹੋਣਾ ਹੀ ਉਹਦੀ ਇੱਕੋ ਇੱਕ ਕਲਾ ਸਰਗਰਮੀ ਹੈ. ਬਾਕੀ ਤਾਂ ਬੱਸ ਕੰਮ ਹੀ ਕੰਮ ਹੈ ਚੁਲ੍ਹਾ ਚੌਂਕਾ …ਪਰ ਜਦੋਂ ਉਹ ਮੋਹ ਦਾ ਪ੍ਰਗਟਾਵਾ ਕਰਦੀ ਹੈ ਤਾਂ ਉਹਦੀ ਸੀਮਤ ਸ਼ਬਦ ਬਹੁਤ ਸਾਹਿਤਕ ਵਾਕੰਸ਼ਾਂ ਦਾ ਰੂਪ ਧਾਰਨ ਕਰਨ ਲੱਗਦੇ ਹਨ..”ਨੀ ਮੈਨੂ ਤਾਂ ਤੇਰਾ ਬਾਹਲਾ ਈ ਬਾਹਲਾ ਈ …ਪਿਆਰ ਆਉਂਦੈ ਧੀਏ !ਉਹਦਾ ਇੱਕੋ ਵਿਸ਼ੇਸ਼ਣ ਚਮਤਕਾਰੀ ਭੂਮਿਕਾ ਨਿਭਾਉਣ ਲਗਦਾ ਹੈ ਤੇ ਸਾਰਾ ਸਰੀਰ ਤਰਲ ਹੋ ਵੱਗਣ ਲੱਗ ਪੈਂਦਾ ਹੈ ਮੋਹ ਦਾ ਦਰਿਆ ਬਣ ਕੇ. ਉਹਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਕਾਰਗੁਜਾਰੀ ਸਿਖਰਾਂ ਤੇ ਪਹੁੰਚ ਜਾਂਦੀ ਹੈ ਤੇ …ਉਹ ਤੇਜ ਤੇਜ ਅੱਖਾਂ ਝਪਕਦੀ ਹੈ ਤੇ ਚਿਹਰੇ ਤੇ ਇੱਕ ਚਮਕ ਦੀ ਹਕੂਮਤ ਹੋ ਜਾਂਦੀ ਹੈ ..ਉਹਦੀ ਸਾਰੀ ਹੋਂਦ ਇੱਕ ਤਰਲਾ ਬਣ ਜਾਂਦੀ ਹੈ.ਉਹਦਾ ਜੀਅ ਕਰਦਾ ਹੈ ਕਿ ਉਹਦੀ ਧੀ ਹੁਣ ਉਹਦੇ ਕੋਲ ਹੀ ਰਵੇ ..ਕਦੇ ਨਾ ਜਾਵੇ .
” ਪਾਪਾ, ਬੀਬੀ ਦਾ ਜੀਅ ਨਹੀਂ ਲੱਗਦਾ.”ਮੇਲੋ ਕਹਿੰਦੀ ਹੈ.
“ਹਾਂ ਭਾਈ, ਇਹਦਾ ਸ਼ੁਰੂ ਤੋਂ ਈ ਇਉਂ ਦਾ ਮਤਾ ਐ. “
“ਪਾਪਾ, ਤੈਨੂੰ ਤਾਂ ਕੋਈ ਚੱਕਰ ਨਹੀਂ ਜੀਅ ਦਾ .”
“ਹਾਂ ਭਾਈ,ਮੈਂ ਤਾਂ ਇੱਕੋ ਥਾਂ ਬੈਠਾ ਰਹਾਂ ਸਾਰਾ ਦਿਨ ‘ਕੱਲਾ ਈ ਸੁੱਕੀ ਕਿੱਕਰ ਤੇ ਕਾਂ ਵਾਂਗੂੰ .” ਗੁਰਨਾਮ ਸਿੰਘ ਨੇ ਆਪਣੇ ਵਜੂਦ ਦੇ ਸੱਚ ਨੂੰ ਪੰਜ ਅੱਖਰਾਂ ਵਿੱਚ ਬੰਨ੍ਹ ਦਿੱਤਾ ਤੇ ਮੈਂ ਸਭਿਆਚਾਰ ਵਿੱਚ ਪਏ ਅਸੀਮ ਪ੍ਰਗਟਾ ਭੰਡਾਰ ਬਾਰੇ ਕਈ ਦਿਨ ਤੱਕ ਸੋਚਦਾ ਰਿਹਾ.
ਸੁੱਕੀ ਕਿੱਕਰ ਤੇ ਕਾਂ
ਲਭ ਰਿਹਾ ਐਨਕ ਦਾ ਸ਼ੀਸ਼ਾ
ਅੱਸੀਉਂ ਟੱਪਿਆ ਬਾਪੂ

ਤਿਤਲੀਆਂ


ਚੌਥਾ ਦਿਨ .. ਅਧ ਨੂੰ ਅਪੜ ਰਹੀ ਭਾਦੋਂ . ਸਾਵਣ ਨਹੀਂ ਭਾਦੋਂ ਦੀ ਝੜੀ . ਕਹਿੰਦੇ ਪਹਾੜਾਂ ਵਿੱਚ ਬੇਮੁਹਾਰ ਬਾਰਸ਼ ਪੈ ਰਹੀ ਹੈ. ਕੌਣ ਆਖੇ ਸਾਹਿਬ ਨੂੰ ਇੰਝ ਨਹੀਂ ਇੰਝ ਕਰ . ਪਹਿਲਾਂ ਅੰਤਹੀਣ ਜਾਪਦੀ ਔੜ ਤੇ ਹੁਣ ਕੁਵੇਲੇ ਡਰਾਉਣੀ ਹੁੰਦੀ ਜਾ ਰਹੀ ਝੜੀ. ਅੱਜ ਮੀਂਹ ਤਾਂ ਭਾਵੇਂ ਰੁਕਿਆ ਹੈ ਪਰ ਘੋਰ ਕਾਲਾ ਬੱਦਲ ਘੋਰ ਰਿਹਾ ਹੈ . ਮੇਰੇ ਘਰ ਦੇ ਅੰਦਰ ਕੀੜੇ ਮਕੌੜਿਆਂ ਨੇ ਕਈ ਮੋਰੀਆਂ ਬਣਾ ਲਈਆਂ ਨੇ. ਬਾਹਰ ਵਾੜੀ ਵਿੱਚ ਰੰਗ ਬਰੰਗੇ ਕੀਤ ਪਤੰਗੇ ਵੀ ਪੱਤਾ ਪੱਤਾ ਫੁੱਲ ਫੁੱਲ ਆਪਣੇ ਮੌਜ ਮੇਲੇ ਵਿੱਚ ਮਸਤ ਜਾਪਦੇ ਹਨ . ਨਿਸਰ ਰਹੇ ਝੋਨੇ ਦੇ ਖੇਤ ਵੀ ਔਹ ਸਾਹਮਣੇ ਹਨ . ਚੌਲਾਂ ਦੇ ਦਾਣੇ ਬਣਨ ਲਈ ਹੁਣ ਧੁੱਪ ਦੀ ਲੋੜ ਹੈ . ਕੋਈ ਕਹਿ ਰਿਹਾ ਹੈ ,’ ਨਿੱਖਰ ਜਾਵੇ ਹੁਣ ਤਾਂ ਤੇ ਵੱਗਣ ਲੱਗੇ ਪੱਛੋਂ ਦੀ ਹਵਾ.
ਢਲਦਾ ਹੁਨਾਲ
ਕੇਲੀ ਦੇ ਪੱਤੇ ਤੇ ਆ ਜੁੜੀਆਂ
ਦੋ ਤਿਤਲੀਆਂ

ਚਿੜੀ


ਇਵਾਨ ਤੁਰਗਨੇਵ ਆਪਣੀ ਇੱਕ ਗਦ ਰੂਪੀ ਕਵਿਤਾ ‘ਪਿਆਰ ‘ ਵਿੱਚ ਲਿਖਦਾ ਹੈ :-
ਮੇਰੀ ਨਜ਼ਰ ਚਿੜੀ ਦੇ ਉਸ ਬੋਟ ਤੇ ਪਈ ਜਿਸਦੀ ਚੁੰਜ ਪੀਲੀ ਅਤੇ ਸਿਰ ਲੁੜਕਿਆ ਜਿਹਾ ਸੀ । ਤੇਜ ਹਵਾ ਬਗੀਚੇ ਦੇ ਰੁਖਾਂ ਨੂੰ ਝੂਟੇ ਦੇ ਰਹੀ ਸੀ , ਬੋਟ ਆਲ੍ਹਣੇ ਤੋਂ ਬਾਹਰ ਡਿੱਗ ਗਿਆ ਸੀ ਅਤੇ ਆਪਣੇ ਨਿੱਕੇ ਨਿੱਕੇ ਅਵਿਕਸਿਤ ਪੰਖਾਂ ਨਾਲ ਫੜਫੜਾ ਰਿਹਾ ਸੀ…।
ਕੁੱਤਾ ਹੌਲੀ-ਹੌਲੀ ਹੌਲੀ-ਹੌਲੀ ਉਸਦੇ ਨਜਦੀਕ ਪਹੁੰਚ ਗਿਆ ਸੀ । ਉਦੋਂ ਉਪਰੋਂ ਰੁੱਖ ਤੋਂ ਇੱਕ ਕਾਲੀ ਛਾਤੀ ਵਾਲੀ ਬੁੜੀ ਚਿੜੀ ਹੇਠਾਂ ਕੁੱਤੇ ਦੇ ਬੂਥੇ ਦੇ ਇੱਕਦਮ ਅੱਗੇ ਕਿਸੇ ਪੱਥਰ ਦੀ ਤਰ੍ਹਾਂ ਆ ਡਿੱਗੀ ਅਤੇ ਤਰਸਯੋਗ ਅਤੇ ਦਿਲਟੁੰਬਵੀਂ ਚੀਂ . . ਚੀਂ . . ਚੂੰ . . ਚੂੰ . . ਚਾਂ . . ਚਾਂ . . ਦੇ ਨਾਲ ਕੁੱਤੇ ਦੇ ਚਮਕਦੇ ਦੰਦਾਂ ਵਾਲੇ ਖੁੱਲੇ ਜਬਾੜਿਆਂ ਦੀ ਦਿਸ਼ਾ ਵਿੱਚ ਫੜਫੜਾਉਣ ਲੱਗੀ । ਉਹਦੀ ਨੰਨ੍ਹੀ ਜਾਨ ਮਾਰੇ ਡਰ ਦੇ ਕੰਬ ਰਹੀ ਸੀ , ਉਸਦੀ ਅਵਾਜ ਖਰਵੀ ਹੋ ਗਈ ਸੀ ਅਤੇ ਓਪਰੀ ਜਿਹੀ ਹੋ ਗਈ ਸੀ । ……
ਬਰਸਾਤ ਤੋਂ ਬਾਅਦ

ਵਧ ਰਿਹਾ ਕੁੱਤਾ ਬੋਟ ਵੱਲ –
ਵਿਚਾਲੇ ਡਿੱਗੀ ਚਿੜੀ

ਚਾਰਲੀ ਚੈਪਲਿਨ


‘ਦ ਗਰੇਟ ਡਿਕਟੇਟਰ’ ਫਿਲਮ ਵਿੱਚ ਚਾਰਲੀ ਚੈਪਲਿਨ ਨੇ ਇੱਕ ਤਕਰੀਰ ਝਾੜ ਦਿੱਤੀ . ਮੈਂ ਵਾਰ ਵਾਰ ਸੁਣਦਾ ਰਿਹਾ ਤੇ ਕਾਗਜ਼ ਕਲਮ ਉਠਾ ਪੰਜਾਬੀ ਤਰਜੁਮਾ ਕਰ ਲਿਆ :
“… ਤੂੰ ਜਿੱਥੇ ਕਿਤੇ ਵੀ ਹੈਂ, ਮੇਰੀ ਤਰਫ ਵੇਖ ! ਵੇਖ , ਹੰਨਾਹ ! ਬੱਦਲ ਉੱਚੇ ਉਠਦੇ ਜਾ ਰਹੇ ਹਨ ! ਉਹਨਾਂ ਵਿਚੋਂ ਸੂਰਜ ਝਾਕ ਰਿਹਾ ਹੈ ! ਅਸੀਂ ਇਸ ਹਨ੍ਹੇਰੇ ਵਿੱਚੋਂ ਨਿਕਲ ਕੇ ਪ੍ਰਕਾਸ਼ ਦੇ ਵੱਲ ਵੱਧ ਰਹੇ ਹਾਂ ! ਅਸੀ ਇੱਕ ਨਵੀਂ ਦੁਨੀਆਂ ਵਿੱਚ ਪਰਵੇਸ਼ ਕਰ ਰਹੇ ਹਾਂ – ਜਿਆਦਾ ਦਿਆਲੂ ਦੁਨੀਆਂ , ਜਿੱਥੇ ਆਦਮੀ ਆਪਣੇ ਲਾਲਚ ਤੋਂ ਉੱਤੇ ਉਠ ਜਾਵੇਗਾ , ਆਪਣੀ ਨਫ਼ਰਤ ਅਤੇ ਆਪਣੀ ਪਾਸ਼ਵਿਕਤਾ ਨੂੰ ਤਿਆਗ ਦੇਵੇਗਾ . ਵੇਖੋ ਹੰਨਾਹ ! ਮਨੁੱਖ ਦੀ ਆਤਮਾ ਨੂੰ ਖੰਭ ਲਾ ਦਿੱਤੇ ਗਏ ਹਨ ਅਤੇ ਓੜਕ ਐਸਾ ਸਮਾਂ ਆ ਹੀ ਗਿਆ ਹੈ ਜਦੋਂ ਉਹ ਅਕਾਸ਼ ਵਿੱਚ ਉੱਡਣਾ ਸ਼ੁਰੂ ਕਰ ਰਹੀ ਹੈ . ਉਹ ਸਤਰੰਗੀ ਪੀਂਘ ਵਿੱਚ ਉੱਡਣ ਜਾ ਰਹੀ ਹੈ . ਉਹ ਆਸ ਦੀ ਲੋਅ ਵਿੱਚ ਉੱਡ ਰਹੀ ਹੈ . ਵੇਖ ਹੰਨਾਹ ! ਵੇਖ !”

ਚਾਰਲੀ ਚੈਪਲਿਨ –
ਛਜਲੀ ਫੜ ਉੜਾ ਰਿਹਾ ਕਾਮਾ
ਕਣਕ ਦਾ ਬੋਹਲ

ਠੰਡੇ ਠਾਰ


ਖੁੱਲੇ ਆਸਮਾਨ ਥੱਲੇ ਨੰਗੇ ਪਿੰਡੇ ਪੱਖੀਆਂ ਫੜ.. ਆਪੋ ਵਿੱਚੀ ਜਾਂ ਚੰਨ ਤਾਰਿਆਂ ਨਾਲ ਗੱਲਾਂ ਕਰਦੇ ਕਰਦੇ ਸਾਡੀ ਬੀਹੀ ਦੇ ਲੋਕ …. ਪੰਜਾਹ ਸਾਲ ਪਹਿਲੀਆਂ ਇਹ ਰਾਤਾਂ ਹੁਣ ਕਿਤਾਬੀ ਹੋ ਚੁਕੀਆਂ ਹਨ ਜਾਂ ਫਿਰ ਕਿਤੇ ਕਿਤੇ ਹਾਸ਼ੀਏ ਤੇ ਵਿਚਰਦੇ ਸਮੂਹਾਂ ਦਾ ਭਾਗ ਹਨ.

ਟੁੱਟਿਆ ਤਾਰਾ
ਰਾਤ ਦੀ ਹੁੰਮਸ ਵਿੱਚ ਗਾਇਬ
ਛੱਡ ਗਿਆ ਕਈ ਸਵਾਲ

ਜਿੰਨਾ ਚਿਰ ਨੀਂਦ ਨਾ ਪੈਣੀ ਸਾਨੂੰ ਨਿਆਣਿਆਂ ਨੂੰ ਅਚਵੀ ਲੱਗੀ ਰਹਿਣੀ .. ਬਾਬਾ ਭਗਤਾ ਇਸ ਰਾਤ ਦੇ ਤੰਬੂ ਹੇਠ ਨਾਲ ਨਾਲ ਮੰਜੇ ਡਾਹੀਂ ਪਏ ਕਈ ਪਰਿਵਾਰਾਂ ਦੇ ਜੀਆਂ ਵਿੱਚੋਂ ਵੱਡਾ ਸੀ ਤੇ ਵੈਸੇ ਵੀ ਲੋਕਯਾਨ ਦੀ ਦੌਲਤ ਉਹਨੇ ਆਪਣੇ ਅੰਦਰ ਸਮੋ ਰੱਖੀ ਸੀ ਤੇ ਬਿਰਤਾਂਤ ਕਲਾ ਵੀ ਉਹਨੂੰ ਸੁਭਾਵਕ ਹੀ ਵਿਰਸੇ ਵਿੱਚੋਂ ਮਿਲ ਗਈ ਸੀ.ਅਸੀਂ ਬਾਤ ਸੁਣਨ ਲਈ ਬਾਬੇ ਦੇ ਦੁਆਲੇ ਹੋ ਜਾਣਾ ਤੇ ਉਹਨੇ ਅੱਗੋਂ ਵੀਹ ਨਖਰੇ ਕਰਨ ਤੋਂ ਬਾਦ ਪੂਣੀ ਛੂਹ ਲੈਣੀ. ਆਵਾਜ਼ ਵੀ ਬੜੀ ਮਿਠੀ ਤੇ ਚਾਲ ਵਾਹਵਾ ਮੱਠੀ …ਦੋ ਪੈਰ ਘੱਟ ਤੁਰਨਾ . ਬਿਆਨ ਕਰਨਾ ਤਾਂ ਸੰਭਵ ਨਹੀਂ ਪਰ ਅੱਜ ਵੀ ਉਹ ਅੱਡਰੀ ਨਖਰੇਲੋ ਆਵਾਜ਼ ਅੰਦਰ ਕਿਤੇ ਵਸੀ ਹੋਈ ਹੈ ਤੇ ਉਹਦੀ ਮਿਠਾਸ ਅਜੇ ਵੀ ਆਤਮਾ ਅੰਦਰ ਘੁਲਦੀ ਪ੍ਰਤੀਤ ਹੁੰਦੀ ਹੈ.

ਤਪੀ ਰਾਤ
ਰੰਦੀ ਬਰਫ਼ ਦੀ ਟਿੱਕੀ
ਚੂਸੇ ਠੰਡੇ ਠਾਰ

ਕੁਦਰਤ ਪਸਾਰਾ


ਕੱਲ ਆਥਣ ਤੋਂ ਹੋ ਰਹੀ ਕਿਣਮਿਣ ਨਾਲ ਭਿੱਜੀ ਰਾਤ .. ਪਹੁ ਅਜੇ ਫੁੱਟੀ ਨਹੀਂ …ਠੰਡੀ ਹਵਾ . . ਸਾਰੇ ਚਾਰੇ ਪਾਸੇ ਚੁੱਪੀ ਹੈ . ਕੁੱਝ ਘਰ ਅਤੇ ਰੁੱਖ ਸ਼ਹਿਰ ਦੇ ਮੰਦ ਪ੍ਰਕਾਸ਼ ਵਿੱਚ ਧੁੰਦਲੇ ਧੁੰਦਲੇ ਦਿਸਦੇ ਹਨ .

ਤੇਜ਼ ਵਾਛੜ
ਕੰਧ ਨਾਲ ਚਿਪਕੇ ਕਚਨਾਰ ਦੇ
ਕੁਝ ਨੀਵੇਂ ਪੱਤੇ

ਡੱਡੂਆਂ ਦੀ ਟਰੈਂ ਟਰੈਂ ਵੀ ਨਾ ਜਾਣੇ ਕਿਉਂ ਗਾਇਬ ਹੈ … ਸਾਡੇ ਪਿਛਵਾੜੇ ਵਿੱਚ ਇੱਕ ਬਿੰਡਾ ਨਿਰੰਤਰ ਆਪਣੇ ਰਾਗ ਵਿੱਚ ਮਗਨ ਹੈ . ਕੋਈ ਵੀ ਪੰਛੀ ਅਜੇ ਤੱਕ ਨਹੀਂ ਚੂਕਿਆ . ਸਾਡੇ ਬਗੀਚੇ ਵਿੱਚ ਕੁਆਰ ਦੀ ਇੱਕ ਗੰਦਲ ਦੇ ਕੰਡੇ ਨਾਲ ਅਟਕੀ ਇੱਕ ਬੂੰਦ ਪਲ ਭਰ ਲਈ ਲਿਸ਼ਕ ਕੇ ਤਿਲਕ ਤੁਰੀ ਹੈ .
ਭਾਦੋਂ ਦੀ ਸਵੇਰ –
ਮੀਂਹ ਦੀ ਲੈਅ ਨੂੰ ਤੋੜੇ
ਇੱਕ ਟਟੀਹਰੀ

ਸੂਰਜੀ ਬਾਬਾ


ਸੁਰਜੀ ਬਾਬੇ ਨਾਲ ਕਈ ਵਾਰ ਬਹਿਸ ਹੋ ਜਾਂਦੀ . ਬਹੁਤ ਵਾਰ ਆਤਮਾ ਤੇ ਸਰੀਰ ਦੇ ਸੰਬੰਧਾਂ ਬਾਰੇ ਸਦੀਵੀ ਦਾਰਸ਼ਨਿਕ ਸਵਾਲ ਸਾਡੀ ਚਰਚਾ ਦਾ ਵਿਸ਼ਾ ਹੁੰਦੇ. ਰੱਬ ਦੀ ਹੋਂਦ ਬਾਰੇ ਵੀ ਵਿਵਾਦ ਛਿੜ ਪੈਂਦਾ. ਪਤਾ ਨਹੀਂ ਕਿਵੇਂ ਨਾਸਤਿਕ ਦ੍ਰਿਸ਼ਟੀਕੋਣ ਬਾਲ ਉਮਰੇ ਹੀ ਮੇਰੀ ਸੋਝੀ ਵਿੱਚ ਪ੍ਰਵੇਸ਼ ਕਰ ਗਿਆ ਸੀ ਮੈਂ ਬਾਬੇ ਨਾਲ ਉਲਝ ਪੈਣਾ. ਰੱਬ ਦੇ ਹੱਕ ਵਿੱਚ ਸੁਰਜੀ ਬਾਬਾ ….ਆਪਣੇ ਤਰਕ ਦੇ ਅਧਾਰ ਤੇ ਕਾਇਲ ਸੀ. ਬਾਬੇ ਨੇ ਕਹਿਣਾ, “ ਇਹ ਜਿਹੜੀ ‘ਮੈਂ’ ਤੇਰੇ ਅੰਦਰ ਬੋਲਦੀ ਹੈ ਇਹ ਕੀ ਹੈ ..ਇਹ ਕਿਥੋਂ ਆ ਗਈ ਜੇ ਰੱਬ ਨਹੀਂ ਹੈ ਤਾਂ?”
ਡੰਗਰਾਂ ਵਾਲਾ ਕੋਠਾ
ਹੁੱਕੇ ਦੀ ਗੁੜਗੁੜ ਨਾਲ ਹੋਰ ਵੀ
ਮੁੜ੍ਹਕੋ ਮੁੜ੍ਹਕੀ ਬਾਬਾ

ਅਨੇਕ ਦਾਰਸ਼ਨਿਕ ਸਵਾਲ ਬਾਬੇ ਨੇ ਅਚੇਤ ਹੀ ਮੇਰੇ ਅੰਦਰ ਰੋਪ ਦਿੱਤੇ ਜੋ ਦਿਨ ਬਦਿਨ ਨਵੇਂ ਨਵੇਂ ਟੂਸੇ ਕਢਣ ਲੱਗੇ ਤੇ ਆਖਿਰ ਵਿਸ਼ਾਲ ਗੁੰਝਲਦਾਰ ਬੋਹੜ ਆਕਾਰ ਧਾਰਨ ਕਰ ਗਏ .
……. ਲਿਖਤੀ ਸਭਿਆਚਾਰ ਤੋਂ ਉੱਕਾ ਅਨਜਾਣ ਪਰ ਜਬਾਨੀ ਸਭਿਆਚਾਰ ਦੇ ਚੰਗੇ ਪ੍ਰਵਾਨ ਚੜੇ ਚਿੰਤਕ ਬਾਬਾ ਸੁਰਜੀ ਦੀ ਦੇਣ ਮੈਨੂੰ ਕਦੇ ਨਹੀਂ ਭੁੱਲ ਸਕਦੀ . ਅੱਗੇ ਜਾ ਕੇ ਯੂਨਿਵਰਸਿਟੀ ਦੇ ਜ਼ਮਾਨੇ ਵਿੱਚ ਜਦੋਂ ਮੈਂ ਪੰਜਾਬੀ ਦੀ ਐਮ ਏ ਕਰਦਿਆਂ ਕਠੋ ਉਪਨਿਸ਼ਦ ਦਾ ਅਧਿਅਨ ਕਰ ਰਿਹਾ ਸੀ ਤਾਂ ਬਾਬੇ ਸੁਰਜੀ ਦਾ ਇੱਕ ਨਵਾਂ ਰੂਪ ਮੈਨੂੰ ਨਜ਼ਰੀਂ ਆਉਣ ਲੱਗਾ, ਮੈਨੂੰ ਉਹ ਮੇਰੀਆਂ ਸਿਧਾਂਤਕ ਰੁਚੀਆਂ ਦੇ ਪਾਲਣਹਾਰ ਵਜੋਂ ਹੋਰ ਵੀ ਵਧੇਰੇ ਅਹਿਮ ਲੱਗਣ ਲੱਗ ਪਿਆ.
ਬੁਢਾ ਬੋਹੜ
ਅਨੇਕ ਆਵਾਜ਼ੀਂ ਚਰਚਾ ਚੱਲੀ
ਮੱਲੀ ਚੱਪਾ ਚੱਪਾ ਥਾਂ

ਅੱਖਾਂ


Charan Gill
ਸਿਧਾਰਥ ਜੀ ਕਹਿੰਦੇ ਹਨ ,” ਨਾਨੀ ਦੀ ਯਾਦ ਆਉਂਦੀ ਹੈ . ਉਨ੍ਹਾਂ ਨੂੰ ਸੰਤਾਲੀ ਵਿਚ ਪਾਕਿਸਤਾਨ ਤੋਂ ਆਉਣ ਤੋਂ ਬਾਦ ਇਥੇ ਕੁਆਟਰ ਦਿੱਤੇ ਗਏ ਸਨ. ਬਹੁਤਿਆਂ ਨੂੰ ਲੁਧਿਆਣੇ ਦੇ ਇੰਜਣ ਸੈੱਡ ਏਰੀਏ ਵਿੱਚ ਇੱਕ ਕਮਰਾ ਕੁਆਟਰ ਦਿੱਤੇ ਗਏ ਸਨ . ਚੁੱਲ੍ਹਾ ਬਾਲਣ ਲਈ ਤੇ ਸਰਦੀਆਂ ਵਿੱਚ ਸੇਕਣ ਲਈ ਵੀ ਗਰੀਬ ਲੋਕ ਰੇਲਵੇ ਲਈਨਾਂ ਤੋਂ ਕੋਲਾ ਚੁਗਦੇ . ਅਸਮਾਨ ਭੂਰਾ ਸੁਰਮਈ ਜਿਹਾ ਹੁੰਦਾ ਤੇ ਤੇ ਚਿਹਰੇ ਉਦਾਸ ਉਤਰੇ ਉਤਰੇ ਤੇ ਨਾਲੇ ਰੇਲ ਦੀਆਂ ਸੀਟੀਆਂ ਤੇ ਨਿੱਕੇ ਬੱਚੇ ਲਾਈਨਾਂ ਦੇ ਨਾਲ ਨਾਲ ਬੰਨ ਤੇ ਚਨੇ ਵੇਚਦੇ .. ਸੁਰੀਲੀ ਗੁਰਬਾਣੀ .. ਭਾਈ ਹਰਨਾਮ ਸਿੰਘ ਤੇ ਭਾਈ ਸਮੁੰਦ ਸਿੰਘ …ਤੇਜ਼ ਟ੍ਰੇਨ ਦੀ ਬੀਟ ਨਾਲ ………..

ਪੱਥਰ ਤੇ ਨਕਸ਼
ਮੋਹ ਦੀਆਂ ਮੁਤਲਾਸ਼ੀ
ਨਾਨੀ ਦੀਆਂ ਅੱਖਾਂ

ਕਾਟੋ


ਭਾਂਦੋ ਦਾ ਮਹੀਨਾ ਚੜ੍ਹ ਚੁੱਕਿਆ ਸੀ. ਪਿੰਡ ਦੀ ਫਿਰਨੀ ’ਤੇ ਰੂੜੀਆਂ ਕੋਲ ਆਪੋ ਆਪਣੀਆਂ ਵਾਦੀਆਂ ਵਿੱਚ ਪਾਥੀਆਂ ਪਥਦੀਆਂ ਮਾਵਾਂ ਭੈਣਾਂ ਤੇ ਭਰਜਾਈਆਂ . ਕਿੰਨੇ ਸਾਰੇ ਰੰਗੀਨ ਚੱਕੀਰਾਹੇ … ਸਾਰਾ ਦਿਨ ਮੁੰਡਿਆਂ ਦੀ ਸਾਡੀ ਢਾਣੀ … ਭੱਜ ਭੱਜ ਚੁਫੇਰਾ ਗਾਹ ਦੇਣਾ… ਢੱਕ ਤੇ ਮੰਢਿਆਲਾ ਟੋਭਾ ਤੇ ਨਹਿਰ ਵਾਲਾ ਅੰਬਾਂ ਦਾ ਬਾਗ . ਅੰਬ ਤਾਂ ਕਦੋਂ ਦੇ ਮੁੱਕ ਚੁੱਕੇ ਸਨ . ਅਸੀਂ ਪਤਾ ਨਹੀਂ ਕੀ ਲਭ ਰਹੇ ਸੀ . ਗਲ ਰਹੇ ਸੁੱਕੇ ਪੱਤਿਆਂ ‘ਚ ਹਲਕੇ ਤਾਂਬੇ ਰੰਗੇ ਜਿਹੇ ਟੂਸੇ ਕਢ ਰਹੀਆਂ ਨਵੀਆਂ ਉਗੀਆਂ ਗੁਠਲੀਆਂ ਖਗੋਲਦੇ .. . ਲਿਸ਼ਕਦੇ ਪੱਤਿਆਂ ਦੀ ਮਹਿਕ ਦੇ ਵਰਨਣ ਲਈ ਭਾਸ਼ਾਈ ਮੁਹਾਰਤ ਕਿਥੋਂ ਮਿਲੇ ? ਘਾਲਣਾ ਘਾਲ ਥੱਕੇ . ਕਸਰ ਅੱਜ ਤੱਕ ਵੀ ਪੂਰੀ ਹੁੰਦੀ ਨਜ਼ਰ ਨਹੀਂ ਆਉਂਦੀ . ਅੱਜ ਵੀ ਜਦ ਕਦੇ ਸੁੰਦਰਤਾ ਦੀ ਪਰਿਭਾਸ਼ਾ ਉਲੀਕਣ ਨੂੰ ਜੀ ਕਰਦਾ ਹੈ ਤਾਂ ਇਹ ਤਾਜ਼ੇ ਮਹਿਕਦੇ ਟੂਸੇ ਮੇਰੇ ਸਾਹਮਣੇ ਆ ਜਾਂਦੇ ਹਨ . ਅੰਬੀ ਦੇ ਪਲੇਠੇ ਟੂਸਿਆਂ ਉੱਤੇ ਕਿੱਕਲੀ ਕਰਦੀਆਂ ਦੋ ਤਿਤਲੀਆਂ ਤੇ ਇਹ ਨਜ਼ਾਰਾ ਦੇਖਣ ਲਈ ਰੁਕੀ ਇੱਕ ਕਾਟੋ . ਮੈਨੂੰ ਯਾਦ ਆ ਗਈ ਚੇਰਨੀਸ਼ੇਵਸਕੀ ਦੀ ਦਹਾਕਿਆਂ ਪਹਿਲਾਂ ਪੜ੍ਹੀ ਸੁੰਦਰਤਾ ਦੀ ਪਰਿਭਾਸ਼ਾ ਤੇ ਉਹਦੇ ਨਾਵਲ ‘ਕੀ ਕਰੀਏ ’ ਦੀ ਵੇਰਾ ਦੇ ਸੁਫ਼ਨਿਆਂ ਵਿਚਲੇ ਢੇਰ ਦ੍ਰਿਸ਼ – ਫੁੱਲਾਂ ਦੇ ਅਨੇਕ ਰੰਗ , ਅਕਾਸ਼ ਦੀ ਨੀਲੱਤਣ ਅਤੇ ਧਰਤੀ ਦੇ ਹੋਰ ਅਨੇਕ ਨਜਾਰੇ … । ਇਹ ਪ੍ਰੇਮ ਦੀਆਂ ਵਿਰਾਟ ਤ੍ਰਾਟਾਂ ਸਨ ਜਿਨ੍ਹਾਂ ਵਿੱਚ ਇੱਕ ਨਵਾਂ ਜੀਵਨ ਹਲੂਣੇ ਲੈ ਰਿਹਾ ਸੀ । ਧਰਤੀ ਦਾ ਇਹ ਸਭ ਤੋਂ ਸੁੰਦਰ ਸੁਫ਼ਨਾ ਸੀ – ਇਹ ਕੂਲੇ ਕੂਲੇ ਟੂਸੇ । ਇੱਕ ਜੀਵੰਤ ਅਹਿਸਾਸ । ਖਰੀ ਸੱਚੀ ਭਾਵਨਾ ਦਾ ਮਹਾਨ ਅਚਰਜ ਜਗਤ । ਜੀਵਨ ਦਾ ਸੇਜਲ ਗੀਤ !

ਘਾਹ ਦੀਆਂ ਪੱਤੀਆਂ
ਸੁੰਘ ਕੇ ਤੁਰ ਗਈ ਕਾਟੋ
ਅੰਬ ਦੀ ਉੱਗੀ ਗੁਠਲੀ

ਕਟਹਲ


ਅੰਬਾਂ ਨੂੰ ਐਤਕੀਂ ਲੋਹੜੇ ਦਾ ਫਲ ਪਿਆ ਸੀ . ਇਸ ਪੈਲੀ ਦਾ ਮਾਲਕ ਪਿਛਲੇ ਸਾਲ ਅਮਰੀਕਾ ਚਲਿਆ ਗਿਆ. ਇਹ ਚਾਰ ਬੂਟੇ ਅੰਬਾਂ ਦੇ ਉਹਨੇ ਬੜੇ ਪਿਆਰ ਨਾਲ ਪਾਲੇ ਸਨ ਤੇ ਹੁਣ ਇਹ ਮੇਰੇ ਭਾਣਜੇ ਦੇ ਹਵਾਲੇ ਸਨ ..ਛੀਂਟਕਾ ਜਿਹਾ ਬਿਹਾਰੀ ਮਜਦੂਰ ਝੱਟ ਦੇਣੀਂ ਅੰਬ ਦੇ ਫਲ ਨਾਲ ਲੱਦੇ ਰੁੱਖ ਤੇ ਚੜ੍ਹ ਗਿਆ . ਅੰਬ ਪੱਕੇ ਨਹੀਂ ਸਨ ਪੱਕਣ ਕਿਨਾਰੇ ਸਨ . ਉਹ ਤੋੜ ਤੋੜ ਸੁਟਦਾ ਗਿਆ ਤੇ ਅਸੀਂ ਚੁਗਦੇ ਗਏ .ਦੋ ਬੋਰੇ ਅੰਬਾਂ ਦੇ ਭਰ ਗਏ .. ਪਰ ਮੇਰੀ ਨਜ਼ਰ ਵਾਰ ਵਾਰ ਖੂਹ ਦੇ ਕੰਢੇ ਖੜੇ ਕਟਹਲ ਦੇ ਰੁੱਖ ਤੇ ਜਾ ਰਹੀ ਸੀ . ਵੱਡੇ ਵੱਡੇ ਫਲ ਮੈਨੂੰ ਬੇਪਨਾਹ ਲੁਭਾ ਰਹੇ ਸਨ. ਤੇ ਮੈਂ ਵੀ ਬਚਪਨ ਦੀ ਸਿੱਖੀ ਕਲਾ ਨੂੰ ਧਿਆ ਕਟਹਲ ਤੇ ਚੜ੍ਹ ਗਿਆ …
ਢਲਦਾ ਦਿਨ ਨਹਿਰੋਂ ਪਾਰ
ਇੱਕੋ ਕਟਹਲ ਤੋੜਦਿਆਂ
ਮੈਂ ਸਾਹੋ ਸਾਹ

ਨਹਿਰ


ਗਿੱਲੇ ਖਾਲ ਦੀ ਵੱਟ ਤੇ ਪੱਕੇ ਅਨਾਰਾਂ ਦੇ ਭਾਰ ਨਾਲ ਲਮਕਦੀਆਂ ਟਹਿਣੀਆਂ ਥੱਲੇ…ਮੈਂ ਖੱਬਲ ਦੀ ਇੱਕ ਤਿੜ੍ਹ ਨੂੰ ਜਰਾ ਕੁ ਖਿਚਿਆ ਤੇ ਮਲਕੜੇ ਜਿਹੇ ਸਾਰਾ ਬੂਝਾ ਨਿਕਲ ਆਇਆ ਜੜ੍ਹਾਂ ਸਮੇਤ . ਇਹਦੀ ਇੱਕ ਪੱਤੀ ਤੇ ਨੀਲੇ ਰੰਗ ਦੀ ਭੂੰਡੀ ਪੱਤੀ ਦੀ ਨੋਕ ਤੋਂ ਵਾਪਸ ਪਰਤ ਪਈ . ਖਾਲ ਤੋਂ ਹਟਵੀਂ ਬਿਜਲੀ ਦੇ ਖੰਭੇ ਕੋਲ ਸੁੱਕ ਰਹੇ ਘਾਹ ਦੀ ਧੋੜੀ ਤੇ ਮੇਰੀ ਨਿਗਾਹ ਪਈ . ਸਾਉਣ ਤਾਂ ਲੱਗੇ ਹੀ ਨਾ ..ਜਿਵੇਂ ਰੋਹੀ ਦਾ ਮਹੀਨਾ ਹੀ ਐਤਕੀਂ ਲਮਕ ਗਿਆ ਹੋਵੇ. ਮਿੱਟੀ ਤੇ ਕੁਝ ਸੁੱਕੇ ਡਾਲ ਸਿਉਂਕ ਨੇ ਮਿੱਟੀ ਦੀਆਂ ਲਕੀਰਾਂ ਬਣਾ ਦਿੱਤੇ ਸਨ. ਬਿਜਲੀ ਆ ਗਈ ਹੈ . ਬਟਨ ਦੱਬ ਚਲਾਈ ਬੰਬੀ ਤੇ ਮੇਰੀ ਪਿਆਸ ਹੋਰ ਚਮਕ ਪਈ. ਔਲੂ ਦੀ ਖੱਬੀ ਕੰਧ ਤੇ ਕੱਲ੍ਹ ਦੇ ਚੂਪੇ ਅੰਬਾਂ ਦੀਆਂ ਗੁਠਲੀਆਂ ਅਜੇ ਤੱਕ ਪਈਆਂ ਸਨ . ਮੈਂ ਰੱਜ ਕੇ ਪਾਣੀ ਪੀ ਪਾਣੀ ਦੀ ਧਾਰ ਦੇ ਥੱਲੇ ਆਪਣਾ ਸਿਰ ਕਰ ਦਿੱਤਾ ਤੇ ਭੁੱਲ ਗਿਆ ਸਭ ਅਗਲੀਆਂ ਪਿਛਲੀਆਂ . ਔਲੂ ਦੇ ਥੱਲੇ ਇਕੱਠੀ ਹੋ ਗਈ ਰੇਤ ਪੈਰਾਂ ਨਾਲ ਛੇੜੀ ਤਾਂ ਸਾਰੇ ਔਲੂ ਵਿੱਚ ਘੁਲ ਗਈ ਕੱਕੀ ਰੇਤ .

ਸਰਹੰਦ ਨਹਿਰ* ਦਾ ਕੰਢਾ
ਕੱਕੀ ਰੇਤ ‘ਚੋਂ ਸਿੱਪੀਆਂ ਚੁਗਦੇ
ਨੰਗੇ ਪਿੰਡੇ ਚੰਦ ਬੱਚੇ

* ਸਰਹੰਦ ਨਹਿਰ ਰੋਪੜ ਤੋਂ ਚਮਕੋਰ ਕੋਲੋਂ ਦੀ ਹੋ ਕੇ ਨੀਲੋਂ ਵਿੱਚੀਂ ਅੱਗੇ ਦੋਰਾਹਾ ਟੱਪ ਜਾਂਦੀ ਹੈ . ਸਰਹੰਦ ਕੋਲੋਂ ਨਿਕਲਣ ਵਾਲੀ ਪੱਕੀ ਨਹਿਰ ਭਾਖੜਾ ਨਹਿਰ ਹੈ.

ਚੱਟਣੀ


ਤੁਸੀਂ ਆਪਣੇ ਵਿਹੜੇ ਵਿੱਚ ਖੜੇ ਸੁਹਾਂਜਣੇ ਨੂੰ ਤਾਂ ਰੋਜ਼ ਹੀ ਵੇਖਦੇ ਹੋ ..ਇਹ ਬਹੁਤ ਗੁਣਕਾਰੀ ਪੌਦਾ ਹੈ . ਅਨੇਕ ਬੀਮਾਰੀਆਂ ਲਈ ਕਾਰਗਰ ਦਵਾਵਾਂ ਵਿੱਚ ਕੰਮ ਆਉਂਦੈ . ਇਹਦਾ ਫਿਕਰ ਕਰਨਾ ਸ਼ੁਰੂ ਕਰ ਦਿਉ .. ਜਿਸ ਤਰ੍ਹਾਂ ਆਪਣੀ ਨਵੀਂ ਸੂਈ ਦੇਸੀ ਗਊ ਦਾ ਕਰਦੇ ਹੋ . ਖੇਲ੍ਹ ਤੇ ਨਹਾਉਣ ਤੋਂ ਬਾਅਦ ਕਿੰਨੀ ਕਿੰਨੀ ਦੇਰ ਉਹਦਾ ਸਿਰ ਪਲੋਸਦੇ ਰਹਿੰਦੇ ਹੋ . ਤਲੀ ਤੇ ਰੱਖ ਪੇੜੀਆਂ ਖੁਆਉਂਦੇ ਹੋ . ਸੁਹਾਂਜਣੇ ਨਾਲ ਨੇੜਤਾ ਲਈ ਵੀ ਥੋੜਾ ਸਮਾਂ ਕਢ ਲਉ.
ਮੈਂ ਸਹੀ ਕਹਿੰਨਾ . ਸਿਆਣਪ ਦੇ ਨਿਰੇ ਭੰਡਾਰ ਹੁੰਦੇ ਨੇ ਰੁੱਖ . ਜਰਾ ਪਿਆਰ ਪਾ ਵੇਖੇ ਕੋਈ …ਮਾਲੋਮਾਲ ਕਰ ਦਿੰਦੇ ਨੇ.
ਮੈਂ ਨਿੱਕਾ ਜਿਹਾ ਸੀ ਪੰਜ ਕੁ ਸਾਲਾਂ ਦਾ ..ਇੱਕ ਤੂਤ ਦੇ ਥੱਲੇ ਮੈਨੂੰ ਇੱਕ ਬਾਬਾ ਮਿਲ ਗਿਆ . ਬਿਆਈਆਂ ਫੱਟੇ ਹਥ ਪੈਰ . ਮਥਾ ਲਿਸ਼ਕੇ … ਫੇਰ ਰੋਜ਼ ਮੈਂ ਉਸਨੂੰ ਮਿਲਿਆ ਕਰਨਾ . ਰੁੱਖਾਂ ਬਾਰੇ ਲੋਹੜੇ ਦਾ ਗਿਆਨੀ . ਤੇ ਫਿਰ ਉਹ ਦੂਰ ਚਲਿਆ ਗਿਆ .. ਬਹੁਤ ਦੂਰ . ਖੈਰ ਉਹਦੀ ਦੱਸੀ ਇੱਕ ਇੱਕ ਗੱਲ ਮੇਰੀ ਯਾਦ ਵਿੱਚ ਉਕਰੀ ਹੈ .

ਕੱਚੀ ਰੁੱਤ
ਫੁੱਲੇ ਫੁਲਕੇ ਤੇ ਸੁਹਾਂਜਣੇ ਦੀ
ਪੱਤਿਆਂ ਦੀ ਚੱਟਣੀ

ਪੱਤੇ


ਨਿੱਕਾ ਬੱਚਾ ਨਿੱਕੀ ਪੰਘੂੜੀ ਤੇ ਪਿਆ ‘ਗੂਠਾ ਚੁੰਘ ਰਿਹਾ ਹੈ ਤੇ ਉੱਪਰ ਪਿੱਪਲ ਦੇ ਪੱਤਿਆਂ ਵਿੱਚੀਂ ਰੱਬ ਦੇਖ ਰਿਹਾ ਹੈ . ਪਿੱਪਲ ਹੇਠਾਂ ਹੋਰ ਬੱਚਿਆਂ ਨਾਲ ਰੋੜੇ ਖੇਡ ਰਿਹਾ ਹੈ .. ਪੀਚੋ ਬੱਕਰੀ .. ਪਿਠੂ ਤੇ ਹੋਰ ਖੇਡਾਂ ਵਾਰੀ ਵਾਰੀ ; ਦਹੀਂ ਨਾਲ ਮੱਕੀ ਦੀ ਰੋਟੀ ਖਾ ਰਿਹਾ ਹੈ ਤੇ ਕਾਂ ਨੇ ਆਪਣੀ ਕਲਾ ਦਾ ਜੌਹਰ ਦਿਖਾ ਦਿੱਤਾ ਹੈ .. ਹੁਣ ਪਿੱਪਲ ਦੇ ਮੋਟੇ ਟਾਹਣੇ ਤੇ ਬੈਠਾ ਬੱਚੇ ਨਾਲ ਮਸਕਰੀਆਂ ਕਰਦਾ ਹੈ. ਛਤਰੋ ਭੂਆ ਪਿੱਪਲ ਹੇਠਲੇ ਨਲਕੇ ਤੋਂ ਪਾਣੀ ਪੀਂਦੀ ਹੈ .ਇੱਕ ਹਥ ਨਾਲ ਹਥੀ ਗੇੜਦੀ ਹੈ ਤੇ ਦੂਜੇ ਨਾਲ ਨਲਕੇ ਦੀ ਬੂਥੀ ਬੰਦ ਕਰ ਕੇ ਮੂੰਹ ਨਾਲ ਪਾਣੀ ਛੜਾਕ ਰਹੀ ਹੈ . ਦੁਪਹਿਰਾ ਕੱਟਣ ਲਈ ਬਾਬਾ ਭਗਤਾ ਵੀ ਆਪਣਾ ਬਾਣ ਦਾ ਮੰਜਾ ਲੈ ਆਇਆ ਹੈ ਤੇ ਨੰਗੇ ਢਿਡ ਪਿਆ ਸਸਤਾ ਰਿਹਾ ਹੈ ਤੇ ਕਾਂ ਨੇ ਉਹਦੀ ਐਨ ਤੁੰਨ ਦਾ ਨਿਸ਼ਾਨਾ ਵਿੰਨ੍ਹ ਕੇ ਬਿੱਠ ਕਰ ਦਿੱਤੀ ਹੈ .. ਉਹ ਕਾਂ ਨੂੰ ਗਾਲਾਂ ਕਢਦਾ ਹੈ .. ਇੱਕ ਡੀਟੀ ਵਗਾਹ ਮਾਰਦਾ ਹੈ . ਪਰ ਕਾਂ ਬਾਜ ਨਹੀਂ ਆਉਂਦਾ.

ਟਿਕੀ ਦੁਪਹਿਰ
ਗਿੱਟਮਿੱਟ ਗਿੱਟਮਿੱਟ ਕਰਦੇ
ਪਿੱਪਲ ਦੇ ਪੱਤੇ

ਪਿੰਡਾ


ਜਦੋਂ ਉਹ ਨੰਬਰਦਾਰਾਂ ਨਾਲ ਸਾਂਝੀ ਰਲਿਆ ਹੁੰਦਾ ਸੀ ਉਦੋਂ ਵੀ ਗੋਡੀ ਵਾਢੀ ਕਰਦੇ ਉਸਨੂੰ ਆਪਣੀ ਕਥਾਕਾਰੀ ਦੀ ਭੱਲ੍ਹ ਉਠਦੀ ਤਾਂ ਉਹ ਸਰੋਤਿਆਂ ਦੀ ਦੁਖਦੀ ਰਗ ਨੂੰ ਛੇੜ ਦਿੰਦਾ . ਕੋਕਲਾਂ ਦਾ ਨਾਂ ਸੁਣਦਿਆਂ ਹੀ ਸਾਰੇ ਕੰਨ ਇੱਕ ਬਿੰਦੂ ਤੇ ਜੁੜ ਜਾਂਦੇ . ਤੇ ਫਿਰ ਭਗਤਾ ਜੋਗੀ ਨਾਥਾਂ ਜੋਗੀਆਂ ਦੀਆਂ ਕਥਾਵਾਂ ਨਾਲ ਜੁੜਿਆ ਕੋਈ ਪ੍ਰਸੰਗ ਤੋਰ ਲੈਂਦਾ . ਰਾਜਾ ਸਲਵਾਨ , ਇੱਛਰਾਂ , ਲੂਣਾ , ਪੂਰਨ , ਗੋਰਖ ਨਾਥ , ਸੁੰਦਰਾਂ , ਰਸਾਲੂ ਤੇ ਉਹਦਾ ਤੋਤਾ ਸ਼ਾਦੀ , ਕੋਕਲਾਂ , ਹੀਰ , ਰਾਂਝਾ , ਕੈਦੋਂ , ਚੂਚਕ , ਸੈਦਾ , ਸਹਿਤੀ ……..
ਪਾਤਰਾਂ ਦੀ ਪੂਰੀ ਪਲਟਣ ਸੀ ਉਹਦੇ ਕੋਲ . ਜਿਧਰੋਂ ਜੀਅ ਕੀਤਾ ਤਣੀ ਫੜ ਲਈ , ਸੁਲਝਾ ਸੁਲਝਾ ਕੇ ਬੁਣਦੇ ਜਾਣਾ . ਸਰੋਤੇ ਨਾਲੇ ਗੋਡੀ ਕਰੀ ਜਾਂਦੇ ਤੇ ਨਾਲੇ ਕਹਾਣੀ ਤੁਰਦੀ ਜਾਂਦੀ . ਰਾਮਧਨ ਵਰਗਾ ਕੋਈ ਹੁੰਗਾਰਾ ਵੀ ਭਰੀ ਜਾਂਦਾ ਤੇ ਕਥਾਕਾਰੀ ਦੀ ਪ੍ਰਸੰਸਾ ਦਾ ਕੋਈ ਮੌਕਾ ਨਾ ਗੁਆਉਂਦਾ ਤੇ ਨਾਲੇ ਜਿਥੇ ਕਿਤੇ ਗੱਲ ਸਾਫ਼ ਨਾ ਹੁੰਦੀ ਸਵਾਲ ਪੁੱਛ ਲੈਦਾ. ਔਖੇ ਤੋਂ ਔਖੇ ਕੰਮ ਵੀ ਕਲਾ ਦੀ ਸੰਗਤ ਵਿੱਚ ਰੌਚਿਕ ਤੇ ਸੌਖੇ ਬਣ ਜਾਂਦੇ .

ਮੱਕੀ ਦੀ ਗੋਡੀ
ਮੋਢੇ ਉਤੋਂ ਦੀ ਖੁਰਚੇ ਕਾਮਾ
ਲਾਲ ਲੂਹਿਆ ਪਿੰਡਾ

ਤੂਤ


ਖਬਰ : ਛੇ ਛੇ ਘੰਟੇ ਲੰਮੀਆਂ ਤਕਰੀਰਾਂ ਦਾ ਲਿਖਾਰੀ ਕਿਊਬਾ ਦਾ ਮਹਿਬੂਬ ਨੇਤਾ ਫੀਦਲ ਕਾਸਟਰੋ ਅੱਜਕੱਲ ਟਵਿਟਰ ਦੇ ਜ਼ਮਾਨੇ ਕਿਊਬਾ ਦੀ ਪ੍ਰੈੱਸ ਵਿੱਚ ਚੀ ਗੁਵੇਰਾ ਦੀ ਵਡਿਆਈ , ਚੀਨੀ ਆਗੂ ਡੈਂਗ ਸਿਆਊ ਪਿੰਗ ਦੀ ਨਿਖੇਧੀ ਅਤੇ ਵਿਗਸਦੇ ਤੂਤਾਂ ਬਾਰੇ ਹਾਇਕੂ ਛਪਵਾ ਰਿਹਾ ਹੈ –

ਫੀਦਲ ਕਾਸਟਰੋ –
ਹਾਇਕੂ ਵਿੱਚ ਚਿਤਰੇ
ਹਰੇ ਭਰੇ ਤੂਤ